ਟੋਰਾਂਟੋ, 29 ਅਪਰੈਲ (ਪੋਸਟ ਬਿਊਰੋ) : ਓਨਟਾਰੀਓ ਸਰਕਾਰ 55 ਸਾਲ ਤੇ ਇਸ ਤੋਂ ਉੱਪਰ ਦੇ ਸਾਰੇ ਲੋਕਾਂ ਲਈ ਕੋਵਿਡ-19 ਵੈਕਸੀਨੇਸ਼ਨ ਸ਼ੁਰੂ ਕਰਨ ਜਾ ਰਹੀ ਹੈ। ਅਜਿਹਾ ਸ਼ੁੱਕਰਵਾਰ ਤੋਂ ਸੁ਼ਰੂ ਹੋਣ ਜਾ ਰਹੇ ਪ੍ਰੋਵਿੰਸ਼ੀਅਲ ਪੋਰਟਲ ਰਾਹੀਂ ਯਕੀਨੀ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਮਈ ਦੇ ਅੰਤ ਤੋਂ 18 ਸਾਲ ਤੇ ਇਸ ਤੋਂ ਵੱਧ ਉਮਰ ਦੇ ਬਾਲਗਾਂ ਦੇ ਟੀਕਾਕਰਣ ਲਈ ਵੈਕਸੀਨ ਅਪੁਆਇੰਟਮੈਂਟਸ ਸ਼ੁਰੂ ਕਰਨ ਦੀ ਵੀ ਉਮੀਦ ਹੈ।
30 ਅਪਰੈਲ ਨੂੰ ਸਵੇਰੇ 8:00 ਵਜੇ 55 ਸਾਲ ਤੇ ਇਸ ਤੋਂ ਵੱਧ ਉਮਰ ਦੇ ਵਿਅਕਤੀ ਮਾਸ ਇਮਿਊਨਾਈਜ਼ੇਸ਼ਨ ਕਲੀਨਿਕ ਵਿਖੇ ਵੈਕਸੀਨ ਅਪੁਆਇੰਟਮੈਂਟ ਬੱੁਕ ਕਰਵਾਉਣ ਦੇ ਯੋਗ ਹੋਣਗੇ।ਪ੍ਰੋਵਿੰਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵੈਕਸੀਨ ਸਪਲਾਈ ਵਿੱਚ ਵਾਧਾ ਹੋਣ ਦੀ ਆਸ ਹੈ। ਇਸ ਨਾਲ ਉਹ ਵੈਕਸੀਨ ਦੀ ਵੰਡ ਵਿੱਚ ਤੇਜ਼ੀ ਲਿਆ ਸਕਣਗੇ ਤੇ ਹੌਲੀ ਹੌਲੀ ਹਫਤਾਵਾਰੀ ਆਧਾਰ ਉੱਤੇ ਮਾਸ ਇਮਿਊਨਾਈਜ਼ੇਸ਼ਨ ਕਲੀਨਿਕਸ ਵਿੱਚ ਵੈਕਸੀਨ ਲਵਾਉਣ ਵਾਲਿਆਂ ਦੀ ਉਮਰ ਵੀ ਘੱਟ ਕੀਤੀ ਜਾਵੇਗੀ। ਅਧਿਕਾਰੀਆਂ ਦੇ ਅੰਦਾਜ਼ੇ ਮੁਤਾਬਕ 3 ਮਈ ਵਾਲੇ ਹਫਤੇ ਵਿੱਚ 50 ਸਾਲ ਉਮਰ ਵਰਗ ਦੇ ਲੋਕਾਂ ਦਾ ਟੀਕਾਕਰਣ ਕਰਨ ਦਾ ਇਰਾਦਾ ਹੈ ਤੇ 10 ਮਈ ਵਾਲੇ ਹਫਤੇ ਵਿੱਚ 40 ਸਾਲ ਉਮਰ ਵਰਗ ਦੇ ਲੋਕਾਂ ਦੇ ਟੀਕਾਕਰਣ ਦਾ ਟੀਚਾ ਪੂਰਾ ਕੀਤਾ ਜਾਵੇਗਾ।
24 ਮਈ ਵਾਲੇ ਹਫਤੇ ਤੱਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਸ ਹੈ ਕਿ 18 ਸਾਲ ਤੇ ਇਸ ਤੋਂ ਉੱਪਰ ਉਮਰ ਵਰਗ ਦੇ ਸਾਰੇ ਲੋਕਾਂ ਲਈ ਪ੍ਰੋਵਿੰਸ਼ੀਅਲ ਵੈਕਸੀਨ ਅਪੁਆਇੰਟਮੈਂਟਸ ਖੋਲ੍ਹ ਦਿੱਤੀਆਂ ਜਾਣਗੀਆਂ। ਪ੍ਰੋਵਿੰਸ ਨੂੰ ਇਹ ਵੀ ਆਸ ਹੈ ਕਿ ਜਿਹੜੇ ਅਸੈਂਸ਼ੀਅਲ ਵਰਕਰਜ਼ ਘਰ ਤੋਂ ਕੰਮ ਨਹੀਂ ਕਰ ਸਕਦੇ ਉਨ੍ਹਾਂ ਲਈ ਵੀ ਪ੍ਰੋਵਿੰਸ ਵੱਲੋਂ ਅਗਲੇ ਹਫਤੇ ਤੋਂ ਵੈਕਸੀਨੇਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਨ੍ਹਾਂ ਵਿੱਚ ਐਲੀਮੈਂਟਰੀ ਤੇ ਸੈਕੰਡਰੀ ਸਕੂਲ ਵਰਕਰਜ਼, ਕ੍ਰਿਟੀਕਲ ਈਵੈਂਟਸ ਉੱਤੇ ਜਾਣ ਵਾਲੇ ਵਰਕਰਜ਼, ਕਾਨੂੰਨ ਲਾਗੂ ਕਰਨ ਵਾਲੇ ਲੋਕ, ਇੰਸਪੈਕਸ਼ਨ ਤੇ ਕੰਪਲਾਇੰਸ ਲਈ ਜਿੰ਼ਮੇਵਾਰ ਲੋਕ, ਚਾਈਲਡਕੇਅਰ ਵਰਕਰਜ਼, ਫੌਸਟਰ ਕੇਅਰ ਏਜੰਸੀ ਵਰਕਰਜ਼, ਖੇਤੀਬਾੜੀ ਤੇ ਫਾਰਮ ਵਰਕਰਜ਼, ਅੰਤਿਮ ਸਸਕਾਰ ਕਰਵਾਉਣ ਵਾਲੇ ਵਰਕਰਜ਼ ਸ਼ਾਮਲ ਹਨ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਸ ਹੈ ਕਿ ਮਈ ਵਿੱਚ ਫਾਈਜ਼ਰ-ਬਾਇਓਐਨਟੈਕ ਵੈਕਸੀਨ ਦੀ 800,000 ਡੋਜ਼ ਹਾਸਲ ਹੋ ਜਾਵੇਗੀ ਤੇ ਮਈ ਮਹੀਨੇ ਦੇ ਅੰਤ ਤੱਕ ਹਰ ਹਫਤੇ 940,000 ਡੋਜ਼ਾਂ ਤੱਕ ਮਿਲਣਗੀਆਂ।