ਨਵੀਂ ਦਿੱਲੀ, 20 ਅਪਰੈਲ, (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੰਗਲਵਾਰ ਨੂੰ ਦੇਸ਼ ਵਾਸੀਆਂ ਦੇ ਨਾਂਅ ਸੰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਖ਼ਿਲਾਫ਼ ਵੱਡੀ ਲੜਾਈ ਲੜੀ ਜਾ ਰਹੀ ਹੈ ਤੇ ਅਸੀਂ ਆਰਥਿਕ ਸਰਗਰਮੀਆਂ ਜਾਰੀ ਰੱਖਦੇ ਹੋਏ ਹੀ ਇਸ ਉੱਤੇ ਕੰਟਰੋਲ ਪਾਉਣਾ ਹੈ। ਉਨ੍ਹਾ ਨੇ ਇਹ ਸਾਫ਼ ਕਰ ਦਿੱਤਾ ਕਿ ਲਾਕਡਾਊਨ ਆਖ਼ਰੀ ਬਦਲ ਹੈ, ਇਸ ਦੀ ਥਾਂ ਮਾਈਕ੍ਰੋ ਕੰਟੇਨਮੈਂਟ ਜ਼ੋਨ ਉੱਤੇ ਧਿਆਨ ਦਿੱਤਾ ਜਾਵੇ।
ਕੋਰੋਨਾ ਦੀ ਤਾਜ਼ਾ ਲਹਿਰ ਦੌਰਾਨ ਪ੍ਰਧਾਨ ਮੰਤਰੀ ਦੀ ਇਹ ਅਪੀਲ ਓਦੋਂ ਕੀਤੀ ਹੈ, ਜਦੋਂ ਮਹਾਰਾਸ਼ਟਰ, ਦਿੱਲੀਤੇ ਕਈ ਹੋਰ ਰਾਜਾਂ ਨੇ ਲਾਕਡਾਊਨ ਵਰਗੀਆਂ ਸਖ਼ਤ ਪਾਬੰਦੀਆਂ ਲਾ ਦਿੱਤੀਆਂ ਤੇ ਅਦਾਲਤਾਂ ਵੀ ਗੰਭੀਰ ਹੁੰਦੇ ਹਾਲਾਤ ਬਾਰੇ ਲਗਾਤਾਰ ਚਿੰਤਾ ਪ੍ਰਗਟ ਕਰ ਰਹੀਆਂ ਹਨ। ਇਲਾਹਾਬਾਦ ਹਾਈ ਕੋਰਟ ਨੇ ਦੋ ਦਿਨ ਪਹਿਲਾਂ ਉੱਤਰ ਪ੍ਰਦੇਸ਼ ਦੇ ਪੰਜ ਵੱਡੇ ਸ਼ਹਿਰਾਂ ਵਿੱਚ ਲਾਕਡਾਊਨ ਲਾਉਣ ਲਈ ਕਿਹਾ ਸੀ, ਜਿਸ ਨੂੰ ਸੁਪਰੀਮ ਕੋਰਟ ਨੇ ਰੋਕ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਜੇ ਤਕ ਅਸੀਂ ਧੀਰਜ ਅਤੇ ਅਨੁਸ਼ਾਸਨ ਨਾਲ ਕੋਰੋਨਾ ਦੇ ਖ਼ਿਲਾਫ਼ ਲੜਾਈ ਲੜੀ ਹੈ, ਸਾਨੂੰ ਧੀਰਜ ਨਹੀਂ ਛੱਡਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਪਹਿਲੀ ਲਹਿਰ ਦੇ ਸਮੇਂ ਹਾਲਾਤ ਹੋਰ ਸਨ, ਸਾਡੇ ਕੋਲ ਵਸੀਲਿਆਂ ਦੀ ਕਮੀ ਸੀ, ਅੱਜ ਅਸੀਂ ਪਹਿਲਾਂ ਤੋਂ ਵੱਧ ਤਿਆਰ ਹਾਂ, ਸਾਡੇ ਕੋਲ ਕੇਸਾਂ ਦੀ ਜਾਂਚ ਲਈ ਲੈਬਾਰਟਰੀਆਂ ਦਾ ਵੱਡਾ ਨੈੱਟਵਰਕ ਹੈ, ਲਗਾਤਾਰ ਟੈਸਟਿੰਗ ਵਧਾ ਰਹੇ ਹਾਂ ਤੇਸਾਡੀ ਕੋਸ਼ਿਸ਼ ਲੋਕਾਂ ਦੀ ਜਾਨ ਬਚਾਉਣ ਦੀ ਹੈ। ਉਨ੍ਹਾਂ ਕਿਹਾ ਕਿ ਪਹਿਲੀ ਮਈ ਮਗਰੋਂ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਵੈਕਸੀਨ ਲੱਗਣ ਲੱਗੇਗੀ ਅਤੇ ਸਰਕਾਰੀ ਹਸਪਤਾਲਾਂ ਵਿੱਚ ਪਹਿਲਾਂ ਵਾਂਗ ਵੈਕਸੀਨ ਮੁਫ਼ਤ ਲੱਗੇਗੀ।ਲਾਕਡਾਊਨ ਦੇ ਡਰ ਕਾਰਨ ਆਪਣੇ ਘਰੀਂ ਜਾਂਦੇ ਪਰਵਾਸੀ ਕਾਮਿਆਂ ਨੂੰ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਲੋਕ ਜਿੱਥੇ ਹਨ, ਉੱਥੇ ਰਹਿਣ, ਕਿਸੇ ਨੂੰ ਕੋਈ ਤਕਲੀਫ਼ ਨਹੀਂ ਹੋਣ ਦਿੱਤੀ ਜਾਵੇਗੀ। ਕਾਰੋਬਾਰ ਚੱਲਦੇ ਰਹਿਣਗੇ ਤੇ ਮਹਾਮਾਰੀ ਤੋਂ ਬਚਾਅ ਦੇ ਪ੍ਰਬੰਧ ਕੀਤੇ ਜਾਣਗੇ।