ਲਾਹੌਰ, 10 ਦਸੰਬਰ (ਪੋਸਟ ਬਿਊਰੋ)- ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ ਐਮ ਐਲ-ਐਨ) ਦੇ ਮੁਖੀ ਸ਼ਾਹਬਾਜ਼ ਸ਼ਰੀਫ ਦੇ ਘਰ ਨੂੰ ਜੇਲ੍ਹ ਵਿੱਚ ਬਦਲਣ ਦੇ ਯਤਨ ਸ਼ੁਰੂ ਕਰ ਦਿੱਤੇ ਗਏ ਹਨ। ਇਸ ਲਈ ਪਾਕਿਸਤਾਨੀ ਪੰਜਾਬ ਸੂਬੇ ਦੀ ਸਰਕਾਰ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਹੈ।
ਅਸਲ ਵਿੱਚ 10 ਦਸੰਬਰ ਨੂੰ ਨੈਸ਼ਨਲ ਅਸੈਂਬਲੀ ਦਾ ਇਜਲਾਸ ਸ਼ੁਰੂ ਹੋਣ ਵਾਲਾ ਹੈ। ਸ਼ਾਹਬਾਜ਼ ਵਿਰੋਧੀ ਧਿਰ ਦੇ ਨੇਤਾ ਹਨ ਤੇ ਇਜਲਾਸ ਵਿੱਚ ਉਹ ਹਿੱਸਾ ਲੈ ਸਕਣ, ਇਸ ਲਈ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰਕਾਰ ਨੇ ਇਹ ਕਦਮ ਲਾਹੌਰ ਦੇ ਕੌਮੀ ਜਵਾਬਦੇਹੀ ਬਿਊਰੋ ਦੇ ਉਸ ਹੁਕਮ ਤੋਂ ਬਾਅਦ ਉਠਾਇਆ ਹੈ, ਜਿਸ 'ਚ ਅਦਾਲਤ ਨੇ ਉਨ੍ਹਾਂ ਨੂੰ ਅਦਾਲਤੀ ਰਿਮਾਂਡ 'ਤੇ ਕੋਟ ਲਖਪਤ ਜੇਲ੍ਹ ਭੇਜਣ ਦਾ ਫੈਸਲਾ ਕੀਤਾ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਭਰਾ ਸ਼ਾਹਬਾਜ਼ ਸ਼ਰੀਫ ਨੂੰ ਕੌਮੀ ਜਵਾਬਦੇਹੀ ਬਿਊਰੋ ਨੇ ਪੰਜ ਅਕਤੂਬਰ ਨੂੰ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਉਤੇ ਆਸ਼ੀਆਨਾ-ਏ-ਇਕਬਾਲ ਰਿਹਾਇਸ਼ੀ ਯੋਜਨਾ ਵਿੱਚ1400 ਕਰੋੜ ਰੁਪਏ ਦੇ ਘੁਟਾਲੇ ਦਾ ਦੋਸ਼ ਹੈ। ਸ਼ਾਹਬਾਜ਼ (67 ਸਾਲ) ਜੂਨ 2013 ਤੋਂ ਲੈ ਕੇ ਮਈ 2018 ਤੱਕ ਪੰਜਾਬ ਦੇ ਤੀਜੀ ਵਾਰ ਮੁੱਖ ਮੰਤਰੀ ਰਹੇ ਸਨ। ਐਕਸਪ੍ਰੈਸ ਨਿਊਜ਼ ਨੇ ਖਬਰ ਦਿੱਤੀ ਹੈ ਕਿ ਪੰਜਾਬ ਸਰਕਾਰ ਨੇ ਗ੍ਰਹਿ ਸਕੱਤਰ ਤੇ ਜ਼ਿਲਾ ਪ੍ਰਸ਼ਾਸਨ ਨਾਲ ਸੰਪਰਕ ਕਰਕੇ ਸ਼ਾਹਬਾਜ਼ ਦੇ ਘਰ ਨੂੰ ਜੇਲ੍ਹ ਬਣਾਉਣ ਲਈ ਕਿਹਾ ਅਤੇ 10 ਦਸੰਬਰ ਤੋਂ ਸ਼ੁਰੂ ਹੋ ਰਹੇ ਨੈਸ਼ਨਲ ਅਸੈਂਬਲੀ ਦੇ ਇਜਲਾਸ ਦੌਰਾਨ ਸੂਬਾ ਸਰਕਾਰ ਨੇ ਅਜਿਹਾ ਕਰਨ ਦੀ ਗੁਜ਼ਾਰਿਸ਼ ਕੀਤੀ ਹੈ। ਵਰਨਣ ਯੋਗ ਹੈ ਕਿ ਗ੍ਰਿਫਤਾਰੀ ਤੋਂ ਬਾਅਦ ਵਿਰੋਧੀ ਕਈ ਵਾਰ ਸ਼ਾਹਬਾਜ਼ ਦੀ ਰਿਮਾਂਡ ਦਾ ਸਮਾਂ ਵਧਾ ਚੁੱਕੇ ਹਨ। ਵਿਰੋਧੀ ਧਿਰ ਦੇ ਨੇਤਾ ਹੋਣ ਦੇ ਨਾਤੇ ਆਪਣੇ ਮੰਤਰੀਆਂ ਨਾਲ ਉਹ ਵੀ ਇਜਲਾਸ 'ਚ ਹਿੱਸਾ ਲੈ ਸਕਣ, ਇਸ ਲਈ ਉਨ੍ਹਾਂ ਦੇ ਘਰ ਨੂੰ ਹੀ ਜੇਲ੍ਹ ਐਲਾਨਣ ਦੇ ਯਤਨ ਕੀਤੇ ਜਾ ਰਹੇ ਹਨ।