Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਮਨੋਰੰਜਨ

ਕਹਾਣੀ: ਪਿੰਡ ਵਾਪਸੀ

April 21, 2021 02:52 AM

-ਮਿੱਤਰ ਸੈਨ ਮੀਤ
ਕੋਰੋਨਾ ਮਹਾਮਾਰੀ ਨੇ ਮੌਤ ਦਰਵਾਜ਼ੇ ਉੱਤੇ ਲਿਆ ਖੜ੍ਹਾਈ ਸੀ। ਕਾਰੋਬਾਰ ਬੰਦ ਸੀ। ਘਰ ਵਿੱਚ ਕੈਦ ਰਾਜੇਸ਼ ਸਾਰਾ ਦਿਨ ਟੀ ਵੀ ਅੱਗੇ ਬੈਠਾ ਖਬਰਾਂ ਦੇਖਦਾ ਰਹਿੰਦਾ ਸੀ। ਤਾਲਾਬੰਦੀ ਦਾ ਚੌਥਾ ਦੌਰ ਸ਼ੁਰੂ ਹੁੰਦਿਆਂ ਹਾਲਾਤ ਦੇ ਆਮ ਵਾਂਗ ਹੋਣ ਦੀਆਂ ਉਮੀਦਾਂ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਈਆਂ ਸਨ। ਸਰਕਾਰ ਦੇ ਸਾਰੇ ਹੁਕਮਾਂ ਦੀ ਅਣਦੇਖੀ ਕਰ ਕੇ ਹਜ਼ਾਰਾਂ ਪਰਵਾਸੀਆਂ ਨੇ ਪੈਦਲ ਹੀ ਆਪਣੇ ਪਿੰਡਾਂ ਵੱਲ ਚਾਲੇ ਪਾ ਦਿੱਤੇ ਸਨ।
ਰਾਜੇਸ਼ ਦੀ ਫੈਕਟਰੀ ਵਿੱਚ ਕੰਮ ਕਰਦੇ ਲੋਕੇ ਦੇ ਭਰਾ ਅਤੇ ਭਰਾ ਦੇ ਪਰਵਾਰ ਨੂੰ ਭੀੜ ਵਿੱਚ ਸ਼ਾਮਲ ਦੇਖ ਕੇ ਰਾਜੇਸ਼ ਦਾ ਤ੍ਰਾਹ ਨਿਕਲ ਗਿਆ। ਇੱਥੋਂ ਲੋਕੇ ਦਾ ਪਿੰਡ ਬਾਰਾਂ-ਤੇਰਾਂ ਸੌ ਕਿਲੋਮੀਟਰ ਦੂਰ ਸੀ। ਏਡਾ ਲੰਬਾ ਸਫਰ। ਉਹ ਵੀ ਭੁੱਖੇ-ਤਿਹਾਏ। ਉਹ ਤਾਂ ਕੀ, ਪਿੰਡ ਉਨ੍ਹਾਂ ਦੀਆਂ ਲਾਸ਼ਾਂ ਵੀ ਨਹੀਂ ਸਨ ਪਹੁੰਚਣੀਆਂ। ਕਿੱਧਰੇ ਲੋਕਾ ਵੀ ਪਿੰਡ ਵੱਲ ਨਹੀਂ ਨਿਕਲ ਪਿਆ? ਕਿਧਰੇ ਉਹ ਵੀ ਮੌਤ ਦੇ ਰਾਹ ਤਾਂ ਨਹੀਂ ਪੈ ਗਿਆ? ਇਹ ਪ੍ਰਸ਼ਨ ਵਾਰ-ਵਾਰ ਉਸ ਦੇ ਜ਼ਿਹਨ ਵਿੱਚ ਉਠਣ ਲੱਗੇ। ਲੋਕਾ ਆਮ ਕਾਮਾ ਨਹੀਂ ਸੀ। ਤੇਰ੍ਹਾਂ ਸਾਲ ਪਹਿਲਾਂ ਰੁਜ਼ਗਾਰ ਦੀ ਭਾਲ ਵਿੱਚ ਉਹ ਪੰਜਾਬ ਆਇਆ ਸੀ। ਉਸੇ ਸਾਲ ਰਾਜੇਸ਼ ਨੇ ਸਾਈਕਲਾਂ ਦੇ ਪੁਰਜ਼ੇ ਬਣਾਉਣ ਦੀ ਫੈਕਟਰੀ ਦਾ ਸ੍ਰੀ ਗਣੇਸ਼ ਕੀਤਾ ਸੀ। ਦੋਵਾਂ ਦੀ ਰੋਜ਼ੀ-ਰੋਟੀ ਦਾ ਸਫਰ ਇੱਕੋ ਦਿਨ ਸ਼ੁਰੂ ਹੋਇਆ ਸੀ। ਮਜ਼ਦੂਰਾਂ ਦੀ ਰਿਹਾਇਸ਼ ਲਈ ਫੈਕਟਰੀ ਦੇ ਚਾਰ ਕਮਰੇ ਸਨ। ਪਹਿਲੇ ਦਿਨ ਤੋਂ ਇੱਕ ਨੰਬਰ ਕਮਰਾ ਲੋਕੇ ਨੇ ਮੱਲਿਆ ਹੋਇਆ ਸੀ। ਮਿਹਨਤ ਅਤੇ ਇਮਾਨਦਾਰੀ ਨੇ ਲੋਕੇ ਨੂੰ ਰਾਜੇਸ਼ ਦਾ ਸਭ ਤੋਂ ਵੱਧ ਭਰੋਸੇਮੰਦ ਸਾਥੀ ਬਣਾ ਦਿੱਤਾ ਸੀ। ਕੰਮ ਸਿਖਾ ਕੇ ਉਸ ਨੇ ਲੋਕੇ ਨੂੰ ਹੈਲਪਰ ਤੋਂ ਆਪਰੇਟਰ ਬਣਾ ਦਿੱਤਾ। ਨਾਲੇ ਲੋਕੇ ਦਾ ਕੰਮ ਸੌਖਾ ਹੋ ਗਿਆ, ਨਾਲੇ ਕਮਾਈ ਦੁੱਗਣੀ। ਦੋ-ਦੋ ਸ਼ਿਫਟਾਂ ਵਿੱਚ ਪਸੀਨਾ ਵਹਾ ਕੇ ਅਤੇ ਢਿੱਡ ਬੰਨ੍ਹ ਕੇ ਲੋਕੇ ਨੇ ਚਾਰ ਪੈਸੇ ਜੋੜ ਲਏ। ਪਿਛਲਿਆਂ ਦਾ ਹੱਥ ਸੁਖਾਲਾ ਕਰ ਦਿੱਤਾ। ਵਿਆਹ ਹੋ ਗਿਆ। ਦੋ ਸਾਲਾਂ ਵਿੱਚ ਦੋ ਪੁੱਤਾਂ ਦਾ ਬਾਪ ਬਣ ਗਿਆ।
ਪਿੰਡ ਉਨ੍ਹਾਂ ਦੀ ਪੰਜ ਏਕੜ ਜ਼ਮੀਨ ਤਾਂ ਸੀ, ਪਰ ਖਾਣ ਜੋਗੇ ਦਾਣਿਆਂ ਤੋਂ ਵੱਧ ਧੇਲਾ ਨਹੀਂ ਸੀ ਬਚਦਾ। ਲੋਕੇ ਦੀ ਖੁਸ਼ਹਾਲੀ ਦੇਖ ਕੇ ਵੱਡਾ ਭਰਾ ਦੁੱਖੂ ਵੀ ਪੰਜਾਬ ਆ ਗਿਆ। ਦੁੱਖੂ ਪਹਿਲਾਂ 'ਕੱਲਾ ਆਇਆ। ਰਾਜੇਸ਼ ਨੇ ਕੰਮ ਉੱਤੇ ਲਾ ਲਿਆ। ਲੋਕੇ ਨੇ ਦੁੱਖੂ ਨੂੰ ਸਾਲਾਂ ਵਿੱਚ ਸਿੱਖਣ ਵਾਲਾ ਕੰਮ ਮਹੀਨਿਆਂ ਵਿੱਚ ਸਿਖਾ ਦਿੱਤਾ। ਸਾਲ ਵਿੱਚ ਹੀ ਦੁੱਖੂ ਦੇ ਖੰਭ ਨਿਕਲ ਆਏ। ਰਾਜੇਸ਼ ਦੀ ਫੈਕਟਰੀ ਛੱਡ ਕੇ ਉਹ ਹਰ ਸਾਲ ਲੱਖਾਂ ਸਾਈਕਲ ਬਣਾਉਣ ਵਾਲੀ ਨਾਇਕ ਫੈਕਟਰੀ ਵਿੱਚ ਆਪਰੇਟਰ ਜਾ ਲੱਗਾ। ਕੰਪਨੀ ਵਾਲਿਆਂ ਨੇ ਪੁਰਾਣੇ ਮਜ਼ਦੂਰਾਂ ਦੀ ਰਿਹਾਇਸ਼ ਲਈ ਏਕੜਾਂ ਵਿੱਚ ਫੈਲੀ ਹੋਈ ਆਪਣੀ ਫੈਕਟਰੀ ਵਿੱਚ ਕੁਆਰਟਰ ਬਣਾਏ ਸਨ। ਨਵਿਆਂ ਲਈ ਇੱਕ ਵਿਹੜਾ ਕਿਰਾਏ ਉੱਤੇ ਲੈ ਰੱਖਿਆ ਸੀ। ਸਾਲ ਬਾਅਦ ਦੁੱਖੂ ਨੂੰ ਵਿਹੜੇ ਵਿੱਚ ਇੱਕ ਕਮਰਾ ਮਿਲ ਗਿਆ। ਝੱਟ ਉਹ ਆਪਣਾ ਟੱਬਰ ਪੰਜਾਬ ਲੈ ਆਇਆ। ਪਤਨੀ ਨੂੰ ਕੋਠੀਆਂ ਦੀ ਸਫਾਈ ਅਤੇ ਵੱਡੀ ਕੁੜੀ ਨੂੰ ਕਿਸੇ ਦੇ ਘਰ ਕੰਮ ਉੱਤੇ ਲਾ ਦਿੱਤਾ। ਦਿਨਾਂ ਵਿੱਚ ਹੀ ਦੁੱਖੀ ਦੀ ਗੱਡੀ ਰਿੜਨ ਹੀ ਨਹੀਂ ਸਗੋਂ ਭੱਜਣ ਲੱਗ ਪਈ। ਦੋਵਾਂ ਭਰਾਵਾਂ ਨੂੰ ਖੁਸ਼ ਦੇਖ ਕੇ ਰਾਜੇਸ਼ ਵੀ ਖੁਸ਼ ਸੀ।
ਤਿਣਕਾ-ਤਿਣਕਾ ਜੋੜ ਕੇ ਭਰਾਵਾਂ ਨੇ ਆਲ੍ਹਣਾ ਵਸਾਇਆ ਸੀ ਕਿ ਦੁਨੀਆ ਵਿਚ ਤੇਜ਼ੀ ਨਾਲ ਫੈਲ ਰਹੀ ਕੋਰੋਨਾ ਮਹਾਮਾਰੀ ਦੀਆਂ ਖਬਰਾਂ ਘਰ-ਘਰ ਪਹੁੰਚਣ ਲੱਗੀਆਂ। ਭਾਰਤ ਵੀ ਇਸ ਦੀ ਲਪੇਟ ਵਿੱਚ ਆ ਗਿਆ। ਦੁਨੀਆ ਭਰ ਦੇ ਡਾਕਟਰ ਹਾਲ-ਦੁਹਾਈ ਪਾ ਰਹੇ ਸਨ। ਲਾਗ ਦੀ ਇਸ ਬਿਮਾਰੀ ਤੋਂ ਛੁਟਕਾਰਾ ਪਾਉਣ ਦਾ ਇੱਕੋ ਤਰੀਕਾ ਸੀ। ਲੋਕਾਂ ਦੇ ਆਪਸ ਵਿੱਚ ਮੇਲ-ਗੇਲ ਤੋਂ ਸਖਤ ਗੁਰੇਜ਼। ਲੋਕਾਂ ਨੂੰ ਇੱਕ ਦੂਜੇ ਤੋਂ ਦੂਰ ਰੱਖਣ ਦਾ ਇੱਕੋ ਤਰੀਕਾ ਸੀ ਸਾਰਾ ਕੁਝ ਬੰਦ ਕਰ ਕੇ ਸਾਰੇ ਦੇਸ਼ ਨੂੰ ਤਾਲਾ ਲਾ ਦੇਣਾ। ਅੱਧੀ ਦੁਨੀਆ ਵਿੱਚ ਤਾਲਾਬੰਦੀ ਹੋ ਚੁੱਕੀ ਸੀ।
ਟੀ ਵੀ ਉੱਤੇ ਰਾਜੇਸ਼ ਨੇ ਦੇਖਿਆ। ਘਬਰਾਏ ਲੋਕ ਜ਼ਰੂਰੀ ਸਾਮਾਨ ਖਰੀਦਣ ਲਈ ਸਟੋਰਾਂ ਉੱਤੇ ਟੁੱਟ ਪਏ ਸਨ। ਘੰਟਿਆਂ ਵਿੱਚ ਸਟੋਰ ਖਾਲੀ ਹੋ ਗਏ। ਮਜ਼ਦੂਰਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖ ਕੇ ਰਾਜੇਸ਼ ਨੇ ਤੈਅ ਤਰੀਕ ਤੋਂ ਪਹਿਲਾਂ ਹੀ ਉਨ੍ਹਾਂ ਦਾ ਹਿਸਾਬ ਕਰ ਦਿੱਤਾ। ਬਣਦੀ ਤਨਖਾਹ ਹੱਥ ਫੜਾ ਦਿੱਤੀ। ਲੋੜਵੰਦਾਂ ਨੂੰ ਅਡਵਾਂਸ ਵੀ ਦੇ ਦਿੱਤਾ। ਨਾਲ ਹਦਾਇਤ ਕੀਤੀ ਕਿ ਘੱਟੋ-ਘੱਟ ਪੰਦਰਾਂ ਦਿਨਾਂ ਦਾ ਰਾਸ਼ਨ ਉਹ ਜ਼ਰੂਰ ਜਮ੍ਹਾਂ ਕਰ ਲੈਣ। ਫੈਕਟਰੀ ਵਿੱਚ ਰਹਿੰਦੇ ਕਾਮਿਆਂ ਲਈ ਉਸ ਨੇ ਰਾਸ਼ਨ ਦਾ ਪ੍ਰਬੰਧ ਆਪ ਕਰ ਦਿੱਤਾ।
ਫੇਰ ਓਹੋ ਹੋਇਆ, ਜਿਸ ਦਾ ਡਰ ਸੀ। ਦੇਸ਼ ਵਿੱਚ ਤਾਲਾਬੰਦੀ ਤੇ ਪੰਜਾਬ ਵਿੱਚ ਕਰਫਿਊ ਲੱਗ ਗਿਆ। ਪਹਿਲਾਂ ਕਰਫਿਊ ਪੰਦਰਾਂ ਦਿਨ ਲਈ ਲੱਗਿਆ। ਹੋਰਾਂ ਦੇ ਨਾਲ-ਨਾਲ ਦੁੱਖੂ ਵੀ ਵਿਹਲਾ ਹੋ ਗਿਆ। ਕੁਆਰਟਰ ਵਿੱਚ ਰਹਿੰਦੇ ਪਹਿਰੇਦਾਰ ਸਾਲੇ ਨੂੰ ਛੁੱਟੀ ਹੋ ਗਈ। ਕੋਠੀਆਂ ਵਾਲਿਆਂ ਨੇ ਸਫਾਈ ਵਾਲੀਆਂ ਹਟਾ ਦਿੱਤੀਆਂ। ਸਕੂਲ-ਦਫਤਰ ਬੰਦ ਹੋ ਜਾਣ ਕਾਰਨ ਨੌਕਰੀ ਕਰਦੀਆਂ ਔਰਤਾਂ ਵਿਹਲੀਆਂ ਹੋ ਗਈਆਂ। ਘਰ ਦਾ ਕੰਮ ਉਹ ਖੁਦ ਕਰਨ ਲੱਗ ਪਈਆਂ। ਦੁੱਖੂ ਦੀ ਕੁੜੀ ਨੂੰ ਵੀ ਛੁੱਟੀ ਹੋ ਗਈ। ਖਾਣ ਪੀਣ ਦੀ ਹਾਲੇ ਕਿਸੇ ਨੂੰ ਬਹੁਤੀ ਦਿੱਕਤ ਨਹੀਂ ਸੀ, ਪਰ ਕਮਰੇ ਨੂੰ ਦੀ ਲੰਬਾਈ-ਚੌੜਾਈ ਜਿਵੇਂ ਘੱਟ ਕੇ ਅੱਧੀ ਰਹਿ ਗਈ। ਸਾਰੇ ਜੀਅ ਪਿੰਜਰੇ ਵਾਂਗ ਇੱਕੋ ਕਮਰੇ ਵਿੱਚ ਤੜ ਗਏ। ਬਿਨਾਂ ਮਤਲਬ ਪਤੀ-ਪਤਨੀ, ਮਾਂ-ਪੁੱਤ ਅਤੇ ਜਵਾਕਾਂ ਵਿੱਚ ਤੂ-ਤੂ, ਮੈਂ-ਮੈਂ ਹੋਣ ਲੱਗ ਪਈ।
ਘਰ ਵਿੱਚ ਹੁੰਦੀ ਘੀਂਸ-ਘੀਂਸ ਤੋਂ ਘਬਰਾ ਕੇ ਤੇ ਲੱਤਾਂ ਮੋਕਲੀਆਂ ਕਰਨ ਦੀ ਇੱਛਾ ਨਾਲ ਚਹਿਲਕਦਮੀ ਲਈ ਦੁੱਖੂ ਗਲੀ ਵਿੱਚ ਚਲਾ ਗਿਆ। ਉਸ ਨੇ ਦਸ ਕਦਮ ਨਹੀਂ ਪੁੱਟੇ ਹੋਣਗੇ ਕਿ ਗਸ਼ਤ ਉੱਤੇ ਨਿਕਲੀ ਪੁਲਸ ਨੇ ਉਸ ਨੂੰ ਘੇਰ ਲਿਆ। ਉਸ ਉੱਤੇ ਇਉਂ ਡਾਂਗਾਂ ਵਰ੍ਹਾਈਆਂ ਜਿਵੇਂ ਉਹ ਚੰਬਲ ਘਾਟੀ ਦਾ ਡਾਕੂ ਮਾਨ ਸਿੰਘ ਹੋਵੇ। ਮਿੰਨਤ ਤਰਲਾ ਕਰ ਕੇ ਮਸਾਂ ਉਸ ਨੇ ਜਾਨ ਬਚਾਈ। ਤਿੰਨ ਦਿਨ ਨਾਲੇ ਉਹ ਹੱਡ ਸੇਕਦਾ ਰਿਹਾ, ਨਾਲੇ ਆਪਣੇ ਪਿੰਡ ਨੂੰ ਯਾਦ ਕਰਦਾ ਰਿਹਾ।
ਮਜ਼ਦੂਰਾਂ ਦੇ ਹੌਸਲੇ ਬੁਲੰਦ ਰੱਖਣ ਲਈ ਸਰਕਾਰ ਨੇ ਹੁਕਮ ਜਾਰੀ ਕੀਤਾ। ਕਿਸੇ ਕਾਮੇ ਨੂੰ ਘਬਰਾਉਣ ਦੀ ਲੋੜ ਨਹੀਂ। ਫੈਕਟਰੀਆਂ ਦੇ ਮਾਲਕ ਉਨ੍ਹਾਂ ਨੂੰ ਘਰ ਬੈਠਿਆਂ ਹੀ ਪੂਰੀ ਤਨਖਾਹ ਦੇਣਗੇ। ਹੁਕਮ ਦਾ ਉਲਟਾ ਅਸਰ ਹੋਇਆ। ਨਾਇਕ ਫੈਕਟਰੀ ਦੇ ਮੁੰਬਈ ਬੈਠੇ ਮਾਲਕਾਂ ਨੇ ਹੇਠਲੇ ਪ੍ਰਬੰਧਕਾਂ ਨੂੰ ਹੁਕਮ ਚਾੜ੍ਹਿਆ ਕਿ ਫੈਕਟਰੀ ਦੇ ਕੁਆਰਟਰਾਂ ਵਿੱਚ ਰਹਿੰਦੇ ਪੱਕੇ ਮਜ਼ਦੂਰਾਂ ਤੋਂ ਕੁਆਰਟਰ ਖਾਲੀ ਕਰਵਾਏ ਜਾਣ। ਉਨ੍ਹਾਂ ਦੇ ਨਾਂਅ ਰਜਿਸਟਰਾਂ ਵਿੱਚੋਂ ਕੱਟ ਦੇਣ। ਫੈਕਟਰੀ ਵਾਲੇ ਮਜ਼ਦੂਰਾਂ ਨੂੰ ਵਿਹੜੇ ਵਿੱਚ ਛੱਡ ਦਿੱਤਾ ਜਾਵੇ। ਦੁੱਖੂ ਦੇ ਵਿਹੜੇ ਵਿੱਚ ਕੁਰਬਲ-ਕੁਰਬਲ ਹੋਣ ਲੱਗ ਪਈ। ਫਲੱਸ਼ਾਂ ਤੇ ਪਾਣੀ ਦੀਆਂ ਟੂਟੀਆਂ ਅੱਗੇ ਵੱਡੀਆਂ-ਵੱਡੀਆਂ ਕਤਾਰਾਂ ਲੱਗਣ ਲੱਗੀਆਂ। ਆਪਸ ਵਿੱਚ ਗਾਲੀ-ਗਲੋਚ ਅਤੇ ਲੜਾਈ ਝਗੜੇ ਹੋਣ ਲੱਗ ਪਏ। ਸਿਆਣੇ ਬੰਦੇ, ਦੰਦਾਂ ਵਿੱਚ ਜੀਭ ਦੇ ਕੇ ਤਾਲਾਬੰਦੀ ਦੇ ਖਤਮ ਹੋਣ ਦਾ ਇੰਤਜ਼ਾਰ ਕਰਨ ਲੱਗੇ। ਸਭ ਨੂੰ ਆਸ ਸੀ। ਅੱਛੇ ਦਿਨ ਮੁੜ ਆਉਣ ਹੀ ਵਾਲੇ ਸਨ।
ਤਾਲਾਬੰਦੀ ਦੇ ਪੰਦਰਾਂ ਦਿਨ ਹੋਰ ਵਧਣ ਦੇ ਹੁਕਮ ਨੇ ਪਰਵਾਸੀਆਂ ਦੇ ਨਾਲ ਛੋਟੀਆਂ ਫੈਕਟਰੀਆਂ ਦੇ ਮਾਲਕਾਂ ਦੇ ਮੂੰਹ ਵੀ ਲਟਕਾ ਦਿੱਤੇ। ਪਰਵਾਸੀਆਂ ਨੂੰ ਫਿਕਰ ਆਪਣੇ ਚੁੱਲ੍ਹੇ ਮਘਦੇ ਰੱਖਣ ਦਾ ਹੋ ਗਿਆ। ਖਾਸ ਕਰ ਕੇ ਵੱਡੀਆਂ ਫੈਕਟਰੀਆਂ ਵਿੱਚ ਕੰਮ ਕਰਦੇ ਦੁੱਖੂ ਵਰਗਿਆਂ ਨੂੰ। ਮਾਲਕਾਂ ਨੇ ਉਨ੍ਹਾਂ ਨੂੰ ਹਾਲਾਤ ਦੇ ਸੁਖਾਲੇ ਹੋਣ ਤੱਕ ਕੰਮ ਤੋਂ ਜਵਾਬ ਦੇ ਦਿੱਤਾ। ਅਡਵਾਂਸ ਤਾਂ ਕੀ ਦੇਣਾ ਸੀ, ਬਕਾਇਆ ਦੇਣ ਤੋਂ ਵੀ ਟਾਲ ਮਟੋਲ ਹੋਣ ਲੱਗ ਪਈ।
ਪਹਿਲੀ ਤਾਲਾਬੰਦੀ ਸਮੇਂ ਕੁਝ ਸਮਾਜ ਸੇਵੀ ਸੰਸਥਾਵਾਂ ਨੇ ਵਿਹੜਿਆਂ ਤੱਕ ਲੰਗਰ ਪੁੱਜਦਾ ਕੀਤਾ ਸੀ। ਦੂਜੀ ਤਾਲਾਬੰਦੀ ਸਮੇਂ ਬਿਮਾਰੀ ਦੇ ਫੈਲਣ ਦਾ ਬਹਾਨਾ ਲਾ ਕੇ ਸਰਕਾਰ ਨੇ ਲੰਗਰ ਅਤੇ ਰਾਸ਼ਨ ਵੰਡਣ ਦਾ ਕੰਮ ਆਪਣੇ ਹੱਥ ਲੈ ਲਿਆ। ਹੱਲੇ-ਗੁੱਲੇ ਦੇ ਡਰੋਂ ਜ਼ਿਲਾ ਪ੍ਰਸ਼ਾਸਨ ਨੇ ਰਾਸ਼ਨ ਵੰਡਣ ਦਾ ਪ੍ਰਬੰਧ ਪੁਲਸ ਹਵਾਲੇ ਕਰ ਦਿੱਤਾ। ਰਾਸ਼ਨ ਸਹੀ ਹੱਥਾਂ ਵਿੱਚ ਪੁੱਜ ਸਕੇ, ਇਸ ਲਈ ਮਦਦ ਲਈ ਪੁਲਸ ਨਾਲ ਹਲਕੇ ਦਾ ਕੌਂਸਲਰ ਅਤੇ ਸੱਤਾਧਾਰੀ ਪਾਰਟੀ ਦਾ ਹਲਕਾ ਇੰਚਾਰਜ ਲਾ ਦਿੱਤਾ। ਕੌਂਸਲਰਾਂ ਅਤੇ ਹਲਕਾ ਇੰਚਾਰਜਾਂ ਨੂੰ ਬਿਮਾਰੀ ਦਾ ਉਕਾ ਭੈਅ ਨਹੀਂ ਸੀ। ਉਨ੍ਹਾਂ ਨੂੰ ਲੋਕਾਂ ਤੋਂ ਵੱਧ ਫਿਕਰ ਆਪਣੀਆਂ ਵੋਟਾਂ ਦਾ ਸੀ। ਉਹ ਉਨ੍ਹਾਂ ਵਿਹੜਿਆਂ ਵਿੱਚ ਹੀ ਲੰਗਰ ਲੈ ਕੇ ਜਾਂਦੇ ਸਨ ਜਿਨ੍ਹਾਂ ਵਿਹੜਿਆਂ ਦੇ ਉਹ ਮਾਲਕ ਸਨ ਜਾਂ ਜਿਨ੍ਹਾਂ ਵਿੱਚ ਉਨ੍ਹਾਂ ਦੇ ਸਮਰਥਕ ਰਹਿੰਦੇ ਸਨ। ਬਾਕੀਆਂ ਨੂੰ ਇੱਕ ਦਾਣਾ ਤੱਕ ਨਹੀਂ ਸੀ ਜਾਣ ਦਿੰਦੇ।
ਜਦੋਂ ਲਗਾਤਾਰ ਤਿੰਨ ਦਿਨ ਦੁੱਖੂ ਦੇ ਗੁਆਂਢੀਆਂ ਦੇ ਘਰ ਅੱਗ ਨਾ ਬਲੀ ਤੇ ਵਾਰ-ਵਾਰ ਬੇਨਤੀਆਂ ਕਰਨ ਉੱਤੇ ਵੀ ਲੰਗਰ ਵਿਹੜੇ ਨਾ ਆਇਆ ਤਾਂ ਉਨ੍ਹਾਂ ਵਿੱਚੋਂ ਇੱਕ ਨੇ ਆਪਣੀ ਫੇਸਬੁਕ ਉੱਤੇ ਲਾਈਵ ਹੋ ਕੇ ਹਾਲ-ਦੁਹਾਈ ਪਾ ਦਿੱਤੀ। ਭੁੱਖ ਨਾਲ ਵਿਲਕਦੇ ਬੱਚੇ ਦਿਖਾ ਦਿੱਤੇ। ਗੁਆਂਢੀ ਨੂੰ ਉਮੀਦ ਸੀ, ਜ਼ਿਲਾ ਪ੍ਰਸ਼ਾਸਨ ਉਸ ਨੂੰ ਦੀ ਫਰਿਆਦ ਸੁਣ ਲਵੇਗਾ। ਉਸ ਵਾਂਗ ਪਹਿਲਾਂ ਵੀ ਕਈਆਂ ਨੇ ਫੇਸਬੁਕ ਉੱਤੇ ਦੁਹਾਈ ਪਾਈ ਸੀ। ਘੰਟਿਆਂ ਵਿੱਚ ਹੀ ਜ਼ਿਲਾ ਪ੍ਰਸ਼ਾਸਨ ਰਾਸ਼ਨ ਲੈ ਕੇ ਫਰਿਆਦੀਆਂ ਦੇ ਘਰ ਆ ਗਿਆ ਸੀ। ਇੱਥੇ ਉਲਟ ਹੋਇਆ। ਘੰਟੇ ਵਿੱਚ ਹੀ ਪੁਲਸ ਉਨ੍ਹਾਂ ਦੇ ਵਿਹੜੇ ਆ ਧਮਕੀ। ਨਾਲ ਕੌਂਸਲਰ ਦਾ ਪੀ ਏ ਸੀ। ਰਾਸ਼ਨ ਦੇਣ ਦੀ ਥਾਂ ਪੁਲਸ ਗੁਆਂਢੀ ਉੱਤੇ ਡਾਂਗਾਂ ਵਰ੍ਹਾਉਣ ਲੱਗੀ। ਵਿਹੜੇ ਵਾਲਿਆਂ ਦੇ ਪੁੱਛਣ ਉੱਤੇ ਪੁਲਸ ਨੇ ਦੱਸਿਆ ਕਿ ਗੁਆਂਢੀ ਵਿਰੁੱਧ ਕੌਂਸਲਰ ਨੇ ਸ਼ਿਕਾਇਤ ਕੀਤੀ ਸੀ। ਉਹ ਕੌਂਸਲਰ ਦੇ ਵਿਰੋਧੀਆਂ ਦਾ ਸਮਰਥਕ ਸੀ। ਜਾਣ ਬੁੱਝ ਕੇ ਸਰਕਾਰ ਨੂੰ ਬਦਨਾਮ ਕਰਨ ਦਾ ਯਤਨ ਕਰ ਰਿਹਾ ਸੀ। ਉਸ ਨੂੰ ਥਾਣੇ ਲਿਜਾਣ ਲਈ ਪੁਲਸ ਧੂਹ-ਘੜੀਸ ਕਰਨ ਲੱਗੀ। ਜੇ ਵਿਹੜੇ ਦਾ ਪ੍ਰਧਾਨ ਅਤੇ ਕੁਝ ਨੌਜਵਾਨ ਦਖਲ ਨਾ ਦਿੰਦੇ ਅਤੇ ਗੁਆਂਢੀ ਦੀ ਪੁਲਸ ਵੱਲੋਂ ਕੀਤੀ ਜਾਂਦੀ ਮਾਰ ਕੁਟਾਈ ਦੀ ਵੀਡੀਓ ਆਪਣੇ ਫੋਨਾਂ ਉੱਤੇ ਵਾਇਰਲ ਨਾ ਕਰਦੇ ਤਾਂ ਥਾਣੇ ਲਿਜਾ ਕੇ ਪੁਲਸ ਪਤਾ ਨਹੀਂ ਉਸ ਦਾ ਕੀ ਹਾਲ ਕਰਦੀ।
ਪੁਲਸ ਵੱਲੋਂ ਪਹਿਲਾਂ ਆਪਣੇ ਅਤੇ ਫੇਰ ਗੁਆਂਢੀ ਦੇ ਹੱਡ ਟੁੱਟਣ ਦੀ ਖੌਫਨਾਕ ਘਟਨਾ ਨੇ ਦੁੱਖੂ ਨੂੰ ਧੁਰ ਅੰਦਰ ਤੱਕ ਦਹਿਲਾ ਦਿੱਤਾ। ਉਸ ਨੂੰ ਲੱਗਾ ਜਿਵੇਂ ਮੌਤ ਉਨ੍ਹਾਂ ਦੇ ਸਿਰਾਂ ਉੱਤੇ ਖੜ੍ਹੀ ਹੈ। ਉਹ ਵਾਰ-ਵਾਰ ਲੋਕੇ ਨੂੰ ਕਹਿਣ ਲੱਗਾ, ਸਾਰਾ ਕੁਝ ਵੇਚ-ਵੱਟ ਕੇ ਉਨ੍ਹਾਂ ਨੂੰ ਆਪਣੇ ਪਿੰਡ ਮੁੜ ਜਾਣਾ ਚਾਹੀਦਾ ਹੈ। ਸਰਕਾਰ ਨੇ ਜ਼ਰੂਰੀ ਵਸਤਾਂ ਦੀ ਢੋਆ-ਢੁਆਈ ਖੋਲ੍ਹ ਦਿੱਤੀ ਸੀ। ਸਾਮਾਨ ਵਾਲੇ ਟਰੱਕਾਂ ਵਿੱਚ ਸਾਮਾਨ ਘੱਟ ਤੇ ਬੰਦਿਆਂ ਦੀ ਢੋਅ-ਢੁਆਈ ਵੱਧ ਹੋ ਰਹੀ ਸੀ। ਵਿਹੜੇ ਦੇ ਕਈ ਟੱਬਰ ਟਰੱਕਾਂ ਵਿੱਚ ਪਿੰਡ ਮੁੜਨ ਦਾ ਜੋਖਮ ਉਠਾ ਚੁੱਕੇ ਸਨ। ਕੁਝ ਪਿੰਡ ਪੁੱਜ ਵੀ ਗਏ ਸਨ।
ਲੋਕਾ ਦੁੱਖੂ ਨਾਲ ਸਹਿਮਤ ਨਹੀਂ ਸੀ। ਉਸ ਨੇ ਦੁੱਖੂ ਨੂੰ ਸਮਝਾਇਆ। ਲੁਕ-ਛਿਪ ਕੇ ਪਿੰਡ ਜਾਣਾ ਵੀ ਆਸਾਨ ਨਹੀਂ ਸੀ। ਘਰ ਮੁੜਦੇ ਪਰਵਾਸੀਆਂ ਨੂੰ ਪੁਲਸ ਵਾਲੇ ਰਸਤੇ ਵਿੱਚ ਫੜ ਲੈਂਦੇ ਸੀ। ਇਕਾਂਤਵਾਸ ਦੇ ਬਹਾਨੇ ਸਕੂਲਾਂ-ਧਰਮਸ਼ਾਲਾਵਾਂ ਵਿੱਚ ਬੰਦ ਕਰ ਦਿੰਦੇ ਸੀ। ਭੁੱਖੇ-ਤਿਹਾਇਆਂ ਤੇ ਹਾਲ ਦੁਹਾਈ ਪਾਉਂਦਿਆਂ ਉਨ੍ਹਾਂ ਦੀਆਂ ਸੈਂਕੜੇ ਵੀਡੀਓ ਵਾਇਰਲ ਹੋ ਰਹੀਆਂ ਸਨ। ਮਜ਼ਬੂਰੀਵੱਸ ਦੁੱਖੂ ਚੁੱਪ ਕਰ ਗਿਆ। ਦੂਜੀ ਤਾਲਾਬੰਦੀ ਖਤਮ ਹੋਣ ਬਾਅਦ ਸ਼ਾਇਦ ਅੱਛੇ ਦਿਨ ਮੁੜ ਆਉਣ। ਇਸ ਉਮੀਦ ਨਾਲ।
ਹਾਲੇ ਮਹਾਮਾਰੀ ਲੋਕਾਂ ਦਾ ਖਹਿੜਾ ਨਹੀਂ ਸੀ ਛੱਡ ਰਹੀ। ਉਲਟਾ ਬਿਮਾਰਾਂ ਅਤੇ ਮਰਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਸੀ। ਲੋਕ ਹਿੱਤ ਧਿਆਨ ਵਿੱਚ ਰੱਖਦੇ ਹੋੲ, ਮਜ਼ਬੂਰੀਵੱਸ ਸਰਕਾਰ ਨੂੰ ਤਾਲਾਬੰਦੀ ਫੇਰ ਵਧਾਉਣੀ ਪਈ। ਤੀਸਰੀ ਤਾਲਾਬੰਦੀ ਨੇ ਲੋਕਾਂ ਦੇ ਸਬਰ ਦੇ ਕੜ ਪਾੜ ਦਿੱਤੇ। ਦਿਨੇ ਦਿਹਾੜੀ ਕਰ ਕੇ ਸ਼ਾਮ ਨੂੰ ਘਰ ਰਾਸ਼ਨ ਲਿਆਉਣ ਵਾਲੇ ਪਰਵਾਸੀਆਂ ਦੀ ਹਾਲਤ ਸਭ ਤੋਂ ਵੱਧ ਤਰਸਯੋਗ ਹੋ ਗਈ। ਢਿੱਡ ਧਾਫੜਨ ਲਈ ਕਿਸੇ ਨੂੰ ਆਪਣਾ ਰਿਕਸ਼ਾ ਵੇਚਣਾ ਪਿਆ। ਕਿਸੇ ਨੂੰ ਸਾਈਕਲ। ਭਾਂਡੇ ਫੇਰ ਵੀ ਖਾਲੀ ਦੇ ਖਾਲੀ।
ਮੌਤ ਦੇ ਜਬਾੜੇ ਤੋਂ ਬਚਣ ਦਾ ਇੱਕੋ ਰਸਤਾ ਸੀ। ਪਿੰਡ ਵਾਪਸੀ। ਬਹੁਤਾ ਕੁਝ ਨਾ ਸਹੀ, ਪਿੰਡ ਢਿੱਡ ਭਰਨ ਜੋਗਾ ਰਾਸ਼ਨ-ਪਾਣੀ ਤਾਂ ਸੀ। ਭਾਈਚਾਰਾ ਸੀ। ਇੱਕ ਦੇ ਘਰ ਰਾਸ਼ਨ ਮੁੱਕ ਗਿਆ ਤਾਂ ਦੂਜੇ ਘਰੋਂ ਉਧਾਰਾ ਮਿਲ ਜਾਣਾ। ਪਿੰਡੋਂ ਵੀ ਸੁਨੇਹੇ ਆ ਰਹੇ ਸਨ। ਮਾਂ-ਬਾਪ ਅਤੇ ਧੀਆਂ-ਪੁੱਤ ਪਰਦੇਸੀਆਂ ਦੇ ਜਿਉਂਦਿਆਂ ਦੇ ਚਿਹਰੇ ਦੇਖਣ ਲਈ ਲਈ ਤਰਸ ਰਹੇ ਸਨ। ਉਨ੍ਹਾਂ ਨੂੰ ਪੁੱਤ, ਪਤੀ ਅਤੇ ਬਾਪ ਚਾਹੀਦੇ ਹਨ। ਮਰਨਾ ਹੈ ਤਾਂ ਆਪਣੀ ਜਨਮ ਭੋਇੰ ਉੱਤੇ ਕਿਉਂ ਨਾ ਮਰਿਆ ਜਾਵੇ। ਸਿਵਿਆਂ ਦੀ ਸਾਂਝ ਤਾਂ ਰਹੇਗੀ।
ਫੇਰ ਟੀ ਵੀ ਅਤੇ ਸੋਸ਼ਲ ਮੀਡੀਆ ਉੱਤੇ ਖਬਰਾਂ ਆਉਣ ਲੱਗੀਆਂ। ਮੁੰਬਈ ਅਤੇ ਕਲਕੱਤੇ ਦੇ ਭੁੱਖੇ ਮਰਦੇ ਪਰਵਾਸੀ ਮਜ਼ਦੂਰਾਂ ਨੇ ਪੈਦਲ ਪਿੰਡਾਂ ਲਈ ਚਾਲੇ ਪਾ ਦਿੱਤੇ ਹਨ। ਪੱਲੇ ਨਾ ਰਾਸ਼ਨ ਸੀ, ਨਾ ਪੈਸਾ ਧੇਲਾ। ਮਨਾਂ ਵਿੱਚ ਪਿੰਡ ਮੁੜਨ ਦੀ ਤਾਂਘ ਹੀ ਉਨ੍ਹਾਂ ਦੀ ਊਰਜਾ ਬਣ ਗਈ ਸੀ।
ਪੈਦਲ ਘਰਾਂ ਨੂੰ ਮੁੜਦੇ ਪਰਵਾਸੀਆਂ ਦੀ ਹਿੰਮਤ ਨੇ ਦੁੱਖੂ ਦਾ ਹੌਸਲਾ ਵਧਾਇਆ। ਮਨੋਂ ਲੋਕਾ ਵੀ ਉਸ ਨਾਲ ਸਹਿਮਤ ਹੋ ਗਿਆ ਸੀ। ਕਮਾਈਆਂ ਫੇਰ ਵੀ ਹੋ ਜਾਣਗੀਆਂ। ਸਮਾਂ ਜਾਨਾਂ ਬਚਾਉਣ ਦਾ ਸੀ, ਪਰ ਬਦਲੇ ਹਾਲਾਤ ਵਿੱਚ ਉਸ ਨੂੰ ਲੱਗਦਾ ਸੀ ਜਿਵੇਂ ਉਹ ਸਹੀ ਸਲਾਮਤ ਪਿੰਡ ਨਹੀਂ ਪਹੁੰਚ ਸਕਣਗੇ। ਕਿਸੇ ਨਾ ਕਿਸੇ ਕਾਰਨ ਰਸਤੇ ਵਿੱਚ ਹੀ ਮਰ ਜਾਣਗੇ। ਸੂਬਿਆਂ ਦੀਆਂ ਸਰਕਾਰਾਂ ਨੇ ਆਪਣਿਆਂ ਉੱਤੇ, ਆਪਣੇ ਹੀ ਘਰ ਮੁੜਨ ਉੱਤੇ ਪਾਬੰਦੀ ਲਾ ਦਿੱਤੀ ਸੀ। ਤਰਕ ਸੀ ਕਿ ਵੱਡੇ ਸ਼ਹਿਰਾਂ ਵਿੱਚ ਵਸੇ ਪਰਵਾਸੀਆਂ ਨੇ ਸ਼ਹਿਰੋਂ ਬਿਮਾਰੀ ਲਿਆ ਕੇ ਪਿੰਡਾਂ ਵਿੱਚ ਫੈਲਾ ਦੇਣੀ ਸੀ। ਪੁਲਸ ਨੇ ਥਾਂ-ਥਾਂ ਨਾਕੇ ਲਾ ਲਏ। ਸਰਕਾਰ ਨੇ ਹੁਕਮ ਦੀ ਉਲੰਘਣਾ ਕਰਨ ਉੱਤੇ ਪਰਵਾਸੀਆਂ ਦੀ ਬੇਰਹਿਮੀ ਨਾਲ ਕੁਟਾਈ ਹੋ ਰਹੀ ਸੀ। ਜਬਰਦਸਤੀ ਇਕਾਂਤਵਾਸ ਵਿੱਚ ਰੱਖਿਆ ਜਾਂਦਾ ਸੀ। ਬਿਮਾਰੀ ਮੁਕਤ ਕਰਨ ਬਹਾਨੇ ਕੀਟਨਾਸ਼ਕ ਦਵਾਈਆਂ ਛਿੜਕੀਆਂ ਜਾਂਦੀਆਂ ਸਨ। ਕਈ ਲੋਕ ਟਰੱਕ ਹੇਠਾਂ ਕੁਚਲੇ ਜਾ ਚੁੱਕੇ ਸਨ। ਰੇਲ ਪਟੜੀਆਂ ਉੱਤੇ ਤੁਰਨਾ ਵੀ ਰਾਸ ਨਹੀਂ ਸੀ ਆ ਰਿਹਾ। ਮੌਤ ਨੇ ਉਥੇ ਵੀ ਉਨ੍ਹਾਂ ਦਾ ਪਿੱਛਾ ਕੀਤਾ। ਪਟੜੀਆਂ ਉੱਤੇ ਸੁੱਤਿਆਂ ਨੂੰ ਮਾਲ ਗੱਡੀ ਦਰੜ ਗਈ।
ਇਸ ਵਾਰ ਲੋਕੇ ਨੇ ਦੁੱਖੂ ਨਾਲ ਮਨ ਦੀ ਗੱਲ ਸਾਂਝੀ ਕੀਤੀ। ਉਹ ਵੀ ਪਿੰਡ ਮੁੜਨਾ ਚਾਹੁੰਦਾ ਸੀ, ਪਰ ਹਾਲਾਤ ਸੁਖਾਵੇਂ ਨਹੀਂ ਸਨ। ਇੱਥੇ ਮੌਤ ਆਵੇ ਜਾਂ ਨਾ, ਪਰ ਪੈਦਲ ਵਾਪਸ ਜਾਂਦਿਆਂ ਦੀ ਮੌਤ ਯਕੀਨੀ ਸੀ। ਭੰਬਲ-ਭੂਸੇ ਵਿੱਚ ਪਏ ਉਹ ਚੰਗੇ ਦਿਨਾਂ ਦੇ ਮੁੜਨ ਆਉਣ ਲਈ ਸੁੱਖਾਂ ਸੁੱਖਣ ਲੱਗੇ। ਰਾਜੇਸ਼ ਦੇ ਨਾਲ ਲੱਗਦੀ ਫੈਕਟਰੀ ਉਸ ਦੇ ਦੋਸਤ ਸੀ। ਰਾਜੇਸ਼ ਵਾਂਗ ਉਸ ਦੀ ਫੈਕਟਰੀ ਵਿੱਚ ਵੀ ਮਜ਼ਦੂਰਾਂ ਦੀ ਰਿਹਾਇਸ਼ ਦਾ ਪ੍ਰਬੰਧ ਸੀ।
ਇੱਕ ਸ਼ਾਮ ਲੋਕਾ ਆਪਣੇ ਕਮਰੇ ਦੀ ਛੱਤ ਉੱਤੇ ਟਹਿਲ ਰਿਹਾ ਸੀ। ਉਸ ਨੇ ਸਿਹਤ ਵਿਭਾਗ ਦੇ ਹੂਟਰ ਮਾਰਦੀ ਗੱਡੀ ਨੂੰ ਨਾਲ ਦੀ ਫੈਕਟਰੀ ਦੇ ਗੇਟ ਅੱਗੇ ਰੁਕਦੇ ਦੇਖਿਆ। ਕੋਰੋਨਾ ਕਿੱਟਾਂ ਵਿੱਚ ਜਕੜੇ ਸਿਹਤ ਵਿਭਾਗ ਦੇ ਕਰਮਚਾਰੀ ਫੁਰਤੀ ਨਾਲ ਗੱਡੀ ਵਿੱਚੋਂ ਉਤਰੇ। ਨਾਲ ਹੀ ਪੁਲਸ ਦੀ ਗੱਡੀ ਆ ਧਮਕੀ। ਪੁਲਸ ਨੇ ਫੈਕਟਰੀ ਦਾ ਗੇਟ ਖੁੱਲ੍ਹਵਾਇਆ। ਸਿਹਤ ਵਿਭਾਗ ਵਾਲਿਆਂ ਨੇ ਚੌਕੀਦਾਰ ਤੇ ਕਿਸ਼ਨੇ ਦੀ ਸ਼ਨਾਖਤ ਕਰਾਈ। ਬਿਨਾਂ ਕੁਝ ਹੋਰ ਪੁੱਛੇ ਦੱਸੇ ਉਨ੍ਹਾਂ ਨੇ ਕਿਸ਼ਨੇ ਨੂੰ ਪਲਾਸਟਿਕ ਦੀ ਇੱਕ ਬੋਰੀ ਜਿਹੀ ਵਿੱਚ ਪਾ ਕੇ ਗੱਡੀ ਵਿੱਚ ਸੁੱਟ ਲਿਆ। ਫੈਕਟਰੀ ਦੇ ਗੇਟ ਉੱਤੇ ਚਿਪਕਾਏ ਪਰਚੇ ਤੋਂ ਪਤਾ ਲੱਗਾ ਕਿ ਕਿਸ਼ਨੇ ਨੂੰ ਕੋਰੋਨਾ ਹੋਇਆ ਹੋਇਆ ਸੀ। ਇਲਾਜ ਲਈ ਉਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ। ਨਾਲ ਕੁਝ ਹਦਾਇਤਾਂ ਪਿਛਲਿਆਂ ਲਈ ਸਨ। ਫੈਕਟਰੀ ਦੇ ਮਾਲਕ ਨੇ ਕਿਸ਼ਨੇ ਦਾ ਥਹੁ-ਪਤਾ ਲਾਉਣ ਦੀ ਪੂਰੀ ਵਾਹ ਲਾਈ, ਪਰ ਕੁਝ ਪੱਲੇ ਨਾ ਪਿਆ। ਫੈਕਟਰੀਆਂ ਵਿਚਲੇ ਮਜ਼ਦੂਰਾਂ ਵਿੱਚ ਅਫਵਾਹ ਫੈਲ ਗਈ। ਕਿਸ਼ਨਾ ਹਸਪਤਾਲ ਜਾਂਦੇ ਹੀ ਕੋਰੋਨਾ ਕਾਰਨ ਮਰ ਗਿਆ। ਜ਼ਿਲਾ ਪ੍ਰਸ਼ਾਸਨ ਨੇ ਆਪ ਹੀ ਉਸ ਦਾ ਸਸਕਾਰ ਕਰ ਦਿੱਤਾ।
ਇਸ ਖਬਰ ਨੇ ਹੋਰਾਂ ਦੇ ਨਾਲ-ਨਾਲ ਲੋਕੇ ਨੂੰ ਵੀ ਧੁਰ ਅੰਦਰ ਤੱਕ ਹਿਲਾ ਦਿੱਤਾ। ਫੈਕਟਰੀਆਂ ਦੇ ਗਰਮ-ਸਰਦ ਮਾਹੌਲ ਵਿੱਚ ਕੰਮ ਕਰਦੇ ਮਜ਼ਦੂਰਾਂ ਨੂੰ ਨਜ਼ਲਾ, ਖੰਘ ਅਤੇ ਬੁਖਾਰ ਤਾਂ ਹੁੰਦਾ ਰਹਿੰਦਾ ਹੈ। ਇੱਕ-ਦੋ ਦਿਨਾਂ ਵਿੱਚ ਉਹ ਆਪੇ ਠੀਕ ਹੋ ਜਾਂਦੇ ਹਨ। ਕਿਸ਼ਨਾ ਚੰਗਾ ਭਲਾ ਸੀ। ਇੰਝ ਤਾਂ ਕਿਸੇ ਪਰਵਾਸੀ ਨੂੰ ਕਦੇ ਵੀ ਚੁੱਕਿਆ ਜਾ ਸਕਦਾ ਸੀ। ਗੰਗਾ ਵਿੱਚ ਵਹਾਉਣ ਲਈ ਵਾਰਸਾਂ ਨੂੰ ਅਸਥੀਆਂ ਤੱਕ ਨਸੀਬ ਨਹੀਂ ਸਨ ਹੋਣੀਆਂ। ਕਿਸ਼ਨਾ ਜਿਉਂਦਾ ਹੈ ਜਾਂ ਮਰ ਗਿਆ, ਉਘ-ਸੁੱਘ ਨਹੀਂ ਨਿਕਲੀ, ਪਰ ਇਹ ਸੁੱਘ ਮਿਲ ਗਈ ਕਿ ਪੁਲਸ ਕੋਲ ਮੁਖਬਰੀ ਕਿਸੇ ਹੋਰ ਨੇ ਨਹੀਂ, ਕਿਸ਼ਨੇ ਨਾਲ ਨਾਰਾਜ਼ ਉਸ ਦੇ ਸਾਲੇ ਨੇ ਕੀਤੀ ਸੀ। ਕਿਹਾ ਸੀ, ਕਿਸ਼ਨੇ ਨੂੰ ਕਈ ਦਿਨਾਂ ਤੋਂ ਖੰਘ, ਨਜ਼ਲਾ ਅਤੇ ਬੁਖਾਰ ਸੀ।
ਇੰਝ ਤਾਂ ਲੋਕਾ ਵੀ ਕਈਆਂ ਨਾਲ ਖਹਿਬੜ ਚੁੱਕਿਆ ਸੀ। ਕੋਈ ਵੀ ਪੁਲਸ ਕੋਲ ਝੂਠੀ ਸ਼ਿਕਾਇਤ ਕਰ ਕੇ ਉਸ ਤੋਂ ਬਦਲਾ ਲੈ ਸਕਦਾ ਸੀ। ਕਿਸ਼ਨੇ ਦੀ ਗੁੰਮਸ਼ੁਦਗੀ ਨੇ ਲੋਕੇ ਨੂੰ ਦੁੱਖੂ ਦੀ ਸੁਰ ਨਾਲ ਸੁਰ ਰਲਾਉਣ ਲਈ ਮਜਬੂਰ ਕਰ ਦਿੱਤਾ। ਕਿਸੇ ਟਰੱਕ ਟੈਂਪੂ ਉੱਤੇ ਵੀਹ-ਵੀਹ ਹਜ਼ਾਰ ਰੁਪਏ ਪ੍ਰਤੀ ਸਵਾਰੀ ਦੇ ਕੇ ਘਰ ਮੁੜਨ ਦੀ ਉਨ੍ਹਾਂ ਦੀ ਪਰੋਖੋ ਨਹੀਂ ਸੀ। ਉਹ ਆਪਣੀਆਂ ਲੱਤਾਂ ਉੱਤੇ ਹੀ ਭਰੋਸਾ ਕਰ ਸਕਦੇ ਸਨ।
ਰਾਜੇਸ਼ ਲੱਤਾਂ ਦੇ ਭਰੋਸੇ ਆਪਣੇ ਪਿੰਡਾਂ ਵੱਲ ਕੂਚ ਕਰ ਰਹੇ ਸੈਂਕੜੇ ਪਰਵਾਰਾਂ ਦੀਆਂ ਦਰਦਨਾਕ ਕਹਾਣੀਆਂ ਦੇਖ ਸੁਣ ਰਿਹਾ ਸੀ। ਰਿਪੋਰਟਰ ਕਦੇ ਆਪਣੇ ਕੈਮਰੇ ਪਰਵਾਸੀਆਂ ਦੇ ਪੈਰੀਂ ਪਾਈਆਂ ਟੁੱਟੀਆਂ ਚੱਪਲਾਂ ਉੱਤੇ ਕੇਂਦਰਿਤ ਕਰ ਰਹੇ ਸਨ। ਕਦੇ ਕੁੱਛੜ ਚੁੱਕੇ ਨੰਗ-ਧੜੰਗੇ ਬੱਚਿਆਂ ਉੱਤੇ। ਕਦੇ ਮਰਦਾਂ ਦੇ ਸਿਰਾਂ ਉੱਤੇ ਚੁੱਕੀ ਬੋਰੀ ਉੱਤੇ ਜਿਨ੍ਹਾਂ ਵਿੱਚ ਉਨ੍ਹਾਂ ਦੀ ਸਾਲਾਂ ਦੀ ਕਮਾਈ ਸਿਮਟੀ ਹੋਈ ਸੀ।
ਇਧਰ ਵੀਹ-ਵੀਹ ਸਾਲ ਹੱਡ ਰਗੜ ਕੇ ਗੰਦੀਆਂ ਝੁੱਗੀਆਂ-ਝੌਂਪੜੀਆਂ ਵਿੱਚ ਰਹਿ ਕੇ, ਆਪਣੇ ਮਾਲਕਾਂ ਦੀਆਂ ਤਿਜੌਰੀਆਂ ਵਿੱਚ ਕਰੋੜਾਂ ਰੁਪਏ ਭਰਨ ਵਾਲੇ ਮਜ਼ਦੂਰ ਅੱਜ ਆਪ ਆਪਣੇ ਘਰ ਹੱਥ ਖਾਲੀ ਮੁੜ ਰਹੇ ਸਨ। ਟੀ ਵੀ ਦੇ ਲਗਭਗ ਹਰ ਚੈਨਲ ਉੱਤੇ ਉਹੋ ਕਹਾਣੀਆਂ ਦੁਹਰਾਈਆਂ ਜਾ ਰਹੀਆਂ ਸਨ। ਹਰ ਵਾਰ ਰਾਜੇਸ਼ ਨੂੰ ਦੁੱਖੂ ਦਾ ਪਰਵਾਰ ਤਾਂ ਦਿਸਦਾ, ਪਰ ਲੋਕਾ ਨਹੀਂ। ਰਾਜੇਸ਼ ਨੂੰ ਲੱਗਿਆ ਜਿਵੇਂ ਲੋਕੇ ਨੇ ਦੁੱਖੂ ਦਾ ਆਖਾ ਮੰਨ ਲਿਆ ਸੀ। ਉਹ ਆਪਣੇ ਪਿੰਡ ਨਹੀਂ ਸੀ ਜਾ ਰਿਹਾ। ਦੁਵਿਧਾ ਮਿਟਾਉਣ ਲਈ ਰਾਜੇਸ਼ ਨੇ ਲੋਕੇ ਨੂੰ ਫੋਨ ਕੀਤਾ।
ਅੱਗੋਂ ਲੋਕੇ ਦੀ ਥਾਂ ਪੰਡਿਤ ਬੋਲਿਆ। ਪੁੱਛਣ ਉੱਤੇ ਪੰਡਿਤ ਨੇ ਦੱਸਿਆ। ਲੋਕੇ ਨੇ ਦੁੱਖੂ ਨਾਲ ਰਾਤ ਹੀ ਪਿੰਡ ਵੱਲ ਕੂਚ ਕਰ ਦਿੱਤਾ ਸੀ। ਫੋਨ ਫੈਕਟਰੀ ਦਾ ਸੀ। ਇਸ ਲਈ ਉਹ ਫੋਨ ਪੰਡਿਤ ਦੇ ਹਵਾਲੇ ਕਰ ਗਿਆ ਸੀ।
‘‘ਬਾਕੀ ਸਾਮਾਨ?”
ਲੋਕੇ ਦੇ ਭਵਿੱਖ ਦੇ ਫੈਸਲਿਆਂ ਦਾ ਅੰਦਾਜ਼ਾ ਲਾਉਣ ਲਈ ਰਾਜੇਸ਼ ਨੇ ਪੁੱਛਿਆ।
‘‘ਕੁਝ ਸਾਮਾਨ ਉਸ ਨੇ ਵੇਚ ਦਿੱਤਾ ਹੈ। ਕੁਝ ਕਮਰੇ ਵਿੱਚ ਪਿਆ ਹੈ। ਕਹਿੰਦਾ ਸੀ ਵਾਪਸ ਤਾਂ ਆਉਣਾ ਹੀ ਹੈ।”
‘‘ਲੋਕੇ ਦੇ ਪਿੰਡ ਜਾਣ ਦੇ ਫੈਸਲੇ ਬਾਰੇ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ?”
‘‘ਲੋਕੇ ਨੇ ਮਨ੍ਹਾ ਕੀਤਾ ਸੀ। ਫੋਨ ਵਿੱਚ ਲੋਕੇ ਦਾ ਤੁਹਾਡੇ ਲਈ ਇੱਕ ਸੁਨੇਹਾ ਹੈ। ਕਹਿੰਦਾ ਸੀ, ਸੁਣਾ ਦੇਣਾ।”
ਇਹ ਕਹਿ ਕੇ ਪੰਡਤ ਨੇ ਸੁਨੇਹਾ ਸੁਣਾਉਣਾ ਸ਼ੁਰੂ ਕੀਤਾ : ‘‘ਮੁਆਫ ਕਰਨਾ ਸਰ। ਮੈਂ ਪਿੰਡ ਵਾਪਸੀ ਦੇ ਫੈਸਲੇ ਬਾਰੇ ਤੁਹਾਨੂੰ ਦੱਸਣ ਦੀ ਹਿੰਮਤ ਨਹੀਂ ਕਰ ਸਕਿਆ। ਰਸਤੇ ਵਿੱਚ ਅਸੀਂ ਮਰ ਸਕਦੇ ਹਾਂ। ਪਿੰਡ ਪਹੁੰਚ ਵੀ ਸਕਦੇ ਹਾਂ, ਪਰ ਇੱਥੇ ਸਾਡਾ ਮਰਨਾ ਤੈਅ ਸੀ। ਤੁਸੀਂ ਫਿਕਰ ਨਾ ਕਰਿਓ। ਜਦੋਂ ਅੱਛੇ ਦਿਨ ਮੁੜੇ ਮੈਂ ਪਹਿਲੀ ਗੱਡੀ ਫੜ ਕੇ ਮੁੜ ਆਊਂਗਾ। ਮੇਰੀ ਮਸ਼ੀਨ ਉੱਤੇ ਕਿਸੇ ਹੋਰ ਨੂੰ ਨਾ ਰੱਖਿਓ। ਆਪਣੀ ਮਸ਼ੀਨ ਦਾ ਦੁਬਾਰਾ ਉਦਘਾਟਨ ਮੈਂ ਹੀ ਕਰੂੰਗਾ।”
‘‘ਅੱਗੋਂ ਕਿਸ ਨੇ ਮੁੜਨਾ ਹੈ ਲੋਕਿਆ?”
ਬਾਜ਼ੀ ਵਿੱਚ ਸਾਰਾ ਕੁਝ ਹਾਰ ਚੁੱਕੇ ਜੁਆਰੀਏ ਵਾਂਗ ਰਾਜੇਸ਼ ਦੇ ਮੂੰਹੋਂ ਹਾਉਕਾ ਨਿਕਲਿਆ। ਮਹਾਮਾਰੀ ਨੇ ਉਸ ਕੋਲੋਂ ਇੱਕ ਵਫਾਦਾਰ ਸਾਥੀ ਖੋਹ ਲਿਆ ਸੀ। ਭਰੀਆਂ ਅੱਖਾਂ ਨਾਲ ਉਸ ਨੇ ਦੋਵੇਂ ਹੱਥ ਜੋੜੇ। ਲੋਕੇ ਹੋਰਾਂ ਦੇ ਸੁੱਖੀ ਸਾਂਦੀ ਪਿੰਡ ਪਹੁੰਚ ਜਾਣ ਦੀ ਅਰਦਾਸ ਲਈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ