Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਕੈਨੇਡਾ

ਟਾਰਚਾਂ ਵੇਚਣ ਵਾਲੇ

April 21, 2021 02:43 AM

-ਹਰੀ ਸ਼ੰਕਰ ਪਰਸਾਈ
ਉਹ ਚੌਕ ਵਿੱਚ ਟਾਰਚਾਂ ਵੇਚਦਾ ਹੁੰਦਾ ਸੀ। ਕੁਝ ਦਿਨ ਦਿਖਾਈ ਹੀ ਨਹੀਂ ਦਿੱਤਾ। ਕੱਲ੍ਹ ਨਜ਼ਰੀਂ ਪਿਆ। ਉਸ ਨੇ ਦਾੜ੍ਹੀ ਵਧਾ ਲਈ ਅਤੇ ਲੰਬਾ ਕੁੜਤਾ ਪਾਇਆ ਸੀ। ਮੈਂ ਪੁੱਛਿਆ, ‘‘ਕਿੱਥੇ ਰਿਹਾ? ਤੂੰ ਦਾੜ੍ਹੀ ਕਿਉਂ ਵਧਾ ਲਈ?”
ਉਹ ਕਹਿੰਦਾ, ‘‘ਬਾਹਰ ਗਿਆ ਸਾਂ।” ਦਾੜ੍ਹੀ ਵਾਲੇ ਸਵਾਲ ਦਾ ਜਵਾਬ ਦੇਣ ਦੀ ਬਹਾਏ ਉਹ ਦਾੜ੍ਹੀ ਉੱਤੇ ਹੱਥ ਫੇਰਨ ਲੱਗਾ।
ਮੈਂ ਪੁੱਛਿਆ, ‘‘ਅੱਜਕੱਲ੍ਹ ਬੈਟਰੀਆਂ ਨਹੀਂ ਵੇਚਦਾ?”
ਉਹ ਬੋਲਿਆ, ‘‘ਬੈਟਰੀਆਂ ਵੇਚਣ ਦਾ ਕੰਮ ਬੰਦ ਕਰ ਦਿੱਤਾ ਹੈ। ਅੱਜਕੱਲ੍ਹ ਆਤਮਾ ਦੇ ਅੰਦਰਲੀ ਟਾਰਚ ਜਗ ਪਈ ਹੈ। ਸੂਰਜ ਛਾਪ ਟਾਰਚ ਅੱਜਕੱਲ੍ਹ ਬੇਕਾਰ ਜਿਹੀ ਲੱਗਦੀ ਹੈ।”
ਮੈਂ ਕਿਹਾ, ‘‘ਤੰੂ ਸੰਨਿਆਸ ਲੈ ਰਿਹੈਂ? ਜਿਸ ਦੀ ਆਤਮਾ ਵਿੱਚ ਐਦਾਂ ਦਾ ਪ੍ਰਕਾਸ਼ ਫੈਲ ਜਾਂਦਾ ਹੈ, ਉਹੀ ਇਸ ਤਰ੍ਹਾਂ ਦੀ ਹਰਾਮਖੋਰੀ ਉੱਤੇ ਉਤਰ ਆਉਂਦਾ ਹੈ। ਤੂੰ ਕਿਸੇ ਤੋਂ ਦੀਖਿਆ ਲੈ ਲਈ ਏ?”
ਮੇਰੀ ਗੱਲ ਉਸ ਨੂੰ ਬੁਰੀ ਲੱਗੀ। ਉਹ ਬੋਲਿਆ, ‘‘ਤੇਰੇ ਕੁਰੱਖਤ ਬੋਲਾਂ ਨੇ ਮੇਰੀ ਆਤਮਾ ਨੂੰ ਕਸ਼ਟ ਪਹੁੰਚਾਇਆ ਹੈ। ਇਸ ਨਾਲ ਤੇਰੀ ਆਪਣੀ ਆਤਮਾ ਵੀ ਜ਼ਖਮੀ ਹੋ ਰਹੀ ਹੈ। ਆਤਮਾ ਸਭ ਦੇ ਅੰਦਰ ਇੱਕੋ ਜਿਹੀ ਹੁੰਦੀ ਹੈ।”
ਮੈਂ ਕਿਹਾ, ‘‘ਉਹ ਤਾਂ ਠੀਕ ਹੈ, ਪਰ ਤੂੰ ਇਹ ਦੱਸ ਕਿ ਇਕਦਮ ਤੂੰ ਏਦਾਂ ਦਾ ਕਿਵੇਂ ਬਣ ਗਿਆ? ਕਿਤੇ ਪਤਨੀ ਨੇ ਤਾਂ ਨਹੀਂ ਛੱਡ ਦਿੱਤਾ? ਕਿਤੇ ਦੁਕਾਨ ਤੋਂ ਉਧਾਰ ਮਿਲਣਾ ਤਾਂ ਬੰਦ ਨਹੀਂ ਹੋ ਗਿਆ? ਜਾਂ ਕਿਤੇ ਚੋਰੀ ਠੱਗੀ ਦੇ ਕੇਸ ਵਿੱਚ ਤਾਂ ਨਹੀਂ ਫਸ ਗਿਆ?”
ਉਹ ਬੋਲਿਆ, ‘‘ਐਸੀ ਕੋਈ ਗੱਲ ਨਹੀਂ।”
ਮੈਂ ਪੁੱਛਿਆ, ‘‘ਫੇਰ ਬਾਹਰੋਂ ਟਾਰਚ ਤੇਰੀ ਆਤਮਾ ਵਿੱਚ ਕਿੱਥੋਂ ਵੜ ਗਈ?”
ਉਹ ਕਹਿਣ ਲੱਗਾ, ‘‘ਤੁਹਾਡੇ ਸਾਰੇ ਅੰਦਾਜ਼ੇ ਹੀ ਗਲਤ ਹਨ। ਇੱਕ ਘਟਨਾ ਜ਼ਰੂਰ ਵਾਪਰੀ ਹੈ, ਜਿਸ ਨੇ ਮੇਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ, ਪਰ ਉਸ ਨੂੰ ਮੈਂ ਗੁਪਤ ਰੱਖਣਾ ਚਾਹੰੁਦਾ ਹਾਂ। ਅੱਜ ਮੈਂ ਇੱਥੋਂ ਬੜੀ ਦੂਰ ਜਾ ਰਿਹਾ ਹਾਂ। ਚੱਲੋ ਆਪਣਾ ਬੰਦਾ ਹੋਣ ਕਰ ਕੇ ਤੁਹਾਨੂੰ ਦੱਸ ਦਿੰਦਾ ਹਾਂ।” ਉਹ ਮੈਨੂੰ ਕਹਾਣੀ ਸੁਣਾਉਣ ਲੱਗਾ :
ਪੰਜ ਸਾਲ ਪਹਿਲਾਂ ਦੀ ਗੱਲ ਹੈ। ਮੈਂ ਤੇ ਮੇਰਾ ਇੱਕ ਦੋਸਤ ਕਿਤੇ ਬੈਠੇ ਸਾਂ। ਸਾਡੇ ਸਾਹਮਣੇ ਆਕਾਸ਼ ਨੂੰ ਛੂੰਹਦਾ ਇੱਕ ਸੁਆਲ ਖੜੋ ਗਿਆ ਕਿ ਪੈਸਾ ਕਿਵੇਂ ਪੈਦਾ ਕਰੀਏ?
ਅਸੀਂ ਦੋਵਾਂ ਨੇ ਸੁਆਲ ਦੀ ਇੱਕ ਲੱਤ ਫੜੀ ਅਤੇ ਉਸ ਨੂੰ ਆਪਣੇ ਸਾਹਮਣਿਓਂ ਪਰ੍ਹੇ ਹਟਾਉਣ ਲੱਗੇ। ਸਾਡੇ ਪਸੀਨੇ ਛੁੱਟ ਗਏ, ਪਰ ਸੁਆਲ ਭੋਰਾ ਪਰ੍ਹੇ ਨਾ ਹਟਿਆ। ਮੇਰਾ ਦੋਸਤ ਕਹਿੰਦਾ, ਸੁਆਲ ਦੇ ਪੈਰ ਤਾਂ ਬੜੇ ਡੂੰਘੇ ਜ਼ਮੀਨ ਵਿੱਚ ਗੱਡੇ ਹੋਏ ਹਨ। ਇਨ੍ਹਾਂ ਨੇ ਇੰਝ ਉਖੜਨਾ ਨਹੀਂ। ਇਹ ਕੋਸ਼ਿਸ਼ ਹਾਲ ਦੀ ਘੜੀ ਟਾਲ ਦੇਈਏ। ਅਸੀਂ ਦੂਜੇ ਪਾਸੇ ਮੂੰਹ ਘੁੰਮਾਇਆ। ਸੁਆਲ ਫੇਰ ਸਾਡੇ ਸਾਹਮਣੇ ਆ ਕੇ ਖੜ੍ਹ ਗਿਆ।
ਮੈਂ ਕਿਹਾ, ਇਹ ਟਲਦਾ ਨਹੀਂ। ਆਪਾਂ ਇਸ ਨੂੰ ਹੱਲ ਕਰ ਲੈਂਦੇ ਹਾਂ। ਪੈਸਾ ਪੈਦਾ ਕਰਨ ਲਈ ਕੋਈ ਕੰਮ ਧੰਦਾ ਕਰੀਏ। ਕਿਸਮਤ ਅਜ਼ਮਾਉਣ ਲਈ ਅਲੱਗ ਅਲੱਗ ਦਿਸ਼ਾਵਾਂ ਵਿੱਚ ਨਿਕਲ ਤੁਰੀਏ। ਪੰਜ ਸਾਲ ਪਿੱਛੋਂ ਇਸੇ ਤਰੀਕ ਨੂੰ, ਇਸੇ ਥਾਂ ਉੱਤੇ ਮੁਲਾਕਾਤ ਕਰੀਏ।
ਮੇਰੇ ਦੋਸਤ ਨੇ ਕਿਹਾ, ਆਪਾਂ ਇਕੱਠੇ ਹੀ ਇੱਕੋ ਪਾਸੇ ਕਿਉਂ ਨਾ ਚੱਲੀਏ?
ਮੈਂ ਸਲਾਹ ਦਿੱਤੀ: ਆਪਾਂ ਇਕੱਠੇ ਇੱਕੋ ਪਾਸੇ ਜਾਣ ਦੀ ਥਾਂ ਅਲੱਗ ਅਲੱਗ ਦਿਸ਼ਾਵਾਂ ਵਿੱਚ ਜਾਵਾਂਗੇ। ਇਕੱਠੇ ਇੱਕੋ ਦਿਸ਼ਾ ਵਿੱਚ ਜਾਣ ਨਾਲ ਮੁਕੱਦਰਾਂ ਦੇ ਟਕਰਾਉਣ ਨਾਲ, ਟੁੱਟਣ ਦਾ ਵੀ ਡਰ ਹੁੰਦਾ ਹੈ। ਫੇਰ ਅਸੀਂ ਅਲੱਗ ਅਲੱਗ ਦਿਸ਼ਾਵਾਂ ਵਿੱਚ ਤੁਰ ਪਏ। ਮੈਂ ਟਾਰਚਾਂ ਵੇਚਣ ਦਾ ਕੰਮ ਸ਼ੁਰੂ ਕਰ ਲਿਆ। ਚੌਕ ਵਿੱਚ ਜਾਂ ਕਿਸੇ ਖੁੱਲ੍ਹੀ ਥਾਂ ਲੋਕਾਂ ਨੂੰ ਇਕੱਠੇ ਕਰ ਲੈਂਦਾ। ਬੜੇ ਨਾਟਕੀ ਢੰਗ ਨਾਲ ਕਹਿੰਦਾ: ਅੱਜਕੱਲ੍ਹ ਬੰਦੇ ਨੂੰ ਰਸਤਾ ਨਹੀਂ ਦੀਂਹਦਾ। ਉਹ ਭਟਕ ਜਾਂਦਾ ਹੈ। ਉਸ ਦੇ ਪੈਰ ਕੰਢਿਆਂ ਨਾਲ ਵਿੰਨ੍ਹੇ ਜਾਂਦੇ ਹਨ। ਉਹ ਡਿੱਗ ਪੈਂਦਾ ਹੈ। ਉਸ ਦੇ ਗੋਡੇ ਲਹੂ ਲੁਹਾਨ ਹੋ ਜਾਂਦੇ ਹਨ। ਉਸ ਦੇ ਚਾਰੇ ਪਾਸੇ ਡਰਾਉਣਾ ਨ੍ਹੇਰਾ ਛਾ ਜਾਂਦਾ ਹੈ। ਸ਼ੇਰ ਚੀਤੇ ਉਸ ਦੁਆਲੇ ਘੁੰਮਣ ਲੱਗਦੇ ਹਨ। ਜ਼ਮੀਨ ਉੱਤੇ ਸੱਪ ਰੀਂਗਦੇ ਹਨ। ਨ੍ਹੇਰਾ ਸਭ ਕੁਝ ਹੜੱਪ ਕਰ ਲੈਂਦਾ ਹੈ। ਨ੍ਹੇਰਾ ਘਰ ਦੇ ਅੰਦਰ ਵੀ ਹੈ। ਬੰਦਾ ਰਾਤੀਂ ਪਿਸ਼ਾਬ ਕਰਨ ਉਠੇ ਅਤੇ ਸੱਪ ਉੱਤੇ ਪੈਰ ਧਰਿਆ ਜਾਵੇ। ਸੱਪ ਗੁੱਸੇ ਵਿੱਚ ਡੰਗ ਮਾਰ ਦੇਵੇ। ਬੰਦਾ ਥਾਂ ਉੱਤੇ ਮਰ ਜਾਵੇ। ਲੋਕ ਮੇਰੀਆਂ ਗੱਲਾਂ ਸੁਣ ਕੇ ਬਹੁਤ ਡਰ ਜਾਂਦੇ ਸਨ। ਸਿਖਰ ਦੁਪਹਿਰੇ ਲੋਕ ਨ੍ਹੇਰੇ ਤੋਂ ਡਰ ਕੇ ਕੰਬਣ ਲੱਗ ਪੈਂਦੇ। ਕਿੰਨਾ ਸੌਖਾ ਹੈ ਬੰਦੇ ਨੂੰ ਡਰਾਉਣਾ? ਜਦ ਲੋਕ ਡਰ ਜਾਂਦੇ ਤਾਂ ਮੈਂ ਕਹਿੰਦਾ: ਭਰਾਓ ਠੀਕ ਹੈ ਕਿ ਨ੍ਹੇਰਾ ਹੈ, ਪਰ ਰੋਸ਼ਨੀ ਵੀ ਹੈ। ਉਹੀ ਰੋਸ਼ਨੀ ਮੈਂ ਤੁਹਾਨੂੰ ਦੇਣ ਆਇਆ ਹਾਂ। ਆਹ ਸੂਰਜ ਛਾਪ ਟਾਰਚ ਖਰੀਦੋ ਅਤੇ ਨ੍ਹੇਰੇ ਨੂੰ ਦੂਰ ਭਜਾਓ। ਜਿਨ੍ਹਾਂ ਵੀਰਾਂ ਭੈਣਾਂ ਨੂੰ ਟਾਰਚ ਚਾਹੀਦੀ ਹੈ, ਹੱਥ ਜ਼ਰਾ ਉੱਚਾ ਕਰ ਲਓ। ਸਾਬ੍ਹ ਮੇਰੀਆਂ ਸਾਰੀਆਂ ਹੀ ਟਾਰਚਾਂ ਵਿਕ ਜਾਂਦੀਆਂ। ਜ਼ਿੰਦਗੀ ਮਜ਼ੇ ਨਾਲ ਲੰਘਣ ਲੱਗੀ।
ਵਾਅਦੇ ਮੁਤਾਬਕ ਪੰਜ ਸਾਲ ਪਿੱਛੋਂ ਮੈਂ ਇਥੇ ਆਪਣੇ ਉਸ ਦੋਸਤ ਨੂੰ ਮਿਲਣਾ ਸੀ। ਸਾਰਾ ਦਿਨ ਉਡੀਕਦਾ ਰਿਹਾ, ਪਰ ਉਹ ਨਾ ਆਇਆ। ਪਤਾ ਨਹੀਂ ਕੀ ਹੋ ਗਿਆ। ਜਾਂ ਉਹ ਭੁੱਲ ਗਿਆ ਹੋਣਾ। ਜਾਂ ਫਿਰ ਉਹ ਇਸ ਦੁਨੀਆ ਵਿੱਚ ਹੈ ਨਹੀਂ। ਮੈਂ ਉਸ ਨੂੰ ਲੱਭਣ ਤੁਰ ਪਿਆ। ਲੱਭਦਾ ਲੱਭਦਾ ਇੱਕ ਦਿਨ ਨ੍ਹੇਰੇ ਜਿਹੇ ਇੱਕ ਸ਼ਹਿਰ ਦੀ ਸੜਕ ਉੱਤੇ ਤੁਰਿਆ ਜਾਂਦਾ ਸੀ। ਮੈਂ ਦੇਖਿਆ, ਨੇੜੇ ਮੈਦਾਨ ਵਿੱਚ ਖੂਬ ਚਾਨਣ ਸੀ। ਇੱਕ ਵੱਡੀ ਸਟੇਜ ਲੱਗੀ ਹੋਈ ਸੀ। ਲਾਊਡ ਸਪੀਕਰ ਦੀ ਆਵਾਜ਼ ਆ ਰਹੀ ਸੀ। ਹਜ਼ਾਰਾਂ ਆਦਮੀ ਅਤੇ ਔਰਤਾਂ ਮੰਤਰ ਮੁਗਧ ਹੋਏ ਬੈਠੇ ਸਨ। ਮੰਚ ਉੱਤੇ ਸੁੰਦਰ ਰੇਸ਼ਮੀ ਪਹਿਰਾਵੇ ਵਿੱਚ ਮਹਾਂਪੁਰਖ ਬਿਰਾਜਮਾਨ ਸਨ। ਉਨ੍ਹਾਂ ਦੀ ਸਜੀ ਸੰਵਰੀ ਲੰਮੀ ਦਾੜ੍ਹੀ ਸੀ ਅਤੇ ਪਿੱਠੇ ਉੱਤੇ ਲੰਬੇ ਵਾਲ ਮੰਡਰਾ ਰਹੇ ਸਨ। ਮੈਂ ਭੀੜ ਵਿੱਚ ਆ ਕੇ ਇੱਕ ਖੂੰਜੇ ਵਿੱਚ ਬੈਠ ਗਿਆ। ਮਹਾਂਪੁਰਖ ਫਿਲਮੀ ਸੰਤ ਲੱਗ ਰਹੇ ਸਨ। ਉਨ੍ਹਾਂ ਗੰਭੀਰ ਬਾਣੀ ਵਿੱਚ ਪ੍ਰਵਚਨ ਸ਼ੁਰੂ ਕੀਤਾ। ਉਹ ਇਸ ਤਰ੍ਹਾਂ ਬੋਲ ਰਹੇ ਸਨ ਜਿਵੇਂ ਆਕਾਸ਼ ਦੇ ਕਿਸੇ ਕੋਨੇ ਤੋਂ ਕੋਈ ਭੇਤ ਭਰਿਆ ਸੰਦੇਸ਼ ਉਨ੍ਹਾਂ ਦੇ ਕੰਨਾਂ ਵਿੱਚ ਪੈ ਰਿਹਾ ਹੋਵੇ ਤੇ ਉਹ ਉਹੀ ਰੱਬੀ ਸੰਦੇਸ਼ ਲੋਕਾਂ ਨਾਲ ਸਾਂਝਾ ਕਰ ਰਹੇ ਹੋਣ। ਉਹ ਕਹਿ ਰਹੇ ਸਨ: ਮੈਨੂੰ ਨਜ਼ਰ ਆ ਰਿਹਾ ਹੈ ਕਿ ਅੱਜ ਬੰਦਾ ਨ੍ਹੇਰੇ ਵਿੱਚ ਭਟਕ ਗਿਆ ਹੈ। ਉਸ ਦੇ ਅੰਦਰ ਸਭ ਕੁਝ ਬੁਝ ਗਿਆ ਹੈ। ਇਹ ਯੁੱਗ ਅੰਧਕਾਰ ਭਰਿਆ ਹੈ। ਨ੍ਹੇਰਾ ਆਤਮਾ ਤੱਕ ਪੁੱਜ ਗਿਆ ਹੈ। ਅੰਦਰਲੀਆਂ ਅੱਖਾਂ ਦਿ੍ਰਸ਼ਟੀਹੋਣ ਹੋ ਗਈਆਂ ਹਨ। ਮੈਂ ਦੇਖ ਰਿਹਾ ਹਾਂ ਕਿ ਮਨੁੱਖ ਦੀ ਆਤਮਾ ਪੀੜ ਤੇ ਡਰ ਤੋਂ ਗ੍ਰਸਤ ਹੈ। ਇਸੇ ਤਰ੍ਹਾਂ ਉਹ ਬੋਲੀ ਗਿਆ ਤੇ ਲੋਕ ਸੁਣਦੇ ਰਹੇ। ਉਸ ਦੀਆਂ ਗੱਲਾਂ ਸੁਣਨ ਕੇ ਮੇਰਾ ਹਾਸਾ ਨਿਕਲ ਗਿਆ। ਬਥੇਰਾ ਰੋਕਿਆ, ਨਹੀਂ ਰੁਕਿਆ। ਨਾਲ ਬੈਠੇ ਲੋਕ ਮੈਨੂੰ ਬੁਰਾ ਭਲਾ ਕਹਿਣ ਲੱਗੇ। ਮਹਾਂਪੁਰਖ ਨੇ ਪ੍ਰਵਚਨ ਦੇ ਅੰਤ ਵਿੱਚ ਕਿਹਾ-ਭਰਾਓ ਡਰੋ ਨਾ। ਜਿੱਥੇ ਨ੍ਹੇਰਾ ਹੈ, ਉਥੇ ਰੋਸ਼ਨੀ ਵੀ ਹੈ। ਪ੍ਰਕਾਸ਼ ਨੂੰ ਬਾਹਰੋਂ ਆਪਣੇ ਅੰਦਰੋਂ ਖੋਜੋ। ਅੰਦਰ ਬੁਝੀ ਜੋਤ ਨੂੰ ਜਗਾਓ। ਮੈਂ ਉਸ ਬੁਝੀ ਜੋਤ ਨੂੰ ਜਗਾਉਣ ਵਿੱਚ ਤੁਹਾਡੀ ਮਦਦ ਕਰਾਂਗਾ। ਮੈਂ ਤੁਹਾਡੇ ਅੰਦਰ ਹੀ ਉਹੀ ਜੋਤ ਜਗਾਉਣਾ ਚਾਹੰੁਦਾ ਹਾਂ। ਸਾਡੇ ‘ਸਾਧਨਾ ਮੰਦਰ’ ਵਿੱਚ ਆਓ ਅਤੇ ਆਪਣੀ ਅੰਦਰਲੀ ਬੁਝੀ ਜੋਤ ਨੂੰ ਜਗਾਓ। ਸਾਬ੍ਹ ਫਿਰ ਮੈਂ ਖਿੜ ਖਿੜ ਕੇ ਹੱਸਣ ਲੱਗਾ। ਲੋਕਾਂ ਮੈਨੂੰ ਧੱਕੇ ਮਾਰ ਕੇ ਉਥੋਂ ਭਜਾ ਦਿੱਤਾ। ਮੈਂ ਹੌਲੀ-ਹੌਲੀ ਮੰਚ ਲਾਗੇ ਪਹੁੰਚ ਗਿਆ।
ਮਹਾਂਪੁਰਖ ਮੰਚ ਤੋਂ ਉਤਰ ਕੇ ਕਾਰ ਵਿੱਚ ਬੈਠਣ ਲੱਗੇ। ਮੈਂ ਧਿਆਨ ਨਾਲ ਉਨ੍ਹਾਂ ਨੂੰ ਨੇੜਿਓਂ ਦੇਖਿਆ। ਦਾੜ੍ਹੀ ਵਧੀ ਹੋਣ ਕਰ ਕੇ ਮੈਂ ਉਸ ਨੂੰ ਬੁਲਾਉਣ ਤੋਂ ਝਿਜਕ ਗਿਆ, ਪਰ ਉਨ੍ਹਾਂ ਮੈਨੂੰ ਪਛਾਣ ਲਿਆ। ਮੈਨੂੰ ਇਸ਼ਾਰੇ ਨਾਲ ਕਾਰ ਵਿੱਚ ਬਿਠਾ ਲਿਆ। ਮੈਂ ਕੁਝ ਬੋਲਣ ਲੱਗਦਾ ਤਾਂ ਮਹਾਂਪੁਰਖ ਕਹਿੰਦੇ, ‘‘ਐਥੇ ਕੋਈ ਗੱਲ ਨਹੀਂ ਕਰਨੀ। ਗਿਆਨ ਚਰਚਾ ਕੋਠੀ ਪਹੁੰਚ ਕੇ ਕਰਾਂਗੇ।” ਮੈਂ ਸਮਝ ਗਿਆ ਕਿ ਇੱਥੇ ਡਰਾਈਵਰ ਵੀ ਹੈ। ਕੋਠੀ ਪਹੁੰਚ ਕੇ ਮੈਂ ਉਸ ਦੀ ਸ਼ਾਨੋ-ਸ਼ੌਕਤ ਨੂੰ ਦੇਖ ਕੇ ਦੰਗ ਰਹਿ ਗਿਆ। ਜਲਦੀ ਹੀ ਉਹ ਮੇਰੇ ਕੋਲ ਬੈਠ ਗਿਆ ਅਤੇ ਖੁੱਲ੍ਹ ਕੇ ਗੱਲਾਂ ਕਰਨ ਲੱਗਾ।
ਮੈਂ ਕਿਹਾ, ਯਾਰ ਤੂੰ ਬਿਲਕੁਲ ਬਦਲ ਗਿਆ।
ਉਸ ਨੇ ਗੰਭੀਰ ਹੁੰਦਿਆਂ ਕਿਹਾ, ਪਰਿਵਰਤਨ ਜ਼ਿੰਦਗੀ ਦਾ ਅਨੰਤ ਕਰਮ ਹੈ।
ਮੈਂ ਕਿਹਾ: ਬਹੁਤੀ ਫਿਲਾਸਫੀ ਨਾ ਘੋਟ। ਇਹ ਦੱਸ ਕਿ ਤੂੰ ਐਨੀ ਦੌਲਤ ਕਿਵੇਂ ਕਮਾ ਲਈ, ਪੰਜ ਸਾਲਾਂ ਵਿੱਚ?
ਉਸ ਨੇ ਪੁੱਛਿਆ, “ਤੂੰ ਇਨ੍ਹਾਂ ਸਾਲਾਂ ਵਿੱਚ ਕੀ ਕਰਦਾ ਰਿਹੈਂ?”
ਮੈਂ ਕਿਹਾ “ਮੈਂ ਤਾਂ ਘੁੰਮ ਘੁੰਮ ਕੇ ਟਾਰਚਾਂ ਵੇਚਦਾ ਰਿਹਾ ਹਾਂ। ਸੱਚ ਦੱਸੀਂ ਕਿ ਤੂੰ ਵੀ ਟਾਰਚਾਂ ਦਾ ਵਪਾਰੀ ਏਂ?”
ਉਸ ਨੇ ਕਿਹਾ, “ਤੈਨੂੰ ਐਦਾਂ ਕਿਉਂ ਲੱਗਦਾ?”
ਮੈਂ ਉਸ ਨੂੰ ਦੱਸਿਆ, “ਜਿਹੜੀਆਂ ਗੱਲਾਂ ਤੂੰ ਕਹਿੰਨਾ, ਉਹੀ ਗੱਲਾਂ ਟਾਰਚਾਂ ਵੇਚਣ ਵੇਲੇ ਮੈਂ ਕਰਦਾ ਹਾਂ, ਪਰ ਤੂੰ ਥੋੜ੍ਹਾ ਜਿਹਾ ਰਹੱਸਮਈ ਢੰਗ ਨਾਲ ਕਹਿਨਾ ਏਂ। ਮੈਂ ਵੀ ਨ੍ਹੇਰੇ ਤੋਂ ਡਰਾ ਕੇ ਲੋਕਾਂ ਨੂੰ ਟਾਰਚਾਂ ਵੇਚਦਾ ਹਾਂ। ਤੂੰ ਵੀ ਪ੍ਰਵਚਨ ਕਰਦਿਆਂ ਲੋਕਾਂ ਨੂੰ ਨ੍ਹੇਰੇ ਤੋਂ ਡਰਾ ਰਿਹਾ ਸੀ। ਫੇਰ ਤੂੰ ਵੀ ਟਾਰਚਾਂ ਹੀ ਵੇਚਦਾ ਏਂ।
ਉਸ ਨੇ ਕਿਹਾ, “ਤੂੰ ਮੈਨੂੰ ਨਹੀਂ ਜਾਣਦਾ। ਮੈਂ ਸਾਧੂ ਮਹਾਤਮਾ ਤੇ ਦਾਰਸ਼ਨਿਕ ਅਖਵਾਉਂਦਾ ਹਾਂ। ਮੈਨੂੰ ਕੀ ਲੋੜ ਹੈ ਟਾਰਚਾਂ ਵੇਚਣ ਦੀ?”
ਮੈਂ ਕਿਹਾ, “ਤੂੰ ਕੁਝ ਵੀ ਅਖਵਾਉਂਦਾ ਹੋਵੇਂ, ਵੇਚਦਾ ਤੂੰ ਟਾਰਚਾਂ ਹੀ ਏਂ। ਤੇਰੇ ਮੇਰੇ ਪ੍ਰਵਚਨ ਇੱਕੋ ਜਿਹੇ ਹਨ। ਜੋ ਲੋਕਾਂ ਨੂੰ ਨ੍ਹੇਰੇ ਤੋਂ ਡਰਾਉਂਦਾ ਹੈ, ਉਹ ਚਾਹੇ ਕੋਈ ਸੰਤ ਹੋਵੇ ਜਾਂ ਸਾਧੂ, ਜ਼ਰੂਰ ਉਹ ਲੋਕਾਂ ਨੂੰ ਅਪਾਣੀ ਕੰਪਨੀ ਦੀਆਂ ਟਾਰਚਾਂ ਵੇਚਣਾ ਚਾਹੁੰਦਾ ਹੈ। ਮੈਨੂੰ ਇਹ ਦੱਸ ਕਿ ਕਦੀ ਤੂੰ ਸ਼ਰਧਾਲੂਆਂ ਨੂੰ ਇਹ ਕਿਹਾ ਕਿ ਦੁਨੀਆ ਵਿੱਚ ਰੋਸ਼ਨੀ ਫੈਲੀ ਹੋਈ ਹੈ। ਕਦੀ ਨਹੀਂ ਕਿਹਾ। ਕਿਉਂ? ਕਿਉਂਕਿ ਤੂੰ ਉਨ੍ਹਾਂ ਨੂੰ ਆਪਣੀ ਕੰਪਨੀ ਦੀ ਟਾਰਚ ਵੇਚਣੀ ਹੁੰਦੀ ਹੈ। ਮੈਂ ਤਾਂ ਖੁਦ ਲੋਕਾਂ ਨੂੰ ਦੁਪਹਿਰੇ ਨ੍ਹੇਰੇ ਦਾ ਅਹਿਸਾਸ ਕਰਾ ਦਿੰਦਾ ਹਾਂ। ਲੋਕ ਭੈਅਭੀਤ ਹੋ ਕੇ ਮੇਰੀਆਂ ਟਾਰਚਾਂ ਖਰੀਦ ਲੈਂਦੇ ਹਨ। ਤੂੰ ਦੱਸ ਦੇ ਕਿ ਤੂੰ ਕਿਸ ਕੰਪਨੀ ਦੀ ਟਾਰਚ ਵੇਚਦਾ ਏਂ?”
ਮੇਰੀਆਂ ਗੱਲਾਂ ਨੇ ਉਸ ਨੂੰ ਟਿਕਾਣੇ ਲਾ ਦਿੱਤਾ ਸੀ। ਉਸ ਨੇ ਕਿਹਾ: ਤੂੰ ਠੀਕ ਕਹਿੰਦਾ ਏਂ। ਮੇਰੀ ਕੰਪਨੀ ਨਹੀਂ, ਸਨਾਤਨ ਹੈ।
ਮੈਂ ਕਿਹਾ: ਤੇਰੀ ਦੁਕਾਨ ਕਿੱਥੇ ਹੈ? ਨਮੂਨੇ ਲਈ ਇੱਕ ਟਾਰਚ ਮੈਨੂੰ ਦਿਖਾ ਦੇ। ਮੇਰੀ ਟਾਰਚ ਨਾਲੋਂ ਤੇਰੀ ਟਾਰਚ ਵੱਧ ਵਿਕਦੀ ਹੈ।
ਉਸ ਨੇ ਕਿਹਾ: ਇਸ ਟਾਰਚ ਦੀ ਕੋਈ ਦੁਕਾਨ ਨਹੀਂ ਬਾਜ਼ਾਰ ਵਿੱਚ। ਇਹ ਬੜੀ ਸੂਖਮ ਹੈ, ਪਰ ਕੀਮਤ ਇਸ ਦੀ ਕਾਫੀ ਮਿਲ ਜਾਂਦੀ ਹੈ। ਇਉਂ ਕਰ, ਤੂੰ ਇੱਕ ਦੋ ਦਿਨ ਮੇਰੇ ਕੋਲ ਰਹਿ। ਮੈਂ ਸਭ ਕੁਝ ਤੈਨੂੰ ਸਮਝਾ ਦਿਆਂਗਾ। ਸਾਬ੍ਹ ਮੈਂ ਦੋ ਤਿੰਨ ਦਿਨ ਉਸ ਕੋਲ ਠਹਿਰਿਆ। ਤੀਜੇ ਦਿਨ ਸੂਰਜ ਛਾਪ ਟਾਰਚਾਂ ਦੀ ਪੇਟੀ ਮੈਂ ਨਹਿਰ ਵਿੱਚ ਵਗਾਹ ਮਾਰੀ। ਮੈਂ ਵੀ ਨਵਾਂ ਕੰਮ ਸ਼ੁਰੂ ਕਰ ਲਿਆ। ਉਹ ਆਪਣੀ ਦਾੜ੍ਹੀ ਉੱਤੇ ਹੱਥ ਫੇਰਦਾ ਬੋਲਿਆ, ‘‘ਬੱਸ ਇੱਕ ਮਹੀਨੇ ਤੀਕਰ ਮੇਰਾ ਨਵਾਂ ਕੰਮ ਚੱਲ ਪਵੇਗਾ।”
ਮੈਂ ਪੁੱਛਿਆ, ‘‘ਕੰਮ ਕਿਹੜਾ ਕਰੇਂਗਾ?”
‘‘ਕੰਮ ਤਾਂ ਉਹੀ ਕਰਾਂਗਾ। ਟਾਰਚਾਂ ਹੀ ਵੇਚਾਂਗਾ। ਬੱਸ ਕੰਪਨੀ ਬਦਲ ਰਿਹਾ ਹਾਂ।” ਉਹ ਬੋਲਿਆ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ ਕਾਰਬਨ ਟੈਕਸ ਬਾਰੇ ਕੰਜ਼ਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਪਾਸ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਅੱਜ ਗਵਾਹੀ ਦੇ ਸਕਦੇ ਹਨ ਟਰੂਡੋ