ਨਵੀਂ ਦਿੱਲੀ, 14 ਅਪ੍ਰੈਲ (ਪੋਸਟ ਬਿਊਰੋ)- ਭਾਰਤ ਦੇ 24ਵੇਂ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ ਕੱਲ੍ਹਅਹੁਦਾ ਸੰਭਾਲ ਲਿਆ ਹੈ। ਬੀਤੇ ਸੋਮਵਾਰ ਸੁਨੀਲ ਅਰੋੜਾ ਦੇ ਅਹੁਦਾ ਛੱਡਣ ਪਿੱਛੋਂ ਸੁਸ਼ੀਲ ਚੰਦਰਾ ਮੁੱਖ ਚੋਣ ਕਮਿਸ਼ਨਰ ਚੁਣੇ ਗਏ ਸਨ ਅਤੇ ਇਸ ਦੇ ਇੱਕ ਦਿਨ ਬਾਅਦ ਇਸ ਅਹੁਦੇ ਦਾ ਚਾਰਜ ਸੰਭਾਲਿਆ ਹੈ।
ਵਰਨਣ ਯੋਗ ਹੈ ਕਿ ਸੁਸ਼ੀਲ ਚੰਦਰਾ ਫਰਵਰੀ 2019 ਵਿੱਚ ਚੋਣ ਕਮਿਸ਼ਨਰ ਬਣੇ ਸਨ ਅਤੇ 14 ਮਈ 2022 ਨੂੰ ਆਪਣਾ ਅਹੁਦਾ ਤਿਆਗਣਗੇ। ਉਨ੍ਹਾਂ ਦੇ ਚਾਰਜ ਦੌਰਾਨ ਗੋਆ, ਮਨੀਪੁਰ, ਉਤਰਾਖੰਡ, ਪੰਜਾਬ ਅਤੇ ਉਤਰ ਪ੍ਰਦੇਸ਼ ਵਿੱਚ ਵੋਟਾਂ ਪੈਣੀਆਂ ਹਨ। ਗੋਆ, ਮਨੀਪੁਰ, ਉਤਰਾਖੰਡ ਤੇ ਪੰਜਾਬ ਵਿਧਾਨ ਸਭਾਵਾਂ ਦੀ ਮਿਆਦ ਅਗਲੇ ਸਾਲ ਮਾਰਚ ਵਿੱਚ ਖਤਮ ਹੋਵੇਗੀਅਤੇ ਉਤਰ ਪ੍ਰਦੇਸ਼ ਵਿਧਾਨ ਸਭਾ ਦੀ ਮਿਆਦ ਅਗਲੇ ਸਾਲ 14 ਮਈ ਨੂੰ ਖਤਮ ਹੋਵੇਗੀ। ਸੁਸ਼ੀਲ ਚੰਦਰਾ 1980 ਬੈਚ ਦੇ ਭਾਰਤੀ ਰੈਵੇਨਿਊ ਸਰਵਿਸ ਦੇ ਅਧਿਕਾਰੀ ਹਨ। ਅਹੁਦਾ ਸੰਭਾਲਣ ਤੋਂ ਬਾਅਦ ਸੁਸ਼ੀਲ ਚੰਦਰਾ ਨੇ ਕਿਹਾ ਕਿ ਉਹ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਅਮਨ ਅਮਾਨ ਤੇ ਨਿਰਪੱਖ ਢੰਗ ਨਾਲ ਚੋਣਾਂ ਕਰਾਉਣਾ ਯਕੀਨੀ ਬਣਾਉਣਾ ਚਾਹੁਣਗੇ ਤਾਂ ਜੋ ਸੰਵੇਦਨਸ਼ੀਲ ਖੇਤਰਾਂ ਵਿੱਚ ਵੀ ਵੋਟਰ ਬਿਨਾਂ ਡਰ ਦੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ। ਉਨ੍ਹਾਂ ਕਿਹਾ ਕਿ ਆਜ਼ਾਦ ਤੇ ਨਿਰਪੱਖ ਚੋਣਾਂ ਲਈ ਇੱਕ ਮਾਹੌਲ ਬਣਾਉਣਾ ਪਵੇਗਾ। ਇਹ ਪੁੱਛਣ ਉੱਤੇ ਕਿ ਚੋਣ ਕਮਿਸ਼ਨ ਇਸ ਪਾਸੇ ਕਿਵੇਂ ਅੱਗੇ ਵਧੇਗਾ, ਉਨ੍ਹਾਂ ਕਿਹਾ ਕਿ ਕਮਿਸ਼ਨ ਨਿਗਰਾਨੀ ਦੇ ਨਾਲ ਜ਼ਮੀਨੀ ਪੱਧਰਦੇ ਸਾਰੇ ਅਧਿਕਾਰੀਆਂ ਤੇ ਧਿਰਾਂ ਨਾਲ ਗੱਲਬਾਤ ਕਰ ਰਿਹਾ ਹੈ। ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਵਿੱਚ ਪੂਰਾ ਜ਼ੋਰ ਲਾਉਣ ਵਾਲੀ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਦੇ ਆਗੂ ਇੱਕ ਦੂਜੇ `ਤੇ ਨਿਸ਼ਾਨੇ ਲਗਾ ਰਹੇ ਹਨ ਤੇ ਚੋਣ ਕਮਿਸ਼ਨ ਨੇ ਇਤਰਾਜ਼ਯੋਗ ਭਾਸ਼ਣਾਂ ਲਈ ਦੋਵਾਂ ਧਿਰਾਂ ਦੇ ਆਗੂਆਂ ਖਿਲਾਫ ਕਾਰਵਾਈ ਕੀਤੀ ਹੈ।