ਅਮਰੀਕਾ ਨੇ ਜੌਹਨਸਨ ਐਂਡ ਜੌਹਨਸਨ ਵੈਕਸੀਨ ਉੱਤੇ ਰੋਕ ਲਾਈ
ਓਟਵਾ, 14 ਅਪਰੈਲ (ਪੋਸਟ ਬਿਊਰੋ) : ਆਕਸਫੋਰਡ-ਐਸਟ੍ਰਾਜ਼ੈਨੇਕਾ ਵੈਕਸੀਨ ਕਾਰਨ ਬਲੱਡ ਕਲੌਟਸ ਬਣਨ ਦਾ ਪਹਿਲਾ ਮਾਮਲਾ ਕੈਨੇਡਾ ਵਿੱਚ ਵੀ ਸਾਹਮਣੇ ਆਉਣ ਨਾਲ ਵੈਕਸੀਨ ਦੀ ਸੇਫਟੀ ਸਬੰਧੀ ਚਿੰਤਾ ਵਧ ਗਈ ਹੈ। ਬਲੱਡ ਕਲੌਟਸ ਦੇ ਛੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ ਵਿੱਚ ਵੀ ਜੌਹਨਸਨ ਐਂਡ ਜੌਹਨਸਨ ਵੈਕਸੀਨ ਉੱਤੇ ਰੋਕ ਲਾ ਦਿੱਤੀ ਗਈ ਹੈ।
ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਵੱਲੋਂ ਇਸ ਗੱਲ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਇਹ ਵੈਕਸੀਨਜ਼ ਬਿਲਕੁਲ ਸੁਰੱਖਿਅਤ ਹਨ ਪਰ ਕਈ ਮਾਮਲਿਆਂ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਨ੍ਹਾਂ ਦੇ ਆਪਣੇ ਸਾਈਡ ਇਫੈਕਟਸ ਵੀ ਹਨ। ਇਹ ਕਲੌਟਸ ਕਿਸ ਕਾਰਨ ਹੋ ਰਹੇ ਹਨ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਕੋਵਿਡ-19 ਦੀ ਤੀਜੀ ਵੇਵ ਕਾਰਨ ਵੈਕਸੀਨ ਦੀ ਸਪਲਾਈ ਵਿੱਚ ਜਿੱਥੇ ਕਮੀ ਆਈ ਹੈ ਉੱਥੇ ਹੀ ਕੋਵਿਡ-19 ਦੇ ਮਾਮਲਿਆਂ ਵਿੱਚ ਰਿਕਾਰਡ ਵਾਧਾ ਦਰਜ ਕੀਤਾ ਜਾ ਰਿਹਾ ਹੇ। ਇਸ ਸਮੇਂ ਦੁਨੀਆਂ ਭਰ ਨਾਲੋਂ ਕੈਨੇਡਾ ਵਿੱਚ ਕੋਵਿਡ-19 ਦੇ ਮਾਮਲੇ ਸੱਭ ਤੋਂ ਜਿ਼ਆਦਾ ਹਨ। ਇੱਥੇ ਹੀ ਬੱਸ ਨਹੀਂ ਇੱਥੋਂ ਦੇ ਵੱਡੀ ਗਿਣਤੀ ਮਰੀਜ਼ ਕ੍ਰਿਟੀਕਲ ਕੇਅਰ ਵਿੱਚ ਹਨ।
ਮੰਗਲਵਾਰ ਦੁਪਹਿਰ ਨੂੰ ਕਿਊਬਿਕ ਹੈਲਥ ਮੰਤਰਾਲੇ ਤੇ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਨੇ ਬਲੱਡ ਕਲੌਟਸ ਦੀ ਰਿਪੋਰਟ ਵੱਖੋ ਵੱਖਰੇ ਬਿਆਨ ਵਿੱਚ ਦਿੱਤੀ। ਮਹਿਲਾ, ਜਿਸ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ, ਨੂੰ ਭਾਰਤ ਦੇ ਸੀਰਮ ਇੰਸਟੀਚਿਊਟ ਵਿੱਚ ਤਿਆਰ ਕੀਤੀ ਗਈ ਐਸਟ੍ਰਾਜ਼ੈਨੇਕਾ ਵੈਕਸੀਨ ਦਾ ਟੀਕਾ ਕੋਵੀਸ਼ੀਲਡ ਲਾਇਆ ਗਿਆ ਸੀ। ਕਿਊਬਿਕ ਵੱਲੋਂ ਜਾਰੀ ਬਿਆਨ ਵਿੱਚ ਆਖਿਆ ਗਿਆ ਕਿ ਉਸ ਮਹਿਲਾ ਦੀ ਸਾਂਭ ਸੰਭਾਲ ਹੈਲਥ ਤੇ ਸੋਸ਼ਲ ਸਰਵਿਸਿਜ਼ ਨੈੱਟਵਰਕ ਵੱਲੋਂ ਕੀਤੀ ਜਾ ਰਹੀ ਹੈ। ਉਹ ਮਹਿਲਾ ਆਪਣੇ ਘਰ ਵਿੱਚ ਜੇਰੇ ਇਲਾਜ ਹੈ ਤੇ ਉਸ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੈ।
ਕਿਊਬਿਕ ਨੇ ਆਖਿਆ ਕਿ ਉਨ੍ਹਾਂ ਵੱਲੋਂ ਹੁਣ ਤੱਕ ਐਸਟ੍ਰਾਜ਼ੈਨੇਕਾ ਵੈਕਸੀਨ ਦੀਆਂ 185,000 ਡੋਜ਼ਾਂ ਲਾਈਆਂ ਜਾ ਚੁੱਕੀਆਂ ਹਨ ਤੇ ਇਹ ਬਲੱਡ ਕਲੌਟ ਦਾ ਪਹਿਲਾ ਮਾਮਲਾ ਹੈ।3 ਅਪਰੈਲ ਤੱਕ ਕੌਮੀ ਪੱਧਰ ਉੱਤੇ 700,000 ਡੋਜ਼ਾਂ ਦਿੱਤੀਆਂ ਜਾ ਚੁੱਕੀਆਂ ਹਨ ਤੇ ਅਜੇ ਤੱਕ ਕਲੌਟਸ ਦੀ ਕੋਈ ਹੋਰ ਰਿਪੋਰਟ ਸਾਹਮਣੇ ਨਹੀਂ ਆਈ।ਪਰ ਪਿਛਲੇ ਹਫਤੇ ਯੂਰਪ ਤੇ ਯੂਨਾਈਟਿਡ ਕਿੰਗਡਮ ਵੱਲੋਂ ਦਿੱਤੇ ਗਏ 34 ਮਿਲੀਅਨ ਸ਼ੌਟਸ ਵਿੱਚ 222 ਕੇਸ ਬਲੱਡ ਕਲੌਟਸ ਦੇ ਸਾਹਮਣੇ ਆਏ ਦੱਸੇ ਗਏ।