Welcome to Canadian Punjabi Post
Follow us on

16

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਨਜਰਰੀਆ

ਵਿਰੋਧ ਦੇ ਦੌਰ ਵਿੱਚੋਂ ਗੁਜ਼ਰਦਿਆਂ

December 10, 2018 08:40 AM

-ਪ੍ਰਿੰਸੀਪਲ ਵਿਜੈ ਕੁਮਾਰ
ਵਿਰੋਧ, ਸਮਰਥਨ, ਪ੍ਰਸ਼ੰਸਾ ਅਤੇ ਆਲੋਚਨਾ ਜ਼ਿੰਦਗੀ ਦੇ ਨਾਲੋ-ਨਾਲ ਚੱਲਣ ਵਾਲੇ ਦੌਰ ਹਨ। ਸਮਰਥਨ, ਪ੍ਰਸ਼ੰਸਾ ਬੰਦੇ ਦੇ ਮੂੰਹ 'ਤੇ ਹੁੰਦੀ ਹੈ, ਜਿਸ ਨੂੰ ਖੁਸ਼ਾਮਦ ਅਤੇ ਚਾਪਲੂਸੀ ਕਿਹਾ ਜਾਂਦਾ ਹੈ। ਵਿਰੋਧ ਅਤੇ ਆਲੋਚਨਾ ਪਿੱਠ ਪਿੱਛੇ ਹੁੰਦੀ ਹੈ। ਸਮਰਥਨ ਅਤੇ ਪ੍ਰਸ਼ੰਸਾ 'ਤੇ ਮਨੁੱਖ ਫੁੱਲ-ਫੁੱਲ ਬਹਿੰਦਾ ਹੈ, ਭਾਵੇਂ ਉਸ ਵਿੱਚ ਵਿਖਾਵਾ ਅਤੇ ਚਾਪਲੂਸੀ ਹੀ ਹੋਵੇ, ਮੂਰਖ ਬਣਾਉਣ ਦਾ ਯਤਨ ਕੀਤਾ ਗਿਆ ਹੋਵੇ। ਇਹ ਬੰਦੇ ਦੀ ਸੂਝਬੂਝ 'ਤੇ ਨਿਰਭਰ ਕਰਦਾ ਹੈ ਕਿ ਉਸ ਨੇ ਉਸ ਸਮਰਥਨ ਅਤੇ ਸੂਝ ਨੂੰ ਕਿਸ ਨਜ਼ਰੀਏ ਨਾਲ ਲੈਣਾ ਹੈ। ਜ਼ਿਆਦਾ ਲੋਕ ਇਨ੍ਹਾਂ ਦੇ ਮੋਹਜਾਲ 'ਚ ਉਲਝ ਜਾਂਦੇ ਹਨ। ਆਲੋਚਨਾ ਅਤੇ ਵਿਰੋਧ ਸਹਿਣਾ ਹਰ ਮਨੁੱਖ ਦੇ ਵਸ ਦੀ ਗੱਲ ਨਹੀਂ ਹੁੰਦੀ। ਆਲੋਚਨਾ ਅਤੇ ਵਿਰੋਧ 'ਤੇ ਬੰਦਾ ਕੱਪੜਿਆਂ ਤੋਂ ਬਾਹਰ ਹੋ ਜਾਂਦਾ ਹੈ, ਭਾਵੇਂ ਸਾਹਮਣੇ ਵਾਲਾ ਸੌ ਫੀਸਦੀ ਸੱਚਾ ਹੋਵੇ।
ਵਿਰੋਧ ਤੇ ਆਲੋਚਨਾ ਲੋਕ ਸਾੜੇ ਦੇ ਮਾਰੇ ਵੀ ਕਰਦੇ ਹਨ। ਅਜਿਹੇ ਵਿਰੋਧ ਅਤੇ ਆਲੋਚਨਾ ਦਾ ਕੋਈ ਸਿਰ ਪੈਰ ਵੀ ਨਹੀਂ ਹੁੰਦਾ। ਇਹ ਕੇਵਲ ਨੀਵਾਂ ਵਿਖਾਉਣ ਤੇ ਛਿੱਬਾ ਪਾਉਣ ਲਈ ਕੀਤੇ ਜਾਂਦੇ ਹਨ। ਇਸ ਤਰ੍ਹਾਂ ਦੀ ਆਲੋਚਨਾ ਤੇ ਵਿਰੋਧ ਕਰਨ ਵਾਲੇ ਲੋਕ ਬੰਦੇ ਵਿੱਚ ਉਹ ਔਗੁਣ ਵੀ ਕੱਢ ਮਾਰਦੇ ਹਨ, ਜਿਹੜੇ ਉਸ 'ਚ ਹੁੰਦੇ ਹੀ ਨਹੀਂ। ਇਕ ਸਵਰਗਵਾਸੀ ਸਕੂਲ ਮੁਖੀ ਨੇ ਦਿਨ ਰਾਤ ਇਕ ਕਰਕੇ ਸਕੂਲ ਦੀ ਚਾਰਦੀਵਾਰੀ ਬਣਵਾਈ। ਇਸ ਦੇ ਨਾਲ ਸਕੂਲ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਹੋ ਗਈਆਂ। ਸਕੂਲ ਵਿੱਚ ਪਸ਼ੂ ਵੜਨੇ ਬੰਦ ਹੋ ਗਏ। ਬੱਚੇ ਸਕੂਲੋਂ ਭੱਜਣੇ ਬੰਦ ਹੋ ਗਏ। ਸ਼ਹਿਰ ਵਿੱਚ ਉਸ ਦੇ ਕੰਮ ਦੀ ਭਰਪੂਰ ਸ਼ਲਾਘਾ ਹੋਈ। ਵਿਰੋਧੀਆਂ ਦੇ ਕੰਨ ਪ੍ਰਸ਼ੰਸਾ ਸੁਣ ਨਾ ਸਕੇ। ਉਹ ਉਸ ਦੀ ਖੁੰਬ ਠੱਪਣ ਦੇ ਢੰਗ ਤਰੀਕੇ ਲੱਭਣ ਲੱਗੇ। ਆਖਰ ਉਨ੍ਹਾਂ ਉਸ ਦੀ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਕਰ ਦਿੱਤੀ ਕਿ ਉਹ ਪੈਸੇ ਛਕ ਗਿਆ ਹੈ।
ਵਿਜੀਲੈਂਸ ਦੇ ਡੀ ਐਸ ਪੀ ਰੈਂਕ ਦੇ ਅਧਿਕਾਰੀ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਕਿ ਸਕੂਲ ਮੁਖੀ ਨੇ ਬਹੁਤ ਇਮਾਨਦਾਰੀ ਨਾਲ ਕੰਮ ਕੀਤਾ ਹੈ। ਕੰਮ ਦਾ ਪੱਧਰ ਬੜਾ ਵਧੀਆ ਹੈ। ਪੈਸੇ ਖਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਵਿਰੋਧ ਅਤੇ ਆਲੋਚਨਾ ਕਰਨ ਵਾਲਿਆਂ ਦੇ ਮੂੰਹ ਬੰਦ ਹੋ ਗਏ, ਪਰ ਵਿਰੋਧ ਦੇ ਦੌਰ 'ਚ ਗੁਜ਼ਰਦਿਆਂ ਜੋ ਦਰਦ ਸਕੂਲ ਮੁਖੀ ਅਤੇ ਉਸ ਦੇ ਪਰਵਾਰ ਨੇ ਹੰਢਾਇਆ ਉਸ ਨੂੰ ਉਹੀ ਜਾਣਦੇ ਹੋਣਗੇ। ਤਰਕਹੀਣ ਵਿਰੋਧ ਕਰਨ ਵਾਲੇ ਬੰਦੇ ਅੰਦਰੋਂ ਖੋਖਲੇ ਹੁੰਦੇ ਹਨ। ਉਨ੍ਹਾਂ ਨਾਲ ਜੁੜਨ ਵਾਲੇ ਵਿਹਲੜ ਅਤੇ ਤਮਾਸ਼ਬੀਨ ਹੁੰਦੇ ਹਨ। ਸਾਕਾਰਾਤਮਕ ਵਿਰੋਧ ਅਤੇ ਆਲੋਚਨਾ ਵਿਕਾਸ ਅਤੇ ਸੁਧਾਰ ਦੀਆਂ ਸੰਭਾਵਨਾਵਾਂ ਵੀ ਪੈਦਾ ਕਰਦੇ ਹਨ, ਪਰ ਉਸ ਵਿਰੋਧ ਅਤੇ ਆਲੋਚਨਾ ਵਿੱਚ ਨਾ ਉਚੀ ਆਵਾਜ਼ ਹੁੰਦੀ ਹੈ, ਨਾ ਨੀਵਾਂ ਵਿਖਾਉਣ ਦੀ ਭਾਵਨਾ। ਉਹ ਟੇਬਲ 'ਤੇ ਆਹਮੋ ਸਾਹਮਣੇ ਬੈਠ ਕੇ ਹੁੰਦੇ ਹਨ ਤੇ ਨਾਲੋਂ-ਨਾਲ ਸਭ ਕੁਝ ਨਿਪਟ ਜਾਂਦਾ ਹੈ। ਉਸ ਵਿਰੋਧ ਅਤੇ ਆਲੋਚਨਾ ਵਿੱਚ ਸੁਝਾਅ ਦੇਣ ਦੀ ਪ੍ਰਵਿਰਤੀ ਵੀ ਹੁੰਦੀ ਹੈ। ਕਈ ਵਾਰ ਪ੍ਰਸ਼ੰਸਕਾਂ ਅਤੇ ਸਮਰਥਕਾਂ ਨਾਲੋਂ ਆਲੋਚਕਾਂ ਅਤੇ ਵਿਰੋਧੀਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ। ਉਸ ਦੌਰ ਵਿੱਚ ਕਈ ਵਾਰ ਬੰਦਾ ਅੰਦਰੋਂ ਟੁੱਟ ਜਾਂਦਾ ਹੈ। ਹੌਸਲਾ ਉਸ ਦਾ ਸਾਥ ਛੱਡ ਜਾਂਦਾ ਹੈ। ਉਹ ਦੌਰ ਵੀ ਇਤਿਹਾਸ ਲਿਖਣ ਦਾ ਹੁੰਦਾ ਹੈ।
ਬੰਦਾ ਜੇ ਉਸ ਦੌਰ 'ਚ ਆਤਮ ਵਿਸ਼ਵਾਸ ਦੇ ਸਹਾਰੇ ਹਾਲਾਤ ਉਤੇ ਕਾਬੂ ਪਾ ਜਾਵੇ, ਜਿੱਤ ਅਤੇ ਸਫਲਤਾ ਹਾਸਲ ਕਰ ਲਵੇ ਤਾਂ ਉਹ ਸਿਕੰਦਰ ਬਣ ਜਾਂਦੈ। ਜੇ ਵਿਰੋਧੀਆਂ ਅੱਗੇ ਹਥਿਆਰ ਸੁੱਟ ਦੇਵੇ ਤਾਂ ਕਾਇਰ ਅਤੇ ਵਿਚਾਰਾ ਬਣ ਜਾਂਦੈ। ਬਹੁਤੀ ਵਾਰ ਇਹ ਸੁਣਨ ਨੂੰ ਮਿਲਦਾ ਹੈ ਕਿ ਆਪਣੇ ਬੇਕਸੂਰ ਹੋਣ ਦਾ ਸਪੱਸ਼ਟੀਕਰਨ ਦੇਣ ਨਾਲੋਂ ਬਿਹਤਰ ਹੈ ਕਿ ਚੁੱਪ ਕੀਤੇ ਰਹੋ। ਵਿਰੋਧੀ ਅਤੇ ਆਲੋਚਕ ਆਪਣੇ ਆਪ ਬੋਲ ਬਾਲ ਕੇ ਚੁੱਪ ਹੋ ਜਾਣਗੇ। ਵਿਰੋਧ ਅਤੇ ਆਲੋਚਨਾ ਸੁਣ ਕੇ ਚੁੱਪ ਰਿਹਾ ਜਾਵੇ ਤਾਂ ਇਹ ਸੁਣਨ ਨੂੰ ਮਿਲਦਾ ਹੈ ਕਿ ਜੇ ਸੱਚਾ ਹੁੰਦਾ ਤਾਂ ਬੋਲਦਾ ਨਾ? ਇਕ ਸਫਲ ਪ੍ਰਬੰਧਕ ਨੇ ਆਪਣੇ ਅਦਾਰੇ ਦੀ ਤਰੱਕੀ ਲਈ ਹੱਡ ਭੰਨਵੀਂ ਤਰੱਕੀ ਕੀਤੀ। ਉਸ ਦੀ ਸਫਲਤਾ ਤੇ ਸ਼ੋਹਰਤ ਅਦਾਰੇ ਦੇ ਕੁਝ ਲੋਕਾਂ ਕੋਲੋਂ ਬਰਦਾਸ਼ਤ ਨਾ ਹੋਵੇ। ਉਸ ਨੇ ਆਪਣੇ ਵਿਰੋਧੀਆਂ ਨੂੰ ਬਿਠਾ ਕੇ ਪੁੱਛਿਆ, ‘ਆਪਾਂ ਦੋਵੇਂ ਧਿਰਾਂ ਇਸ ਅਦਾਰੇ ਦਾ ਅੰਨ ਪਾਣੀ ਛਕਦੇ ਹਾਂ। ਇਸ ਤੋਂ ਸਾਡੇ ਪਰਵਾਰ ਪਲਦੇ ਹਨ। ਤੁਸੀਂ ਮੇਰੇ ਮਾੜੇ ਕੰਮਾਂ ਦਾ ਵਿਰੋਧ ਜ਼ਰੂਰ ਕਰੋ, ਪਰ ਉਹ ਨਾ ਕਹੋ, ਜਿਹੜੇ ਕਿ ਮੈਂ ਕਰਦਾ ਹੀ ਨਹੀਂ। ਇਸ ਅਦਾਰੇ ਦੀ ਤਰੱਕੀ ਲਈ ਮੇਰਾ ਸਾਥ ਦਿਉ। ਇਸ ਵਿੱਚ ਤੁਹਾਡੀ ਵੀ ਸ਼ਾਨ ਹੈ।'
ਵਿਰੋਧੀਆਂ ਵਿੱਚੋਂ ਇਕ ਬੋਲਿਆ, ‘ਭਰਾ ਜੀ! ਸਾਡੀ ਹੋਂਦ ਹੀ ਵਿਰੋਧ ਵਿੱਚ ਹੈ। ਜੇ ਅਸੀਂ ਵਿਰੋਧ ਬੰਦ ਕਰ ਦਿੱਤਾ ਤਾਂ ਸਾਨੂੰ ਕੌਣ ਪੁੱਛੇਗਾ?' ਜਿਨ੍ਹਾਂ ਅਦਾਰਿਆਂ, ਸਿੱਖਿਆ ਸੰਸਥਾਵਾਂ ਅਤੇ ਪਰਵਾਰਾਂ ਵਿੱਚ ਬੇਲੋੜੀ, ਸੌੜੀ ਅਤੇ ਬੇਸਿਰ ਪੈਰ ਦੀ ਆਲੋਚਨਾ ਨਹੀਂ ਹੁੰਦੀ, ਉਨ੍ਹਾਂ ਵਿੱਚ ਤਰੱਕੀ ਦੀਆਂ ਸੰਭਾਵਨਾਵਾਂ ਬੇਹੱਦ ਵੱਧ ਹੁੰਦੀਆਂ ਹਨ। ਉਨ੍ਹਾਂ ਵਿੱਚ ਸਦਭਾਵਨਾ ਦਾ ਮਾਹੌਲ ਹੁੰਦਾ ਹੈ। ਇਕ ਟੀਮ ਵਾਂਗ ਕੰਮ ਕਰਨ ਦਾ ਜਜ਼ਬਾ ਹੁੰਦਾ ਹੈ। ਵਿਰੋਧ ਅਤੇ ਆਲੋਚਨਾ ਦੇ ਦੌਰ 'ਚੋਂ ਗੁਜ਼ਰਦਿਆਂ ਮਨੁੱਖ ਅੰਦਰ ਸਹਿਣਸ਼ੀਲਤਾ, ਦੂਰਅੰਦੇਸ਼ੀ ਅਤੇ ਸਮੇਂ ਦੀ ਨਜ਼ਾਕਤ ਨੂੰ ਸਮਝਣ ਦੀ ਭਾਵਨਾ ਹੋਣੀ ਜ਼ਰੂਰੀ ਹੈ। ਵਿਰੋਧੀਆਂ ਅਤੇ ਆਲੋਚਕਾਂ ਨੂੰ ਤਰਕ ਅਤੇ ਆਪਣੇ ਗੁਣਾਂ ਦੇ ਪ੍ਰਭਾਵ ਨਾਲ ਜ਼ਿਆਦਾ ਛੇਤੀ ਚੁੱਪ ਕਰਾਇਆ ਜਾ ਸਕਦਾ ਹੈ।
ਇਕ ਅਧਿਕਾਰੀ ਨੂੰ ਉਸ ਦੇ ਦੋਸਤਾਂ ਨੇ ਪੁੱਛਿਆ, ‘ਯਾਰ! ਤੇਰੇ ਅਦਾਰੇ ਦੇ ਐਨੇ ਲੋਕ ਤੇਰੀ ਆਲੋਚਨਾ ਕਰਦੇ ਨੇ ਪਰ ਤੂੰ ਇਨ੍ਹਾਂ ਦਾ ਵਿਰੋਧ ਅਤੇ ਆਪਣੀ ਆਲੋਚਨਾ ਸੁਣ ਕੇ ਫਿਰ ਵੀ ਚੁੱਪ ਰਹਿੰਦੇ ਏਂ। ਇਸ ਦਾ ਕਾਰਨ ਕੀ ਹੈ?’ ਉਸ ਨੇ ਅੱਗੋਂ ਜਵਾਬ ਦਿੱਤਾ, ‘ਜੇ ਮੈਂ ਇਨ੍ਹਾਂ ਦੀ ਆਲੋਚਨਾ ਅਤੇ ਵਿਰੋਧ ਦਾ ਜਵਾਬ ਦੇਣ ਲੱਗ ਪਿਆ ਤਾਂ ਮੇਰੇ ਵਿੱਚ ਕੰਮ ਕਰਨ ਦੀ ਸਮਰੱਥਾ ਘੱਟ ਜਾਵੇਗੀ। ਮੇਰੀ ਮਾਨਸਿਕ ਸ਼ਾਂਤੀ ਭੰਗ ਹੋ ਜਾਵੇਗੀ। ਮੈਂ ਇਨ੍ਹਾਂ ਨੂੰ ਆਪਣਾ ਮਾਰਗ ਦਰਸ਼ਕ ਸਮਝਦਾ ਹਾਂ। ਮੈਨੂੰ ਇਨ੍ਹਾਂ ਦੀ ਜਿਹੜੀ ਗੱਲ ਚੰਗੀ ਲੱਗਦੀ ਹੈ, ਉਸ ਨੂੰ ਸੋਚ ਕੇ ਮੈਂ ਆਪਣੇ ਵਿੱਚ ਸੁਧਾਰ ਕਰ ਲੈਂਦਾ ਹਾਂ।’
ਕੰਮ ਵਿੱਚ ਰੁੱਝੇ ਲੋਕਾਂ ਕੋਲ ਆਲੋਚਨਾ ਅਤੇ ਵਿਰੋਧ ਕਰਨ ਦਾ ਸਮਾਂ ਹੀ ਨਹੀਂ ਹੁੰਦਾ। ਉਹ ਆਪਣੇ ਮਿਸ਼ਨ ਵੱਲ ਨੂੰ ਤੁਰੇ ਰਹਿੰਦੇ ਹਨ। ਆਲੋਚਨਾ ਅਤੇ ਵਿਰੋਧ ਵਿਹਲੜ, ਪੰਗੇਬਾਜ਼, ਤਿਕੜਮਬਾਜ਼ ਤੇ ਨਿਕੰਮੇ ਲੋਕ ਕਰਦੇ ਹਨ। ਉਹ ਆਪਣੇ ਕੰਮ ਵੱਲ ਧਿਆਨ ਦੇਣ ਦੀ ਥਾਂ ਦੂਜਿਆਂ ਵਿੱਚ ਨੁਕਸ ਕੱਢਣ ਦੀਆਂ ਸਕੀਮਾਂ ਘੜਦੇ ਹਨ। ਦੇਸ਼ ਦੀ ਤ੍ਰਾਸਦੀ ਹੈ ਕਿ ਇਥੇ ਪ੍ਰਸ਼ੰਸਕਾਂ, ਸਮਰਥਕਾਂ ਨਾਲੋਂ ਵਿਹਲੜਾਂ, ਨਿਕੰਮਿਆਂ, ਆਲੋਚਕਾਂ ਤੇ ਵਿਰੋਧੀਆਂ ਦੀ ਗਿਣਤੀ ਵੱਧ ਹੈ। ਉਨ੍ਹਾਂ ਦੀ ਗੱਲ ਸੁਣੀ ਜਾਂਦੀ ਹੈ। ਇਸੇ ਲਈ ਸਵਾ ਸੌ ਕਰੋੜ ਦੀ ਵਸੋਂ ਵਾਲੇ ਸਾਡੇ ਮੁਲਕ ਨਾਲੋਂ ਛੋਟੇ-ਛੋਟੇ ਦੇਸ਼ ਜ਼ਿਆਦਾ ਤਰੱਕੀ ਕਰ ਰਹੇ ਹਨ।

Have something to say? Post your comment