Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਨਹੀਂ ਭੁੱਲਦੀਆਂ ਯਾਦਾਂ ਸਕੂਲ ਦੀਆਂ

December 10, 2018 08:38 AM

-ਗੋਵਰਧਨ ਗੱਬੀ
ਮੈਂ ਅੱਠਵੀਂ ਜਮਾਤ ਤੱਕ ਦੀ ਪੜ੍ਹਾਈ ਆਪਣੇ ਪਿੰਡ ਦੇ ਮਿਡਲ ਸਕੂਲ ਤੋਂ ਪੂਰੀ ਕੀਤੀ ਸੀ। ਇਹ ਅਰਸਾ 1972 ਤੋਂ 1980 ਦਾ ਸੀ। ਬਹੁਤ ਹੀ ਬਾਲੜੇ ਤੇ ਬਾਂਕੇ ਦਿਨ ਸਨ। ਜਦੋਂ ਛੇ ਸਾਲ ਦਾ ਹੋਇਆ ਤਾਂ ਪਾਪਾ ਜੀ ਨੇ ਕੰਧਾੜੇ ਚੁੱਕਿਆ ਤੇ ਸਕੂਲ ਲੈ ਗਏ, ਦਾਖਲ ਕਰਵਾਉਣ ਵਾਸਤੇ। ਨਾਮ ਰਜਿਸਟਰ 'ਤੇ ਚੜ੍ਹਾਉਣ ਵਾਲੇ ਮਾਸਟਰ ਨੇ ਨਾਂ ਪੁੱਛਿਆ ਤਾਂ ਪਾਪਾ ਜੀ ਨੇ ਗੋਵਰਧਨ ਪ੍ਰਸ਼ਾਦ ਫੁਰਮਾਇਆ। ਮਾਸਟਰ ਨੇ ਹੈਰਾਨੀ ਜ਼ਾਹਰ ਕੀਤੀ ਕਿ ਨਾਮ ਵਿੱਚ ਪ੍ਰਸ਼ਾਦ ਕਿਵੇਂ ਆ ਸਕਦਾ ਹੈ ਭਲਾ। ਨਾਂ ਤਾਂ ਫਲਾਣਾ ਦਾਸ, ਢਿਮਕਾਣਾ ਦਾਸ ਤੇ ਕੁਮਾਰ ਆਦਿ ਹੁੰਦਾ ਹੈ। ਉਸ ਨੇ ਗੋਵਰਧਨ ਦਾਸ ਲਿਖ ਦਿੱਤਾ। ਪਾਪਾ ਜੀ ਅੜ ਗਏ ਕਿ ਮੇਰਾ ਪੁੱਤਰ ਦਾਸ ਤਾਂ ਨਹੀਂ ਬਣੇਗਾ, ਮਾਸਟਰ ਨੇ ਦਾਸ ਤੋਂ ਲਾਲ ਕਰ ਦਿੱਤਾ।
ਮੇਰਾ ਨਾਮ ਗੋਵਰਧਨ ਲਾਲ ਹੋ ਗਿਆ। ਸਕੂਲ ਵਿੱਚ ਹਰ ਮਹੀਨੇ ਦੇ ਦੂਸਰੇ ਤੇ ਚੌਥੇ ਸ਼ਨਿਚਰਵਾਰ ਨੂੰ ਬਾਲ ਸਭਾ ਹੁੰਦੀ ਸੀ। ਮੈਂ ਚੌਥੀ ਜਾਂ ਪੰਜਵੀਂ ਜਮਾਤ ਵਿੱਚ ਸੀ। ਆਪਣੇ ਤਾਏ ਤੋਂ ਸੁਣੀਆਂ ਬਾਤਾਂ ਮੈਂ ਉਸ ਬਾਲ ਸਭਾ ਵਿੱਚ ਸੁਣਾਇਆ ਕਰਦਾ ਸਾਂ। ਇਕ ਵਾਰ ਬਾਲ ਸਭਾ ਵਿੱਚ ਮੇਰੇ ਪਾਪਾ ਜੀ ਹਾਜ਼ਰ ਹੋ ਗਏ। ਹੈਡ ਮਾਸਟਰ ਨੇ ਕਿਹਾ ਕਿ ਤੁਹਾਡਾ ਬੇਟਾ ਬਹੁਤ ਵਧੀਆ ਬਾਤਾਂ ਸੁਣਾਉਂਦਾ ਹੈ। ਪਾਪਾ ਜੀ ਨੂੰ ਸਾਹਮਣੇ ਦੇਖ ਕੇ ਮੈਨੂੰ ਪਤਾ ਨਹੀਂ ਕਿਹੜੀ ਸ਼ਰਮ ਮਾਰ ਗਈ ਕਿ ਜਦੋਂ ਬਾਤ ਸੁਣਾਉਣੀ ਸ਼ੁਰੂ ਕੀਤੀ ਤੇ ਮੇਰੀ ਨਜ਼ਰ ਪਾਪਾ ਜੀ ਨਾਲ ਮਿਲੀ ਤਾਂ ਮੈਂ ਰੋਣਾ ਸ਼ੁਰੂ ਕਰ ਦਿੱਤਾ। ਰੋਣਾ ਕਿਉਂ ਆਇਆ ਸੀ, ਮੈਨੂੰ ਅੱਜ ਤੱਕ ਸਮਝ ਨਹੀਂ ਆਇਆ।
ਸਾਡੇ ਸਕੂਲ ਦੇ ਖੇਡ ਮੈਦਾਨ ਦੇ ਨਾਲ ਦੇ ਖੇਤਾਂ ਵਿੱਚ ਸੰਗਤਰਿਆਂ ਦਾ ਬਾਗ ਸੀ, ਜਿਸ ਨੂੰ ਉਸ ਦੇ ਮਾਲਕ ਨੇ ਵਾੜ ਕੀਤੀ ਹੋਈ ਸੀ। ਹਰ ਸਾਲ ਸਿਆਲ ਵਿੱਚ ਸੰਗਤਰਿਆਂ ਨੂੰ ਦੇਖ ਕੇ ਬੱਚਿਆਂ ਸਮੇਤ ਮਾਸਟਰਾਂ ਦੇ ਮੂੰਹ ਵਿੱਚ ਪਾਣੀ ਆਪ ਮੁਹਾਰੇ ਆ ਜਾਂਦਾ ਸੀ। ਸਾਡਾ ਇਕ ਹਿੰਦੀ ਵਾਲਾ ਮਾਸਟਰ ਸੀ। ਉਸ ਨੇ ਰੋਜ਼ ਸਵੇਰੇ ਮੌਕਾ ਮਿਲਦੇ ਹੀ ਕਿਸੇ ਨਾ ਕਿਸੇ ਮੁੰਡੇ ਨੂੰ ਵਾੜ ਲੰਘਾ ਕੇ ਸੰਗਤਰੇ ਲੈਣ ਭੇਜ ਦੇਣਾ। ਸਕੂਲ ਵਾਲੇ ਪਾਸੇ ਸੰਗਤਰਿਆਂ ਦੇ ਬੂਟੇ ਛੇਤੀ ਹੀ ਪੀਲੇ ਤੇ ਹਰੇ ਰਹਿ ਜਾਂਦੇ ਸਨ। ਇਸ ਸਭ ਕਾਸੇ ਨਾਲ ਬਾਗ ਦਾ ਬਜ਼ੁਰਗ ਮਾਲਕ ਬਹੁਤ ਦੁਖੀ ਰਹਿੰਦਾ, ਪਰ ਉਹ ਚੌਵੀ ਘੰਟੇ ਤਾਂ ਬਾਗ ਦੀ ਰਖਵਾਲੀ ਨਹੀਂ ਕਰ ਸਕਦਾ ਸੀ। ਉਸ ਨੇ ਅਖੀਰ ਇਕ ਦਿਨ ਸਕੂਲ ਦੀ ਵਾੜ ਨਾਲ ਦੇ ਖੇਤਾਂ ਵਾਲੇ ਸਾਰੇ ਬੂਟੇ ਜੜ੍ਹੋਂ ਪੁਟਾਉਣੇ ਸ਼ੁਰੂ ਕਰ ਦਿੱਤੇ। ਜਦੋਂ ਸਕੂਲ ਲੱਗਾ ਤਾਂ ਹਿੰਦੀ ਵਾਲਾ ਮਾਸਟਰ ਸਾਰਾ ਦਿ੍ਰਸ਼ ਦੇਖ ਕੇ ਹੈਰਾਨ ਤੇ ਪਰੇਸ਼ਾਨ ਹੋ ਗਿਆ। ਉਹ ਵਾੜ ਵੱਲ ਗਿਆ ਤਾਂ ਦੇਖਿਆ ਕਿ ਬਾਗ ਦਾ ਮਾਲਕ ਉਸ ਵੇਲੇ ਵੀ ਬੂਟੇ ਵੱਢ ਰਿਹਾ ਸੀ। ‘ਚੌਧਰੀ ਸਾਹਿਬ ਕੀ ਗੱਲ ਹੋ ਗਈ। ਫਲੇ ਹੋਏ ਬੂਟੇ ਵੱਢ ਰਹੇ ਹੋ?' ਹਿੰਦੀ ਵਾਲੇ ਮਾਸਟਰ ਨੇ ਪੁੱਛਿਆ।
ਉਸ ਨੇ ਕਿਹਾ, ‘ਮਾਸਟਰਾ! ਤੁਸੀਂ ਸੰਗਤਰੇ ਖਾਂਦੇ ਹੁੰਦੇ ਸੀ ਨਾ।'
ਅਧਿਆਪਕ ਨੇ ਕਿਹਾ, ‘ਹਾਂ ਚੌਧਰੀ ਸਾਹਿਬ! ਕਦੇ-ਕਦੇ ਖਾ ਲੈਂਦੇ ਸਾਂ।'
‘ਫਿਰ ਅੱਗੇ ਤੋਂ ਵੀ ਖਾਇਓ ਇਹ।’ ਬੋਲਦੇ ਹੋਏ ਉਸ ਨੇ ਮਾਸਟਰ ਵੱਲ ਦੇਖ ਕੇ ਬਾਬਾ ਜੀ ਦਾ ਠੁੱਲੂ ਵਾਲਾ ਪੋਜ਼ ਬਣਾਇਆ। ਹਿੰਦੀ ਵਾਲਾ ਮਾਸਟਰ ਛਿੱਬਾ ਹੋ ਕੇ ਮੁੜ ਆਇਆ।
ਇਕ ਪੰਜਾਬੀ ਵਾਲਾ ਮਾਸਟਰ ਹੁੰਦਾ ਸੀ, ਜੋ ਪੋਲੀਓ ਦਾ ਸ਼ਿਕਾਰ ਹੋ ਗਿਆ ਸੀ। ਉਹ ਤੁਰਨ ਵੇਲੇ ਲੱਤਾਂ ਨੂੰ ਬਗਲੇ ਵਾਂਗ ਉਠਾਉਂਦਾ ਸੀ। ਨਾ ਚਾਹੁੰਦੇ ਵੀ ਹੋਰ ਬੱਚਿਆਂ ਵਾਂਗ ਮੇਰਾ ਕਈ ਵਾਰਾ ਹਾਸਾ ਨਿਕਲ ਜਾਂਦਾ ਸੀ। ਉਸ ਨੇ ਆਪਣੀ ਬੇਇੱਜ਼ਤੀ ਦਾ ਬਦਲਾ ਲੈਣ ਵਾਸਤੇ ਸਾਡੇ ਹੱਥਾਂ ਦੀਆਂ ਉਂਗਲਾਂ ਵਿੱਚ ਪੈਨਸਿਲ ਦੇਣੀ ਤੇ ਹੱਥ ਨੂੰ ਘੁੱਟ ਕੇ ਫਿਰ ਘੁੰਮਾਉਣੀ ਤੇ ਵਾਰ-ਵਾਰ ਪੁੱਛਣਾ, ‘ਹੋਈ ਪੀੜ, ਹੋਈ ਪੀੜ?' ਜਦੋਂ ਸਾਡੇ ਹੰਝੂ ਨਿਕਲਣੇ, ਉਸ ਨੇ ਪੈਨਸਿਲ ਬਾਹਰ ਖਿੱਚ ਲੈਣੀ ਤੇ ਸਾਡੇ ਮੂੰਹ ਉੱਤੇ ਖਿੱਚ ਕੇ ਚਪੇੜ ਮਾਰ ਕੇ ਕਹਿਣਾ, ‘ਉਲੂ ਦੇ ਪੱਠੇ ਕਿਸੇ ਥਾਂ ਦੇ।'
ਸਕੂਲ ਦੇ ਗੇਟ ਦੇ ਬਾਹਰਲੇ ਪਾਸੇ ਫਲੂਦਾ, ਪਤੀਸਾ, ਮੁਰਮੁਰਾ ਤੇ ਵੇਸਣ ਵੇਚਣ ਵਾਲੇ ਭਾਈ ਅੱਧੀ ਛੁੱਟੀ ਵੇਲੇ ਆ ਜਾਂਦੇ ਸਨ। ਘਰੋਂ ਮਿਲੀ ਪੰਜੀ ਦਸੀ ਨਾਲ ਅਸੀਂ ਆਪਣਾ ਚਸਕਾ ਪੂਰਾ ਕਰ ਲੈਂਦੇ ਸਾਂ। ਕੁਝ ਸ਼ਰਾਰਤੀ ਬੱਚੇ ਮੌਕਾ ਮਿਲਦੇ ਹੀ ਬੇਸਣ ਦੀ ਢੇਲੀ ਜਾਂ ਮੁਰਮੁਰੇ ਦੀ ਭੇਲੀ ਚੁਰਾ ਲੈਂਦੇ ਸਨ। ਇਕ ਦਿਨ ਮੇਰੇ ਕੋਲ ਪੈਸੇ ਨਹੀਂ ਸਨ। ਮੈਂ ਵੀ ਹਿੰਮਤ ਕਰ ਗਿਆ ਮੁਰਮੁਰਾ ਚੁਰਾਉਣ, ਪਰ ਫੜਿਆ ਗਿਆ। ਉਸ ਭਾਈ ਨੇ ਹੈਡਮਾਸਟਰ ਨੂੰ ਸ਼ਿਕਾਇਤ ਲਾ ਦਿੱਤੀ। ਹੈਡਮਾਸਟਰ ਨੂੰ ਮੇਰੇ ਤੋਂ ਇਹ ਆਸ ਨਹੀਂ ਸੀ। ਉਹ ਮੈਨੂੰ ਸ਼ਰੀਫ ਤੇ ਚੰਗਾ ਬੱਚਾ ਸਮਝਦਾ ਸੀ। ਮੈਨੂੰ ਉਸ ਨੇ ਦਫਤਰ ਸੱਦਿਆ ਤੇ ਸਜ਼ਾ ਦੇਣ ਵਾਸਤੇ ਮੇਰੇ ਕੰਨ ਉੱਤੇ ਜ਼ੋਰ ਦਾ ਥੱਪੜ ਮਾਰ ਦਿੱਤਾ। ਥੱਪੜ ਵੱਜਦੇ ਸਾਰ ਮੇਰੇ ਕੰਨ ਵਿੱਚ ਅਜੀਬ ਕਿਸਮ ਦੀ ਗੂੰਜ ਨਿਕਲੀ ਤੇ ਦੋ ਦਿਨ ਗੂੰਜਦੀ ਰਹੀ। ਪੀੜ ਵੱਖਰੀ ਹੁੰਦੀ ਰਹੀ। ਕਿਸੇ ਗੁਆਂਢੀ ਮੁੰਡੇ ਨੇ ਪਾਪਾ ਜੀ ਨੂੰ ਮੇਰੀ ਇਸ ਕਰਤੂਤ ਬਾਰੇ ਦੱਸ ਦਿੱਤਾ। ਪਾਪਾ ਜੀ ਨੇ ਅਗਲੇ ਦਿਨ ਗੁੱਸੇ ਵਿੱਚ ਮੇਰੇ ਦੂਸਰੇ ਕੰਨ ਵਾਲੇ ਪਾਸੇ ਜ਼ੋਰ ਦਾ ਧੱਫਾ ਮਾਰ ਦਿੱਤਾ।
ਇਕ ਨਾਲਾਇਕ ਮੁੰਡਾ ਪਿਛਲੇ ਤਿੰਨ ਚਾਰ ਸਾਲਾਂ ਤੋਂ ਸੱਤਵੀਂ ਵਿੱਚੋਂ ਫੇਲ੍ਹ ਹੋ ਰਿਹਾ ਸੀ। ਉਸ ਦੇ ਬਾਪੂ ਨੇ ਸਕੂਲ ਸਮੇਂ ਬਾਅਦ ਹੈਡ ਮਾਸਟਰ ਨੂੰ ਦੇਸੀ ਆਂਡੇ, ਕੁੱਕੜ, ਗੰਨੇ, ਗੁੜ, ਘਿਉ, ਸਾਗ ਤੇ ਦੇਸੀ ਦਾਰੂ ਦੀ ਕੈਨੀ ਆਦਿ ਕਈ ਵਾਰ ਭੇਟਾ ਕਰਕੇ ਮੁੰਡੇ ਨੂੰ ਅੱਠਵੀਂ ਵਿੱਚ ਕਰਨ ਦੀ ਬੇਨਤੀ ਕੀਤੀ। ਨਤੀਜੇ ਵਾਲੇ ਦਿਨ 31 ਮਾਰਚ ਨੂੰ ਹੋਰ ਵਿਦਿਆਰਥੀਆਂ ਵਾਂਗ ਉਹ ਮੁੰਡਾ ਵੀ ਘਰ ਤੋਂ ਉਸ ਦੀ ਮਾਂ ਵੱਲੋਂ ਭੇਜੀਆਂ ਪਿੰਨੀਆਂ ਨਾਲ ਭਰਿਆ ਝੋਲਾ ਲੈ ਕੇ ਆਇਆ ਸੀ ਕਿ ਜਦੋਂ ਉਹ ਪਾਸ ਹੋਣ ਬਾਰੇ ਸੁਣੇਗਾ ਤਾਂ ਉਹ ਹੈਡ ਮਾਸਟਰ ਦਾ ਧੰਨਵਾਦ ਕਰੇਗਾ।
ਪਤਾ ਨਹੀਂ ਕੀ ਹੋਇਆ ਕਿ ਹੈਡ ਮਾਸਟਰ ਨੇ ਬਾਕੀ ਅਧਿਆਪਕਾਂ ਦੀ ਸਲਾਹ ਮੰਨਦੇ ਹੋਏ ਉਸ ਨੂੰ ਫਿਰ ਫੇਲ੍ਹ ਕਰ ਦਿੱਤਾ, ਕਿਉਂਕਿ ਉਸ ਨੇ ਸਾਰੇ ਪੇਪਰ ਖਾਲੀ ਛੱਡੇ ਹੋਏ ਸਨ। ਜਦੋਂ ਉਸ ਮੁੰਡੇ ਨੇ ਆਪਣਾ ਨਾਮ ਫੇਲ੍ਹ ਹੋਣ ਵਾਲਿਆਂ ਵਿੱਚ ਸੁਣਿਆ ਤਾਂ ਉਸ ਨੇ ਪੱਥਰ ਵਰਗੀ ਸਖਤ ਇਕ ਪਿੰਨੀ ਹੈਡ ਮਾਸਟਰ ਦੇ ਮੱਥੇ ਉੱਤੇ ਦੇ ਮਾਰੀ। ਹੈਡ ਮਾਸਟਰ ਦਾ ਚਿਹਰਾ ਖੂਨ ਨਾਲ ਲਾਲ ਹੋ ਗਿਆ। ਉਹ ਕਹਿ ਰਿਹਾ ਸੀ, ‘ਇੰਨਾ ਕੁਝ ਮੇਰੇ ਬਾਪੂ ਨੇ ਖਿਲਾਇਆ ਪਿਲਾਇਆ। ਫਿਰ ਵੀ ਫੇਲ੍ਹ ਕਰ ਦਿੱਤਾ।' ਲਾਲ ਪੀਲਾ ਹੋਇਆ ਤੇ ਬੋਲਦਾ ਹੋਇਆ ਉਹ ਮੁੰਡਾ ਐਸਾ ਸਕੂਲੋਂ ਭੱਜਿਆ ਕਿ ਫਿਰ ਕਦੇ ਸਕੂਲ ਨਹੀਂ ਆਇਆ।
ਅਸੀਂ ਸਾਰੇ ਬੱਚਿਆਂ ਨੇ ਠਿੱਗਣੇ ਅਤੇ ਮੋਟੇ ਜੁੱਸੇ ਵਾਲੇ ਹੈਡ ਮਾਸਟਰ ਦਾ ਨਾਂ ‘ਡੋਚ' ਪਾਇਆ ਹੋਇਆ ਸੀ। ‘ਡੋਚ' ਨਾਮ ਕਿਵੇਂ ਪਿਆ ਸੀ, ਇਸ ਦਾ ਇਤਿਹਾਸ ਕਦੇ ਫਿਰ ਫਰੋਲਾਂਗੇ। ਤਦ ਤੱਕ ਆਮੀਨ!

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”