Welcome to Canadian Punjabi Post
Follow us on

22

April 2021
ਨਜਰਰੀਆ

ਦਾਦੀ ਮਾਂ ਦੀਆਂ ਬਾਤਾਂ

April 01, 2021 03:13 AM

-ਗਗਨਦੀਪ ਧਾਲੀਵਾਲ
ਦੋਸਤੋ, ਦਾਦੀ ਮਾਂ ਦਾ ਪਿਆਰ ਕਿਸਮਤ ਵਾਲਿਆਂ ਨੂੰ ਹੀ ਮਿਲਦਾ ਹੈ। ਜਿਨ੍ਹਾਂ ਨੇ ਦਾਦੀ ਦੇ ਪਿਆਰ ਦਾ ਨਿੱਘ ਨਹੀਂ ਮਾਣਿਆ, ਉਨ੍ਹਾਂ ਲਈ ਇਹ ਗੱਲਾਂ ਸ਼ਾਇਦ ਬਹੁਤ ਹੈਰਾਨਕੁੰਨ ਹੋ ਸਕਦੀਆਂ ਹਨ। ਬਚਪਨ ਦੀਆਂ ਯਾਦਾਂ ਹਰ ਇਨਸਾਨ ਦਾ ਅਨਮੋਲ ਖਜ਼ਾਨਾ ਹੁੰਦੀਆਂ ਹਨ। ਕੋਈ ਭਾਵੇਂ ਕਿੰਨਾ ਵੀ ਗਰੀਬ ਹੋਵੇ ਜਾਂ ਕਿੰਨਾ ਵੀ ਅਮੀਰ, ਬਚਪਨ ਦੇ ਦੌਰ ਨੂੰ ਚਾਹ ਕੇ ਵੀ ਭੁਲਾ ਨਹੀਂ ਸਕਦਾ। ਪਹਿਲੇ ਸਮਿਆਂ ਵਿੱਚ ਜ਼ਿਆਦਾਤਰ ਸਾਂਝੇ ਪਰਵਾਰ ਹੁੰਦੇ ਸਨ। ਘਰਾਂ ਵਿੱਚ ਟੀ ਵੀ, ਰੇਡੀਓ ਵੀ ਨਹੀਂ ਸਨ। ਵੱਡਿਆਂ ਲਈ ਮਨੋਰੰਜਨ ਦੇ ਸਾਧਨ ਸੱਥਾਂ ਵਿੱਚ ਬੈਠ ਕੇ ਤਾਸ਼ ਖੇਡਣਾ ਜਾਂ ਕਿੱਸੇ ਪੜ੍ਹਨੇ ਤੇ ਸੁਣਨੇ ਹੁੰਦੇ ਸਨ। ਬੱਚਿਆਂ ਲਈ ਮਨੋਰੰਜਨ ਦਾਦੀ ਜਾਂ ਨਾਨੀ ਦੀਆਂ ਬਾਤਾਂ ਹੁੰਦੀਆਂ ਸਨ। ਦਿਨ ਵੇਲੇ ਬਾਤ ਪਾਉਣਾ ਬੁਰਾ ਮੰਨਿਆ ਜਾਂਦਾ ਸੀ, ਕਿਉਂਕਿ ਅਜਿਹਾ ਕਰਨ ਨਾਲ ਚੰਦ (ਬੱਚਿਆਂ ਲਈ ਮਾਮਾ) ਰਾਹ ਭੁੱਲ ਜਾਂਦਾ ਹੈ। ਰਾਤ ਨੂੰ ਤਾਰਿਆਂ ਦੀ ਲੋਅ ਵਿੱਚ ਸੌਣ ਲੱਗੇ ਬੱਚੇ ਆਪਣੀ ਦਾਦੀ ਜਾਂ ਘਰ ਦੇ ਕਿਸੇ ਵੱਡੇ-ਵਡੇਰੇ ਤੋਂ ਕਹਾਣੀਆਂ, ਬਾਤਾਂ ਸੁਣਦੇ। ਉਨ੍ਹਾਂ ਵੱਲੋਂ ਪਾਈਆਂ ਬੁਝਾਰਤਾਂ ਦੇ ਉੱਤਰ ਸੋਚ-ਸੋਚ ਕੇ ਦਿੰਦੇ। ਬੱਚੇ ਰੋਜ਼ ਨਵੀਂ ਬਾਤ ਸੁਣਨ ਤੇ ਬੁੱਝਣ ਲਈ ਉਤਾਵਲੇ ਰਹਿੰਦੇ। ਉਹ ਉਡੀਕ ਕਰਦੇ ਕਿ ਕਦੋਂ ਰਾਤ ਪਵੇਗੀ ਤੇ ਅਸੀਂ ਨਵੀਆਂ-ਨਵੀਆਂ ਬਾਤਾਂ ਅਤੇ ਕਹਾਣੀਆਂ ਸੁਣਾਂਗੇ। ਮਨੋਰੰਜਨ ਵੀ ਹੋ ਜਾਂਦਾ ਅਤੇ ਕੋਈ ਨਾ ਕੋਈ ਸਿੱਖਿਆ ਵੀ ਮਿਲਦੀ ਸੀ। ਸਭ ਤੋਂ ਵੱਡੀ ਗੱਲ ਕਿ ਸਾਡਾ ਬਜ਼ੁਰਗਾਂ ਨਾਲ ਮੋਹ ਬਣਿਆ ਹੋਇਆ ਸੀ। ਸਭ ਤੋਂ ਛੋਟਾ ਬੱਚਾ ਦਾਦੀ ਦੀ ਗੋਦ ਵਿੱਚ ਬੈਠ ਜਾਂਦਾ। ਇਹ ਉਸ ਦਾ ਹੱਕ ਹੁੰਦਾ ਸੀ। ਬਾਕੀ ਉਸ ਦੇ ਆਲੇ-ਦੁਆਲੇ ਇਕੱਠੇ ਹੋ ਜਾਂਦੇ।
ਫਿਰ ਦਾਦੀ ਬਾਤਾਂ ਸ਼ੁਰੂ ਕਰਦੀ। ਦੇਰ ਰਾਤ ਤੱਕ ਇਹ ਸਿਲਸਿਲਾ ਚਲਦਾ ਰਹਿੰਦਾ। ਦਾਦੀ ਭਾਵੇਂ ਪੜ੍ਹੀ-ਲਿਖੀ ਨਾ ਹੁੰਦੀ, ਪਰ ਉਸ ਕੋਲ ਬਾਤਾਂ ਦਾ ਭੰਡਾਰ ਸੀ। ਬਚਪਨ ਵਿੱਚ ਦਾਦੀ ਮੈਨੂੰ ਵੀ ਬਹੁਤ ਕਹਾਣੀਆਂ ਸੁਣਾਉਂਦੀ ਸੀ, ਜਿਵੇਂ ਕਿ ਪਰੀਆਂ, ਰਾਜਕੁਮਾਰਾਂ, ਰਾਜੇ-ਰਾਣੀਆਂ ਦੀਆਂ ਕਹਾਣੀਆਂ। ਅਸੀਂ ਸਾਰੇ ਕਹਾਣੀਆਂ ਸੁਣਦੇ ਤੇ ਉਨ੍ਹਾਂ ਬਾਰੇ ਸੋਚਦੇ-ਸੋਚਦੇ ਸੌਂ ਜਾਂਦੇ। ਦਾਦੀ ਇੱਕ ਕਹਾਣੀ ਸੁਣਾਉਂਦੀ ਹੁੰਦੀ ਸੀ ਤੋਤੇ-ਤੋਤੀ ਦੀ। ਉਹ ਅੱਜ ਵੀ ਮੈਨੂੰ ਯਾਦ ਹੈ। ਮੈਨੂੰ ਆਪਣੀ ਦਾਦੀ ਮਾਂ ਨਾਲ ਬਹੁਤ ਪਿਆਰ ਸੀ। ਚਾਹੇ ਮੇਰੇ ਦਾਦੀ ਜੀ ਅੱਜ ਦੁਨੀਆ ਵਿੱਚ ਨਹੀਂ, ਪਰ ਉਨ੍ਹਾਂ ਦੀਆਂ ਕਹਾਣੀਆਂ, ਬਾਤਾਂ ਅੱਜ ਵੀ ਜਿੰਦਾ ਹਨ, ਜੋ ਸਾਡੇ ਬਚਪਨ ਨੂੰ ਰੰਗੀਨ ਬਣਾਉਂਦੀਆਂ ਸਨ। ਅੱਜ ਵੀ ਦਾਦੀ ਮਾਂ ਦੀਆਂ ਕਹੀਆਂ ਗੱਲਾਂ ਦੀ ਝਲਕ ਮੇਰੀ ਸ਼ਖਸੀਅਤ ਉੱਤੇ ਪ੍ਰਭਾਵ ਪਾਉਂਦੀ ਹੈ। ਅੱਜ ਮੈਂ ਜੋ ਵੀ ਹਾਂ, ਮੇਰੀ ਦਾਦੀ ਮਾਂ ਦੀ ਹੱਲਾਸ਼ੇਰੀ ਕਰ ਕੇ ਹੀ ਹਾਂ। ਮੇਰੀਆਂ ਕਵਿਤਾਵਾਂ, ਲੇਖਾਂ, ਕਹਾਣੀਆਂ ਵਿੱਚ ਦਾਦੀ ਮਾਂ ਦੀਆਂ ਦੱਸੀਆਂ ਗੱਲਾਂ ਸ਼ਾਮਲ ਹਨ। ਅੱਜ ਵੀ ਮੈਨੂੰ ਯਾਦ ਹੈ ਕਿ ਜਦੋਂ ਰਾਤ ਨੂੰ ਸੌਣ ਤੋਂ ਪਹਿਲਾਂ ਅਸੀਂ ਘਰ ਦੀ ਛੱਤ ਉੱਤੇ ਮੰਜੀਆਂ ਉਪਰ ਛਾਲਾਂ ਮਾਰਦੇ ਤੇ ਦਾਦੀ ਮਾਂ ਦੀ ਆਉਣ ਦੀ ਉਡੀਕ ਕਰਦੇ ਰਹਿੰਦੇ ਸਾਂ। ਅਕਸਰ ਅਸੀਂ ਚੰਦ ਨੂੰ ਦੇਖਦੇ ਰਹਿੰਦੇ ਤੇ ਉਸ ਨੂੰ ਅਸੀਂ ਆਪਣਾ ਚੰਦਾ ਮਾਮਾ ਮੰਨ ਲੈਂਦੇ ਸਾਂ। ਗਰਮੀਆਂ ਵਿੱਚ ਜਦੋਂ ਬਿਜਲੀ ਭੱਜ ਜਾਂਦੀ ਤਾਂ ਦਾਦੀ ਮਾਂ ਸਾਰਿਆਂ ਨੂੰ ਕੋਠੇ ਉਪਰ ਲੈ ਕੇ ਬੈਠ ਜਾਂਦੀ। ਅਸੀਂ ਸਾਰੇ ਲੱਕੜ ਦੀ ਪੱਖੀ ਨਾਲ ਹਵਾ ਝੱਲਣ ਦੀ ਵਾਰੀ ਬੰਨ੍ਹ ਲੈਂਦੇ ਸਾਂ ਅਤੇ ਦਾਦੀ ਤੋਂ ਬਾਤਾਂ ਸੁਣਨ ਦੀ ਅੜੀ ਕਰਦੇ ਸਾਂ। ਦਾਦੀ ਦੇ ਆਉਂਦਿਆਂ ਹੀ ਅਸੀਂ ਉਸ ਨੂੰ ਚਿੰਬੜ ਜਾਣਾ। ਦਾਦੀ ਨੇ ਸਾਰਿਆਂ ਨੂੰ ਪਾਸੇ ਕਰਦੇ ਹੋਏ ਮੇਰੇ ਵੱਲ ਹੋ ਜਾਣਾ। ਮੈਂ ਦਾਦੀ ਦਾ ਸਭ ਤੋਂ ਚਹੇਤਾ ਸਰੋਤਾ ਸੀ ਅਤੇ ਮੈਨੂੰ ਦਾਦੀ ਉੱਤੇ ਬਹੁਤ ਮਾਣ ਸੀ।
‘‘ਦਾਦੀ ਬਾਤ ਸੁਣਨੀ ਹੈ?” ਮੇਰੀ ਭੈਣ ਨੇ ਕਹਿਣਾ। ਦਾਦੀ ਨੇ ਆਖਣਾ, ‘ਸੌਂ ਜਾਓ ਜਾ ਕੇ। ਕੋਈ ਬਾਤ-ਬੂਤ ਨਹੀਂ ਸੁਣਾਉਣੀ।’ ਦਾਦੀ ਨੇ ਸਾਰਿਆਂ ਨੂੰ ਸੌਣ ਲਈ ਕਹਿਣਾ, ਪਰ ਜਦੋਂ ਮੈਂ ਆਖਣਾ ਕਿ ਨਹੀਂ ਦਾਦੀ, ਅਸੀਂ ਬਾਤ ਸੁਣਨੀ ਹੈ। ਤੁਹਾਡੀ ਬਾਤ ਤੋਂ ਬਿਨਾਂ ਸਾਨੂੰ ਨੀਂਦ ਨਹੀਂ ਆਉਣੀ ਤਾਂ ਦਾਦੀ ਝੱਟ ਕਹਾਣੀ ਜਾਂ ਬਾਤ ਸੁਣਾ ਦਿੰਦੇ ਸਨ। ਇਸ ਤੋਂ ਬਾਅਦ ਸਾਡਾ ਝਗੜਾ ਕਹਾਣੀ ਬਾਰੇ ਚੱਲ ਪੈਣਾ। ਕਿੱਦਾਂ ਦੀ ਕਹਾਣੀ ਸੁਣਨੀ ਹੈ। ਤੋਤੇ-ਤੋਤੀ ਵਾਲੀ, ਚਿੜੀ-ਕਾਂ, ਗਿੱਦੜ, ਬਟੇਰੇ ਵਾਲੀ ਜਾਂ ਧਰਮ ਰਾਜ ਵਾਲੀ ਆਦਿ। ਅਸੀਂ ਦਾਦੀ ਨੂੰ ਕਹਿਣਾ ਕਿ ਭੂਤ ਵਾਲੀ ਕਹਾਣੀ ਨਾ ਸੁਣਾਈਂ। ‘ਹੁੰਗਾਰਾ' ਦਾਦੀ ਦੀ ਸ਼ਰਤ ਹੋਇਆ ਕਰਦੀ ਸੀ। ਉਹ ਆਖਦੀ ਸੀ ਕਿ ਉਹ ਬਾਤ ਤਦੇ ਸੁਣਾਏਗੀ, ਜੇ ਹੁੰਗਾਰਾ ਭਰਾਂਗੇ। ਹੁੰਗਾਰੇ ਦਾ ਮਤਲਬ ਹੁੰਦਾ ਸੀ ਸਾਡੇ ਮੂੰਹੋਂ ਨਿਕਲੀ ਹੂੰ ਦੀ ਆਵਾਜ਼। ਉਹ ਬਾਤ ਸੁਣਾਉਂਦੀ-ਸੁਣਾਉਂਦੀ ਰੁਕ ਜਾਂਦੀ ਤੇ ਸਾਡੇ ਹੁੰਗਾਰੇ ਦੀ ਉਡੀਕ ਕਰਦੀ। ਹੁੰਗਾਰਾ ਮਿਲਣ ਉੱਤੇ ਉਹ ਬਾਤ ਅੱਗੇ ਤੋਰਦੀ। ਜੇ ਹੁੰਗਾਰਾ ਨਾ ਮਿਲਣਾ ਤਾਂ ਉਸ ਨੇ ਪੁੱਛਣਾ,‘‘ਭੈੜਿਓ, ਸੌਂ ਤਾਂ ਨਹੀਂ ਗਏ?” ਫਿਰ ਦਾਦੀ ਕਹਿੰਦੀ ਕਿ ਕਾਲੇ ਕਾਂ ਦੀ ਬਾਤ ਸੁਣਾ ਦਿੰਦੀ ਹਾਂ। ਅਸੀਂ ਕਹਿੰਦੇ, ‘‘ਨਹੀਂ ਦਾਦੀ! ਅਸੀਂ ਕਾਲੇ ਕਾਂ ਦੀ ਕਹਾਣੀ ਵੀ ਨਹੀਂ ਸੁਣਨੀ। ਸਾਨੂੰ ਤਾਂ ਸੋਹਣੀ ਜਿਹੀ ਬਾਤ ਸੁਣਾਓ।”
ਦਾਦੀ ਚੁੱਪ ਕਰ ਜਾਂਦੀ ਤੇ ਸੋਚਦੀ ਰਹਿੰਦੀ। ਉਹ ਕਿੰਨੀ ਦੇਰ ਤੱਕ ਸਾਡੇ ਮੂੰਹਾਂ ਵੱਲ ਦੇਖਦੀ ਰਹਿੰਦੀ। ਅਸੀਂ ਉਸ ਵੱਲ ਦੇਖ ਕੇ ਹੱਸਦੇ ਅਤੇ ਫਿਰ ਸਾਡਾ ਸਾਰਿਆਂ ਦਾ ਹਾਸਾ ਨਿਕਲ ਜਾਂਦਾ। ਅਸੀਂ ਉਚੀ-ਉਚੀ ਹੱਸਣਾ ਲੱਗਦੇ। ਇੱਕ ਵਾਰ ਦਾਦੀ ਜੀ ਨੇ ਮੈਨੂੰ ਦੱਸਿਆ ਕਿ ਤੇਰਾ ਦਾਦਾ ਮੈਨੂੰ ਪੇਕੇ ਤੋਂ ਘੋੜੀ ਉੱਤੇ ਲੈਣ ਗਿਆ ਸੀ। ਉਸ ਸਮੇਂ ਕੱਚੇ ਰਾਹ ਹੁੰਦੇ ਸਨ। ਥਾਂ ਗਿੱਲਾ ਸੀ। ਅਚਾਨਕ ਰਸਤੇ ਵਿੱਚ ਘੋੜੀ ਦਾ ਪੈਰ ਅੜਕ ਗਿਆ ਤੇ ਮੈਂ ਪਰੇ ਖੇਤ ਵਿੱਚ ਜਾ ਡਿੱਗੀ। ਤੇਰੇ ਦਾਦੇ ਨੇ ਮੈਨੂੰ ਖੜ੍ਹੀ ਨਾ ਕੀਤਾ, ਸਗੋਂ ਆਪਣੀਆਂ ਭਿੱਜੀਆਂ ਜੁਰਾਬਾਂ ਦੇਖਣ ਲੱਗ ਪਿਆ।
ਕਈ ਵਾਰ ਦਾਦੀ ਨੇ ਜਦ ਰੇਲ ਗੱਡੀ ਰਾਹੀਂ ਪਟਿਆਲੇ ਜਾਣਾ ਤਾਂ ਮੈਨੂੰ ਨਾਲ ਲੈ ਜਾਂਦੀ। ਦਾਦੀ ਮੈਨੂੰ ਧੂਰੀ ਸਟੇਸ਼ਨ ਉੱਤੇ ਬਰੈੱਡ ਲੈ ਕੇ ਦਿੰਦੀ। ਅੱਜ ਜਦੋਂ ਕਦੇ ਅਸੀਂ ਪਟਿਆਲੇ ਰੇਲਗੱਡੀ ਰਾਹੀਂ ਜਾਂਦੇ ਹਾਂ ਤਾਂ ਧੂਰੀ ਸਟੇਸ਼ਨ ਉੱਤੇ ਬਰੈੱਡਾਂ ਦੀ ਮਹਿਕ ਮੇਰੇ ਸਾਹਾਂ ਰਾਹੀਂ ਅੰਦਰ ਜਾ ਕੇ ਦਾਦੀ ਮਾਂ ਦੀਆਂ ਯਾਦਾਂ ਤਾਜ਼ਾ ਕਰਦੀ ਹੈ। ਇੱਕ ਵਾਰ ਦੀ ਗੱਲ ਯਾਦ ਹੈ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਸੀ। ਮੈਂ ਦਾਦੀ ਤੋਂ ਪੁੱਛਿਆ ਕਿ ਦਾਦੀ, ਪੰਜਾਬ ਕਿਵੇਂ ਵੰਡਿਆ ਗਿਆ? ਕੀ ਤੁਸੀਂ ਹੱਲਾ ਹੋਇਆ ਦੇਖਿਆ ਹੈ?” ਦਾਦੀ ਕਹਿਣ ਲੱਗੀ, ਓਦੋਂ ਮੇਰੀ ਉਮਰ ਇੱਕ ਘੱਟ ਤੀਹ ਸੀ। ਇਹ ਕਹਿ ਕੇ ਦਾਦੀ ਦੀਆਂ ਅੱਖਾਂ ਵਿੱਚੋਂ ਅੱਥਰੂ ਵਗਣ ਲੱਗੇ। ਸੱਚ ਜਾਣਿਓ ਉਹ ਗੱਲਾਂ ਸੁਣ ਕੇ ਮੇਰਾ ਵੀ ਰੋਣਾ ਨਿਕਲ ਆਇਆ। ਦਾਦੀ ਕਦੇ ਆਪਣਾ ਦੁੱਖ ਚਿਹਰੇ ਉੱਤੇ ਨਹੀਂ ਸਨ ਲੈ ਕੇ ਆਉਂਦੇ। ਇੱਕ ਦਿਨ ਦਾਦੀ ਜੀ ਇਕਦਮ ਬਿਮਾਰ ਹੋਏ ਅਤੇ ਉਨਾਂ ਦਾ ਰੋਟੀ-ਪਾਣੀ ਛੁੱਟ ਗਿਆ। ਉਹ ਦੋ ਕੁ ਮਹੀਨੇ ਮੰਜੇ ਉਪਰ ਪਏ ਰਹੇ। ਸੱਤ ਜੁਲਾਈ ਨੂੰ ਦਾਦੀ ਨੇ ਦਮ ਤੋੜ ਦਿੱਤਾ। ਅੱਖਾਂ ਬੰਦ ਕਰ ਕੇ ਸੁੰਨ ਜਿਹੀ ਹੋ ਗਈ। ਮੇਰੇ ਦਾਦੀ ਮਾਂ ਦੀਆਂ ਬਾਤਾਂ, ਗੱਲਾਂ-ਬਾਤਾਂ ਤੇ ਕਥਾ-ਕਹਾਣੀਆਂ ਮੇਰੀ ਜ਼ਿੰਦਗੀ ਦਾ ਆਧਾਰ ਹਨ।

Have something to say? Post your comment