Welcome to Canadian Punjabi Post
Follow us on

18

April 2021
ਨਜਰਰੀਆ

ਭੱਠੀ ਵਾਲੀ ਦਾ ਕੋਕਾ

March 12, 2021 01:54 AM

-ਬਲਜੀਤ ਪਰਮਾਰ
ਕੋਕੋ ਨੂੰ ਸਾਰਾ ਪਿੰਡ ਆਪਣੀ ਨੂੰਹ ਸਮਝਦਾ ਸੀ। ਕਿਸੇ ਵੀ ਘਰ ਕੋਈ ਖ਼ੁਸ਼ੀ ਗਮੀ ਹੋਣੀ ਤਾਂ ਉਹ ਸਭ ਤੋਂ ਪਹਿਲਾਂ ਬਹੁੜਦੀ ਸੀ। ਆਉਂਦੀ ਨੇ ਚੁੱਲ੍ਹਾ ਚੌਂਕਾ ਸਾਂਭ ਲੈਣਾ ਤੇ ਸਾਰਿਆਂ ਦੇ ਖਾਣ-ਪੀਣ ਦਾ ਖਿਆਲ ਰੱਖਣਾ। ਕਦੇ ਲੂਣ-ਮਿਰਚ ਥੁੜ੍ਹ ਜਾਣਾ ਤਾਂ ਭੱਜ ਕੇ ਆਪਣੇ ਘਰੋਂ ਲੈ ਆਉਣਾ। ਰੰਗ ਵਿੱਚ ਭੰਗ ਨਹੀਂ ਸੀ ਪਾਉਂਦੀ ਅਤੇ ਨਾ ਮੱਥੇ ਵੱਟ ਪਾਉਣਾ। ਮੌਕੇ ਮੁਤਾਬਕ ਹੱਸ ਕੇ ਜਾਂ ਚੁੱਪ ਕਰ ਕੇ ਸਾਰੇ ਕੰਮ ਸਿਰੇ ਚਾੜ੍ਹ ਦੇਣੇ। ਚੰਗੀ ਤਾਂ ਆਪੇ ਲੱਗਣੀ ਸੀ ਸਾਰਿਆਂ ਨੂੰ!
ਘਰੋਂ ਬਾਹਰ ਉਹ ਆਮ ਕਰ ਕੇ ਅੱਧਾ ਕ ਘੁੰਡ ਕੱਢ ਕੇ ਰੱਖਦੀ। ਇਸਦੀ ਇੱਕ ਵਜ੍ਹਾ ਵੀ ਸੀ। ਨੈਣ ਨਕਸ਼ ਉਹਦੇ ਭਾਵੇਂ ਵਾਹਵਾ ਤਿੱਖੇ ਸੀ ਪਰ ਗੱਲ੍ਹਾਂ ਤੇ ਸਿਆਹੀਆਂ ਜਿਹੀਆਂ ਸਨ। ਉਹ ਨੂੰ ਆਪਣਾ ਚਿਹਰਾ ਹੋਰੰੂ ਜਿਹਾ ਲੱਗਦਾ ਸੀ। ਗੱਲ ਰਹੀ ਉਹਦੇ ਨਾਂ ਦੀ। ਕੋੋਕੋ: ਹੋਇਆ ਇੰਜ ਬਈ ਜਦੋਂ ਉਹ ਵਿਆਹੀ ਆਈ ਤਾਂ ਚਾਰ ਕੁ ਗਹਿਣੇ ਸੀਗੇ ਉਹਦੇ ਕੋਲ, ਪਰ ਸਹੁਰੇ ਦੀ ਲੰਮੀ ਬਿਮਾਰੀ ਵੇਲੇ ਇਲਾਜ ਵਿੱਚ ਲੱਗ ਗਏ। ਅੰਤ ਨਾ ਉਹ ਬਚਿਆ, ਨਾ ਗਹਿਣੇ। ਰਾਮਾ ਨਾਂ ਸੀ ਉਹਦੇ ਪਤੀ ਦਾ। ਅੱਧੀ ਉਮਰ ਵਿਆਹ ਕਰਨੋਂ ਨਾਂਹ ਨੁੱਕਰ ਕਰਦਾ ਰਿਹਾ। ਚਾਲੀਆਂ ਨੂੰ ਢੁੱਕਿਆ ਤਾਂ ਮਾਂ-ਪਿਓ ਦੇ ਕਹੇ ਮੰਨ ਗਿਆ।
ਪਿੰਡ ਦਾ ਸ਼ਾਇਦ ਹੀ ਕੋਈ ਵਿਆਹ ਹੋਊ, ਜਿਸ ਦੀ ਜੰਞ ਜਾਂ ਰਸਮ ਡੋਲੀ ਵਿੱਚ ਰਾਮੇ ਦੀ ਹਾਜ਼ਾਰੀ ਨਾ ਲੱਗੀ ਹੋਵੇ ਪਰ ਉਹਦੇ ਵਿਆਹ ਦੀ ਜੰਞ ਨਾ ਚੜ੍ਹੀ। ਬਚਪਨ ਦੇ ਚਾਰ ਕੁ ਆੜੀ ਲੈ ਕੇ ਉਹ ਮਾਂ ਪਿਓ ਨਾਲ ਗਿਆ ਅਤੇ ਯੱਕੇ ਉਤੇ ਬਿਠਾ ਕੇ ਤੀਵੀਂ ਘਰੇ ਲੈ ਆਇਆ। ਤੀਵੀਂ ਦਾ ਉਹਨੂੰ ਬਾਹਲਾ ਚਾਅ ਜਿਹਾ ਨਹੀਂ ਸੀ। ਅੰਦਰਲੀਆਂ ਰਮਜ਼ਾਂ ਕੌਣ ਜਾਣੇ!
ਇੱਕ ਦਿਨ ਰਾਮਾ ਬੜਾ ਖ਼ੁਸ਼ ਜਿਹਾ ਘਰੇ ਵੜਿਆ। ਉਹਦੇ ਹੱਥ ਵਿੱਚ ਨਵਾਂ ਨਕੋਰ ਕੋਕਾ ਸੀ। ਅਸਲੀ ਸੀ ਜਾਂ ਨਕਲੀ, ਪਤਾ ਨਹੀਂ, ਪਰ ਕੋਕੇ ਦਾ ਨਗ ਲਿਸ਼ਕਾਂ ਬਹੁਤ ਮਾਰਦਾ ਸੀ। ਕਹਿੰਦਾ, ‘ਮੇਲੇ ਵਿੱਚ ਡਿੱਗਿਆ ਲੱਭਿਆ। ਕੀਹਨੂੰ ਕੀਹਨੂੰ ਪੁੱਛਦਾ ਬਈ ਕੀਹਦਾ।' ਬੱਸ ਖੀਸੇ ਵਿੱਚ ਸਾਂਭ ਕੇ ਘਰ ਲੈ ਆਇਆ ਤੇ ਤੀਵੀਂ ਦੇ ਨੱਕ ਵਿੱਚ ਜੜ ਦਿੱਤਾ। ਉਹਨੂੰ ਜਚਿਆ ਵੀ ਬਾਹਲਾ। ਮਰਦ ਤੀਵੀਆਂ ਉਹਦੀਆਂ ਗੱਲ੍ਹਾਂ ਵੱਲ ਘੱਟ ਅਤੇ ਕੋਕੇ ਵੱਲ ਵੱਧ ਦੇਖਦੇ। ਹੌਲੀ ਹੌਲੀ ਇਹ ਕੋਕੇ ਆਲੀ ਤੋਂ ਕੋਕੋ ਬਣ ਗਈ। ਰਾਮਾ ਪਿੰਡ ਦੇ ਖਾਸੇ ਘਰਾਂ ਵਿੱਚ ਪਾਣੀ ਭਰਦਾ ਹੁੰਦਾ ਸੀ। ਖੂਹੀ ਤੋਂ ਪਾਣੀ ਖਿੱਚ ਕੇ ਉਹਨੇ ਮਸ਼ਕਾਂ ਭਰਨੀਆਂ ਅਤੇ ਹੱਥਾਂ ਨਾਲ ਮੂੰਹ ਬੰਨ੍ਹ ਕੇ ਕੱਛਾਂ ਥੱਲੇ ਦੇ ਲੈਣੀਆਂ। ਬੜਾ ਤੇਜ਼ ਤੁਰਦਾ ਸੀ। ਤੁਰਦਾ ਕਾਹਦਾ, ਭੱਜਦਾ ਸੀ। ਸ਼ਾਇਦ ਮੋਢਿਆਂ ਦਾ ਭਾਰ ਜਲਦੀ ਲਾਹੁਣਾ ਚਾਹੁੰਦਾ ਸੀ। ਬਾਹਲਾ ਸ਼ਰੀਫ਼ ਬੰਦਾ ਸੀ। ਗੁੱਸਾ ਜਾਣੀ ਉਹਨੂੰ ਆਉਂਦਾ ਈ ਨਹੀਂ ਸੀ। ਸ਼ਰਾਰਤੀ ਮੁੰਡਿਆਂ ਨੇ ਉਹਨੂੰ ਛੇੜਿਆ ਕਰਨਾ, ਕਹਿਣਾ- ਤੇਰੇ ਸਿਰ `ਤੇ ਕਾਂ ਦੀ ਬਿੱਠ। ਉਨ੍ਹਾਂ ਨੂੰ ਲੱਗਣਾ ਬਈ ਉਹ ਮਸ਼ਕ ਦਾ ਮੂੰਹ ਛੱਡ ਕੇ ਸਿਰ ਅਤੇ ਹੱਥ ਫੇਰੇਗਾ ਤੇ ਸਾਰਾ ਪਾਣੀ ਡੁੱਲ੍ਹ ਜਾਵੇਗਾ। ਉਹਨੇ ਹੱਸਣਾ ਤੇ ਕਹਿਣਾ; ਕੋਈ ਨ੍ਹੀਂ ਪੁੱਤ, ਤੇਰੇ ਪਿਓ ਤੋਂ ਸਾਫ ਕਰਾ ਲਊਂਗਾ। ਮੇਰਾ ਆੜੀ ਆ।
ਉਹਦੀ ਮਾਂ ਬੀਬੋ ਬੇਬੇ ਭੱਠੀ ਸਾਂਭਦੀ ਸੀ। ਸਾਰਾ ਦਿਨ ਦਾਣੇ ਭੁੰਨਣੇ ਅਤੇ ਘਰ ਦੀ ਰੋਟੀ ਪਾਣੀ ਵੀ ਕਰਨੀ। ਉਹਨੂੰ ਲੋਕ ਬੀਬੋ ਬੜਬੋਲੀ ਆਖਦੇ ਸੀ। ਜੀਭ ਬਹੁਤ ਚੱਲਦੀ ਸੀ ਉਹਦੀ। ਕਈ ਵਾਰ ਲੜਾਈ-ਝਗੜਾ ਵੀ ਹੋ ਜਾਣਾ। ਲੋਕਾਂ ਨੇ ਗਰੀਬੜੀ ਕਹਿ ਕੇ ਚੁੱਪ ਕਰ ਜਾਣਾ। ਤਿੰਨਾਂ ਜੀਆਂ ਦਾ ਟੱਬਰ ਨਿੱਕੇ ਜਿਹੇ ਘਰ ਰਹਿੰਦਾ ਸੀ। ਪਿਛਲਾ ਕਮਰਾ ਤਾਂ ਛਿੱਟੀਆਂ, ਲੱਕੜਾਂ, ਪਾਥੀਆਂ ਅਤੇ ਰੇਤੇ ਦੀਆਂ ਪੰਡਾਂ ਨਾਲ ਭਰਿਆ ਹੋਣਾ, ਬੈਠਕ ਵਿੱਚ ਦੋ ਮੰਜੇ ਤੇ ਹੋਰ ਨਿੱਕ-ਸੁੱਕ। ਬਾਹਰ ਚੁੱਲ੍ਹਾ ਚੌਂਕਾ ਅਤੇ ਭੱਠੀ। ਵੱਡੀ ਕੜਾਹੀ ਉਪਰੋਂ ਢੱਕਣ ਲਈ ਤੇ ਇੱਕ ਵੱਡੀ ਛਾਣਨੀ। ਇੱਕ ਫੂਕਣੀ ਤੇ ਇੱਕ ਚਿਮਟਾ ਕੋਲੇ ਰੱਖੇ ਹੋਣੇ। ਇੱਕ ਪਾਟੀ ਜਿਹੀ ਬੋਰੀ ਵਿਛਾਈ ਹੋਣੀ ਦਾਣੇ ਰੱਖਣ ਲਈ।
ਉਮਰ ਕਰ ਕੇ ਕਹਿ ਲਓ ਜਾਂ ਧੂਏ ਕਰ ਕੇ, ਉਹਦੀ ਨਿਗਾਹ ਜਵਾਬ ਦੇ ਗਈ। ਤੁਰਨਾ ਫਿਰਨਾ ਔਖਾ ਹੋ ਗਿਆ। ਹੋਰ ਚਿੜਚਿੜੀ ਹੋ ਗਈ। ਪੁੱਤ ਨੂੰਹ ਨਾਲ ਲੜਦੇ ਰਹਿਣਾ। ਐਵੇਂ ਕਲੇਸ਼ ਪਾਈ ਰੱਖਣਾ ਘਰ ਵਿੱਚ। ਫਿਰ ਕੋਕੋ ਨੂੰ ਭੱਠੀ ਉਤੇ ਬੈਠਣਾ ਪੈ ਗਿਆ। ਅੱਧਾ ਦਿਨ ਸੇਕ ਸਹਿਣਾ, ਧੂਆਂ ਫੱਕਣਾ ਅਤੇ ਅੱਧਾ ਦਿਨ ਸੱਸ ਦੇ ਤਾਅਨੇ-ਮਿਹਣੇ ਸੁਣਨੇ। ਸੁੱਖ ਸ਼ਾਂਤੀ ਜਾਂਦੀ ਜਿਹੀ ਜਾਪੀ। ਤੀਵੀਂ ਖਸਮ ਨੇ ਨੇੜੇ ਬਹਿ ਜਾਣਾ ਤਾਂ ਸੱਸ ਨੂੰ ਬਿੜਕ ਲੱਗ ਜਾਂਦੀ। ਫਿਰ ਗਾਲ੍ਹਾਂ ਦੀ ਝੜੀ।.. ਉਹ ਜਾਂਦੇ ਵੀ ਤਾਂ ਕਿੱਥੇ! ਵਿਆਹ ਸ਼ਾਦੀਆਂ ਵੀ ਰੋਜ਼ ਨਹੀਂ ਹੁੰਦੇ! ਧੀ ਪੁੱਤ ਵੀ ਨਿੱਤ ਨਹੀਂ ਜੰਮਦੇ! ਮਰਗਾਂ ਉਤੇ ਤਾਂ ਕੋਈ ਮੰਗਦਾ ਨਹੀਂ। ਧੇਲਾ ਟਕਾ ਆਵੇ ਤਾਂ ਕਿੱਥੋਂ ਆਵੇ? ਬੱਸ ਇਨ੍ਹਾਂ ਗੁੰਝਲਾਂ ਵਿੱਚ ਘਿਰੇ ਦਿਨ ਲੰਘ ਜਾਣਾ ਤੇ ਰਾਤ ਮੁੱਕ ਜਾਣੀ।
ਇੱਕ ਦਿਨ ਭਾਣਾ ਵਾਪਰ ਗਿਆ। ਪਤਾ ਨਹੀਂ ਕਿਵੇਂ ਪਾਣੀ ਭਰਦਾ ਰਾਮਾ ਖੂਹੀ ਵਿੱਚ ਡਿੱਗ ਪਿਆ। ਬਾਹਰ ਕੱਢਿਆ ਤਾਂ ਸਾਹ ਹੈ ਨਹੀਂ। ਲੋਕਾਂ ਨੇ ਦੇਹ ਚੁੱਕ ਕੇ ਬੀਬੋ ਦੇ ਵਿਹੜੇ ਲਿਆ ਧਰੀ। ਅੰਨ੍ਹੀਆਂ ਅੱਖਾਂ ਵਿੱਚੋਂ ਹੰਙ ਚਮਕਣ। ਕੋਕੋ ਪੱਥਰ ਵਾਂਗੂ ਖ਼ਾਮੋਸ਼। ਤੀਵੀਆਂ ਆਖਣ; ਕੁੜੇ ਰੋ ਲੈ। ਜੀਅ ਹੌਲਾ ਹੋਜੂ। ਉਹਨੇ ਬੜੇ ਸਹਿਜ ਨਾਲ ਪੋਲੇ ਹੱਥੀਂ ਨੱਕ ਵਿੱਚੋਂ ਕੋਕਾ ਕੱਢਿਆ। ਹੱਥ ਉਤੇ ਘਰ ਕੇ ਬਿੰਦ ਕੁ ਘੂਰਦੀ ਰਹੀ। ਰੋਣਹਾਕਾ ਹਾਉਕਾ ਜਿਹਾ ਬੁੱਲ੍ਹਾਂ ਵਿੱਚ ਕੰਬਿਆ। ਕਹੇ, ਇਹ ਦੇ ਨਾਲ ਕਿਹੜਾ ਢਿੱਡ ਭਰਨੈ। ਉਹਨੇ ਲੰਮਾ ਸਾਹ ਖਿੱਚਿਆ ਅਤੇ ਕੋਕਾ ਸਦਾ ਲਈ ਸੁੱਤੇ ਰਾਮੇ ਦੇ ਗਿੱਲੇ ਝੱਗੇ ਦੇ ਖ਼ੀਸੇ ਵਿੱਚ ਪਾ ਦਿੱਤਾ।

Have something to say? Post your comment