ਟੋਰਾਂਟੋ, 4 ਮਾਰਚ (ਪੋਸਟ ਬਿਊਰੋ) : ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਇੱਕ ਦਹਾਕੇ ਤੋਂ ਕਥਿਤ ਤੌਰ ਉੱਤੇ ਕਿਰਾਇਆ ਦੇਣ ਤੋਂ ਬਚ ਰਹੇ ਦੋ ਵਿਅਕਤੀਆਂ ਨੂੰ ਚਾਰਜ ਕੀਤਾ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਇੱਕ ਪੁਰਸ਼ ਤੇ ਇੱਕ ਮਹਿਲਾ ਕੋਈ ਅਪਾਰਟਮੈਂਟ ਪਹਿਲਾਂ ਕਿਰਾਏ ਉੱਤੇ ਲੈ ਲੈਂਦੇ ਸਨ ਫਿਰ ਪਹਿਲੇ ਤੇ ਆਖਰੀ ਮਹੀਨਿਆਂ ਦਾ ਕਿਰਾਇਆ ਅਦਾ ਕਰ ਦਿੰਦੇ ਸਨ ਪਰ ਫਿਰ ਉਹ ਕਿਰਾਇਆ ਦੇਣਾ ਬੰਦ ਕਰ ਦਿੰਦੇ ਸਨ। ਅਜਿਹਾ ਕਰਕੇ ਉਨ੍ਹਾਂ ਕਈ ਅਪਾਰਟਮੈਂਟਸ ਬਦਲੇ।ਹਾਲਾਂਕਿ ਇਹ ਜੋੜਾ ਪਿਛਲੇ ਦਸ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਇੱਕੋ ਇੰਪਲੌਇਅਰ ਕੋਲ ਕੰਮ ਕਰ ਰਿਹਾ ਹੈ ਪਰ ਇਹ ਆਪਣੇ ਮਕਾਨ ਮਾਲਕ ਨੂੰ ਇਹੋ ਆਖਦੇ ਸਨ ਕਿ ਉਹ ਬੇਰੋਜ਼ਗਾਰ ਹਨ। ਉਹ ਅਜਿਹਾ ਇਸ ਲਈ ਆਖਦੇ ਸਨ ਤਾਂ ਕਿ ਉਨ੍ਹਾਂ ਨੁੂੰ ਘਰ ਤੋਂ ਬਾਹਰ ਨਾ ਕੱਢਿਆ ਜਾਵੇ।
ਇੱਕ ਵਾਰੀ ਜਦੋਂ ਇਸ ਜੋੜੇ ਤੋਂ ਘਰ ਖਾਲੀ ਕਰਵਾ ਲਿਆ ਜਾਂਦਾ ਸੀ ਤਾਂ ਇਹ ਜੋੜਾ ਇਸ ਪ੍ਰਕਿਰਿਆ ਦੇ ਪੂਰਾ ਹੋਣ ਤੋਂ ਪਹਿਲਾਂ ਹੀ ਦੂਜਾ ਘਰ ਲੱਭਣ ਲੱਗ ਜਾਂਦਾ ਸੀ ਤਾਂ ਕਿ ਇਹੀ ਸਾਰਾ ਕੁੱਝ ਦੁਹਰਾਇਆ ਜਾ ਸਕੇ। 24 ਫਰਵਰੀ, 2021 ਨੂੰ 42 ਸਾਲਾ ਗੈਰੀ ਬੈਚਲਰ ਤੇ 45 ਸਾਲਾ ਮੈਂਡੀ ਚੈਪਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਦੋਵਾਂ ਨੂੰ 5000 ਡਾਲਰ ਤੋਂ ਵੱਧ ਫਰਾਡ ਦੇ ਸੱਤ-ਸੱਤ ਮਾਮਲਿਆਂ ਤੇ ਢੋਂਗ ਦੇ ਦੋ ਮਾਮਲਿਆਂ ਵਿੱਚ ਚਾਰਜ ਕੀਤਾ ਗਿਆ ਹੈ।
ਪੁਲਿਸ ਨੇ ਆਖਿਆ ਕਿ ਇਸ ਜੋੜੇ ਵੱਲੋਂ ਦਸ ਸਾਲਾਂ ਤੱਕ ਵੱਖ ਵੱਖ ਰਿਹਾਇਸ਼ੀ ਇਮਾਰਤਾਂ ਵਿੱਚ ਇਸ ਤਰ੍ਹਾਂ ਦੇ ਫਰਾਡ ਕੀਤੇ ਗਏ। ਇਹ ਜੋੜਾ 120 ਮਾਹੀਨੇ ਲਈ ਵੱਖ ਵੱਖ ਅਪਾਰਟਮੈਂਟਸ ਵਿੱਚ ਰਿਹਾ ਪਰ ਇਨ੍ਹਾਂ ਨੇ ਚੌਦਾਂ ਮਹੀਨਿਆਂ ਦਾ ਹੀ ਕਿਰਾਇਆ ਅਦਾ ਕੀਤਾ।ਬੈਚਲਰ ਤੇ ਚੈਪਲ ਨੂੰ 7 ਅਪਰੈਲ ਨੂੰ ਅਦਾਲਤ ਸਾਹਮਣੇ ਪੇਸ਼ ਕੀਤਾ ਜਾਵੇਗਾ।