Welcome to Canadian Punjabi Post
Follow us on

28

March 2024
 
ਨਜਰਰੀਆ

ਨਿਆਂ ਅਤੇ ਅਨਿਆਂ ਵਿਚਲਾ ਫਾਸਲਾ

February 25, 2021 09:00 AM

-ਓਮ ਪ੍ਰਕਾਸ਼ ਗਾਸੋ
ਸਿਆਸਤ, ਸਮਾਂ ਅਤੇ ਸਮਾਜ ਇਤਿਹਾਸਕ ਅੱਖਰਾਂ ਨੂੰ ਪੈਦਾ ਕਰਨ ਵਾਲੀਆਂ ਸਮਰੱਥ ਸ਼ਕਤੀਆਂ ਹੁੰਦੀਆਂ ਹਨ। ਸਮਰੱਥ ਸ਼ਕਤੀ ਵੱਲੋਂ ਸਹਿਜ ਕਿਸਮ ਦਾ ਵਾਤਾਵਰਣ ਉਤਪੰਨ ਹੋਣਾ ਚਾਹੀਦਾ ਹੈ। ਅਸਹਿਜ ਹਾਲਤ ਮੰਦ-ਭਾਗੇ ਦੁਖਾਂਤ ਪੈਦਾ ਕਰਦੇ ਰਹਿੰਦੇ ਹਨ। ਮੰਦ-ਭਾਗੀਆਂ ਵਸਤਾਂ ਹਾਲਾਤ ਨੂੰ ਬਦਸ਼ਕਲ ਬਣਾਉਂਦੀਆਂ ਹਨ। ਗੁਰਬਤ ਨੂੰ ਆਰਥਿਕਤਾ ਦੀ ਬਦਸ਼ਕਲੀ ਕਿਹਾ ਜਾ ਸਕਦਾ ਹੈ। ਉਪਰਲੀਆਂ ਸਾਰੀਆਂ ਸਤਰਾਂ ਦਾਰਸ਼ਨਿਕ ਹੋਣ ਦੇ ਨਾਲ-ਨਾਲ ਸੰਸਾਰਕ ਗੱਲਾਂਬਾਤਾਂ ਨੂੰ ਵੀ ਦਰਸਾਉਂਦੀਆਂ ਹਨ। ਆਹ ਆਪਣੇ ਭਾਰਤ ਵਿਚਲੇ ਸੱਤਾਵਾਦੀ ਸਵਾਰਥੀ ਲੋਕ ਆਮ ਲੋਕਾਂ ਲਈ ਔਕੜਾਂ ਪੈਦਾ ਕਰ ਰਹੇ ਹਨ। ਆਮ ਤੌਰ ਉੱਤੇ ਔਕੜਾਂ ਦੇ ਅਰਥ ਸਮਝਣ ਤੋਂ ਲੋਕਾਂ ਨੂੰ ਸਰਮਾਏਦਾਰੀ-ਵਿਗਿਆਪਨਵਾਦ ਉਲਝਾ ਰੱਖਦਾ ਹੈ। ਸੁਲਝੇ ਦਿਮਾਗ, ਜੁਝਾਰੂ ਬਣ ਕੇ ਆਮ ਲੋਕਾਂ ਨਾਲ ਹੁੰਦੀ ਬੇਇਨਸਾਫੀ ਦੇ ਵਿਰੋਧੀ ਪੱਖ ਦੀ ਮਜ਼ਬੂਤੀ ਲਈ ਖੜੋਂਦੇ ਹਨ।
ਇੱਥੇ ਆ ਕੇ ਇਕਦਮ ਕਿਹਾ ਜਾ ਸਕਦਾ ਹੈ ਕਿ ਆਪਣੇ ਭਾਰਤ ਦਾ ਸੂਝਵਾਨ ਕਿਸਾਨ ਬੇਇਨਸਾਫੀ ਦੇ ਵਿਰੋਧ ਦਾ ਵਿਵੇਕ ਹੈ। ਹਿੰਦੀ ਭਾਸ਼ਾ ਦੀ ਕਹਾਵਤ ਹੈ ‘ਚੋਰ-ਚੋਰ ਮੌਸੇਰੇ ਭਾਈ'। ਸਰਮਾਏਦਾਰ ਨੂੰ ਜਨ-ਸਾਧਾਰਨ ਦੀ ਮਿਹਨਤ-ਮਜ਼ਦੂਰੀ ਦਾ ਚੋਰ ਕਿਹਾ ਜਾ ਸਕਦਾ ਹੈ। ਆਹ ਚਲਾਕ ਕਿਸਮ ਦੀ ਸਿਆਸਤ ਵੀ ਚੋਰ ਹੁੰਦੀ ਹੈ। ਇੰਝ ਆਹ ਤਿੰਨ ਕਾਨੂੰਨ ਜਿਨ੍ਹਾਂ ਦੀ ਕੇਂਦਰ ਸਰਕਾਰ ਪ੍ਰਸ਼ੰਸਾ ਕਰਦੀ ਥੱਕਦੀ ਨਹੀਂ, ਚੋਰ-ਚੋਰ ਮੌਸੇਰੇ ਭਾਈਆਂ ਦੀ ਭਾਈਵਾਲੀ ਹਨ।
ਉਹ ਸਿਆਸਤ ਲੋਕਤੰਤਰੀ ਨੀਤੀ ਵਾਲੀ ਕਿੱਦਾਂ ਹੋਈ, ਜਿਹੜੀ ਲੋਕਾਂ ਦੀ ਆਵਾਜ਼ ਨੂੰ ਕਿੰਨੇ ਸਮੇਂ ਤੋਂ ਅਣਸੁਣੀ ਕਰ ਰਹੀ ਹੈ। ਲੱਖਾਂ ਕਿਸਾਨ ਬੋਲ ਰਹੇ ਹਨ। ਉਨ੍ਹਾਂ ਦੇ ਬੁਲੰਦ ਬੋਲ ਅਨਿਆਂ ਨੂੰ ਉਲਟਾਉਣਾ ਚਾਹੁੰਦੇ ਹਨ। ਨਿਰਸੰਦੇਹ ਨਿਆਂ ਤੇ ਅਨਿਆਂ ਵਿਚਕਾਰ ਮੁੱਢ ਕਦੀਮੋਂ ਦੋ ਦੋ ਹੱਥ ਹੁੰਦੇ ਆ ਰਹੇ ਹਨ, ਪਰ ਲੋਕਾਂ ਦੀ ਆਵਾਜ਼ ਨੂੰ ਲੋਕਤੰਤਰ ਆਪਣੇ ਅਹਿਸਾਸ ਦਾ ਅੰਗ ਕਿਉਂ ਨਹੀਂ ਬਣਾਉਂਦਾ। ਅਹਿਸਾਸਹੀਣ ਸਿਆਸਤ ਫਿਰਕੂ ਹੁੰਦੀ ਹੈ। ਸ਼ੈਤਾਨੀਅਤ ਵਾਲੇ ਸੰਵਾਦ ਸਮੇਂ ਦੀ ਬਰਬਾਦੀ ਕਰਦੇ ਹਨ। ਤਿਕੜਮਬਾਜ਼ੀਆਂ ਘਾਤਕ ਹੁੰਦੀਆਂ ਹਨ। ਹੇਰ-ਫੇਰ ਵਾਲੇ ਫਿਕਰਿਆਂ ਨਾਲ ਫਿਕਰਮੰਦ ਮਾਹੌਲ ਬਣਦਾ ਹੈ। ਸਮੱਸਿਆ ਸੁਲਝਾਉਣ ਵਾਲੀ ਸੋਚ ਪੱਖਪਾਤੀ ਨਹੀਂ ਹੁੰਦੀ। ਮੋਦੀ ਸਰਕਾਰ ਦੀ ਸਿਆਸੀ ਸੋਚ ਪੱਖਪਾਤੀ ਹੈ। ਇਹ ਸਿਆਸੀ ਸੋਚ ਕਈ ਕਿਸਮਾਂ ਦੇ ਹਨੇਰੇ, ਝੱਖੜ, ਬਦਮਗਜ਼ੀਆਂ ਤੇ ਬੇਅਸੂਲੀਆਂ ਪੈਦਾ ਕਰਦੀ ਹੈ। ਦਿ੍ਰਸ਼ਟੀਹੀਣ ਸੋਚ ਅਸਲੀਅਤ ਨੂੰ ਵੇਖਣੋਂ ਅਸਮਰੱਥ ਬਣੀ ਰਹਿੰਦੀ ਹੈ। ਭਾਰਤ ਦੀ ਧਰਤੀ ਨੂੰ ਸੰਨ ਸੰਤਾਲੀ ਵਿੱਚ ਵੰਡਣਾ ਪੈ ਗਿਆ। ਇਸ ਵੰਡ ਦੇ ਦੁਖਾਂਤ ਨੂੰ ਮੈਂ ਭਰੇ ਮਨ ਅਤੇ ਦੁਖੀ ਦਿਲ ਨਾਲ ਵੇਖਦਾ ਰਿਹਾ ਸਾਂ। ਪੰਜਾਬ ਦੀ ਧਰਤੀ ਲਹੂ-ਲੁਹਾਨ ਹੋਈ ਸੀ। ਮਨੁੱਖਤਾ ਸ਼ਰਮਸਾਰ ਹੋਈ ਸੀ। ਭਾਈਚਾਰਾ ਤਾਰ-ਤਾਰ ਹੋਇਆ ਸੀ।
ਭਾਰਤ ਦੀ ਦੁਖਦਾਈ ਵੰਡ ਲਈ ਅੰਗਰੇਜ਼ ਜ਼ਿੰਮੇਵਾਰ ਸੀ, ਪਰ ਪੱਖਪਾਤੀ ਸਿਆਸਤ ਕਾਰਨ ਪਾਕਿਸਤਾਨ ਪੈਦਾ ਹੋਇਆ ਸੀ। ਆਪਣੇ ਸਾਹਮਣੇ ਵਰਤਮਾਨ ਸਮੇਂ ਦੀ ਸੰਪ੍ਰਦਾਇਕ ਸਿਆਸਤ ਦੀਆਂ ਕੁਚਾਲਾਂ ਟਪੂਸੀਆਂ ਮਾਰ ਰਹੀਆਂ ਹਨ। ਸਿਆਸੀ-ਟਪੂਸੀਆਂ ਨੂੰ ਇਸ ਮੁਲਕ ਦਾ ਸਰਮਾਏਦਾਰ ਮਜ਼ਬੂਤ ਬਣਾ ਰਿਹਾ ਹੈ। ਕਿਸਾਨ ਕਾਮੇ ਹੁੰਦੇ ਹਨ। ਕਿਸਾਨ ਗੱਲ-ਬਾਜ਼ ਨਹੀਂ ਹੁੰਦੇ। ਕਿਸਾਨ ਸਮੇਂ ਨੂੰ ਸੁਰੱਖਿਅਤ ਬਣਾਉਣ ਵਾਲੇ ਕਾਰਕੁਨ ਹੁੰਦੇ ਹਨ। ਉਹ ਸਰਬੱਤ ਲਈ ਸਹਾਇਕ ਬਣੇ ਰਹਿੰਦੇ ਹਨ। ਕਿਸਾਨ ਵਪਾਰੀ ਨਹੀਂ ਹੁੰਦੇ। ਇਸ ਤਰ੍ਹਾਂ ਦੀਆਂ ਸਿਫਤਾਂ ਨੂੰ ਸੰਭਾਲ ਕੇ ਰੱਖਣ ਵਾਲੀ ਨੀਤ ਅਤੇ ਨੀਤੀ ਦੀ ਬੜੀ ਛੇਤੀ ਪਛਾਣ ਹੋ ਜਾਂਦੀ ਹੈ। ਵਰਤਮਾਨ ਸਮੇਂ ਦੀ ਕੇਂਦਰੀ ਸਿਆਸੀ ਸੱਤਾ ਨਿੱਜਵਾਦ-ਵਪਾਰ ਦਾ ਪੱਖ ਪੂਰ ਰਹੀ ਹੈ। ਨਿੱਜਵਾਦੀ ਵਪਾਰ ਨੂੰ ਆਰਥਿਕ ਮਸਲਿਆਂ ਦੇ ਸਮਾਜਵਾਦੀ ਵਿਦਵਾਨਾਂ ਨੇ ਪਛਾਣ ਲਿਆ ਹੈ।
ਉਨ੍ਹਾਂ ਵਿਦਵਾਨਾਂ ਦੀਆਂ ਸਿਧਾਂਤਕ-ਜਾਣਕਾਰੀਆਂ ਨਾਲ ਜਿਹੜੀ ਸਪੱਸ਼ਟਤਾ ਕਿਰਤੀ ਸਮਾਜ ਨੂੰ ਮਿਲੀ ਹੈ, ਉਸ ਸਾਹਮਣੇ ਤੋਮਰਵਾਦੀ ਤੋਪ ਦੇ ਗੋਲੇ ਮੌਜੂਦ ਹਨ। ਪੰਜਾਬ ਦੀ ਕਿਸਾਨੀ ਨੇ ਸਦੀਆਂ ਤੋਂ ਸਾਰਥਕ ਕਿਸਮ ਦੀ ਕਾਰਗੁਜ਼ਾਰੀ ਨੂੰ ਆਪਣਾ ਸੰਕਲਪ ਮੰਨਿਆ ਹੋਇਆ ਹੈ। ਇਸ ਸੰਕਲਪ ਨੂੰ ਉਤਮ ਖੇਤੀ ਵਜੋਂ ਤਸਲੀਮ ਕੀਤਾ ਜਾ ਰਿਹਾ ਹੈ, ਪਰ ਆਹ ਵਰਤਮਾਨ ਸਿਆਸਤ ਦੇ ਸੱਤਾਵਾਦੀ ਤਮਾਸ਼ੇ ਦਿਨ-ਪ੍ਰਤੀ-ਦਿਨ ਅਜਿਹੇ ਭੰਬਲਭੂਸੇ ਪੈਦਾ ਕਰ ਰਹੇ ਹਨ ਜਿਨ੍ਹਾਂ ਨੂੰ ਜਨਤਕ ਵਿਰੋਧ ਦੀ ਰਾਜਨੀਤੀ ਦਾ ਕਠਪੁਤਲੀ ਨਾਚ ਕਿਹਾ ਜਾ ਸਕਦਾ ਹੈ। ਰਾਜਨੀਤੀ ਦਾ ਕਠਪੁਤਲੀ ਨਾਚ ਜ਼ਿੰਦਗੀ ਦੇ ਕਲਾਮਈ ਸਰੂਪ ਲਈ ਨੁਕਸਾਨ ਦਾਇਕ ਹੰੁਦਾ ਹੈ।
ਵਰਤਮਾਨ ਸਾਲਾਂ ਵਿੱਚ ਕੇਂਦਰ ਸਰਕਾਰ ਨੂੰ ਜੀਵਨ-ਧਾਰਾ ਨੂੰ ਕਲਾਸ਼ੀਲ ਬਣਾਉਣ ਵਾਲੀ ਨੀਤੀ ਨੂੰ ਅਪਣਾਉਣਾ ਚਾਹੀਦਾ ਹੈ। ਸਿਆਸੀ ਮਗਰੂਰੀਆਂ ਮਾਨਵਵਾਦੀ-ਮਹਾਨਤਾ ਤੋਂ ਕੋਹਾਂ ਦੂਰ ਜਾਣ ਲੱਗਦੀਆਂ ਹਨ। ਸੰਜੀਦਗੀ ਦੇ ਨੀਤੀਗਤ ਸਬਕ ਆਖਦੇ ਹਨ ਕਿ ਤਿਲ ਨੂੰ ਤਾੜ ਨਹੀਂ ਬਣਾਉਣਾ ਚਾਹੀਦਾ। ਜਮਹੂਰੀਅਤ ਵਿੱਚ ਜਨਤਾ ਹੀ ਅਸਲੀ ਮਾਲਕ ਹੁੰਦੀ ਹੈ। ਉਹੀ ਆਪਣੇ ਨੁਮਾਇੰਦੇ ਚੁਣ ਕੇ ਉਨ੍ਹਾਂ ਨੂੰ ਗੱਦੀ ਉੱਤੇ ਬਿਠਾਉਂਦੀ ਹੈ। ਜੇ ਉਹ ਨਾਰਾਜ਼ ਹੋ ਜਾਵੇ ਤਾਂ ਤਖਤੋ-ਤਾਜ ਹਿਲਾ ਦਿੰਦੀ ਹੈ। ਸਮਝਦਾਰੀ ਮਾਮਲੇ ਨਿਬੇੜਨ ਵਿੱਚ ਹੈ, ਅੜਨ ਵਿੱਚ ਨਹੀਂ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ