Welcome to Canadian Punjabi Post
Follow us on

22

April 2019
ਨਜਰਰੀਆ

ਵਕਤ ਕਾ ਹਰ ਸ਼ੈਅ ਪੇ ਰਾਜ

December 06, 2018 07:35 AM

-ਲੋਕੇਸ਼ ਭਾਰਦਵਾਜ
ਸਮਾਂ ਇਕ ਏਦਾਂ ਦੀ ਸ਼ਕਤੀ ਹੈ, ਜਿਸ ਦੀ ਸਹੀ ਵਰਤੋਂ ਨਾਲ ਕਿਸੇ ਵੀ ਮੰਜ਼ਿਲ ਨੂੰ ਆਸਾਨੀ ਨਾਲ ਹਾਸਲ ਕੀਤਾ ਜਾ ਸਕਦਾ ਹੈ। ਇਸ ਗੱਲ ਦਾ ਜ਼ਿਕਰ ਕਈ ਵਾਰ ਸਿਆਣੇ ਛੋਟੇ ਜਿਹੇ ਵਾਕ ਵਿੱਚ ਕਰਦੇ ਹਨ ਕਿ ਸਮਾਂ ਵੱਡਿਆਂ-ਵੱਡਿਆਂ ਨੂੰ ਬਦਲ ਦਿੰਦਾ ਹੈ। ਬੇਸ਼ੱਕ ਇਹ ਗੱਲ ਸੁਣੀ ਹੋਈ ਜਾਪਦੀ ਹੈ, ਪਰ ਅਸਲ ਵਿੱਚ ਇਹੋ ਹਕੀਕਤ ਹੈ। ਸਮਾਂ ਇਨਸਾਨ ਨੂੰ ਚੰਗੇ ਤੋਂ ਬੁਰਾ ਅਤੇ ਬੁਰੇ ਤੋਂ ਚੰਗਾ ਬਣਾ ਦਿੰਦਾ ਹੈ। ਜਿੰਨੇ ਵੀ ਕਾਮਯਾਬ ਇਨਸਾਨ ਹੋਏ ਹਨ, ਉਨ੍ਹਾਂ ਆਪਣੀ ਕਾਮਯਾਬੀ ਪਿੱਛੇ ਸਮੇਂ ਦੀ ਸਹੀ ਵਰਤੋਂ ਨੂੰ ਹੀ ਮੁੱਖ ਕਾਰਨ ਦੱਸਿਆ ਹੈ।
ਜੇ ਇਨਸਾਨ ਕਾਮਯਾਬੀ ਹਾਸਲ ਕਰਨੀ ਚਾਹੁੰਦਾ ਹੈ ਤਾਂ ਉਸ ਨੂੰ ਇਸ ਦਾ ਅਹਿਸਾਸ ਹੋਣਾ ਜ਼ਰੂਰੀ ਹੈ ਕਿ ਜੇ ਉਸ ਨੂੰ ਵਕਤ ਦਾ ਸਹੀ ਇਸਤੇਮਾਲ ਕਰਨਾ ਆ ਗਿਆ ਤਾਂ ਉਸ ਨੂੰ ਕਾਮਯਾਬੀ ਹਾਸਲ ਕਰਨੋਂ ਕੋਈ ਨਹੀਂ ਰੋਕ ਸਕਦਾ। ਸਰਲ ਸ਼ਬਦਾਂ 'ਚ ਕਹੀਏ ਤਾਂ ਸਿੱਟਾ ਨਿਕਲਦਾ ਹੈ ਕਿ ਜਿਸ ਇਨਸਾਨ ਨੇ ਸਮੇਂ ਨੂੰ ਸਾਂਭ ਲਿਆ ਤਾਂ ਸਮਝੋ ਕਿ ਉਸ ਨੇ ਆਪਣਾ ਸਾਰਾ ਜੀਵਨ ਸਾਂਭ ਲਿਆ। ਮੈਂ ਅਕਸਰ ਜਦ ਵੀ ਆਪਣੇ ਉਨ੍ਹਾਂ ਮਿੱਤਰਾਂ ਵਿੱਚ ਵਿਚਰਦਾ ਹਾਂ, ਜੋ ਵਿੱਦਿਆ ਦੇ ਖੇਤਰ ਵਿੱਚ ਬੁਲੰਦੀਆਂ ਛੂਹ ਰਹੇ ਨੇ, ਉਨ੍ਹਾਂ ਦੇ ਮੂੰਹੋਂ ਸਮੇਂ ਦੀ ਸਿਫਤ ਸੁਣਦਾ ਹਾਂ। ਉਨ੍ਹਾਂ ਨੇ ਆਪਣਾ ਸਮਾਂ ਇਸ ਤਰ੍ਹਾਂ ਨਾਲ ਮਿੱਥਿਆ ਹੁੰਦਾ ਹੈ ਕਿ ਉਸ ਦੀ ਸੁਚੱਜੀ ਵਰਤੋਂ ਹੋ ਸਕੇ। ਉਹ ਸਮੇਂ ਦੀ ਇੰਨੇ ਸਹੀ ਤਰੀਕੇ ਨਾਲ ਵਿਓਂਤਬੰਦੀ ਕਰਦੇ ਹਨ ਕਿ ਸਾਰੇ ਜ਼ਰੂਰੀ ਕੰਮ ਖਤਮ ਕਰਨ ਤੋਂ ਬਾਅਦ ਹੀ ਸਮਾਂ ਕੱਢ ਕੇ ਇਕ ਦੂਜੇ ਨੂੰ ਮਿਲਦੇ ਹਨ।
ਸਮਾਂ ਹਰ ਮਨੁੱਖ ਦੀ ਜ਼ਿੰਦਗੀ ਵਿੱਚ ਅਹਿਮ ਭੂਮਿਕਾ ਅਦਾ ਕਰਦਾ ਹੈ। ਉਹ ਮਨੁੱਖ ਨੂੰ ਆਪਣੇ ਢੰਗ ਨਾਲ ਬਦਲਣ ਦੀ ਸਮਰੱਥਾ ਰੱਖਦਾ ਹੈ, ਪਰ ਅੱਜ ਕੱਲ੍ਹ ਦੇ ਦੌਰ ਵਿੱਚ ਇੰਟਰਨੈਟ ਆਉਣ ਨਾਲ ਨੌਜਵਾਨ ਕਾਫੀ ਸਮਾਂ ਉਸ 'ਤੇ ਬਿਤਾਉਣ ਲੱਗ ਪਏ ਹਨ। ਮੈਂ ਅਕਸਰ ਇਸ ਬਾਰੇ ਸੋਚਦਾ ਹਾਂ ਕਿ ਜੇ ਅੱਜ ਇੰਟਰਨੈਟ ਨਾ ਹੁੰਦਾ ਤਾਂ ਅਜੋਕਾ ਨੌਜਵਾਨ ਵਰਗ ਸਮਾਜ ਨੂੰ ਬਹੁਤ ਸਮਾਂ ਦਿੰਦਾ ਤੇ ਉਸ ਦੇ ਚੰਗੇ ਅਤੇ ਮਾੜੇ ਪੱਖਾਂ ਨੂੰ ਨਿਹਾਰਦਾ। ਜੇ ਵੇਖੀਏ ਤਾਂ ਇਹੋ ਪ੍ਰਤੀਤ ਹੁੰਦਾ ਹੈ ਕਿ ਬੇਸ਼ੱਕ ਇੰਟਰਨੈਟ ਦੇ ਆਉਣ ਨਾਲ ਸਮਾਜ ਨੂੰ ਫਾਇਦਾ ਹੋਇਆ ਹੈ, ਪਰ ਲੋਕ ਇਸ ਦੀ ਵਰਤੋਂ ਅਨੁਸ਼ਾਸਿਤ ਢੰਗ ਨਾਲ ਨਹੀਂ ਕਰ ਰਹੇ, ਜਿਸ ਦਾ ਅਸਰ ਨੀਵੀਂ ਪੀੜ੍ਹੀ 'ਤੇ ਸਾਫ ਵੇਖਣ ਨੂੰ ਮਿਲਦਾ ਹੈ। ਮੈਂ ਵੀ ਜਦ ਇੰਟਰਨੈਟ ਦੀ ਵਰਤੋਂ ਸ਼ੁਰੂ ਕਰਦਾ ਹਾਂ ਤਾਂ ਮੈਨੂੰ ਸਮੇਂ ਦਾ ਕੋਈ ਅੰਦਾਜ਼ਾ ਨਹੀਂ ਰਹਿੰਦਾ ਜਿਸ ਕਾਰਨ ਮੈਂ ਆਪਣੇ ਕਈ ਜ਼ਰੂਰੀ ਕੰਮ ਦੇਰੀ ਨਾਲ ਕਰਦਾ ਹਾਂ।
ਮੈਂ ਜ਼ਿਆਦਾਤਰ ਸਮੇਂ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ ਸੀ, ਪਰ ਜਦੋਂ ਮੇਰੀ ਦਾਦੀ ਨੇ ਮੈਨੂੰ ਇਸ ਦਾ ਅਹਿਸਾਸ ਕਰਵਾਇਆ ਤਾਂ ਉਸ ਤੋਂ ਬਾਅਦ ਮੈਂ ਸਮੇਂ ਨੂੰ ਜ਼ਿੰਦਗੀ ਵਿੱਚ ਅਹਿਮੀਅਤ ਦੇਣ ਲੱਗਾ ਹਾਂ। ਇਕ ਦਿਨ ਮੈਂ ਦਾਦੀ ਨੂੰ ਵੈਸੇ ਹੀ ਪੁੱਛ ਲਿਆ, ‘ਦਾਦੀ ਜੀ! ਤੁਹਾਡੀ ਇੰਨੀ ਉਮਰ ਹੋ ਗਈ ਹੈ ਤੇ ਤੁਸੀਂ ਹਰ ਚੀਜ਼ ਨੂੰ ਸਮੇਂ ਸਿਰ ਕਿਸ ਤਰ੍ਹਾਂ ਕਰ ਲੈਂਦੇ ਹੋ।' ਮੇਰੀ ਗੱਲ ਸੁਣ ਕੇ ਦਾਦੀ ਨੇ ਮੈਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਕਿ ਅੱਜ ਮੈਂ ਤੈਨੂੰ ਇਕ ਕਹਾਣੀ ਸੁਣਾਉਂਦੀ ਹਾਂ।
ਮੈਂ ਕਹਾਣੀ ਸੁਣਨ ਦੀ ਚਾਹ ਨਾਲ ਦਾਦੀ ਕੋਲ ਜਾ ਕੇ ਬੈਠਾ ਤੇ ਦਾਦੀ ਮੈਨੂੰ ਕਹਾਣੀ ਸੁਣਾਉਣ ਲੱਗੇ। ਉਨ੍ਹਾਂ ਕਿਹਾ ਕਿ ਇਕ ਵਾਰ ਰਾਜੇ ਕੋਲ ਇਕ ਮਨੁੱਖ ਆਇਆ ਤੇ ਉਸ ਨੇ ਰਾਜੇ ਅੱਗੇ ਦੁੱਖ ਜ਼ਾਹਰ ਕੀਤਾ ਤੇ ਕਹਿਣ ਲੱਗਾ ਕਿ ਇਸ ਸ਼ਾਸਨ ਵਿੱਚ ਕੋਈ ਮੈਨੂੰ ਕੰਮ ਨਹੀਂ ਦਿੰਦਾ। ਮੇਰੇ ਦੁਸ਼ਮਣਾਂ ਨੇ ਮੈਨੂੰ ਸਮੇਂ ਸਿਰ ਕੰਮ ਨਾ ਕਰਨ ਵਾਲਾ ਕਹਿ ਕੇ ਸਾਰੇ ਪਾਸੇ ਕੰਮ ਕਰਨ ਤੋਂ ਰੁਕਵਾ ਦਿੱਤਾ ਹੈ। ਰਾਜਾ ਉਸ ਦੀ ਗੱਲ ਸੁਣ ਕੇ ਬੋਲਿਆ ਕਿ ਤੂੰ ਸੂਰਜ ਢਲਣੋਂ ਪਹਿਲਾਂ ਮੇਰੇ ਖਜ਼ਾਨਾ ਘਰ ਵਿੱਚ ਚਲਾ ਜਾਈਂ ਤੇ ਜਿੰਨਾ ਵੀ ਹੋ ਸਕੇ, ਉਸ ਜਗ੍ਹਾ ਤੋਂ ਧਨ ਦੌਲਤ ਲੈ ਆਵੀਂ। ਇਹ ਗੱਲ ਸੁਣ ਕੇ ਉਹ ਘਰ ਗਿਆ ਤੇ ਆਪਣੀ ਘਰ ਵਾਲੀ ਨੂੰ ਰਾਜੇ ਦੀ ਗੱਲ ਦੱਸ ਦਿੱਤੀ। ਸੁਣ ਕੇ ਉਸ ਦੀ ਘਰਵਾਲੀ ਉਸ ਨੂੰ ਤੁਰੰਤ ਜਾ ਕੇ ਖਜ਼ਾਨਾ ਲੈ ਆਉਣ ਨੂੰ ਆਖਿਆ, ਪਰ ਉਹ ਉਸ ਤੋਂ ਦੁਪਹਿਰ ਦੇ ਖਾਣੇ ਦੀ ਮੰਗ ਕਰਦਾ ਹੈ। ਭੋਜਨ ਖਾਣ ਤੋਂ ਬਾਅਦ ਉਹ ਘਰੋਂ ਚੱਲ ਪੈਂਦਾ ਹੈ ਤੇ ਥੋੜ੍ਹੀ ਦੂਰ ਜਾ ਕੇ ਉਹ ਸੋਚ ਲੈਂਦਾ ਹੈ ਕਿ ਹਾਲੇ ਬਥੇਰਾ ਸਮਾਂ ਹੈ, ਕੁਝ ਆਰਾਮ ਫਰਮਾ ਲਿਆ ਜਾਵੇ। ਉਹ ਇਕ ਰੁੱਖ ਦੇ ਹੇਠਾਂ ਆਰਾਮ ਕਰਨ ਲੱਗ ਜਾਂਦਾ ਹੈ। ਛੇਤੀ ਹੀ ਉਸ ਨੂੰ ਨੀਂਦ ਆ ਜਾਂਦੀ ਹੈ।
ਜਦੋਂ ਉਸ ਦੀ ਅੱਖ ਖੁੱਲ੍ਹਦੀ ਹੈ ਤਾਂ ਰਾਤ ਹੋ ਚੁੱਕੀ ਹੁੰਦੀ ਹੈ ਤੇ ਰਾਜੇ ਦੇ ਖਜ਼ਾਨਾ ਘਰ ਦਾ ਦਰਵਾਜ਼ਾ ਬੰਦ ਹੋ ਚੁੱਕਾ ਹੁੰਦਾ ਹੈ। ਦਾਦੀ ਦੀ ਇਹ ਕਹਾਣੀ ਸੁਣਨ ਪਿੱਛੋਂ ਮੈਨੂੰ ਇਹ ਸਮਝ ਆ ਗਈ ਕਿ ਇਨਸਾਨ ਕੋਲ ਖਜ਼ਾਨਾ ਬਹੁਤ ਹੈ ਲੁੱਟਣ ਨੂੰ, ਪਰ ਇਸ ਖਜ਼ਾਨੇ ਤੱਕ ਪਹੁੰਚਣ ਲਈ ਉਸ ਨੂੰ ਸਮੇਂ ਦੀ ਠੀਕ ਵਰਤੋਂ ਦੀ ਜ਼ਰੂਰਤ ਹੁੰਦੀ ਹੈ। ਦਾਦੀ ਦੀ ਇਸ ਕਹਾਣੀ ਨੇ ਮੇਰੇ ਉਤੇ ਇੰਨਾ ਅਸਰ ਕੀਤਾ ਕਿ ਮੈਂ ਇਕ ਸਮਾਂ ਸੂਚੀ ਤਿਆਰ ਕੀਤੀ ਤੇ ਸਾਰੇ ਕੰਮ ਉਸ ਮੁਤਾਬਕ ਕਰਨ ਲੱਗਾ। ਪਹਿਲੇ ਕੁਝ ਦਿਨ ਮੈਨੂੰ ਇਸ ਅਨੁਸਾਰ ਕੰਮ ਕਰਨ ਵਿੱਚ ਦਿੱਕਤ ਮਹਿਸੂਸ ਹੋਈ, ਪਰ ਹੌਲੀ-ਹੌਲੀ ਮੈਂ ਇਸ ਅਨੁਸਾਰ ਢਲਦਾ ਗਿਆ ਜਾਂ ਫਿਰ ਇਹ ਕਹਿਣਾ ਠੀਕ ਹੋਵੇਗਾ ਕਿ ਸਮੇਂ ਦੀ ਸਹੀ ਵਰਤੋਂ ਕਰਨ ਲੱਗਾ।
ਇਸ ਨਾਲ ਮੈਂ ਕਾਫੀ ਤਜਰਬਾ ਹਾਸਲ ਕੀਤਾ। ਇਨ੍ਹਾਂ ਅਨੁਭਵਾਂ ਵਿੱਚੋਂ ਇਕ ਇਹ ਸੀ ਕਿ ਮੈਨੂੰ ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ਦਾ ਦਾਖਲਾ ਵੀ ਮਿਲ ਗਿਆ। ਮੈਂ ਦਾਦੀ ਦੀ ਕਹਾਣੀ ਦਾ ਨਿਚੋੜ ਪੱਲੇ ਬੰਨ੍ਹ ਲਿਆ ਤੇ ਸਾਰੇ ਕੰਮ ਸਮੇਂ ਸਿਰ ਕਰਨੇ ਪਸੰਦ ਕਰਦਾ ਹਾਂ। ਦੂਜਿਆਂ ਨੂੰ ਵੀ ਇਹੋ ਸਲਾਹ ਦਿੰਦਾ ਹਾਂ ਕਿ ਜੇ ਤੁਸੀਂ ਆਪਣੇ ਵਕਤ ਨੂੰ ਬਰਬਾਦ ਨਹੀਂ ਕਰੋਗੇ ਤੇ ਉਸ ਨੂੰ ਸੁਚੱਜੇ ਤਰੀਕੇ ਨਾਲ ਸਾਂਭ ਲਵੋਗੇ ਤਾਂ ਜੀਵਨ ਵਿੱਚ ਹਰ ਮੋਰਚੇ 'ਤੇ ਫਤਹਿ ਹਾਸਲ ਕਰਦੇ ਜਾਵੋਗੇ।

Have something to say? Post your comment