-ਪਰਮਜੀਤ ਕੌਰ ਸਰਹਿੰਦ
ਜਦੋਂ ਵੀ ਚੋਣ ਨਗਾਰਾ ਵੱਜਦਾ ਹੈ, ਕੁਝ ਸਮਾਂ ਪਹਿਲਾਂ ਦੀ ਘਟਨਾ ਮੁੜ ਮੁੜ ਚੇਤੇ ਆਉਂਦੀ ਹੈ। ਇਸ ਵਾਰ ਚੋਣਾਂ ਦੇ ਦਿਨੀਂ ਉਹ ਘਟਨਾ ਫਿਰ ਜ਼ਿਹਨ ਵਿੱਚ ਘੁੰਮਣ ਲੱਗੀ। ਉਮੀਦਵਾਰਾਂ ਦਾ ਇੱਕ ਟੋਲਾ ਆਉਂਦਾ, ਇੱਕ ਜਾਂਦਾ। ਸਾਰਾ ਦਿਨ ਇਹੋ ਕ੍ਰਮ ਜਾਰੀ ਰਹਿੰਦਾ। ਅਸੀਂ ਜਿਸ ਪਾਰਟੀ ਨਾਲ ਸੰਬੰਧਤ ਸਾਂ ਜਾਂ ਹਾਂ, ਉਸ ਪਾਰਟੀ ਨੇ ਪਹਿਲਾਂ ਵਾਲੇ ਲੋਕਾਂ ਦੇ ਚਹੇਤੇ ਇਮਾਨਦਾਰ ਨੇਕ ਬੰਦੇ ਨੂੰ ਛੱਡ ਕੇ ਕਿਸੇ ਹੋਰ ਜ਼ੋਰਾਵਰ ਨੂੰ ਅਜ਼ਮਾਉਣ ਲਈ ਚੋਣ ਅਖਾੜੇ ਦਾ ਪਹਿਲਵਾਨ ਬਣਾ ਦਿੱਤਾ ਸੀ। ਉਸ ਨੇਕ ਬੰਦੇ ਨੇ ਇਸ ਨਾ ਇਨਸਾਫੀ ਤੋਂ ਅੱਕੇ ਹੋਏ ਨੇ ਅੱਕ ਚੱਬ ਲਿਆ ਅਤੇ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਨਿੱਤਰ ਪਿਆ ਸੀ। ਸਾਡੀ ਹਮਦਰਦੀ ਉਸ ਨਾਲ ਅਤੇ ਵੋਟ ਵੀ ਉਸ ਲਈ ਰਾਖਵੀਂ ਸੀ।
ਸਾਡੀ ਜਾਣ-ਪਛਾਣ ਵਾਲੇ ਕਈ ਲੋਕ ਪਾਰਟੀ ਨਾਤੇ ਜਾਂ ਦਿਖਾਵੇ ਲਈ ਨਵੇਂ ਉਮੀਦਵਾਰ ਨਾਲ ਤੁਰੇ ਫਿਰਦੇ, ਪਰ ਅਸੀਂ ਉਸ ਨੇਕ ਬੰਦੇ ਦਾ ਸਾਥ ਦਿੱਤਾ, ਭਾਵੇਂ ਬੰਦਾ ਦੂਜਾ ਵੀ ਸ਼ਰੀਫ ਸੀ। ਉਹ ਵੀ ਆਪਣੇ ਸਾਥੀਆਂ ਨਾਲ ਵੋਟਾਂ ਮੰਗਣ ਸਾਡੇ ਘਰ ਆਇਆ। ਪੀਤ ਘਰ ਨਹੀਂ ਸਨ। ਮੈਂ ਚਾਹ ਪਾਣੀ ਪੁੱਛਿਆ, ਪਰ ਉਸ ਧੰਨਵਾਦ ਕਰਦਿਆਂ ਕਿਹਾ, ‘‘ਮੈਂ ਬੇਨਤੀ ਕਰਨ ਆਇਆ ਹਾਂ, ਮੇਰਾ ਸਾਥ ਦਿਓ, ਵੋਟਾਂ ਮੈਨੂੰ ਪਾਉਣੀਆਂ ਅਤੇ ਹੋਰ ਜਾਣੂ ਲੋਕਾਂ ਤੋਂ ਵੀ ਪਵਾਉਣੀਆਂ।” ਮੈਂ ਝੂਠ ਨਾ ਬੋਲ ਸਕੀ ਕਿ ‘ਵੋਟ ਤੁਹਾਨੂੰ ਹੀ ਪਾਵਾਂਗੀ”, ਬੱਸ ਇੰਨਾ ਹੀ ਕਿਹਾ, ‘‘ਤੁਹਾਡਾ ਸੁਨੇਹਾ ‘ਉਨ੍ਹਾਂ' (ਪਤੀ) ਨੂੰ ਦੇ ਦਿਆਂਗੀ”, ਤੇ ਮੈਂ ਸੁਨੇਹਾ ਦੇ ਦਿੱਤਾ।
ਵੋਟਾਂ ਪੈਣ ਤੋਂ ਹਫਤਾ ਕੁ ਪਹਿਲਾਂ ਉਸ ਬੰਦੇ ਨੇ ਸਾਡੇ ਕਿਸੇ ਖਾਸ ਬੰਦੇ ਤੋਂ ਫੋਨ ਕਰਵਾਇਆ ਜਿਸ ਦਾ ਅਸੀਂ ਬੜਾ ਆਦਰ ਕਰਦੇ ਸਾਂ ਕਿ ‘ਵੋਟ ਇਸ ਪਾਰਟੀ ਉਮੀਦਵਾਰ ਨੂੰ ਪਾਉਣੀ ਹੈ, ਮੇਰੇ ਕੋਲ ਬੈਠਾ ਹੈ ਕਿ ਫੋਨ ਕਰੋ, ਉਹ ਤੁਹਾਡੀ ਗੱਲ ਨਹੀਂ ਮੋੜਨਗੇ', ਪਰ ਪਤੀ ਨੇ ਕਿਹਾ ਕਿ ਆਪਾਂ ਮਿਲ ਕੇ ਗੱਲ ਕਰਾਂਗੇ। ਥੋੜ੍ਹੀ ਦੇਰ ਬਾਅਦ ਉਹ ਬੰਦਾ ਸਾਡੇ ਘਰ ਆ ਗਿਆ, ਪਰ ਪਤੀ ਨੇ ਸਪੱਸ਼ਟ ਕਹਿ ਦਿੱਤਾ ਕਿ ‘ਵੋਟ ਅਸੀਂ ਆਪਣੇ ਪੁਰਾਣੇ ਬੰਦੇ ਨੂੰ ਪਾਵਾਂਗੇ, ਭਾਵੇਂ ਉਹ ਆਜ਼ਾਦ ਖੜ੍ਹਾ ਹੈ। ਅਸੀਂ ਝੂਠ ਨਹੀਂ ਕਹਿਣਾ ਕਿ ਵੋਟ ਤੇਰੇ ਬੰਦੇ ਨੂੰ ਪਾਵਾਂਗੇ। ਇਹ ਵੀ ਆਖ ਦਿੱਤਾ ਕਿ ਉਸ ਸ਼ਰੀਫ ਬੰਦੇ ਨੂੰ ਵੀ ਦੱਸ ਦੇਣਾ ਤਾਂ ਜੋ ਉਹ ਭੁਲੇਖੇ ਵਿੱਚ ਨਾ ਰਹੇ, ਜ਼ਾਤੀ ਤੌਰ 'ਤੇ ਸਾਨੂੰ ਉਸ ਨਾਲ ਉਵੇਂ ਹੀ ਆਉਣ ਜਾਣ ਰਹੇਗਾ, ਜਿਵੇਂ ਪਹਿਲਾਂ ਸੀ।’ ਸਾਡਾ ਸੁਨੇਹਾ ਉਸ ਉਮੀਦਵਾਰ ਤੱਕ ਪੁੱਜ ਗਿਆ ਸੀ।
ਵੋਟਾਂ ਪਈਆਂ ਅਤੇ ਚੋਣ ਅਖਾੜੇ ਦਾ ਨਵਾਂ ਜ਼ੋਰਾਵਰ ਜਿੱਤ ਗਿਆ, ਉਸ ਜਿੱਤਣਾ ਹੀ ਸੀ, ਪਾਰਟੀ ਦਾ ਹੱਥ ਜੋ ਉਸ ਦੇ ਸਿਰ ਉਤੇ ਸੀ। ਸਾਡਾ ਆਜ਼ਾਦ ਉਮੀਦਵਾਰ ਹਾਰ ਗਿਆ, ਪਰ ਸਾਡੇ ਮਨ ਨੂੰ ਤਸੱਲੀ ਸੀ ਕਿ ਅਸੀਂ ਸੱਚ ਨਾਲ ਖੜ੍ਹੇ ਸਾਂ। ਹਫਤੇ ਕੁ ਬਾਅਦ ਘੰਟੀ ਵੱਜਣ ਉਤੇ ਬਾਹਰ ਨਿਕਲੀ ਤਾਂ ਦੇਖਿਆ, ਉਹੀ ਜਿਤਿਆ ਉਮੀਦਵਾਰ ਪੰਜ-ਸੱਤ ਸਾਥੀਆਂ ਨਾਲ ਮਠਿਆਈ ਦਾ ਡੱਬਾ ਹੱਥ ਵਿੱਚ ਫੜੀ ਆ ਰਿਹਾ ਸੀ। ਦੁਆ ਸਲਾਮ ਹੋਈ। ਉਸ ਨਿਮਰਤਾ ਨਾਲ ਹੱਥ ਜੋੜੇ, ‘‘ਮੈਂ ਆਪਣੀ ਖੁਸ਼ੀ ਵਿੱਚ ਤੁਹਾਨੂੰ ਸ਼ਾਮਲ ਕਰਨਾ ਚਾਹੁੰਦਾ ਹਾਂ। ਮੂੰਹ ਮਿੱਠਾ ਕਰੋ ਤੇ ਐਤਵਾਰ ਘਰੇ ਪਾਠ ਦਾ ਭੋਗ ਹੈ, ਜ਼ਰੂਰ ਆਉਣਾ।” ਪਤੀ ਕੁਦਰਤੀ ਉਸ ਸਮੇਂ ਵੀ ਘਰ ਨਹੀਂ ਸਨ। ਇੱਕ ਪਲ ਸ਼ਰਮ ਜਿਹੀ ਆਈ ਕਿ ਅਸੀਂ ਇਸ ਬੰਦੇ ਨੂੰ ਵੋਟ ਪਾਉਣ ਤੋਂ ਸਪੱਸ਼ਟ ਨਾਂਹ ਕਰ ਦਿੱਤੀ ਸੀ, ਇਸ ਨੇ ਕਿੱਡੀ ਨਿਮਰਤਾ ਦਿਖਾਈ ਹੈ। ਜਿੱਤੇ ਉਮੀਦਵਾਰ ਤਾਂ ਤੋਤੇ ਵਾਂਗ ਅੱਖ ਫੇਰ ਜਾਂਦੇ ਨੇ। ਉਹ ਤਾਂ ਦਿਨ-ਰਾਤ ਨਾਲ ਫਿਰਨ ਵਾਲਿਆਂ, ਵੋਟ ਪਾਉਣ ਵਾਲਿਆਂ ਨੂੰ ਪੁੱਛਦੇ ਤੱਕ ਨਹੀਂ, ਤੇ ਇਹ ਬੰਦਾ ਘਰੋ-ਘਰੀ ਧੰਨਵਾਦ ਕਰਦਾ ਫਿਰਦਾ...।
ਮੈਂ ਝੱਟ ਦੁਚਿੱਤੀ ਵਿੱਚੋਂ ਨਿਕਲੀ ਅਤੇ ਚਾਹ ਪਾਣੀ ਪੁੱਛਿਆ। ਉਨ੍ਹਾਂ ਸਿਰਫ ਪਾਣੀ ਪੀਤਾ। ਮੈਂ ਮੁਬਾਰਕ ਦਿੱਤੀ, ਧੰਨਵਾਦ ਕੀਤਾ। ਝੱਟ ਹੀ ਸੋਚ ਲਿਆ ਕਿ ਸੱਚ ਬੋਲਣ ਵਿੱਚ ਕੇਹੀ ਸ਼ਰਮ? ਵੋਟ ਨਹੀਂ ਸੀ ਪਾਉਣੀ, ਉਹ ਵੀ ਸੱਚ ਸੀ। ਇਹ ਬੰਦਾ ਜਿੱਤ ਕੇ ਆਇਆ, ਇਹ ਵੀ ਸੱਚ ਸੀ। ਇਸ ਲਈ ‘ਮੁਬਾਰਕ ਕਹਿਣਾ ਵੀ ਓਨਾ ਹੀ ਸੱਚ ਸੀ। ਉਸ ਦੇ ਆਪ ਚੱਲ ਕੇ ਮਠਿਆਈ ਦੇਣ ਆਉਣ ਲਈ ‘ਧੰਨਵਾਦ’ ਕਹਿਣਾ ਵੀ ਸੱਚ ਸੀ। ...ਤੇ ਫਿਰ ਉਹ ਆਪਣੇ ਰਾਹ ਪੈ ਗਏ ਸਨ ਧੰਨਵਾਦ ਕਰਦੇ ਹੋਏ...। ਮੈਂ ਕਿੰਨੀ ਦੇਰ ਸੋਚਦੀ ਰਹੀ, ਕਿੰਨਾ ਚੰਗਾ ਹੋਵੇ ਜੇ ਹਰ ਵੋਟਰ, ਹਰ ਉਮੀਦਵਾਰ ਨੂੰ ਸੱਚੋ-ਸੱਚ ਆਖੇ, ਹੋ ਸਕਦਾ ਹੈ ਕਿ ਸੱਚ ਕਹਿਣ ਨਾਲ ਸਿਆਸੀ ਗੰਧਲਾਪਣ ਕੁਝ ਘਟ ਜਾਵੇ ਤੇ ਸੱਚ ਨਿੱਤਰ ਕੇ ਸਾਹਮਣੇ ਆ ਜਾਵੇ।