Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਨਜਰਰੀਆ

ਲੂਸਦੇ ਸ਼ਬਦ

February 19, 2021 07:11 AM

-ਕਰਨੈਲ ਸਿੰਘ ਸੋਮਲ
ਸ਼ਬਦ ਦੀ ਮਹਿਮਾ ਅਕੱਥ ਹੈ। ਸ਼ਬਦ ਮਨੁੱਖ ਨੂੰ ਸ਼ਕਤੀ ਦਿੰਦਾ ਹੈ ਤੇ ਮੁਕਤੀ ਵੀ। ਡਾਢੀਆਂ ਔਖਿਆਈਆਂ ਵਿੱਚ ਢੇਰੀ ਢਾਹ ਬੈਠੇ ਬੰਦੇ ਨੂੰ ਮੁੜ ਚੜ੍ਹਦੀ ਕਲਾ ਵਿੱਚ ਹੋਣ ਲਈ ਹੌਸਲਾ ਵੀ ਇਹੋ ਦਿੰਦਾ ਹੈ। ਸ਼ਬਦ ਸਿਰਜਣਾ ਵਿੱਚ ਸਹਾਈ ਹੁੰਦਾ ਹੈ। ਇਸ ਵਿੱਚ ਮਨੁੱਖ ਦੀਆਂ ਉੱਚ ਭਾਵਨਾਵਾਂ ਸਾਂਭੀਆਂ ਹੁੰਦੀਆਂ ਹਨ। ਤਦੇ ਪੋਥੀ ਅਤੇ ਪੁਸਤਕ ਦੀ ਇੰਨੀ ਪੁੱਛ ਜੁਗੋ-ਜੁਗ ਹੁੰਦੀ ਆਈ ਹੈ। ਸ਼ਬਦ ਜਿੱਥੇ ਠੰਢ ਪਾਉਂਦਾ ਤੇ ਨਿੱਘ ਦਿੰਦਾ ਹੈ, ਉਥੇ ਦੂਜੇ ਦੇ ਸਵੈ ਮਾਣ ਨੂੰ ਢਾਹ ਲਾਉਣ ਤੇ ਨੀਵਾਂ ਦਿਖਾਉਣ ਲਈ ਵਰਤਿਆਂ ਇਹ ਹਿੰਸਾ ਦਾ ਵਾਹਨ ਬਣ ਜਾਂਦਾ ਹੈ। ਬਾਟੇ ਵਿੱਚ ਅੰਮ੍ਰਿਤ ਛਕਾਇਆ ਜਾਂਦਾ ਹੈ। ਉਹ ਵੀ ਬਰਤਨ ਸੀ, ਜਿਸ ਵਿੱਚ ਸੁਕਰਾਤ ਨੂੰ ਜ਼ਹਿਰ ਪਿਲਾਇਆ ਗਿਆ ਸੀ।
ਕੋਈ ਜ਼ਮਾਨਾ ਸੀ, ਬਹੁਤੀ ਦੂਰ ਨਹੀਂ, ਮਸਾਂ ਕੁਝ ਦਹਾਕੇ ਪਹਿਲਾਂ, ਜਦੋਂ ਚੁੱਲ੍ਹਾ ਬਾਲਣ ਨੂੰ ਗੁਆਂਢ ਤੋਂ ਅੱਗ ਮੰਗੀ ਜਾਂਦੀ ਸੀ। ਨਾਲੇ ਮੰਗਣ ਵਾਲੀ ਆਖਦੀ, ‘‘ਮੈਂ ਰਾਤੀਂ ਚੰਗੀ-ਭਲੀ ਅੱਗ ਦੱਬੀ ਸੀ, ਸਵੇਰੇ ਉਠੀ, ਬਲੀ ਹੀ ਨਾ।” ਚੁੱਲ੍ਹੇ ਵਿੱਚ ਬਲਦੀ ਅੱਗ ਜੀਵਨ ਦਾ ਆਧਾਰ ਬਣਦੀ ਹੈ। ਕਿਸੇ ਦੇ ਘਰ ਨੂੰ ਸਾੜ-ਫੂਕਣ ਲਈ ਜਿਹੜੀ ਚੁਆਤੀ ਲਾਈ ਜਾਂਦੀ ਹੈ, ਉਹ ਵੀ ਅੱਗ ਦਾ ਰੂਪ ਹੁੰਦੀ ਹੈ। ਜਦੋਂ ਸਬਦ ਨੂੰ ਚੁਆਤੀ ਵਜੋਂ ਵਰਤਿਆ ਜਾਵੇ ਤਾਂ ਇਹ ਹਿੰਸਾ ਦਾ ਹਥਿਆਰ ਬਣ ਜਾਂਦਾ ਹੈ। ਕਹਿੰਦੇ ਹਨ, ਸਰੀਰ ਦੇ ਜ਼ਖਮ ਵਕਤ ਨਾਲ ਭਰ ਜਾਂਦੇ ਹਨ, ਪਰ ਹਿੰਸਾ ਵਜੋਂ ਵਰਤੇ ਸ਼ਬਦਾਂ ਦਾ ਘਾਉ ਉਮਰ ਭਰ ਅੱਲ੍ਹਾ ਰਹਿੰਦਾ ਹੈ। ਤਦੇ ਸ਼ਾਬਦਿਕ ਹਿੰਸਾ ਲੂਸਣੀ ਹੁੰਦੀ ਹੈ, ਅੱਗੇ ਤੋਂ ਅੱਗੇ ਸਾੜ ਪੈਦਾ ਕਰਦੀ।
ਗਾਲੀ ਗਲੋਚ ਕਰਦਿਆਂ ਜ਼ੁਬਾਨ ‘ਗੰਦੀ’ ਹੁੰਦੀ ਹੈ। ਮਿੱਠਾ ਤੇ ਸਹਿਜ ਬੋਲਦਿਆਂ ਉਹੋ ਜੀਭ ‘ਰਸਨਾ' ਅਖਵਾਉਂਦੀ ਹੈ। ਬੋਲ ਕੁਬੋਲ ਦੀ ਗੱਲ ਛੱਡੀਏ। ਕਈਆਂ ਨੂੰ ਬਾਲ ਉਮਰੇ ਅਪਮਾਨ ਜਨਕ ਸ਼ਬਦ ਅਕਾਰਨ ਸੁਣਨੇ ਪੈਂਦੇ ਹਨ। ਇਹ ਸ਼ਬਦ ਹਿੰਸਕ ਬਿਰਤੀ ਵਾਲੇ ਮਾਂ-ਪਿਓ ਦੇ ਮੂੰਹੋਂ ਵੀ ਨਿਕਲੇ ਹੋ ਸਕਦੇ ਹਨ ਤੇ ਹੋਰ ‘ਨੇੜਲੀਆਂ’ ਧਿਰਾਂ ਵੱਲੋਂ ਵੀ। ਕਈ ਨਕਾਰਾ ਸੋਚ ਵਾਲੇ ਲੋਕ ਜਾਣ ਬੁੱਝ ਕੇ ਮਾਸੂਮਾਂ ਨੂੰ ਜ਼ਲੀਲ ਕਰਦੇ ਹਨ। ਉਹ ਬਾਲ ਜਾਂ ਬਾਲੜੀ ਨੂੰ ਉਸ ਦੀ ਜਿਲਦ (ਚਮੜੀ) ਦੇ ਰੰਗ, ਕੱਦ-ਕਾਠ, ਜਾਤੀ ਪਿਛੋਕੜ, ਉਸ ਦੇ ਮਾਪਿਆਂ ਦੇ ਕਿਰਦਾਰ ਆਦਿ ਬਾਰੇ ਨਿਖੇਧੀ ਜਨਕ ਟਿੱਪਣੀਆਂ ਕਰਦੇ ਹਨ। ਸਾਰੇ ਜਾਣਦੇ ਹਨ, ਦੁਨੀਆ ਵਿੱਚ ਕੱਦ-ਕਾਠ ਪੱਖੋਂ ਇਕਸਾਰਤਾ ਨਹੀਂ। ਨੈਣ-ਨਕਸ਼ਾਂ ਪੱਖੋਂ ਵੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਬੰਦਾ ਕਿਹੋ ਜਿਹੇ ਆਰਥਿਕ ਜਾਂ ਸਮਾਜਕ ਪਿਛੋਕੜ ਵਾਲੇ ਘਰ ਵਿੱਚ ਜੰਮਿਆ ਹੈ, ਉਸ ਦੇ ਮਾਪੇ ਕਿਹੜੇ ਹਨ, ਦੇਸ ਕਿਹੜਾ ਹੈ, ਉਸ ਦੀ ਭਾਸ਼ਾ ਤੇ ਵਿਸ਼ਵਾਸ ਕਿਹੋ ਜਿਹੇ ਹਨ, ਇਨ੍ਹਾਂ ਗੱਲਾਂ ਵਿੱਚ ਉਸ ਦੀ ਆਪਣੀ ਕੋਈ ਮਰਜ਼ੀ ਨਹੀਂ ਹੁੰਦੀ। ਕਿਸੇ ਬੱਚੇ ਲਈ ਇਨ੍ਹਾਂ ਗੱਲੋਂ ਪੱਖੋਂ ਛੁਟਿਆਉਂਦੇ ਕੁਬੋਲ ਸੁਣਨੇ ਘਾਤਕ ਸਾਬਤ ਹੁੰਦੇ ਹਨ। ਵੈਸੇ ਵੱਡੀ ਉਮਰ ਵੀ ਝੂਠੀਆਂ ਤੇ ਮਨੋ-ਕਲਪਿਤ ਊਜਾਂ, ਮਿਹਣੇ, ਛੇੜਾਂ ਤੋਂ ਹੋਰ ਕਬੋਲ ਕਮਜ਼ੋਰ ਧਿਰ ਦੇ ਕੰਨੀਂ ਪੈਂਦੇ ਹਨ। ਮਾਨਸਿਕਤਾ ਦੀ ਹੀ ਗੱਲ ਹੈ, ਕਈ ਤਾਂ ਭੋਲੇ-ਭਾਲੇ ਪੰਛੀਆਂ ਨੂੰ ਫੁੰਡਣ ਅਤੇ ਬੇਕਸੂਰ ਜੀਵਾਂ ਨੂੰ ਮਾਰਨ ਵਿੱਚ ਵੀ ਲੁਤਫ ਮਹਿਸੂਸ ਕਰਦੇ ਹਨ। ਕਿਸੇ ਕਮਜ਼ੋਰ ਨੂੰ ਤੜਫਾ ਕੇ ਹੱਸਦੇ ਹਨ।
ਸਾਡੇ ਸਮਾਜ ਵਿੱਚ ਸਦੀਆਂ ਤੋਂ ਜਾਤ ਪਾਤ ਦੀ ਫਰਜ਼ੀ ਪੌੜੀ ਬਣੀ ਹੋਈ ਹੈ। ਕੋਈ ਜਨਮ ਤੋਂ ਹੀ ਉਪਰਲੇੇ ਡੰਡੇ ਉੱਤੇ ਬੈਠਾ ਮੰਨਿਆ ਜਾਂਦਾ ਹੈ, ਕੋਈ ਹੇਠਲੇ ਡੰਡੇ ਉਤੇ। ਦੂਜੇ ਪ੍ਰਤੀ ਹਕਾਰਤ ਨੂੰ ਪ੍ਰਗਟਾਉਣ ਲਈ ਉਸ ਨੂੰ ਜਾਤ-ਪਾਤ ਪੱਖੋਂ ਨੀਵਾਂ ਹੋਣਾ ਯਾਦ ਕਰਾਇਆ ਜਾਂਦਾ ਹੈ। ਅਗਾਂਹ ਹੋਰ ਕਿੰਨਾ ਨੀਵਾਂ ਉਤਰਿਆ ਜਾਂਦਾ ਹੈ, ਇਸ ਦੀ ਮਿਸਾਲ ਲਈ ਅਗਲੇ ਨੂੰ ਡੰਗਰ, ਕੁੱਤਾ, ਗਧਾ, ਗਿੱਦੜ, ਬਾਂਦਰ, ਸਪੋਲੀਆ ਆਦਿ ਗਰਦਾਨਿਆ ਜਾਂਦਾ ਹੈ। ਸਰੀਰਕ ਅਪੰਗਤਾ ਹੀ ਲਓ, ਇਹ ਬੱਚੇ ਵਿੱਚ ਕਿਸੇ ਵੀ ਕਾਰਨ ਹੋ ਸਕਦੀ ਹੈ। ਬੋਲਣ ਵਾਲਾ ਅਗਲੇ ਦੀ ਅਪੰਗਤਾ ਦਾ ਮੁੜ ਮੁੜ ਜ਼ਿਕਰ ਕਰ ਕੇ ਉਸ ਦੇ ਹਿਰਦੇ ਨੂੰ ਆਹਤ ਕਰਦਾ ਹੈ ਅਤੇ ਉਹ ਆਪਣੀਆਂ ਕਮੀਆਂ ਨੂੰ ਲੁਕੀਆਂ ਸਮਝਦਾ ਹੈ। ਅਪੰਗ ਆਖੇ ਜਾਂਦੇ ਬੰਦੇ ਵਿੱਚ ਹੋਰ ਅਨੇਕਾਂ ਗੁਣ ਤੇ ਸਮਰੱਥਾਵਾਂ ਹੁੰਦੀਆਂ ਹਨ।
ਹਰ ਬੰਦਾ ਆਪਣੀਆਂ ਸਮਰੱਥਾਵਾਂ ਅਤੇ ਸੰਭਾਵਨਾਵਾਂ ਨੂੰ ਜਗਾ ਕੇ ਆਪਣੀ ਅਪੂਰਨਤਾ ਵਿੱਚ ਵੀ ਪੂਰਨ ਹੁੰਦਾ ਹੈ। ਵਿਦਿਆ ਸਾਨੂੰ ਇਸੇ ਦਿਸ਼ਾ ਵੱਲ ਤੋਰਨ ਦਾ ਯਤਨ ਕਰਦੀ ਹੈ। ਕਿਸੇ ਬਾਲੜੀ ਨੂੰ ਸ਼ੁਰੂ ਤੋਂ ਹੀ ‘ਕਾਲੀ ਕਲੋਟੀ’ ਆਖਿਆ ਜਾਵੇ ਤਾਂ ਉਹ ਖਾਹਮਖਾਹ ਇਸ ਕਾਰਨ ਹੀਣ ਭਾਵ ਨਾਲ ਗ੍ਰਸੀ ਜਾਵੇਗੀ। ਅਖੌਤੀ ਸੁੰਦਰਤਾ ਸਾਧਨਾ ਦਾ ਵਪਾਰ ਅਜਿਹੀਆਂ ਗਲਤ ਧਾਰਨਾਵਾਂ ਦੇ ਬਲ ਉਤੇ ਹੀ ਵਧਦਾ ਫੁਲਦਾ ਹੈ। ਬੇਸਮਝਾਂ ਦੀਆਂ ਨਕਾਰਾਤਮਕ ਟਿੱਪਣੀਆਂ ਤੋਂ ਭਲਾ ਕੋਈ ਬਾਲ ਜਾਂ ਬਾਲੜੀ ਇਹ ਗੰਢ ਕਿਉਂ ਪੱਲੇ ਪਾਲੇ ਕਿ ਉਸ ਕੋਲ ਸੁਹੱਪਣ ਜਾਂ ਸਿਆਣਪ ਨਹੀਂ ਹੈ। ਹਰ ਜੀਵ ਕੁਦਰਤ ਦਾ ਕ੍ਰਿਸ਼ਮਾ ਹੈ, ਬਾਲ ਤੇ ਬਾਲੜੀਆਂ ਵੀ। ਉਸ ਦੀ ਛਬ ਉਸ ਦੀ ਤੰਦਰੁਸਤੀ, ਉਸ ਦੇ ਛੁਪ ਗੁਣਾਂ ਤੇ ਸਮਰੱਥਾਵਾਂ ਦੇ ਵਿਕਸਤ ਹੋਣ, ਉਸ ਦੇ ਉਦਮ, ਮਿਹਨਤ, ਆਤਮ ਵਿਸ਼ਵਾਸ, ਕਲਾ ਬਣਦੇ ਉਸ ਦੇ ਕੰਮ ਵਿੱਚੋਂ ਝਲਕਣਾ ਹੁੰਦਾ ਹੈ। ਇੱਥੇ ਪ੍ਰੋਫੈਸਰ ਸਾਹਿਬ ਸਿੰਘ ਦੀ ਸਵੈ ਜੀਵਨੀ ਦਾ ਖਿਆਲ ਆਉਂਦਾ ਹੈ। ਸਕੂਲ ਉਹ ਸਾਰੀ ਜਮਾਤ ਵਿੱਚੋਂ ਸਰੀਰ ਦੇ ਕਮਜ਼ੋਰ ਤੇ ਕੱਦ ਪੱਖੋਂ ਛੋਟੇ ਸਨ। ਅਧਿਆਪਕ ਪੰਡਤ ਸ਼ਿਵ ਦਿਆਲ ਕਦੇ ਕਦੇ ਹੱਸ ਕੇ ਉਸ ਨੂੰ ਕਹਿੰਦੇ, ‘‘ਅਗਾਂਹ ਉਸ ਦੇ ਪੁੱਤਰ ਢਾਂਗਿਆਂ ਨਾਲ ਬਤਾਊਂ ਲਾਹਿਆ ਕਰਨਗੇ।” ਉਹੀ ਅਧਿਆਪਕ ਸਮਝਦੇ ਸਨ ਕਿ ਇਹ ਵਿਦਿਆਰਥੀ ਸਾਰੀ ਜਮਾਤ ਵਿੱਚੋਂ ਉਘੜਨ ਵਾਲਾ ਹੈ। ਸੱਚੀਂ, ਪਿੱਛੋਂ ਪ੍ਰੋਫੈਸਰ ਸਾਹਿਬ ਸਿੰਘ ਉਚੇ ਕੱਦ ਵਾਲੇ ਵਿਦਵਾਨ, ਲੇਖਕ ਤੇ ਗੁਰਬਾਣੀ ਦੇ ਮਹਾਨ ਟੀਕਾਕਾਰ ਬਣੇ। ਦੁਨੀਆ ਦੀਆਂ ਮਹਾਨ ਹਸਤੀਆਂ ਉਨ੍ਹਾਂ ਦੇ ਵੱਡੇ ਕਾਰਜਾਂ ਕਰ ਕੇ ਜਾਣੀਆਂ ਗਈਆਂ, ਬਾਹਰੀ ਦਿੱਖ ਕਰ ਕੇ ਨਹੀਂ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ