ਟੋਰਾਂਟੋ, 18 ਫਰਵਰੀ (ਪੋਸਟ ਬਿਊਰੋ) : ਪਿਛਲੇ ਹਫਤੇ ਇੱਕ 14 ਸਾਲਾ ਲੜਕੀ ਦੇ ਸਿਰ ਵਿੱਚ ਲੱਗੀ ਗੋਲੀ ਦੇ ਮਾਮਲੇ ਵਿੱਚ ਇੱਕ 17 ਸਾਲਾ ਲੜਕੇ ਨੂੰ ਟੋਰਾਂਟੋ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਲੜਕੇ ਦੀ ਪਹਿਲਾਂ ਭਾਲ ਕੀਤੀ ਗਈ ਤੇ ਫਿਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਉੱਤੇ ਕਈ ਚਾਰਜਿਜ਼ ਲਾਏ ਗਏ ਹਨ ਜਿਵੇਂ ਕਿ
· ਨਜਾਇਜ਼ ਤੌਰ ਉੱਤੇ ਹਥਿਆਰ ਰੱਖਣਾ,
· ਜਾਣਦਿਆਂ ਬੁੱਝਦਿਆਂ ਗੈਰਅਧਿਕਾਰਕ ਹਥਿਆਰ ਰੱਖਣਾ,
· ਪਾਬੰਦੀਸ਼ੁਦਾ ਹਥਿਆਰ ਤੇ ਗੋਲੀ ਸਿੱਕਾ ਰੱਖਣਾ,
· ਲਾਪਰਵਾਹੀ ਨਾਲ ਹਥਿਆਰ ਜਮ੍ਹਾਂ ਕਰਨੇ,
· ਕਿਸੇ ਹੋਰ ਵਿਅਕਤੀ ਦੀ ਜਿੰ਼ਦਗੀ ਜਾਂ ਸੇਫਟੀ ਦੀ ਪਰਵਾਹ ਕੀਤੇ ਬਿਨਾਂ ਹਥਿਆਰ ਦੀ ਵਰਤੋਂ ਕਰਨਾ,
· ਗੁੱਸੇ ਵਿੱਚ ਹਮਲਾ ਕਰਨਾ,
· ਕਿਸੇ ਨੂੰ ਸ਼ਰੀਰਕ ਨੁਕਸਾਨ ਪਹੁੰਚਾਉਣ ਲਈ ਮੁਜਰਮਾਨਾਂ ਕਾਰਵਾਈ,
· ਰਲੀਜ਼ ਆਰਡਰਜ਼ ਦੀ ਪਾਲਣਾਂ ਵਿੱਚ ਦੋ ਵਾਰੀ ਅਸਫਲ ਰਹਿਣਾ
ਟੋਰਾਂਟੋ ਪੁਲਿਸ ਨੇ ਦੱਸਿਆ ਕਿ ਪਿਛਲੇ ਹਫਤੇ ਨੌਰਥ ਯੌਰਕ ਵਿੱਚ ਜਿਸ ਲੜਕੀ ਦੇ ਸਿਰ ਵਿੱਚ ਗੋਲੀ ਲੱਗੀ ਸੀ ਹੁਣ ਉਸ ਦੀ ਹਾਲਤ ਸਥਿਰ ਹੈ ਪਰ ਇਸ ਹਾਦਸੇ ਤੋਂ ਬਾਅਦ ਉਸ ਦੀ ਜਿ਼ੰਦਗੀ ਕਾਫੀ ਬਦਲ ਜਾਵੇਗੀ। ਲੜਕੀ ਦੇ ਪਿਤਾ ਨੇ ਦੱਸਿਆ ਕਿ ਹੁਣ ਉਨ੍ਹਾਂ ਦੀ ਬੱਚੀ ਨੂੰ ਆਈਸੀਯੂ ਤੋਂ ਬਾਹਰ ਲਿਆਂਦਾ ਜਾ ਚੁੱਕਿਆ ਹੈ ਤੇ ਉਹ ਹੋਸ਼ ਵਿੱਚ ਹੈ ਅਤੇ ਗੱਲਬਾਤ ਵੀ ਕਰ ਰਹੀ ਹੈ।
ਇਹ ਘਟਨਾ ਪਿਛਲੇ ਸੁ਼ੱਕਰਵਾਰ ਨੂੰ ਜੇਨ ਤੇ ਫਿੰਚ ਨੇੜੇ ਸਟੌਂਗ ਕੋਰਟ ਉੱਤੇ ਸਥਿਤ ਰਿਹਾਇਸ਼ੀ ਬਿਲਡਿੰਗ ਵਿੱਚ ਸਵੇਰੇ 3:00 ਵਜੇ ਵਾਪਰੀ ਸੀ। ਮੌਕੇ ਉੱਤੇ ਪਹੁੰਚੀ ਪੁਲਿਸ ਨੇ ਪਾਇਆ ਕਿ ਲੜਕੀ ਦੇ ਸਿਰ ਵਿੱਚ ਗੋਲੀ ਲੱਗੀ ਸੀ। ਉਸ ਨੂੰ ਫੌਰਨ ਦ ਹਾਸਪਿਟਲ ਆਫ ਸਿੱਕ ਕਿੱਡਜ਼ ਲਿਜਾਇਆ ਗਿਆ। ਸ਼ੂਟਿੰਗ ਤੋਂ ਬਾਅਦ ਚਾਰ ਮਸ਼ਕੂਕ ਬਿਲਡਿੰਗ ਤੋਂ ਫਰਾਰ ਹੋ ਗਏ। ਜਾਂਚਕਾਰ ਅਜੇ ਵੀ ਇਹ ਪਤਾ ਲਾਉਣ ਦੀ ਕੋਸਿ਼ਸ਼ ਕਰ ਰਹੇ ਹਨ ਕਿ ਅਸਲ ਵਿੱਚ ਉਸ ਸਮੇਂ ਹੋਇਆ ਕੀ ਸੀ।