ਮੈਕਸੀਕੋ ਸਿਟੀ, 18 ਫਰਵਰੀ (ਪੋਸਟ ਬਿਊਰੋ)- ਅਮਰੀਕਾ ਵਿੱਚ ਜਾਰੀ ਬਰਫੀਲੇ ਤੂਫਾਨ ਕਾਰਨ 23 ਲੋਕਾਂ ਦੀ ਕੱਲ੍ਹ ਰਾਤ ਤੱਕ ਮੌਤ ਹੋ ਗਈ ਸੀ। ਲੱਖਾਂ ਲੋਕ ਬਿਨਾਂ ਬਿਜਲੀ ਦੇ ਰਹਿ ਰਹੇ ਸਨ। ਰਾਸ਼ਟਰੀ ਮੌਸਮ ਸੇਵਾ ਵਿਭਾਗ ਨੇ ਦੱਸਿਆ ਕਿ ਭਿਆਨਕ ਤੂਫਾਨ ਕਾਰਨ ਦੱਖਣੀ ਮੈਦਾਨੀ ਖੇਤਰ ਵਿੱਚ ਭਾਰੀ ਬਰਫਬਾਰੀ ਅਤੇ ਨਿਊ ਇੰਗਲੈਂਡ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਇਸੇ ਦੌਰਾਨ ‘ਡੀਪ ਸਾਊਥ’ ਵਿੱਚ ਪਾਰਾ ਵੀ ਕਾਫੀ ਡਿੱਗ ਗਿਆ ਹੈ।
ਇਸ ਮੌਕੇ ਵਿਭਾਗ ਨੇ ਦੱਸਿਆ ਕਿ ਖ਼ਰਾਬ ਮੌਸਮ ਕਾਰਨ ਦੇਸ਼ ਵਿੱਚ ਕੋਵਿਡ-19 ਦੀ ਟੀਕਾਕਰਣ ਮੁਹਿੰਮ 'ਤੇ ਵੀ ਮਾੜਾ ਅਸਰ ਪਿਆ ਹੈ। ਉੱਤਰੀ ਕੈਰੋਲੀਨਾ ਬ੍ਰੈਂਸਵਿਕ ਕਾਉਂਟੀ ਵਿਖੇ ਵੀ ਮੌਸਮ ਬਹੁਤ ਖਰਾਬ ਹੈ ਅਤੇ ਸ਼ਿਕਾਗੋ ਵਿੱਚ ਰਿਕਾਰਡ 46 ਸੈਂਟੀਮੀਟਰ ਤੱਕ ਬਰਫਬਾਰੀ ਹੋਈ ਹੈ। ਅਮਰੀਕਾ ਦਾ 73 ਫੀਸਦੀ ਹਿੱਸਾ ਬਰਫ ਨਾਲ ਢੱਕਿਆ ਪਿਆ ਹੈ।ਉਤਰੀ ਮੈਕਸੀਕੋ ਵਿੱਚ ਬਿਜਲੀ ਦੀ ਕਟੌਤੀ ਕਾਰਨ ਸੈਂਕੜੇ ਕਾਰਖਾਨੇ ਬੰਦ ਕਰਨੇ ਪਏ ਹਨ। ਟੈਕਸਾਸ ਦੇ 50 ਲੱਖ ਲੋਕ ਪ੍ਰਭਾਵਿਤ ਹੋਏ ਹਨ। ਕੌਮੀ ਊਰਜਾ ਕੰਟਰੋਲ ਦਫ਼ਤਰ ਦੇ ਮੁਤਾਬਕ ਟੈਕਸਾਸ ਵਿਖੇ ਤੀਜੇ ਦਿਨ ਵੀ ਤੂਫਾਨ ਕਾਰਨ ਦਰਾਮਦ ਕੀਤੀ ਜਾਣ ਵਾਲੀ ਕੁਦਰਤੀ ਗੈਸ ਦੀ ਸਪਲਾਈ ਵਿੱਚ ਕਟੌਤੀ ਕਰਨੀ ਪਈ ਹੈ। ਇਸ 'ਤੇ ਉਤਰੀ ਮੈਕਸੀਕੋ ਦਾ ਵਧੇਰੇ ਬਿਜਲੀ ਊਤਪਾਦਨ ਨਿਰਭਰ ਹੈ। ਨੈਸ਼ਨਲ ਕੌਂਸਲ ਆਫ ਦਿ ਮੈਕਿਊਲਿਆਡੋਰਾ ਇੰਡਸਟਰੀ ਨੇ ਦੱਸਿਆ ਕਿ ਬਿਜਲੀ ਨਾ ਹੋਣ ਕਾਰਨ ਸੈਂਕੜੇ ਪਲਾਂਟ ਬੰਦ ਹਨ। ਕੌਂਸਲ ਨੇ ਸ਼ਿਕਾਇਤ ਕੀਤੀ ਕਿ ਬਿਜਲੀ ਸਪਲਾਈ ਠੱਪ ਹੋਣ ਦੀ ਨਾ ਚਿਤਾਵਨੀ ਦਿੱਤੀ ਗਈ ਅਤੇ ਨਾ ਇਸ ਬਾਰੇ ਤਾਲਮੇਲ ਕੀਤਾ ਗਿਆ, ਅਚਾਨਕ ਹੀ ਟਵਿੱਟਰ 'ਤੇ ਇਸ ਬਾਰੇ ਐਲਾਨ ਕੀਤਾ ਗਿਆ।