ਓਟਵਾ, 5 ਦਸੰਬਰ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਨਾ ਤਾਂ ਉਨ੍ਹਾਂ ਨੇ ਆਪ ਤੇ ਨਾ ਹੀ ਉਨ੍ਹਾਂ ਦੇ ਆਫਿਸ ਵੱਲੋਂ ਇਸ ਸਾਲ ਦੇ ਸੁਰੂ ਵਿੱਚ ਉਨ੍ਹਾਂ ਵੱਲੋਂ ਕੀਤੇ ਗਏ ਵਿਵਾਦਗ੍ਰਸਤ ਭਾਰਦ ਦੌਰੇ ਸਬੰਧੀ ਰਿਪੋਰਟ ਨੂੰ ਸੈਂਸਰ ਕਰਨ ਦੇ ਹੁਕਮ ਦਿੱਤੇ। ਟਰੂਡੋ ਨੂੰ ਇਹ ਬਿਆਨ ਇਸ ਲਈ ਦੇਣਾ ਪਿਆ ਕਿਉਂਕਿ ਵਿਰੋਧੀ ਧਿਰ ਵੱਲੋਂ ਲਗਾਤਾਰ ਇਹ ਦੋਸ ਲਾਏ ਜਾ ਰਹੇ ਹਨ ਕਿ ਉਨ੍ਹਾਂ ਦੇ ਆਫਿਸ ਵੱਲੋਂ ਹੀ ਇਸ ਦੌਰੇ ਬਾਰੇ ਸਿਆਸੀ ਤੌਰ ਉੱਤੇ ਸੰਵੇਦਨਸੀਲ ਜਾਣਕਾਰੀ ਨੂੰ ਰਿਪੋਰਟ ਵਿੱਚੋਂ ਹਟਾ ਦਿੱਤਾ ਗਿਆ।
ਕੰਜਰਵੇਟਿਵਾਂ ਤੇ ਨਿਊ ਡੈਮੋਕ੍ਰੈਟਸ ਵੱਲੋਂ ਕਥਿਤ ਤੌਰ ਉੱਤੇ ਪੂਰੀ ਤਰ੍ਹਾਂ ਸੈਂਸਰ ਕੀਤੀ ਗਈ ਇਸ ਰਿਪੋਰਟ ਦੀ ਨਿਖੇਧੀ ਕੀਤੀ ਗਈ। ਇਹ ਰਿਪੋਰਟ ਐਮਪੀਜ ਤੇ ਸੈਨੇਟਰਜ ਦੀ ਆਲ ਪਾਰਟੀ ਕਮੇਟੀ ਵੱਲੋਂ ਤਿਆਰ ਕੀਤੀ ਗਈ ਸੀ। ਇਸ ਵਿੱਚ ਆਖਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਨੇ ਰਿਪੋਰਟ ਵਿਚਲੀ ਸਰਮਿੰਦਗੀ ਭਰੀ ਜਾਣਕਾਰੀ ਜਨਤਕ ਹੋਣ ਤੋਂ ਰੋਕ ਲਈ।
ਪਰ ਮੰਗਲਵਾਰ ਨੂੰ ਟਰੂਡੋ ਨੇ ਹਾਊਸ ਆਫ ਕਾਮਨਜ ਵਿੱਚ ਇਨ੍ਹਾਂ ਇਲਜਾਮਾਂ ਤੋਂ ਇਨਕਾਰ ਕਰਦਿਆਂ ਆਖਿਆ ਕਿ ਨਾ ਤਾਂ ਉਨ੍ਹਾਂ ਨੇ ਤੇ ਨਾ ਹੀ ਉਨ੍ਹਾਂ ਦੇ ਆਫਿਸ ਵੱਲੋਂ ਰਿਪੋਰਟ ਦੇ ਕਿਸੇ ਵੀ ਹਿੱਸੇ ਨੂੰ ਸੈਂਸਰ ਕੀਤਾ ਗਿਆ। ਇਸ ਰਿਪੋਰਟ ਨੂੰ ਨੈਸਨਲ ਸਕਿਊਰਿਟੀ ਐਂਡ ਇੰਟੈਲੀਜੈਂਸ ਕਮੇਟੀ ਆਫ ਪਾਰਲੀਆਮੈਂਟੇਰੀਅਨਜ ਵੱਲੋਂ ਰਲੀਜ ਕੀਤਾ ਗਿਆ।