-ਬਲਰਾਜ ਸਿੰਘ
ਪਿਛਲੇ ਦਸਾਂ ਸਾਲਾਂ ਤੋਂ ਜਦੋਂ ਦਾ ਸਰਕਾਰ ਨੇ ਸਾਨੂੰ ਸੇਵਾ ਮੁਕਤ ਕੀਤਾ ਹੈ, ਸਾਡੇ ਕੋਲ ਪੜ੍ਹਨ-ਲਿਖਣ ਤੇ ਪੈਨਸ਼ਨ ਛਕਣ ਤੋਂ ਬਿਨਾਂ ਕੋਈ ਮਹੱਤਵ ਪੂਰਨ ਕੰਮ ਨਹੀਂ ਬਚਿਆ। ਸਾਰਾ ਦਿਨ ਕਿਤਾਬਾਂ ਨਾਲ ਗੁਜ਼ਾਰਨ ਕਰ ਕੇ ਅਕਹਿ ਆਨੰਦ ਤੇ ਦਿਮਾਗੀ ਸਕੂਨ ਦੇ ਗੱਫੇ ਤਾਂ ਮਿਲਦੇ ਹਨ, ਸਗੋਂ ਨਵੀਂ ਜਾਣਕਾਰੀ ਨਾਲ ਦਿਮਾਗ ਦੇ ਕਪਾਟ ਵੀ ਖੁੱਲ੍ਹਦੇ ਹਨ। ਹਰ ਗੱਲ ਨੂੰ ਨਵੇਂ ਦਿ੍ਰਸ਼ਟੀਕੋਣ ਤੋਂ ਦੇਖਣ ਦੀ ਆਦਤ ਆਪ ਮੁਹਾਰੇ ਹੀ ਵਿਕਸਤ ਹੋ ਜਾਂਦੀ ਹੈ ਤੇ ਦਿਮਾਗ ਹਰ ਗੱਲ ਦੇ ਨਵੇਂ-ਨਵੇਂ ਅਰਥ ਤਲਾਸ਼ਦਾ ਰਹਿੰਦਾ ਹੈ। ਸਾਡੇ ਕੋਲ ਮਿਸਰ ਦੇ ਵੱਡੇ ਧਨੀ ਅਤੇ ਕੰਜੂਸਾਂ ਦੇ ਸਰਤਾਜ ਕਾਰੂੰ ਜਿੱਡਾ ਵਿਸ਼ਾਲ ਖਜ਼ਾਨਾ ਤਾਂ ਨਹੀਂ, ਜਿਸ ਦੀਆਂ ਚਾਬੀਆਂ ਹੀ ਤਿੰਨ ਸੌ ਖੱਚਰਾਂ 'ਤੇ ਲੱਦੀਆਂ ਜਾਂਦੀਆਂ ਹੋਣ, ਪਰ ਪੁਸਤਕਾਂ ਦਾ ਐਨਾ ਕੁ ਖਜ਼ਾਨਾ ਜ਼ਰੂਰ ਹੈ, ਜਿਸ ਨਾਲ ਸਾਡੇ ਘਰ ਦਾ ਪਿਛਲਾ 10ਣ10 ਦਾ ਕਮਰਾ ਤੂੜਿਆ ਪਿਆ ਹੈ। ਕੱਲ੍ਹ ਇਸ ਖਜ਼ਾਨੇ ਨੂੰ ਵਾਚਦਿਆਂ ਸਾਨੂੰ ਲੋਕ ਅਖਾਣਾਂ ਦੀ ਇੱਕ ਕਿਤਾਬ ਵਿੱਚੋਂ ਇਲਮ ਹੋਇਆ ਕਿ ਕਹਾਵਤਾਂ ਕਿਸੇ ਇੱਕ ਦਿਨ ਜਾਂ ਸਾਲ ਵਿੱਚ ਨਹੀਂ ਬਣਦੀਆਂ ਸਗੋਂ ਹਜ਼ਾਰਾਂ ਸਾਲ ਘਿਸਣ ਬਾਅਦ ਹੋਂਦ ਵਿੱਚ ਆਉਂਦੀਆਂ ਹਨ ਅਤੇ ਇਨ੍ਹਾਂ ਨੂੰ ਪੈਦਾ ਕਰਨ ਵਾਲੇ ਦੀ ਭਾਲ ਕਰਨੀ ਤਾਂ ਸਮੰੁਦਰ ਵਿੱਚੋਂ ਸੂਈ ਦੀ ਭਾਲ ਕਰਨ ਦੇ ਬਰਾਬਰ ਹੈ। ਮੰਨਦੇ ਹਾਂ ਅਖਾਣਾਂ ਬਾਰੇ ਵਿਦਵਾਨਾਂ ਦੀ ਇਹ ਪਰਿਭਾਸ਼ਾ ਹਜ਼ਾਰਾਂ ਸਾਲ ਸਮੇੇਂ ਦੀ ਕਸੌਟੀ 'ਤੇ ਖਰੀ ਉਤਰਦੀ ਹੋਵੇਗੀ, ਪਰ ਇਸ ਕੁਲਹਿਣੇ ਕਰੋਨਾ ਦੇ ਦੁਨੀਆ ਭਰ 'ਚ ਪੈਰ ਪਸਾਰਨ ਕਾਰਨ ਇਸ ਨੇ ਚਿਰਾਂ ਤੋਂ ਪ੍ਰਚਲਤ ਮੁਹਾਵਰਿਆਂ ਅਤੇ ਅਖਾਣਾਂ 'ਤੇ ਵੀ ਅਛੋਪਲੇ ਜਿਹੇ ਆਪਣਾ ਕਬਜ਼ਾ ਜਮਾ ਲੈਣਾ ਹੈ ਤੇ ਭਾਸ਼ਾ ਵਿਗਿਆਨੀਆਂ ਤੇ ਮਾਹਰ ਵਿਦਵਾਨਾਂ ਦੀਆਂ ਇਨ੍ਹਾਂ ਧਾਰਨਾਵਾਂ ਨੂੰ ਗਲਤ ਸਿੱਧ ਕਰ ਦੇਣਾ ਹੈ ਕਿ ਅਖਾਣ ਹਜ਼ਾਰਾਂ ਸਾਲ ਘਿਸਣ ਬਾਅਦ ਹੋਂਦ ਵਿੱਚ ਆਉਂਦੇ ਹਨ। ਇਸ ਨੇ ‘ਸੌ ਸੁਨਿਆਰ ਦੀ, ਇੱਕ ਲੁਹਾਰ ਦੀ’ ਵਾਲੀ ਗੱਲ ਕਰ ਕੇ ਮੱਲੋ-ਮੱਲੀ ਸਾਡੀ ਬੋਲਚਾਲ ਦਾ ਹਿੱਸਾ ਬਣ ਜਾਣਾ ਹੈ। ਸਾਡੇ ਖਿਆਲ ਵਿੱਚ ਫਿਰ ਵਿਦਿਆਰਥੀਆਂ ਨੂੰ ਹਰ ਅਖਾਣ ਦਾ ਅਰਥ ਸਪੱਸ਼ਟ ਕਰਨ ਲਈ ਪੁਰਾਣੇ ਰਾਜੇ-ਮਹਾਰਾਜਿਆਂ, ਕੁਪੱਤੀਆਂ ਸੱਸਾਂ-ਨੂੰਹਾਂ, ਵੈਲੀ ਪੁੱਤਰਾਂ, ਭਿ੍ਰਸ਼ਟ ਲੀਡਰਾਂ, ਝਗੜਾਲੂ ਗੁਆਂਢੀਆਂ ਆਦਿ ਦੇ ਪੋਤੜੇ ਫਰੋਲ ਫਰੋਲ ਕੇ, ਵੱਡੇ ਵੱਡੇ ਮੀਲਾਂ ਲੰਮੇ ਵਾਕ ਯਾਦ ਕਰ ਕੇ ਸਿਰ ਪੋਲਾ ਕਰਨ ਦੀ ਲੋੜ ਨਹੀਂ ਰਹੇਗੀ। ਹਾਥੀ ਦੇ ਪੈਰ ਥੱਲੇ ਸਭ ਦਾ ਪੈਰ ਆ ਜਾਣਾ ਹੈ। ਇਕੱਲੇ ਕਰੋਨਾ ਨੇ ਉਨ੍ਹਾਂ ਨੂੰ ਘੋਟਾ ਲਾਉਣ ਦੀ ਦੁਸ਼ਵਾਰੀਆਂ ਭਰੀ ਮੱਥਾ-ਪਚੀ ਤੋਂ ਕਾਫੀ ਹੱਦ ਤੱਕ ਬਚਾ ਲੈਣਾ ਹੈ। ਹੱਥ ਕੰਗਣ ਨੂੰ ਆਰਸੀ ਕੀ। ਲਓ ਆਪ ਹੀ ਪੜ੍ਹ ਲਓ।
ਅਖਾਣ ਹੈ ‘ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈ’, ਜਿਸ ਦਾ ਅਰਥ ਹੈ ਬਦੋਬਦੀ ਕਿਸੇ ਦੇ ਕੰਮ ਵਿੱਚ ਦਖਲ ਦੇਣਾ। ਜੇ ਇਸ ਅਖਾਣ ਨੂੰ ਕਰੋਨਾ ਦੇ ਸੰਦਰਭ ਵਿੱਚ ਦੇਖਿਆ ਜਾਵੇ ਤਾਂ ਤੁਰੰਤ ਇਹੀ ਲੱਗੇਗਾ ਕਿ ਕਰੋਨਾ ਨੇ ਸਾਡੀ ਸ਼ਾਂਤ ਜ਼ਿੰਦਗੀ 'ਚ ਤਰਥੱਲੀ ਮਚਾ ਦਿੱਤੀ ਹੈ। ਇਸ ਚੰਦਰੇ ਦੇ ਆਗਮਨ ਤੋਂ ਪਹਿਲਾਂ ਅਸੀਂ ਢੋਲੇ ਦੀਆਂ ਲਾਉਂਦੇ ਸੀ। ਅੱਜ ਜ਼ਰਾ ਕੁ ਖੰਘਦੇ ਬੰਦੇ ਤੋਂ ਇਉਂ ਡਰਦੇ ਹਾਂ ਜਿਵੇਂ ਕਾਂ ਗੁਲੇਲ ਤੋਂ ਡਰਦਾ ਹੈ। ਬਾਜ਼ਾਰ ਵਿੱਚ ਮਾਸਕ ਨਾਲ ਮੂੰਹ ਢੱਕ ਕੇ ਆਪਣੇ ਨਾਲ ਜਾਂਦੀ ਆਪਣੀ ਵਹੁਟੀ ਨੂੰ ਵੀ ਜ਼ਰਾ ਕੁ ਪਿੱਛੇ ਰਹਿ ਜਾਣ ਦੀ ਸੂਰਤ 'ਚ ਅਸੀਂ ਬੁਲਾਉਣ ਤੋਂ ਕਰਦੇ ਹਾਂ, ਮਤੇ ਇਸ ਮਾਸਕ ਦੇ ਪੰਗੇ ਕਾਰਨ ਅਸੀਂ ਕਿਸੇ ਕਾਲਜ ਜਾਂਦੀ ਨੱਢੀ ਤੋਂ ਹੀ ਨਾ ਛੋਤ ਲੁਹਾ ਬੈਠੀਏ। ਭਾਵੇਂ ਇਸ ਮਸਲੇ ਦਾ ਹੱਲ ਅਸੀਂ ਵਹੁਟੀ ਦੀ ਲਾਲ ਚੁੰਨੀ ਨੂੰ ਛਣਕਦੀਆਂ ਨਿੱਕੀਆਂ-ਨਿੱਕੀਆਂ ਸੰਗੀਤਮਈ ਘੰਟੀਆਂ ਲੁਆ ਕੇ ਕਰ ਲਿਆ, ਪਰ ਕਰੋਨਾ ਦੀ ਦਹਿਸ਼ਤ ਤੋਂ ਸਾਲਾਂਬੱਧੀ ਮੁਕਤ ਨਹੀਂ ਹੋਵਾਂਗੇ। ਚਾਣਚੱਕ ਆਈ ਮੁਸੀਬਤ ਸਾਡੀਆਂ ਅਗਲੀਆਂ ਸੈਂਕੜੇ ਪੀੜ੍ਹੀਆਂ ਉਮਰ ਭਰ ਯਾਦ ਰੱਖਣਗੀਆਂ। ਸਾਨੂੰ ਲੱਗਦਾ ਹੈ ਸਾਡੇ ਦੇਸ਼ ਦੇ ਭਾਵੀ ਨਾਗਰਿਕਾਂ ਨੇ ਅਗਲੇ ਕੁਝ ਅਰਸੇ ਵਿੱਚ ਜ਼ਿੰਦਗੀ 'ਚ ਮੱਲੋ-ਮੱਲੀ ਦਖਲ ਦੇਣ ਵਾਲੇ ਲਈ ਕਰੋਨ ਤੋਂ ਡਰ ਕੇ ਨਵਾਂ ਅਖਾਣ ਘੜ ਲੈਣਾ ਹੈ, ‘ਸੱਦੀ ਨਾ ਬੁਲਾਈ, ਮੈਂ ਕਰੋਨੇ ਦੀ ਤਾਈ।’
ਸਾਨੂੰ ਲੱਗਦਾ ਹੈ ਕਿ ਕਰੋਨਾ ਸ਼ਬਦ ਨੇ ਸਾਡੇ ਪੰਜਾਬ ਦੇ ਪੜ੍ਹਾਕੂਆਂ ਦੀਆਂ ਮੁਹਾਵਰਿਆਂ ਦੀਆਂ ਰੱਟਾ ਲਾਉਣ ਦੀਆਂ ਔਕੜਾਂ ਨੂੰ ਸੌ ਫੀਸਦੀ ਨਹੀਂ ਤਾਂ ਅੱਸੀ ਫੀਸਦੀ ਜ਼ਰੂਰ ਖਤਮ ਕਰ ਦੇਣਾ ਹੈ। ਕਰੋਨਾ ਸ਼ਬਦ ਯਾਦ ਰੱਖ ਕੇ ਹੀ ਉਨ੍ਹਾਂ ਨੇ ਅਨੇਕਾਂ ਮੁਹਾਵਰੇ ਖੁਦ ਘੜ ਲੈਣੇ ਹਨ, ਜਿਵੇਂ-ਸ਼ਹਿਰ ਵਿੱਚ ਕਰੋਨਾ ਦੇ ਇਕੱਠੇ ਦਸ ਮਰੀਜ਼ ਪਤਾ ਲੱਗਣ 'ਤੇ ਉਹਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ ਜਾਂ ਕੀ ਅਕਲ 'ਤੇ ਪੱਥਰ ਪੈ ਗਏ ਹਨ, ਜੋ ਕਰੋਨਾ ਮਹਾਮਾਰੀ ਵਿੱਚ ਵੀ ਬਿਨਾਂ ਮਾਸਕ ਦੇ ਘੁੰਮਦੇ ਹੋ? ਜਾਂ ਕਰੋਨਾ ਨੇ ਦੁਨੀਆ ਦੇ ਲੋਕਾਂ ਨੂੰ ਨਾਨੀ ਚੇਤੇ ਕਰਾ ਦਿੱਤੀ ਜਾਂ ਕਰੋਨਾ ਸਭ ਨੂੰ ਇੱਕ ਅੱਖ ਨਾਲ ਦੇਖਦਾ ਸੀ, ਆਦਿ। ਜੇ ਸਾਡੇ ਪੁਰਾਣੇ ਗੀਤਕਾਰ ਅੱਜ ਜਿਉਂਦੇ ਹੁੰਦੇ ਤਾਂ ਕਰੋਨਾ ਸੰਕਟ ਕਾਰਨ ਉਨ੍ਹਾਂ ਦੇ ਲਿਖੇ ਗੀਤਾਂ ਵਿੱਚ ਸ਼ਾਇਦ ਅਸੀਂ ਇਹੋ ਜਿਹੀਆਂ ਤਬਦੀਲੀਆਂ ਦੇਖਦੇ। ਪ੍ਰੇਮੀ ਵੱਲੋਂ ਪ੍ਰੇਮਿਕਾ ਨੂੰ ਬੇਰੀਆਂ ਦੇ ਝੁੰਡ 'ਚੋਂ ਬੁਲਾਉਣ 'ਤੇ ਪ੍ਰੇਮਿਕਾ ਨੇ ਦਿਲ ਦੀਆਂ ਮਜਬੂਰੀਆਂ ਨੂੰ ਕੁਝ ਐਦਾ ਜ਼ਾਹਰ ਕਰਨਾ ਸੀ :
ਦੱਸ ਕਿਹੜੇ ਮੈਂ ਬਹਾਨੇ ਆਵਾਂ
ਕਰੋਨਾ ਮੈਨੂੰ ਘਰ ਡੱਕ`ਤਾ...
ਕਰੋਨਾ ਕਾਰਨ ਬਦਲੇ ਹਾਲਾਤ ਵਿੱਚ ਮਹਿਬੂਬ ਨੇ ਆਪਣੀ ਮਹਿਬੂਬਾ ਨੂੰ ਆਪਣੀ ਖੰਘ ਵਿੱਚ ਖੰਘਣ ਨੂੰ ਭੁੱਲ ਕੇ ਵੀ ਨਹੀਂ ਸੀ ਕਹਿਣਾ, ਸਗੋਂ ਭੈਅਭੀਤ ਹੋ ਕੇ ਕੁਝ ਐਦਾਂ ਅਰਜ਼ੋਈ ਕਰਨੀ ਸੀ :
ਨਾ ਤੂੰ ਮਿੱਤਰਾਂ ਦੀ ਖੰਘ ਵਿੱਚ ਖੰਘ ਬੱਲੀਏ
ਕੁਆਰੰਟਾਈਨ ਹੋ ਕੇ ਸੁੱਖ ਸਾਡੀ ਮੰਗ ਬੱਲੀਏ।
ਸਾਨੂੰ ਲੱਗਦਾ ਹੈ ਕਿ ਕਰੋਨਾ ਕਾਰਨ ਨਿਕਟ ਭਵਿੱਖ ਵਿੱਚ ਬੁਝਾਰਤਾਂ ਦਾ ਵੀ ਕੁਝ ਇਸ ਤਰ੍ਹਾਂ ਨਵੀਨੀਕਰਨ ਹੋ ਜਾਵੇਗਾ :
ਚੀਨ 'ਚ ਜਿਹੜਾ ਜੰਮਿਆ, ਦੋ ਨੇ ਜਿਸ ਦੇ ਨਾਂਅ
ਨੰਗੇ ਮੂੰਹ ਜਿਸ ਨੇ ਢਕਵਾ'ਤੇ
ਬੁੱਝੋ ਉਸ ਦਾ ਨਾਂਅ?
ਸਾਡੀਆਂ ਅਗਲੀਆਂ ਪੀੜ੍ਹੀਆਂ ਘੰਟਿਆਂਬੱਧੀ ਸੋਚਾਂ 'ਚ ਗੜੂੰਦ ਹੋ ਕੇ ਇਸ ਦਾ ਸਹੀ ਉਤਰ ‘ਕਰੋਨਾ' ਲੱਭਣਗੀਆਂ।
ਸਾਨੂੰ ਸੌ ਫੀਸਦੀ ਯਕੀਨ ਹੈ ਕਿ ਕਰੋਨਾ ਸੰਬੰਧੀ ਖੋਜਾਂ ਖੋਜ ਕਰ ਰਹੇ ਵਿਦਿਆਰਥੀਆਂ ਲਈ ਲਾਹੇਵੰਦ ਸਿੱਧ ਹੋਣਗੀਆਂ। ਸਾਡੀਆਂ ਲਿਖਤਾਂ ਦਾ ਇਨਾਮ ਦੁਆਊ ਸਭਾਵਾਂ ਟਕੇ ਸੇਰ ਮੁੱਲ ਨਹੀਂ ਪਾਉਂਦੀਆਂ। ਉਹ ਹੁਣ ਸਵਾ ਲੱਖ ਦਾ ਇਨਾਮ ਦੇ ਕੇ ਆਪਣੀ ਭੁੱਲ ਬਖਸ਼ਾ ਸਕਦੀਆਂ ਹਨ।