ਨਿਊ ਯਾਰਕ, 26 ਜਨਵਰੀ (ਪੋਸਟ ਬਿਊਰੋ)- ਅਮਰੀਕਾ ਵਿੱਚ ਨੇਵਾਦਾ ਦੇ ਕਲਾਰਕ ਕਾਉਂਟੀ ਦੇ ਬੱਚੇ ਇਨ੍ਹੀਂ ਦਿਨੀਂ ਮਹਾਮਾਰੀ ਕਾਰਨ ਪੈਦਾ ਹੋਈਆਂ ਪ੍ਰੇਸ਼ਾਨੀਆਂ ਨਾਲ ਜੂਝ ਰਹੇ ਹਨ। ਮਾਰਚ 2020 ਵਿੱਚ ਸਕੂਲ ਬੰਦ ਹੋਣ ਦੇ ਬਾਅਦ ਤੋਂ ਕਾਉਂਟੀ ਦਫਤਰ ਵਿੱਚ ਅਜਿਹੇ 3100 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿੱਚ ਬੱਚਿਆਂ ਦੀ ਮਾਨਸਿਕ ਸਿਹਤ `ਤੇ ਅਸਰ ਪੈਂਦਾ ਦਿਸਿਆ। ਇਨ੍ਹਾਂ ਵਿੱਚ ਆਤਮ ਹੱਤਿਆ ਦਾ ਵਿਚਾਰ, ਖੁਦ ਨੂੰ ਨੁਕਸਾਨ ਪਹੁੰਚਾਉਣ ਵਰਗੇ ਕੇਸ ਵੱਧ ਸਨ। 18 ਦਸੰਬਰ ਦੇ ਬਾਅਦ ਤੋਂ ਬੱਚਿਆਂ ਨੇ ਖੁਦ ਦੀ ਜਾਨ ਲੈਣੀ ਵੀ ਸ਼ੁਰੂ ਕਰ ਦਿੱਤੀ ਹੈ।
ਲਾਸ ਵੇਗਾਸ ਦੇ ਨੇੜੇ ਬੱਚਿਆਂ ਵੱਲੋਂ ਆਤਮਹੱਤਿਆ ਕਰਨ ਦੇ ਵਧਦੇ ਕੇਸਾਂ ਨੂੰ ਦੇਖਦੇ ਹੋਏ ਕਾਉਂਟੀ ਦਫਤਰ ਬੱਚਿਆਂ ਨੂੰ ਪਹਿਲਾਂ ਦੀ ਸਥਿਤੀ ਵਿੱਚ ਲਿਆਉਣ ਵਿੱਚ ਰੁੱਝ ਗਿਆ ਹੈ। ਇਸੇ ਮਹੀਨੇ ਸਕੂਲ ਬੋਰਡ ਨੇ ਫਿਰ ਗ੍ਰੇਡ ਸਕੂਲ ਖੋਲ੍ਹਣ ਦੇ ਬਾਰੇ ਹਰੀ ਝੰਡੀ ਦੇ ਦਿੱਤੀ ਹੈ। ਇਹ ਇਸ ਲਈ ਜ਼ਰੂਰੀ ਹੋ ਗਿਆ ਸੀ, ਕਿਉਂਕਿ ਲਾਸ ਵੇਗਾਸ ਵਿੱਚ ਕੋਰੋਨਾ ਲਾਗ ਅਤੇ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਤੋਂ ਕਿਤੇ ਵੱਧ ਗਿਣਤੀ ਇਨ੍ਹਾਂ ਪੀੜਤ ਬੱਚਿਆਂ ਦੀ ਸੀ। ਕੁਝ ਸੂਬਿਆਂ ਵਿੱਚ ਲੋਕਾਂ ਦੀ ਸਿਹਤ, ਅਧਿਆਪਕਾਂ ਅਤੇ ਦੂਸਰੇ ਸਕੂਲ ਸਟਾਫ ਦੇ ਬਿਮਾਰ ਹੋਣ ਅਤੇ ਕੁਝ ਮਾਮਲਿਆਂ ਵਿੱਚ ਹੋਈਆਂ ਮੌਤਾਂ ਦੇ ਮੱਦੇਨਜ਼ਰ ਸਕੂਲਾਂ ਨੂੰ ਬੰਦ ਕੀਤਾ ਗਿਆ ਸੀ, ਪਰ ਬੱਚਿਆਂ ਵਿੱਚ ਖੁਦਕੁਸ਼ੀ ਦੇ ਕੇਸਾਂ ਨੂੰ ਵਧਦਾ ਦੇਖ ਕੇ ਸਕੂਲ ਫਿਰ ਤੋਂ ਖੋਲ੍ਹਣ `ਤੇ ਵਿਚਾਰ ਕਰਨਾ ਪਿਆ ਹੈ। ਅਮਰੀਕਾ ਦੇ ਚਾਲੀ ਸੂਬਿਆਂ ਵਿੱਚ ਹਰ ਉਮਰ ਵਰਗ ਵਿੱਚ ਮਾਨਸਿਕ ਪ੍ਰੇਸ਼ਾਨੀਆ ਦੇ ਕਾਰਨ ਐਮਰਜੈਂਸੀ ਦੇ ਟਾਈਮ ਵੱਧ ਰਹੇ ਹਨ।ਕਲਾਰਕ ਕਾਉਂਟੀ ਵਿੱਚ ਬੀਤੇ ਨੌਂ ਮਹੀਨਿਆਂ ਵਿੱਚ ਆਤਮਹੱਤਿਆ ਦੇ 18 ਮਾਮਲੇ ਸਾਹਮਣੇ ਆਏ, ਜਦੋਂਕਿ ਬੀਤੇ ਸਾਲ ਸਿਰਫ ਨੌਂ ਸਨ। ਇਨ੍ਹਾਂ ਵਿੱਚੋਂ ਇੱਕ ਵਿਦਿਆਰਥੀ ਨੇ ਨੋਟ ਛੱਡਿਆ ਸੀ ਕਿ ਉਹ ਆਉਣ ਵਾਲੇ ਸਮੇਂ ਦੇ ਬਾਰੇ ਕੁਝ ਸੋਚ ਨਹੀਂ ਪਾ ਰਿਹਾ। ਕਲਾਰਕ ਕਾਉਂਟੀ ਦੇ ਪ੍ਰਸ਼ਾਸਨ ਸੁਪਰਡੈਂਟ ਡਾਕਟਰ ਜੇਮਸ ਜਾਰਾ ਕਹਿੰਦੇ ਹਨ, ‘‘ਮੈਨੂੰ ਲੱਗਦਾ ਹੈ ਕਿ ਇਹ ਸਾਰੇ ਸਾਡੇ ਬੱਚੇ ਹਨ, ਬੱਚਿਆਂ ਦਾ ਜੀਵਨ ਅਤੇ ਭਵਿੱਖ ਬਚਾਉਣਾ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ।”