-ਪ੍ਰੀਤਮ ਦੋਮੇਲ
ਜਦ ਮੈਂ ਜਵਾਨ ਹੋਈ ਤਾਂ ਮੇਰੀ ਦਾਦੀ ਬੁੱਢੀ ਹੋ ਚੁੱਕੀ ਸੀ। ਆਪਣੇ ਰੁਝੇਵਿਆਂ, ਚੜ੍ਹਦੀ ਉਮਰ ਦੇ ਨਸ਼ੇ, ਕਾਲਜ ਦੇ ਰੰਗੀਨ ਦਿਨਾਂ ਅਤੇ ਆਉਣ ਵਾਲੀ ਜ਼ਿੰਦਗੀ ਦੇ ਹਸੀਨ ਸੁਫਨਿਆਂ ਕਾਰਨ ਸਾਡਾ ਕਦੇ ਦਾਦੀ ਦੀ ਢਲਦੀ ਹੋਈ ਉਮਰ ਵੱਲ ਧਿਆਨ ਨਹੀਂ ਸੀ ਜਾਂਦਾ। ਲੱਗਦਾ ਨਹੀਂ ਸੀ ਕਿ ਕਦੇ ਦਾਦੀ ਵੀ ਸਾਡੇ ਵਾਂਗ ਜਵਾਨ ਸੀ ਅਤੇ ਵਿਆਹ ਕੇ ਘੁੰਗਰੂਆਂ ਵਾਲੇ ਰੱਥ ਵਿੱਚ ਬੈਠ ਕੇ ਸਾਡੇ ਇਸ ਘਰ ਵਿੱਚ ਆਈ ਸੀ। ਸ਼ਾਇਦ ਉਦੋਂ ਸਾਡੇ ਅੱਜ ਦੇ ਚਿੱਟੀ ਦਾੜ੍ਹੀ ਵਾਲੇ ਦਾਦਾ ਜੀ ਨੇ ਇਸ ਗੋਰੀ ਚਿੱਟੀ ਬਲੌਰੀ ਅੱਖਾਂ ਵਾਲੀ ਦਾਦੀ ਦਾ ਚਿਹਰਾ ਆਪਣੇ ਦੋਵਾਂ ਹੱਥਾਂ ਵਿੱਚ ਲੈ ਕੇ ਕਿਹਾ ਹੋਵੇਗਾ, ‘ਵਾਹ ਇੰਦੀਏ (ਇੰਦ ਕੌਰ) ਤੂੰ ਤਾਂ ਚੰਨ ਤੋਂ ਸੋਹਣੀ ਲੱਗਦੀ ਪਈ ਏਂ। ਕਿੱਥੋਂ ਲਿਆਈ ਏਂ ਇਹ ਜੋਬਨ।'' ਦਾਦੀ ਨੰ ਇਹ ਸਾਰਾ ਕੁਝ ਯਾਦ ਸੀ, ਪਰ ਉਸ ਦੀਆਂ ਗੱਲਾਂ ਸੁਣਨ ਵਾਲਾ ਕੋਈ ਨਹੀਂ ਸੀ।
ਬੱਸ ਕਦੇ-ਕਦੇ ਉਹ ਆਪ-ਮੁਹਾਰੇ ਬੋਲਣ ਲੱਗ ਪੈਂਦੀ। ਖਾਸ ਤੌਰ 'ਤੇ ਉਦੋਂ ਜਦੋਂ ਕਿਸੇ ਚੰਗੇ ਜਾਂ ਭੈੜੀ ਗੱਲ ਦੀ ਚਰਚਾ ਹੁੰਦੀ। ਜਦੋਂ ਇੰਦਰਾ ਗਾਂਧੀ ਨੇ 1975 ਵਿੱਚ ਐਮਰਜੈਂਸੀ ਲਾਈ ਸੀ ਤੇ ਕਰਫਿਊ ਲੱਗਿਆ ਕਰਦੇ ਸਨ ਤਾਂ ਦਾਦੀ ਕਿਹਾ ਕਰਦੀ ਸੀ, ‘‘ਭਾਈ ਕਲਫੂ ਤਾਂ ਉਦੋਂ ਲੱਗਦੇ ਸੀ, ਜਦੋਂ ਹੱਲੇ ਪਏ ਸਨ” ਅਤੇ ਫਿਰ ਉਹ ਹੱਲਿਆਂ (ਪਾਰਟੀਸ਼ਨ) ਦੇ ਵੇਲੇ ਦੀ ਕੋਈ ਨਾ ਕੋਈ ਆਪਣੇ ਨਾਲ ਬੀਤੀ ਹੋਈ ਕਹਾਣੀ ਸੁਣਾਉਣ ਬਹਿ ਜਾਂਦੀ।
ਦਾਦੀ ਤਾਂ ਆਪਣੇ ਨਾਲ ਬੀਤੀਆਂ ਘਟਨਾਵਾਂ ਸੁਣਾ ਕੇ ਤੁਰ ਗਈ। ਅਸੀਂ ਦਾਦੀ ਵਾਲੇ ਮੁਕਾਮ 'ਤੇ ਪਹੁੰਚ ਕੇ ਆਪਣੇ ਬੱਚਿਆਂ ਨੂੰ ਆਪ-ਬੀਤੀਆਂ ਸੁਣਾਉਣ ਲੱਗ ਪਏ ਹਾਂ ਅਤੇ ਜਦੋਂ ਕਿ ਦਾਦੀ ਦੇ ਟਾਈਮ ਦਾ ਕਲਫੂ ਅੱਜ ਕਰਫਿਊ ਬਣ ਕੇ ਸਾਡੇ ਸਿਰਾਂ 'ਤੇ ਮੰਡਰਾਉਣ ਲੱਗ ਪਿਆ ਹੈ ਤੇ ਮੈਨੂੰ ਤਿੰਨ ਜੂਨ 1984 ਯਾਦ ਆਉਣ ਲੱਗ ਪਿਆ ਹੈ। ਮੇਰਾ ਜੀਅ ਕਰਦਾ ਹੈ ਕਿ ਮੈਂ ਆਪਣੇ ਬੱਚਿਆਂ ਨੂੰ ਉਸ ਟਾਈਮ ਦੇ ਕਰਫਿਊ ਦੀ ਕਹਾਣੀ ਸੁਣਾਵਾਂ।
ਮੇਰੀ ਉਦੋਂ ਨਵੀਂ-ਨਵੀਂ ਸ਼ਾਦੀ ਹੋਈ ਸੀ ਅਤੇ ਇੱਕ ਸਾਲ ਦਾ ਬੱਚਾ ਮੇਰੀ ਗੋਦ ਵਿੱਚ ਸੀ। ਅਸੀਂ ਉਦੋਂ ਮੋਹਾਲੀ ਵਿੱਚ ਨਵਾਂ ਘਰ ਬਣਾਇਆ ਸੀ। ਪਲਾਟ ਭਾਵੇਂ ਮੇਰੇ ਸਹੁਰਾ ਸਾਹਿਬ ਦੇ ਨਾਂਅ ਸੀ, ਪਰ ਏਥੇ ਅਸੀਂ ਇੱਕ ਛੋਟਾ ਜਿਹਾ ਘਰ ਬਣਾਉਣ ਲਈ ਦੋਵਾਂ ਨੇ ਆਪੋ-ਆਪਣੇ ਵਿਭਾਗ ਤੋਂ ਕਰਜ਼ਾ ਲੈ ਕੇ ਘਰ ਨੂੰ ਪੂਰਾ ਕਰ ਦਿੱਤਾ ਸੀ। ਪਤੀ ਦੇਵ ਦੀ ਇੱਛਾ ਸੀ ਕਿ ਇਸ ਘਰ ਦੇ ਗ੍ਰਹਿ ਪ੍ਰਵੇਸ਼ ਵਾਲੇ ਦਿਨ ਆਪਣੇ ਸਾਰੇ ਰਿਸ਼ਤੇਦਾਰਾਂ ਦੇ ਦੋਸਤਾਂ-ਮਿੱਤਰਾਂ ਨੂੰ ਸੱਦਿਆ ਜਾਵੇ। ਖਾੜਕੂਵਾਦ ਦਾ ਦੌਰ ਸੀ। ਬੜਾ ਕੁਝ ਭੈੜਾ-ਭੈੜਾ ਹੁੰਦਾ ਰਹਿੰਦਾ ਸੀ, ਪਰ ਜ਼ਿੰਦਗੀ ਚੱਲਦੀ ਰਹਿੰਦੀ ਸੀ।
ਅਸੀਂ ਅਖੰਡ ਪਾਠ ਸਾਹਿਬ ਦਾ ਭੋਗ ਤਿੰਨ ਜੂਨ 1984 ਨੂੰ ਰੱਖਿਆ ਸੀ। ਪਹਿਲਾਂ ਅਸੀਂ 2 ਜੂਨ ਕਾਰਡ ਉਤੇ ਛਪਵਾਇਆ ਸੀ। ਪਤੀ ਨੇ ਕਿਹਾ ਕਿ ਭੋਗ ਤੋਂ ਬਾਅਦ ਅਸੀਂ ਰਾਤ ਨੂੰ ਦੋਸਤਾਂ-ਮਿੱਤਰਾਂ ਨਾਲ ਬੈਠ ਕੇ ਦਾਰੂ ਪੀਣੀ ਹੈ ਤੇ ਰੌਣਕ-ਮੇਲਾ ਕਰਾਂਗੇ। ਮੈਨੂੰ ਉਦੋਂ ਦਾਰੂ ਤੋਂ ਬਹੁਤ ਨਫਰਤ ਸੀ। ਮੈਂ ਕਿਹਾ ਕਿ ਦਾਰੂ ਕੋਈ ਬਿਲਕੁਲ ਨਹੀਂ ਪੀਵੇਗਾ। ਨਾ ਭੋਗ ਤੋਂ ਪਹਿਲਾਂ, ਨਾ ਬਾਅਦ ਵਿੱਚ। ਅਸੀਂ ਕਾਰਡ ਦੀ ਤਰੀਕ ਦੋ ਕੱਟ ਕੇ ਤਿੰਨ ਕਰ ਕੇ ਕਾਰਡ ਵੰਡ ਦਿੱਤੇ। ਉਦੋਂ ਸਾਡੇ ਘਰ ਦੇ ਆਲੇ ਦੁਆਲੇ ਕਈ ਪਲਾਟ ਖਾਲੀ ਸਨ। ਅਸੀਂ ਉਥੇ ਹੀ ਕਨਾਤਾਂ ਲਾ ਕੇ ਬੈਠਣ ਦਾ ਇੰਤਜ਼ਾਮ ਕਰ ਦਿੱਤਾ। ਕਈ ਰਿਸ਼ਤੇਦਾਰ ਪਹਿਲੇ ਦਿਨ ਸ਼ਨੀਵਾਰ ਨੂੰ ਹੀ ਸ਼ਾਮੀਂ ਆ ਗਏ। ਅਗਲੇ ਦਿਨ ਬੜੀ ਰੌਣਕ ਰਹੀ। ਸਭ ਲੋਕ ਬਹੁਤ ਖੁਸ਼ ਹੋਏ। ਖਾਣਾ ਵੀ ਵਧੀਆ। ਕੀਰਤਨ ਕੀਤਾ। ਸਭ ਨੇ ਆਨੰਦ ਪੂਰਵਕ ਲੰਗਰ ਛਕਿਆ ਅਤੇ ਖਾ-ਪੀ ਕੇ ਸਭ ਗੱਲਾਂ ਬਾਤਾਂ ਮਾਰਦੇ ਇੱਕ ਦੂਜੇ ਨੂੰ ਮਿਲ ਰਹੇ ਸਨ। ਅਚਾਨਕ ਕਰਫਿਊ ਤੁਰੰਤ ਲੱਗਣ ਦੀ ਅਨਾਊਂਸਮੈਂਟ ਹੋ ਗਈ। ਲੋਕਾਂ ਨੂੰ ਯਕੀਨ ਜਿਹਾ ਹੀ ਨਹੀਂ ਸੀ ਹੋ ਰਿਹਾ ਕਿ ਇਹ ਅਚਾਨਕ ਕੀ ਹੋ ਗਿਆ, ਪਰ ਮੇਰੇ ਪਤੀ ਅਤੇ ਕੁਝ ਹੋਰ ਸਿਆਣੇ ਬੰਦਿਆਂ ਨੇ ਇਸ ਗੱਲ ਦੀ ਗੰਭੀਰਤਾ ਪੂਰਵਕ ਪੁਸ਼ਟੀ ਕੀਤੀ ਤੇ ਮੇਰੇ ਪਤੀ ਨੇ ਸਾਰੇ ਰਿਸ਼ਤੇਦਾਰਾਂ ਦਾ ਧੰਨਵਾਦ ਕਰ ਕੇ ਹੱਥ ਜੋੜ ਕੇ ਉਨ੍ਹਾਂ ਨੂੰ ਤੁਰੰਤ ਆਪੋ ਆਪਣੇ ਘਰ ਚਲੇ ਜਾਣ ਦੀ ਬੇਨਤੀ ਕੀਤੀ। ਅਗਲੇ ਅੱਧੇ ਘੰਟੇ ਵਿੱਚ ਸਭ ਲੋਕ ਚਲੇ ਗਏ। ਸਿਰਫ ਅਸੀਂ ਚਾਰ ਜਣੇ ਮੈਂ ਤੇ ਮੇਰਾ ਪਤੀ, ਛੋਟਾ ਬੱਚਾ ਅਤੇ ਸਾਡਾ ਨੇਪਾਲੀ ਨੌਕਰ ਚਾਚਾ ਰਹਿ ਗਏ। ਅਸੀਂ ਵੀ ਕਿਹੜਾ ਇੱਥੇ ਰਹਿਣਾ ਸੀ। ਅਸੀਂ ਤਾਂ ਸਿਰਫ ਇਸ ਫੰਕਸ਼ਨ ਕਾਰਨ ਆਏ ਸਾਂ ਤੇ ਅਗਲੇ ਦਿਨ ਅਸੀਂ ਵੀ ਅੰਬਾਲਾ ਚਲੇ ਜਾਣਾ ਸੀ। ਸਾਡੇ ਕੋਲ ਇੱਥੇ ਰਹਿਣ ਲਈ ਪੂਰਾ ਸਾਮਾਨ ਵੀ ਨਹੀਂ ਸੀ, ਕਿਉਂਕਿ ਭੋਗ ਦੇ ਵੇਲੇ ਦੀਆਂ ਬਚੀਆਂ ਹੋਈਆਂ ਸਬਜ਼ੀਆਂ ਅਤੇ ਮਠਿਾਈਆਂ ਅਸੀਂ ਪਹਿਲਾਂ ਹੀ ਰਿਸ਼ਤੇਦਾਰਾਂ ਨੂੰ ਵੰਡ ਚੁੱਕੇ ਸਾਂ।
ਫਿਰ ਅਸੀਂ ਆਪਣੇ ਉਸ ਨਵ ਜਨਮੇ ਓਪਰੇ ਸ਼ਹਿਰ ਦੇ ਉਪਰੇ ਘਰ ਵਿੱਚ ਕੈਦ ਹੋ ਗਏ। ਪੂਰੇ 12 ਦਿਨ ਅਸੀਂ ਉਸ ਘਰ ਵਿੱਚ ਰਹੇ ਤੇ ਫਿਰ ਪਤੀ ਦੇ ਇੱਕ ਪਬਲਿਕ ਰਿਲੇਸ਼ਨ ਅਫਸਰ ਦੋਸਤ ਨੇ ਸਾਨੰ ਉਥੋਂ ਕੱਢਿਆ। ਉਹ 12 ਦਿਨ ਮੈਂ ਕਦੇ ਨਹੀਂ ਭੁੱਲ ਸਕਦੀ। ਸਾਡੇ ਪਾਸ ਸਾਡਾ ਆਪਣਾ ਘਰ ਸੀ ਅਤੇ ਸਾਡਾ ਪੂਰਾ ਟੱਬਰ ਉਥੇ ਸੀ। ਘਰ ਵਿੱਚ ਜ਼ਰੂਰਤ ਦੀਆਂ ਸਾਰੀਆਂ ਚੀਜ਼ਾਂ ਵੀ ਸਨ, ਪਰ ਇਸ ਤਰ੍ਹਾਂ ਸਾਰਾ ਦਿਨ ਇੱਕੋ ਥਾਂ ਬੰਦ ਰਹਿਣਾ, ਬਾਹਰ ਨਾ ਨਿਕਲਣਾ, ਕਿਸੇ ਨਾਲ ਗੱਲ ਨਾ ਕਰਨਾ ਕਿੰਨਾ ਭਿਆਨਕ ਲੱਗਦਾ ਸੀ। ਅੱਜ ਮੈਂ ਪਿਛਲੇ ਸਾਲ ਦੀ 21 ਮਾਰਚ ਨੂੰ ਲੱਗੇ ਅਚਾਨਕ ਕਰਫਿਊ ਦੀ ਬਾਰੇ ਸੋਚਦੀ ਹਾਂ ਕਿ ਬਿਨਾਂ ਕੋਈ ਸੂਚਨਾ ਦਿੱਤਿਆਂ ਭਾਰਤ ਸਰਕਾਰ ਨੇ ਕੁਝ ਘੰਟਿਆਂ ਵਿੱਚ ਸਾਰਾ ਕੁਝ ਬੰਦ ਕਰ ਦਿੱਤਾ। ਸਰਕਾਰ ਜ਼ਰਾ ਉਨ੍ਹਾਂ ਲੋਕਾਂ ਬਾਰੇ ਸੋਚਦੀ ਜਿਨ੍ਹਾਂ ਨੇ ਅਗਲੇ ਦਿਨ ਦਿਹਾੜੀ ਕਰ ਕੇ ਚਾਰ ਪੈਸੇ ਲਿਆ ਕੇ ਟੱਬਰ ਦਾ ਢਿੱਡ ਭਰਨਾ ਸੀ ਅਤੇ ਉਹ ਜਿਹੜੇ ਕਿਤੇ ਜਾਣ ਲਈ ਰਾਹਾਂ ਵਿੱਚ ਭਟਕ ਰਹੇ ਸਨ ਅਤੇ ਬਾਕੀ ਜਿਹੜੇ ਟੇਸ਼ਨਾਂ ਅਤੇ ਅੱਡਿਆਂ 'ਤੇ ਬੈਠੇ ਤੁਰਨ ਵਾਲੀਆਂ ਗੱਡੀਆਂ ਤੇ ਬਸਾਂ ਦਾ ਇੰਤਜ਼ਾਰ ਕਰ ਰਹੇ ਸਨ। ਕਈਆਂ ਦੀਆਂ ਅਗਲੇ ਦਿਨ ਬਾਰਾਤਾਂ ਆਉਣੀਆਂ-ਜਾਣੀਆਂ ਸਨ ਅਤੇ ਹਜ਼ਾਰਾਂ ਹੀ ਉਹ ਲੋਕ ਜਿਹੜੇ ਆਪਣੇ ਬਾਲ-ਬੱਚਿਆਂ ਨੂੰ ਛੱਡ ਕੇ ਪਰਦੇਸਾਂ ਵਿੱਚ ਬੈਠੇ ਸਨ। ਉਨ੍ਹਾਂ 'ਤੇ ਕੀ ਬੀਤੀ ਹੋਣੀ ਹੈ। ਮੈਂ ਸੋਚਦੀ ਹਾਂ ਕਿ ਕੀ ਗੌਰਮਿੰਟ ਨੂੰ ਇਨ੍ਹਾਂ ਨੂੰ ਥੋੜ੍ਹਾ ਵਕਤ ਨਹੀਂ ਸੀ ਦੇਣਾ ਚਾਹੀਦਾ ਸੀ ਤਾਂ ਜੋ ਉਹ ਆਪੋ-ਆਪਣੇ ਟਿਕਾਣਿਆਂ 'ਤੇ ਪਹੁੰਚ ਜਾਂਦੇ। ਭਾਵੇਂ ਸਰਕਾਰ ਲਈ ਅਜਿਹਾ ਕੰਮ ਕਰਨਾ ਜ਼ਰੂਰੀ ਸੀ, ਪਰ ਇਸ ਦੀ ਕੋਈ ਯੋਜਨਾਬੰਦੀ ਵੀ ਹੋਣੀ ਚਾਹੀਦੀ ਸੀ। ਜੋ ਕੰਮ ਗੌਰਮਿੰਟ ਨੇ ਲੋਕਾਂ ਦੀ ਭਲਾਈ ਲਈ ਕੀਤਾ, ਉਸ ਵਿੱਚ ਉਨ੍ਹਾਂ ਦੀ ਭਲਾਈ ਘੱਟ ਅਤੇ ਭਕਾਈ ਵੱਧ ਹੋ ਗਈ। ਕਾਸ਼! ਕੋਈ ਉਨ੍ਹਾਂ ਹਾਕਮਾਂ ਦੇ ਕੰਨੀਂ ਇਹ ਗੱਲ ਪਾ ਦਿੰਦਾ, ਪਰ ਕਦੋਂ? ਉਦੋਂ ਟਾਈਮ ਕਿਸ ਕੋਲ ਸੀ ਇਹ ਸਭ ਕਰਨ ਦਾ। ਟਾਈਮ ਸਾਹਮਣੇ ਕੰਧ 'ਤੇ ਖੜ੍ਹਾ ਹੱਸਦਾ ਕਹਿ ਰਿਹਾ ਸੀ ਕਿ ਆਓ ਭੱਜ ਕੇ। ਜੇ ਮੈਨੂੰ ਫੜ ਸਕਦੇ ਹੋ ਤਾਂ ਫੜ ਲਓ। ਨਹੀਂ ਤਾਂ ਮੈਂ ਅਗਲੇ ਪਲ ਕਿਸੇ ਹੋਰ ਥਾਂ 'ਤੇ ਕਿਸੇ ਹੋਰ ਦੇ ਵਿਹੜੇ ਵਿੱਚ ਹੋਵਾਂਗਾ।