ਟੋਰਾਂਟੋ, 21 ਜਨਵਰੀ (ਪੋਸਟ ਬਿਊਰੋ) : ਸੋਮਵਾਰ ਰਾਤ ਨੂੰ ਇਟੋਬੀਕੋ ਵਿੱਚ ਇੱਕ ਮਹਿਲਾ ਉੱਤੇ ਚਾਕੂ ਨਾਲ ਵਾਰ ਕਰਨ ਵਾਲੇ ਦੋ ਮਸ਼ਕੂਕਾਂ ਦੀ ਪੁਲਿਸ ਭਾਲ ਕਰ ਰਹੀ ਹੈ। ਟੋਰਾਂਟੋ ਪੁਲਿਸ ਵੱਲੋਂ ਇਨ੍ਹਾਂ ਮਸ਼ਕੂਕਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਹਨ।
ਪੁਲਿਸ ਨੇ ਦੱਸਿਆ ਕਿ ਰਾਤੀਂ 10:15 ਵਜੇ ਇੱਕ ਮਹਿਲਾ ਆਪਣੀ ਗੱਡੀ ਦੇ ਪਿਛਲੇ ਪਾਸੇ ਵੱਲ ਖੜ੍ਹੀ ਸੀ ਜਦੋਂ ਉਸ ਨੂੰ ਪੈਰਾਂ ਦੀ ਆਵਾਜ਼ ਆਪਣੇ ਨੇੜੇ ਆਉਂਦੀ ਮਹਿਸੂਸ ਹੋਈ।ਜਦੋਂ ਉਸ ਨੇ ਪਿੱਛੇ ਵੱਲ ਮੁੜ ਕੇ ਵੇਖਿਆ ਤਾਂ ਉੱਥੇ ਦੋ ਅਣਪਛਾਤੇ ਵਿਅਕਤੀ ਖੜ੍ਹੇ ਸਨ ਜਿਨ੍ਹਾਂ ਨੇ ਉਸ ਉੱਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਨ੍ਹਾਂ ਵਿਅਕਤੀਆਂ ਵੱਲੋਂ ਇਸ ਮਹਿਲਾ ਉੱਤੇ ਹਮਲਾ ਕਿਉਂ ਕੀਤਾ ਗਿਆ ਇਸ ਦਾ ਮੰਤਵ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਨਾ ਹੀ ਮਹਿਲਾ ਦੇ ਜ਼ਖ਼ਮਾਂ ਦੀ ਗਹਿਰਾਈ ਦਾ ਹੀ ਪਤਾ ਲੱਗ ਸਕਿਆ ਹੈ।
ਮਸ਼ਕੂਕ ਪੰਜ ਫੁੱਟ ਨੌਂ ਇੰਚ ਦੇ ਨੇੜੇ ਤੇੜੇ ਲੰਮੇਂ, ਗੂੜੇ੍ਹ ਕੰਪਲੈਕਸ਼ਨ ਵਾਲੇ ਦੱਸੇ ਜਾ ਰਹੇ ਹਨ। ਉਨ੍ਹਾਂ ਨੇ ਹੁਡੀਜ਼ ਤੇ ਫੇਸ ਮਾਸਕ ਪਾਏ ਹੋਏ ਸਨ।