Welcome to Canadian Punjabi Post
Follow us on

01

March 2021
ਨਜਰਰੀਆ

ਸੱਚ ਵਰਗਾ ਝੂਠ

January 21, 2021 01:49 AM

-ਮੋਹਨ ਸ਼ਰਮਾ
ਗੱਲ 1997-98 ਦੀ ਹੈ। ਓਦੋਂ ਮੈਂ ਸੰਗਰੂਰ ਦਾ ਸੀਨੀਅਰ ਜ਼ਿਲ੍ਹਾ ਬੱਚਤ ਅਫ਼ਸਰ ਨਿਯੁਕਤ ਸਾਂ। ਰੋਸ ਧਰਨਿਆਂ, ਮੁਜ਼ਾਹਰਿਆਂ ਦਾ ਐਨ ਜ਼ੋਰ ਨਹੀਂ ਸੀ ਹੁੰਦਾ। ਮੰਤਰੀਆਂ ਦਾ ਘਿਰਾਉ ਤੱਕ ਕਰਨ ਦੀ ਨੌਬਤ ਨਹੀਂ ਸੀ ਆਈ ਅਤੇ ਨਾ ਹੀ ਬੇਰੁਜ਼ਗਾਰੀ ਦੇ ਝੰਬੇ ਪਏ ਟਰੇਂਡ ਅਧਿਆਪਕ ਟੈਂਕੀਆਂ ਉਤੇ ਚੜ੍ਹ ਕੇ ਰੁਜ਼ਗਾਰ ਲਈ ਗਿੜਗਿੜਾ ਰਹੇ ਸਨ। ਉਨ੍ਹਾਂ ਦਿਨਾਂ ਵਿੱਚ ਬੇਰੁਜ਼ਗਾਰ ਅਧਿਆਪਕਾਂ ਦੇ ਹਿੱਸੇ ਅੱਜ ਵਾਲੀ ਭਟਕਣਾ, ਮਾਯੂਸੀ, ਗੁਰਬਤ ਨਹੀਂ ਸੀ ਆਈ ਅਤੇ ਨਾ ਤਪਦੀਆਂ ਸੜਕਾਂ ਉਤੇ ਬੱਚੇ ਗੋਦੀ ਚੁੱਕ ਕੇ ਬੇਰੁਜ਼ਗਾਰ ਅਧਿਆਪਕਾਂਵਾਂ ਨੂੰ ਰੋਸ ਮੁਜ਼ਾਹਰਿਆਂ ਵਿੱਚ ਸ਼ਾਮਲ ਹੋਣਾ ਪਿਆ ਸੀ। ਉਨ੍ਹਾਂ ਦਿਨਾਂ ਵਿੱਚ ਕਿਸੇ ਦੂਰ ਅੰਦੇਸ਼ੀ ਮੰਤਰੀ ਜਾਂ ਅਧਿਕਾਰੀ ਨੇ ਸਰਕਾਰ ਨੂੰ ਸੁਝਾਅ ਦਿੱਤਾ ਕਿ ਅਧਿਆਪਕਾਂ ਦੀ ਚੋਣ ਲਈ ਜ਼ਿਲ੍ਹਾ ਪੱਧਰ ਉਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ, ਸੈਨਿਕ ਵੈਲਫੇਅਰ ਅਫ਼ਸਰ, ਜ਼ਿਲ੍ਹਾ ਭਲਾਈ ਅਫ਼ਸਰ ਅਤੇ ਇੱਕ ਡਿਪਟੀ ਕਮਿਸ਼ਨਰ ਦਾ ਨੁਮਾਇੰਦਾ ਸ਼ਾਮਲ ਕਰਕੇ ਚੋਣ ਕਮੇਟੀ ਬਣਾਈ ਜਾਵੇ ਜਿਸ ਦਾ ਚੇਅਰਮੈਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਹੋਵੇਗਾ ਤੇ ਇਹ ਕਮੇਟੀ ਆਪੋ-ਆਪਣੇ ਜ਼ਿਲ੍ਹੇ ਵਿੱਚ ਅਧਿਆਪਕਾਂ ਦੀ ਮੈਰਿਟ ਲਿਸਟ ਬਣਾ ਕੇ ਵਿਦਿਆ ਵਿਭਾਗ ਦੇ ਮੁੱਖ ਦਫ਼ਤਰ ਨੂੰ ਭੇਜੇ ਅਤੇ ਉਥੇ ਸਾਰੇ ਜ਼ਿਲ੍ਹਿਆਂ ਦੀਆਂ ਮੈਰਿਟ ਲਿਸਟਾਂ ਦੇ ਆਧਾਰ ਤੇ ਫਾਈਨਲ ਚੋਣ ਹੋਵੇਗੀ।
ਇੱਕ ਦਿਨ ਰੋਜ਼ ਵਾਂਗ ਜਦੋਂ ਮੈਂ ਦਫ਼ਤਰ ਪੁੱਜਾ ਤਾਂ ਮੈਥੋਂ ਪਹਿਲਾਂ ਡੀ ਸੀ ਦਫ਼ਤਰ ਦਾ ਕਰਮਚਾਰੀ ਜ਼ਰੂਰੀ ਪੱਤਰ ਦੇਣ ਲਈ ਦਫ਼ਤਰ ਵਿੱਚ ਮੇਰੀ ਉਡੀਕ ਕਰ ਰਿਹਾ ਸੀ। ਪੱਤਰ ਡਿਪਟੀ ਕਮਿਸ਼ਨਰ ਵੱਲੋਂ ਸੀ, ਜਿਸ ਵਿੱਚ ਅਧਿਆਪਕਾਂ ਦੀ ਚੋਣ ਕਮੇਟੀ ਵਿੱਚ ਡਿਪਟੀ ਕਮਿਸ਼ਨਰ ਨੇ ਆਪਣੇ ਨੁਮਾਇੰਦੇ ਵੱਲੋਂ ਭਾਗ ਲੈਣ ਲਈ ਮੇਰੀ ਜ਼ਿੰਮੇਵਾਰੀ ਲਾਈ ਸੀ।
ਅਗਲੇ ਦਿਨ ਇੰਟਰਵਿਊ ਸ਼ੁਰੂ ਹੋ ਗਈ। ਉਮੀਦਵਾਰਾਂ ਦੀ ਗਿਣਤੀ ਅਨੁਸਾਰ ਇਹ ਕੰਮ ਅੰਦਾਜ਼ਨ ਦੋ ਮਹੀਨੇ ਚੱਲਣਾ ਸੀ। ਕਮੇਟੀ ਮੈਂਬਰਾਂ ਦੀ ਆਪਸ ਵਿੱਚ ਸਹਿਮਤੀ ਬਣੀ ਕਿ ਦੁਪਹਿਰ ਤੱਕ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ। ਸੈਨਿਕ ਵੇਲਫੇਅਰ ਅਧਿਕਾਰੀ ਦਾ ਕੰਮ ਸੈਨਿਕਾਂ ਦੇ ਹਿੱਤ ਦਾ ਧਿਆਨ ਰੱਖਣਾ, ਵੈਲਫੇਅਰ ਅਧਿਕਾਰੀ ਨੇ ਅਨੁਸੂਚਿਤ ਅਤੇ ਬੈਕਵਰਡ ਕਲਾਸਾਂ ਨਾਲ ਸਬੰਧਤ ਉਮੀਦਵਾਰਾਂ ਦੇ ਹਿੱਤਾਂ ਬਾਰੇ ਨਿਗਰਾਨੀ ਕਰਨਾ, ਮੇਰਾ ਕੰਮ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਉਮੀਦਵਾਰਾਂ ਦੇ ਹਿੱਤ ਨੂੰ ਦੇਖਣਾ ਸੀ। ਇੰਟਰਵਿਊ ਲੈਂਦਿਆਂ ਅਜੇ ਦਸ ਕੁ ਦਿਨ ਹੀ ਹੋਏ ਸਨ। ਇੱਕ ਦਿਨ ਕਮੇਟੀ ਸਾਹਮਣੇ ਕਿਸੇ ਪਿੰਡ ਨਾਲ ਸਬੰਧਤ ਲੜਕੀ ਪੇਸ਼ ਹੋਈ। ਸਾਧਾਰਨ ਜਿਹੇ ਕੱਪੜੇ ਅਤੇ ਚਿਹਰੇ ਉਤੇ ਨਜ਼ਰ ਮਾਰਿਆਂ ਅਨੁਭਵ ਹੁੰਦਾ ਸੀ ਕਿ ਇਸ ਕੁੜੀ ਨੂੰ ਚੱਜ ਨਾਲ ਹੱਸਿਆਂ ਬਹੁਤ ਸਮਾਂ ਹੋ ਗਿਆ ਹੋਵੇ।
ਕਮੇਟੀ ਮੈਂਬਰਾਂ ਨੇ ਜਦੋਂ ਉਸ ਦੇ ਸਵਾਲਾਂ ਦੀ ਝੜੀ ਲਾ ਦਿੱਤੀ ਤਾਂ ਕੁੜੀ ਬੌਂਦਲ ਜਿਹੀ ਗਈ। ਕੁੜੀ ਨੇ ਗੱਚ ਭਰ ਕੇ ਜਵਾਬ ਦਿੱਤਾ, ‘‘ਜੀ, ਮੇਰੀ ਬੇਨਤੀ ਹੈ। ਛੇ ਮਹੀਨੇ ਪਹਿਲਾਂ ਮੇਰੇ ਬਾਪੂ ਜੀ ਗੁਜ਼ਰ ਗਏ। ਉਹ ਪਿੰਡ ਦੇ ਜ਼ਿੰਮੀਦਾਰ ਕੋਲ ਸੀਰੀ ਸਨ। ਤਿੰਨ ਭੈਣਾਂ ਹਾਂ ਅਸੀਂ ਅਤੇ ਇੱਕ ਛੋਟਾ ਭਰਾ ਹੈ। ਘਰ ਦਾ ਚੁੱਲ੍ਹਾ ਬਲਦਾ ਰੱਖਣ ਲਈ ਮੈਂ ਅਤੇ ਮੇਰੀ ਮਾਂ ਲੋਕਾਂ ਦੇ ਘਰੀਂ ਗੋਹਾ-ਕੂੜਾ ਕਰਨ ਜਾਂਦੀਆਂ ਹਾਂ। ਉਸ ਜ਼ਿੰਮੀਦਾਰ ਦੇ ਘਰ ਵੀ ਕੰਮ ਕਰਨ ਜਾਂਦੀਆਂ ਹਾਂ, ਜਿੱਥੇ ਮੇਰਾ ਬਾਪ ਸੀਰੀ ਰਲਿਆ ਹੋਇਆ ਸੀ। ਉਨ੍ਹਾਂ ਤੋਂ ਸੀਰੀ ਰਲਣ ਵੇਲੇ ਲਿਆ ਕਰਜ਼ਾ ਕੰਮ ਕਰ ਕੇ ਮੋੜਨ ਦੀ ਕੋਸ਼ਿਸ਼ ਮਾਂਵਾਂ ਧੀਆਂ ਰਲ ਕੇ ਕਰ ਰਹੀਆਂ ਹਾਂ।'' ਕੁੜੀ ਨੇ ਚੁੰਨੀ ਦੇ ਲੜ ਨਾਲ ਅੱਥਰੂ ਪੰੂਝਦਿਆਂ ਆਪਣੀ ਦਰਦ ਭਰੀ ਵਿਥਿਆ ਨੂੰ ਅਗਾਂਹ ਤੋਰਿਆ, ‘‘ਆਹ ਦੇਖੋ ਜੀ ਮੇਰੇ ਹੱਥ! ਨਹੁੰਆਂ ਵਿੱਚ ਗੋਹਾ ਫਸਿਆ ਹੋਇਐ। ਹੱਥ ਵੀ ਗੋਹੇ ਰੰਗੇ ਹੋਏ ਪਏ ਨੇ। ਤੁਸੀਂ ਮੈਥੋਂ ਮੇਰੇ ਪਿੰਡ ਦੇ ਕਿਰਤੀਆਂ ਬਾਰੇ ਸਵਾਲ ਪੁੱਛ ਲਵੋ। ਜਿਹੜੇ ਚੱਜ ਨਾਲ ਰੋਟੀ ਖਾਂਦੇ ਨੇ, ਉਨ੍ਹਾਂ ਸਬੰਧੀ ਵੀ ਮੈਂ ਕੁਝ ਨਾ ਕੁਝ ਦੱਸ ਸਕਦੀ ਹਾਂ। ਸਾਰਾ ਦਿਨ ਉਰੀ ਵਾਂਗ ਘੁੰਮਦਿਆਂ ਹੋਰ ਕੁਝ ਸੁੱਝਦਾ ਹੀ ਨਹੀਂ।''
ਕੁੜੀ ਦੀਆਂ ਗੱਲਾਂ ਨੇ ਮਾਹੌਲ ਗੰਭੀਰ ਕਰ ਦਿੱਤਾ। ਉਹਦੀਆਂ ਅੱਖਾਂ ਵਿੱਚੋਂ ਹੰਝੂ ਛਲਕ ਰਹੇ ਸਨ। ਮੇਰਾ ਆਪਣਾ ਆਪ ਕੁੜੀ ਦੀ ਹਾਲਤ ਨਾਲ ਝੰਜੋੜਿਆ ਜਿਹਾ ਗਿਆ। ਕੁੜੀ ਨੂੰ ਹੌਂਸਲਾ ਦਿੰਦਿਆਂ ਕਿਹਾ, ‘‘ਅੱਜ ਮਾੜੇ ਦਿਨ ਨੇ ਤਾਂ ਚੰਗੇ ਦਿਨ ਵੀ ਜ਼ਰੂਰ ਆਉਣਗੇ। ਹਨੇਰੇ ਪਿੱਛੋਂ ਚਾਨਣ ਵੀ ਆਉਂਦਾ ਹੈ। ਹੌਂਸਲਾ ਨਾ ਹਾਰੋ।''
ਚੋਣ ਕਮੇਟੀ ਦੇ ਕਿਸੇ ਮੈਂਬਰ ਨੇ ਉਸ ਤੋਂ ਅਗਾਂਹ ਹੋਰ ਕੋਈ ਪ੍ਰਸ਼ਨ ਨਹੀਂ ਪੁੱਛਿਆ ਅਤੇ ਕੁੜੀ ਦੇ ਜਾਣ ਬਾਅਦ ਮੈਂ ਕਮੇਟੀ ਦੇ ਦੂਜੇ ਮੈਂਬਰਾਂ ਨੂੰ ਕਿਹਾ, ‘‘ਇਸ ਕੁੜੀ ਦੀ ਮਦਦ ਕਰਨ ਲਈ ਮੈਨੂੰ ਡੀ ਸੀ ਸਾਹਿਬ ਨੇ ਕਿਹਾ ਸੀ।'' ਇੰਜ ਵੱਧ ਤੋਂ ਵੱਧ ਇੰਟਰਵਿਊ ਦੇ ਨੰਬਰ ਸਾਰੇ ਮੈਂਬਰਾਂ ਵੱਲੋਂ ਲਾ ਦਿੱਤੇ ਗਏ। ਕੁੜੀ ਦੇ ਪੜ੍ਹਾਈ ਵਿੱਚ ਪਹਿਲਾਂ ਹੀ ਨੰਬਰ ਚੰਗੇ ਸਨ। ਰਿਜ਼ਰਵ ਕੈਟਾਗਰੀ ਦਾ ਵੀ ਉਸ ਨੂੰ ਲਾਭ ਮਿਲ ਜਾਣਾ ਸੀ।
ਅੰਦਾਜ਼ਨ ਦੋ ਮਹੀਨੇ ਇੰਟਰਵਿਊ ਲੈਂਦਿਆਂ ਬੀਤ ਗਏ। ਮੈਰਿਟ ਲਿਸਟ ਡੀ ਪੀ ਆਈ ਦਫ਼ਤਰ ਚੰਡੀਗੜ੍ਹ ਵਿਖੇ ਜਮ੍ਹਾ ਕਰਵਾ ਦਿੱਤੀ। ਚਾਰ-ਪੰਜ ਸਾਲ ਬਾਅਦ ਬਾਜ਼ਾਰ ਵਿੱਚ ਜਾਂਦਿਆਂ ਕਿਸੇ ਕੁੜੀ ਨੇ ਰੁਕਣ ਦਾ ਇਸ਼ਾਰਾ ਕੀਤਾ। ਰੁਕਦੇ ਸਾਰ ਅਦਬ ਨਾਲ ਸਿਰ ਝੁਕਾ ਕੇ ਸਤਿਕਾਰ ਦਾ ਪ੍ਰਗਟਾਵਾ ਕਰਦਿਆਂ ਕਿਹਾ, ‘‘ਮੈਨੂੰ ਸਿਆਣਿਆ ਜੀ ਤੁਸੀਂ?'' ਮੇਰੇ ਨਾ ਵਿੱਚ ਸਿਰ ਹਿਲਾਉਣ ਤੇ ਉਹਦਾ ਜਵਾਬ ਸੀ, ‘‘ਉਹੀ ਹਾਂ ਜੀ ਮੈਂ, ਜਿਹਨੇ ਅਧਿਆਪਕ ਚੋਣ ਕਮੇਟੀ ਸਾਹਮਣੇ ਆਪਣੀ ਕਬੀਲਦਾਰੀ ਦਾ ਰੋਣਾ ਰੋਇਆ ਸੀ। ਗੋਹੇ ਕੂੜੇ ਦਾ ਜ਼ਿਕਰ ਕੀਤਾ ਸੀ। ਤੁਸੀਂ ਮੈਨੂੰ ਹੌਂਸਲਾ ਦਿੰਦਿਆਂ ਚੰਗੇ ਦਿਨ ਆਉਣ ਦੀ ਆਸ ਬਾਰੇ ਦੱਸਿਆ ਸੀ। ਸੱਚੀ ਸਰ, ਥੋਡੇ ਬੋਲ ਮੈਂ ਬੜੀ ਵਾਰ ਯਾਦ ਕੀਤੇ ਨੇ। ਸਰ, ਮੇਰੀ ਸਿਲੈਕਸ਼ਨ ਹੋ ਗਈ ਸੀ।'' ਫਿਰ ਉਹਨੇ ਨਾਲ ਖੜ੍ਹੇ ਨੌਜਵਾਨ ਵੱਲ ਇਸ਼ਾਰਾ ਕਰਦਿਆਂ ਕਿਹਾ, ‘‘ਇਹ ਮੇਰੇ ਹਸਬੈਂਡ ਨੇ। ਇਹ ਵੀ ਅਧਿਆਪਕ ਨੇ। ਸੱਚੀ ਸਰ, ਅੱਜਕੱਲ੍ਹ ਜ਼ਿੰਦਗੀ ਚਾਨਣ ਚਾਨਣ ਹੈ।'' ਕੁੜੀ ਦੇ ਖ਼ੁਸ਼ੀ ਵਿੱਚ ਅਥੱਰੂ ਛਲਕ ਆਏ ਸਨ।
ਇੰਟਰਵਿਊ ਦੇਣ ਵੇਲੇ ਕੁੜੀ ਦੇ ਛਲਕਦੇ ਹੰਝੂ ਅਤੇ ਅੱਜ ਨਿਕਲੇ ਅਥੱਰੂਆਂ ਦਾ ਜ਼ਮੀਨ ਅਸਮਾਨ ਦਾ ਅੰਤਰ ਸੀ।
ਇੰਟਰਵਿਊ ਦੌਰਾਨ ਕਮੇਟੀ ਮੈਂਬਰਾਂ ਨੂੰ ਡੀ ਸੀ ਦੀ ਮਦਦ ਲਈ ਕਹਿਣ ਵਾਲੀ ਗੱਲ ਮੈਂ ਝੂਠ ਕਹੀ ਸੀ!

Have something to say? Post your comment