ਲੰਡਨ, 20 ਜਨਵਰੀ (ਪੋਸਟ ਬਿਊਰੋ)- ਫਾਸਟ ਫੂਡ ਨਾ ਸਿਰਫ ਮੋਟਾਪੇ-ਡਾਇਬੀਟੀਜ਼ ਦਾ ਕਾਰਨ ਬਣਦੇ ਹਨ, ਸਗੋਂ ਲਿਵਰ ਉਤੇ ਵੀ ਬੁਰਾ ਅਸਰ ਪਾਉਂਦੇ ਹਨ। ਬ੍ਰਿਟੇਨ `ਚ ਹੋਈ ਨਵੀਂ ਜਾਂਚ ਮੁਤਾਬਕ ਲਗਾਤਾਰ ਇੱਕ ਮਹੀਨਾ ਫਾਸਟ ਫੂਡ ਖਾਣ ਨਾਲ ਲਿਵਰ ਨੂੰ ਓਨਾ ਹੀ ਨੁਕਸਾਨ ਪੁੱਜਦਾ ਹੈ, ਜਿੰਨਾ ਹੈਪੇਟਾਈਟਿਸ ਵਿੱਚ ਹੁੰਦਾ ਹੈ।
ਇਸ ਅਧਿਅਨ `ਚ ਫਰੈਂਚ ਫ੍ਰਾਈਜ਼ ਨੂੰ ਲਿਵਰ ਦੇ ਲਈ ਸਭ ਤੋਂ ਵੱਧ ਖਤਰਨਾਕ ਦੱਸਿਆ ਗਿਆ ਹੈ। ਦਰਅਸਲ ਫਰੈਂਚ ਫ੍ਰਾਈਜ਼ `ਚ ਚਰਬੀ ਅਤੇ ਲੂਣ ਪਹਿਲਾਂ ਤੋਂ ਹੁੰਦਾ ਹੈ, ਰੈਸਟੋਰੈਂਟ ਇਸ ਨੂੰ ਲੰਮੇ ਸਮੇਂ ਤੱਕ ਕੁਰਕੁਰਾ ਬਣਾਈ ਰੱਖਣ ਲਈ ਸ਼ੱਕਰ ਵੀ ਮਿਲਾਉਂਦੇ ਹਨ। ਇਸ ਨਾਲ ਇਸ `ਚ ਕੈਲੋਰੀ ਅਤੇ ਫੈਟ ਦਾ ਪੱਧਰ ਵੱਧ ਜਾਂਦਾ ਹੈ। ਇਹ ਫੈਟ ਲਿਵਰ `ਚ ਜੰਮ ਜਾਂਦਾ ਅਤੇ ਉਸ `ਚ ਸੋਜ ਆ ਜਾਂਦੀ ਹੈ। ਸੋਜ ਨੂੰ ਨਜ਼ਰ ਅੰਦਾਜ਼ ਕਰਨ `ਤੇ ਲਿਵਰ ਖ਼ਰਾਬ ਹੋਣ ਦਾ ਡਰ ਰਹਿੰਦਾ ਹੈ। ਖੋਜ ਕਰਤਾਵਾਂ ਨੇ ਫ੍ਰਾਈਡ ਚਿਕਨ, ਪੀਜ਼ਾ ਤੇ ਬਰਗਰ ਖਾਣ ਤੋਂ ਵੀ ਬਚਣ ਦੀ ਸਲਾਹ ਦਿੱਤੀ ਹੈ। ਇਨ੍ਹਾਂ ਚੀਜ਼ਾਂ ਵਿੱਚ ਸੈਚੁਰੇਟੇਡ ਫੈਟ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਸੈਚੁਰੇਟੇਡ ਫੈਟ ਲਿਵਰ `ਚ ਮੌਜੂਦ ਐਨਜਾਇਮ ਦੀ ਬਣਤਰ `ਚ ਬਦਲਾਅ ਲਿਆਉਂਦੇ ਹਨ। ਹੈਪੇਟਾਈਟਿਸ `ਚ ਵੀ ਇਹੀ ਹੁੰਦਾ ਹੈ। ਮੁੱਖ ਖੋਜਕਰਤਾ ਡਰੂ ਆਰਡਨ ਦੇ ਮੁਤਾਬਕ ਫਾਸਟ ਫੂਡ ਪਰੋਸਣ ਵਾਲੇ ਹੋਟਲ-ਰੈਸਟੋਰੈਂਟ ਖਾਣੇ ਨੂੰ ਸੁਆਦੀ ਬਣਾਉਣ ਲਈ ਕਈ ਕੈਮੀਕਲਜ਼ ਦੀ ਵਰਤੋਂ ਕਰਦੇ ਹਨ। ਇਹ ਕੈਮੀਕਲਜ਼ ਲਿਵਰ ਲਈ ਨੁਕਸਾਨ ਦੇਹ ਹਨ। ਅਜਿਹੇ `ਚ ਬਾਹਰ ਫਾਸਟ ਫੂਡ ਖਾਣ ਤੋਂ ਬਚਣਾ ਚਾਹੀਦਾ ਹੈ।