ਜਕਾਰਤਾ, 15 ਜਨਵਰੀ (ਪੋਸਟ ਬਿਊਰੋ)- ਪੁਰਾਤੱਤਵ ਵਿਗਿਆਨੀਆਂ ਨੇ ਇੱਕ ਗੁਫਾ `ਚ ਉਲੀਕੇ ਗਏ ਦੁਨੀਆ ਦੇ ਸਭ ਤੋਂ ਪੁਰਾਣੇ ਚਿੱਤਰ ਦਾ ਪਤਾ ਲਗਾਇਆ ਹੈ। ਇੰਡੋਨੇਸ਼ੀਆ ਦੇ ਇੱਕ ਟਾਪੂ `ਤੇ ਗੁਫਾ ਦੇ ਅੰਦਰ 45,500 ਸਾਲ ਪਹਿਲਾਂ ਜੰਗਲੀ ਸੂਰ ਦੀ ਪੇਂਟਿੰਗ ਦੀ ਜਾਣਕਾਰੀ ਮਿਲੀ ਹੈ।
ਪਤਾ ਲੱਗਾ ਹੈ ਕਿ ਇੰਡੋਨੇਸ਼ੀਆ ਦੇ ਦੱਖਣ ਸੁਲਾਵੇਸੀ ਟਾਪੂ ਦੀ ਗੁਫਾ `ਚ ਪੇਂਟਿੰਗ ਦਾ ਪਤਾ ਲਾਇਆ ਗਿਆ ਹੈ। ਇਸ ਸਟੱਡੀ ਦੇ ਖੇਤਰ `ਚ ਇਨਸਾਨਾਂ ਦੀ ਮੌਜੂਦਗੀ ਦੇ ਸ਼ੁਰੂ ਦੇ ਸਬੂਤਾਂ ਦਾ ਵੀ ਜਿ਼ਕਰ ਕੀਤਾ ਗਿਆ ਹੈ। ਆਸਟਰੇਲੀਆ `ਚ ਗ੍ਰਿਫਿਥ ਯੂਨੀਵਰਸਿਟੀ ਦੇ ਪ੍ਰੋ. ਐਡਮ ਬਰੂਮ ਨੇ ਦੱਸਿਆ ਕਿ ਸੁਲਾਵੇਸੀ ਦੀ ਲੇਂਗ ਟੇਡੋਗਗਨ ਗੁਫਾ ਵਿੱਚ ਮਿਲੀ ਪੇਂਟਿੰਗ ਦੁਨੀਆ `ਚ ਗੁਫਾ ਕਲਾਕ੍ਰਿਤੀ ਦਾ ਸਭ ਤੋਂ ਪੁਰਾਣਾ ਨਮੂਨਾ ਹੈ। ਉਨ੍ਹਾਂ ਕਿਹਾ ਕਿ ਇਹ ਗੁਫਾ ਇੱਕ ਘਾਟੀ ਵਿੱਚ ਹੈ, ਜੋ ਬਾਹਰ ਤੋਂ ਚੂਨਾ-ਪੱਥਰ ਦੀਆਂ ਚਟਾਨਾਂ ਕਾਰਨ ਬੰਦ ਹੋ ਗਈ ਸੀ ਤੇ ਖੁਸ਼ਕ ਮੌਸਮ `ਚ ਸੁਰਾਖ ਬਣਨ ਨਾਲ ਉਥੇ ਜਾਣ ਦਾ ਇੱਕ ਤੰਗ ਰਸਤਾ ਬਣ ਗਿਆ। ਉਨ੍ਹਾਂ ਕਿਹਾ ਕਿ ਇਸ ਘਾਟੀ `ਚ ਰਹਿਣ ਵਾਲੇ ਬਗਿਸ ਭਾਈਚਾਰੇ ਨੇ ਦਾਅਵਾ ਕੀਤਾ ਕਿ ਉਹ ਪਹਿਲਾਂ ਕਦੇ ਗੁਫਾ ਵੱਲ ਨਹੀਂ ਗਏ ਸਨ।