ਨਵੀਂ ੱਦਿੱਲੀ, 14 ਜਨਵਰੀ (ਪੋਸਟ ਬਿਊਰੋ)- ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਹੋਣ ਤੋਂ ਪਹਿਲਾਂ ਸਿਆਸੀ ਜੰਗ ਤੇਜ਼ ਹੋ ਗਈ ਹੈ। ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਰਾਜ ਸਭਾ ਦੇ ਸਾਬਕਾ ਮੈਂਬਰ ਅਤੇ ਤਿ੍ਰਣਮੂਲ ਕਾਂਗਰਸ (ਟੀ ਐਮ ਸੀ) ਦੇ ਸੀਨੀਅਰ ਆਗੂ ਕੇ ਡੀ ਸਿੰਘ ਨੂੰ ਮਨੀ ਲਾਂਡਰਿੰਗ ਨਾਲ ਜੁੜੇ ਕੇਸ ਵਿੱਚ ਗ਼੍ਰਿਫ਼ਤਾਰ ਕੀਤਾ ਹੈ।
ਜਾਣਕਾਰ ਸੂਤਰਾਂ ਨੇ ਦੱਸਿਆ ਕਿ ਕੇ ਡੀ ਸਿੰਘ ਨੂੰ ਮਨੀ ਲਾਂਡਰਿੰਗ ਰੋਕੂ ਐਕਟ (ਪੀ ਐਮ ਐਲ ਏ) ਦੇ ਤਹਿਤ ਗ਼੍ਰਿਫ਼ਤਾਰ ਕੀਤਾ ਗਿਆ ਹੈ। ਦਿੱਲੀ ਦੀ ਰਾਊਜ ਐਵੀਨਿਊ ਕੋਰਟ ਨੇ ਕੇਡੀ ਸਿੰਘ ਨੂੰ 16 ਜਨਵਰੀ ਤੱਕ ਈ ਡੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਟੀ ਐਮ ਸੀ ਦੇ ਸਾਬਕਾ ਪਾਰਲੀਮੈਂਟ ਮੈਂਬਰ ਵਿਰੁੱਧ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਗਿਆ ਹੈ। ਕੇ ਡੀ ਸਿੰਘ ਦੀ ਕੰਪਨੀ ਐਲਕੈਮਿਸਟ ਇਨਫ਼ਰਾ ਰਿਆਲਿਟੀ ਲਿਮਟਿਡ ਉਤੇ ਲੋਕਾਂ ਨੂੰ ਕਰੀਬ 1900 ਕਰੋੜ ਰੁਪਏ ਦਾ ਚੂਨਾ ਲਾਉਣ ਦਾ ਦੋਸ਼ ਹੈ। ਸਤੰਬਰ 2019 ਵਿੱਚ ਕੇਂਦਰੀ ਜਾਂਚ ਏਜੰਸੀ ਨੇ ਕੇ ਡੀ ਸਿੰਘ ਅਤੇ ਉਸ ਨਾਲ ਜੁੜੇ ਲੋਕਾਂ ਦੇ ਅਹਾਤੇ ਵਿੱਚ ਤਲਾਸ਼ੀ ਲਈ। ਏਜੰਸੀ ਨੇ ਇੱਥੋਂ 239 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਸੀ। ਇਨਫ਼ੋਰਸਮੈਂਟ ਅਨੁਸਾਰ ਸਾਬਕਾ ਪਾਰਲੀਮੈਂਟ ਮੈਂਬਰ ਦੀਆਂ ਕੰਪਨੀਆਂ ਵੱਲੋਂ ਨਿਵੇਸ਼ ਦੇ ਨਾਮ ਉੱਤੇ ਹਜ਼ਾਰਾਂ ਗਾਹਕਾਂ ਤੋਂ ਵੱਡੀ ਰਕਮ ਇਕੱਠੀ ਕੀਤੀ ਗਈ ਅਤੇ ਗਾਹਕਾਂ ਨੂੰ ਇਹ ਕਹਿੰਦੇ ਹੋਏ ਲਾਲਚ ਦਿੱਤਾ ਕਿ ਉਨ੍ਹਾਂ ਨੂੰ ਉਚਿਤ ਰਿਟਰਨ ਮਿਲੇਗੀ।