Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਮੁੰਡੇ ਕੁੜੀ ਵਿੱਚ ਫਰਕ

January 11, 2021 01:15 AM

-ਸੁਪਿੰਦਰ ਸਿੰਘ ਰਾਣਾ
ਮੇਰੀ ਪਤਨੀ ਦਾ ਪਹਿਲਾ ਜਣੇਪਾ ਉਸ ਦੇ ਪੇਕੇ ਘਰ ਹੋਇਆ। ਜਦੋਂ ਸਾਡੇ ਘਰ ਦੂਜੇ ਬੱਚੇ ਨੇ ਆਉਣਾ ਸੀ ਤਾਂ ਮਾਂ ਨੇ ਮੇਰੇ ਸਹੁਰੇ ਪਰਵਾਰ ਨੂੰ ਆਖ ਦਿੱਤਾ, ‘‘ਭਾਈ, ਇਸ ਵਾਰ ਬਹੂ ਦਾ ਜਣੇਪਾ ਸਾਡੇ ਘਰ ਵਿੱਚ ਹੋਵੇਗਾ। ਐਤਕੀਂ ਮੈਂ ਨੀਂ ਭੇਜਣੀ।” ਅਧਰੰਗ ਕਾਰਨ ਮਾਂ ਦੀ ਭਾਵੇਂ ਇੱਕ ਬਾਂਹ ਨਹੀਂ ਸੀ ਚਲਦੀ ਤੇ ਕਦਮ ਵੀ ਹੌਲੀ ਹੌਲੀ ਪੁੱਟਦੀ ਹੁੰਦੀ ਸੀ, ਪਰ ਹਿੰਮਤ ਉਸ ਵਿੱਚ ਬਹੁਤ ਸੀ।
ਮੇਰੀ ਸੱਸ, ਜਿਸ ਨੂੰ ਅਸੀਂ ਸਾਰੇ ਬੀਬੀ ਆਖਦੇ ਸਨ, ਕਹਿਣ ਲੱਗੇ, ‘‘ਭੈਣ ਜੀ ਜਿਵੇਂ ਤੁਸੀਂ ਆਖਦੇ ਹੋ, ਇੰਝ ਹੀ ਹੋਵੇਗਾ।” ਉਨ੍ਹਾਂ ਕਿਹਾ, ‘‘ਅਸੀਂ ਇਸ ਲਈ ਲਿਜਾਣਾ ਚਾਹੁੰਦੇ ਸਾਂ ਕਿ ਤੁਹਾਡੀ ਸਿਹਤ ਠੀਕ ਨਹੀਂ ਰਹਿੰਦੀ ਤੇ ਘਰ ਵਿੱਚ ਕੋਈ ਤੀਵੀਂ ਮਾਨੀ ਵੀ ਨਹੀਂ। ਅਸੀਂ ਇਸ ਨੂੰ ਖਰੜ ਲੈ ਜਾਂਦੇ ਹਾਂ।” ਮਾਂ ਨੇ ਕਿਹਾ, ‘‘ਪਹਿਲਾਂ ਹੀ ਤੁਹਾਡਾ ਸਾਡੇ 'ਤੇ ਬਹੁਤ ਅਹਿਸਾਨ ਹੈ, ਇਸ ਕਰ ਕੇ ਜਿਵੇਂ ਵੀ ਹੋਵੇਗਾ, ਅਸੀਂ ਕਰਾਂਗੇ। ਜੇ ਤੁਹਾਡੀ ਲੋੜ ਪਵੇਗੀ ਤਾਂ ਤੁਹਾਨੂੰ ਸੱਦ ਲਵਾਂਗੇ। ਤੁਸੀਂ ਕਿਹੜਾ ਬਹੁਤੀ ਦੂਰ ਹੋ। ਬਾਕੀ ਤੁਸੀਂ ਆਪਣੀ ਧੀ ਵੱਲੋਂ ਬੇਫਿਕਰ ਹੋ ਜਾਵੋ, ਇਹ ਸਾਡੇ ਪਰਵਾਰ ਦਾ ਜੀਅ ਹੈ। ਅਸੀਂ ਇਸ ਦੀ ਸੰਭਾਲ ਤੁਹਾਡੇ ਤੋਂ ਵੱਧ ਰੱਖਣ ਦੀ ਕੋਸ਼ਿਸ਼ ਕਰਾਂਗੇ।” ਚਾਹ-ਪਾਣੀ ਪੀਣ ਤੋਂ ਬਾਅਦ ਬੀਬੀ ਚਲੀ ਗਈ।
ਹੌਲੀ-ਹੌਲੀ ਸਮਾਂ ਲੰਘਦਾ ਗਿਆ। ਉਂਝ ਹਫਤੇ ਦਸ ਦਿਨਾਂ ਬਾਅਦ ਸਹੁਰਿਆਂ ਤੋਂ ਕੋਈ ਨਾ ਕੋਈ ਜੀਅ ਸਾਡੇ ਘਰ ਆ ਜਾਂਦਾ। ਉਨ੍ਹਾਂ ਦਿਨਾਂ ਵਿੱਚ ਟੈਲੀਫੋਨ ਵਿਰਲੇਂ ਟਾਵੇਂ ਘਰਾਂ ਵਿੱਚ ਹੁੰਦੇ ਸਨ। ਸਾਡੇ ਘਰ ਦੂਜਾ ਨਵਾਂ ਜੀਅ ਆਇਆ। ਮਾਂ ਤੋਂ ਖੁਸ਼ੀ ਸਾਂਭੀ ਨਹੀਂ ਜਾ ਰਹੀ ਸੀ। ਉਨ੍ਹਾਂ ਆਪਣੇ ਪੋਤਰੇ ਨੂੰ ਗੁੜ੍ਹਤੀ ਆਪ ਦਿੱਤੀ। ਅਧਰੰਗ ਦੇ ਬਾਵਜੂਦ ਮਾਂ ਖੁਸ਼ੀ ਵਿੱਚ ਖੀਵੀ ਹੋਈ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ। ਪਿਤਾ ਜੀ ਨੂੰ ਉਠਾ ਕੇ ਉਨ੍ਹਾਂ ਨਾਲ ਖੁਸ਼ੀ ਸਾਂਝੀ ਕੀਤੀ। ਘੰਟੇ ਕੁ ਮਗਰੋਂ ਮੈਨੂੰ ਆਖਣ ਲੱਗੀ, ‘‘ਜਾ ਪੁੱਤ ਆਪਣੇ ਸਹੁਰੇ ਘਰ ਵੀ ਸੁਨੇਹਾ ਦੇ ਆ। ਉਹ ਫਿਕਰ ਕਰਦੇ ਹੋਣਗੇ। ਨਾਲੇ ਦੋ ਚਾਰ ਡੱਬੇ ਲੱਡੂਆਂ ਦੇ ਲੈ ਜਾਵੀਂ।”
ਮੈਂ ਤਿਆਰ ਹੋ ਕੇ ਸਕੂਟਰ 'ਤੇ ਬਾਜ਼ਾਰ ਪਹੁੰਚ ਗਿਆ। ਉਥੋਂ ਲੱਡੂਆਂ ਦੇ ਡੱਬੇ ਲੈ ਕੇ ਸਕੂਟਰ ਦੀ ਡਿੱਗੀ ਵਿੱਚ ਰੱਖ ਲਏ। ਜਦੋਂ ਸਹੁਰੇ ਘਰ ਪੁੱਜਿਆ ਤਾਂ ਮਨ ਵਿੱਚ ਪਤਾ ਨਹੀਂ ਕੀ ਫੁਰਨਾ ਫੁਰਿਆ, ਮੈਂ ਸਕੂਟਰ ਖੜ੍ਹਾ ਕਰਕੇ ਬੈਠਕ ਵਿੱਚ ਪਹੁੰਚ ਗਿਆ। ਮੈਂ ਬੀਬੀ ਦੇ ਪੈਰਾਂ ਨੂੰ ਹੱਥ ਲਾ ਕੇ ਮੰਜੇ 'ਤੇ ਬੈਠ ਗਿਆ। ਉਨ੍ਹਾਂ ਪੈਂਦੀ ਸੱਟੇ ਆਪਣੀ ਧੀ ਦੀ ਰਾਜ਼ੀ-ਖੁਸ਼ੀ ਪੁੱਛੀ। ਮੇਰੇ ਮੂੰਹੇਂ ਪਤਾ ਨਹੀਂ ਕਿਵੇਂ ਨਿਕਲ ਗਿਆ ਕਿ ਠੀਕ ਤਾਂ ਹੈ, ਪਰ ਗੁੱਡੀ ਆਈ ਹੈ। ਉਹ ਕਹਿਣ ਲੱਗੇ, ‘ਭਾਈ ਸਾਰੇ ਰੱਬ ਦੇ ਜੀਅ ਹੁੰਦੇ ਹਨ। ਇਸ ਲਈ ਕਿਸੇ ਨਾ ਕਿਸੇ ਨਾ ਤਾਂ ਆਉਣਾ ਸੀ। ਬਾਕੀ ਸਿਹਤ ਠੀਕ ਚਾਹੀਦੀ ਹੈ।” ਉਹ ਮੈਨੂੰ ਦਿਲਾਸਾ ਦਿੰਦਿਆਂ ਕਹਿਣ ਲੱਗੇ, ‘‘ਮੇਰੇ ਵੱਡੇ ਮੁੰਡੇ ਕੋਲ ਪਹਿਲਾਂ ਮੁੰਡਾ ਸੀ ਤੇ ਫਿਰ ਕੁੜੀ ਹੋਈ। ਉਂਝ ਨਹੀਂ ਮਨ ਹੌਲਾ ਕਰੀਦਾ।” ਉਨ੍ਹਾਂ ਇਹ ਕਹਿੰਦਿਆਂ ਮੇਰੇ ਲਈ ਚਾਹ ਬਣਾਉਣ ਲਈ ਆਖ ਦਿੱਤਾ। ਉਨ੍ਹਾਂ ਪਰਵਾਰ ਦੇ ਹੋਰਾਂ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ‘ਵੀਰ’ ਕਹਿਣ ਵਾਲੀ ਵੀ ਆ ਗਈ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਮੈਥੋਂ ਕੀ ਬੋਲਿਆ ਗਿਆ। ਬੀਬੀ ਮੈਨੁੂੰ ਬਹੁਤ ਸਾਊ ਸਮਝਿਆ ਕਰਦੀ ਸੀ। ਅੱਗੋਂ ਕੀ ਬਣੇਗਾ ਮੇਰਾ। ਮੇਰੇ ਲਈ ਚਾਹ ਆ ਗਈ ਤੇ ਪਤਨੀ ਦਾ ਭਰਾ ਕੋਲ ਬੈਠ ਕੇ ਚਾਹ ਪੀਣ ਲੱਗਿਆ। ਬੀਬੀ ਮੂੜ੍ਹਾ ਲੈ ਕੇ ਬੈਠ ਗਈ।
ਮੇਰੇ ਸੰਘ ਵਿੱਚ ਚਾਹ ਨਹੀਂ ਉਤਰ ਰਹੀ ਸੀ। ਉਹ ਸਮਝ ਰਹੇ ਸਨ ਕਿ ਕੁੜੀ ਹੋਣ ਕਾਰਨ ਥੋੜ੍ਹਾ ਘੱਟ ਬੋਲ ਰਿਹਾ ਹੈ। ਬੀਬੀ ਆਖਣ ਲੱਗੀ, ‘‘ਕੋਈ ਨੀ ਪੁੱਤ, ਤੈਨੂੰ ਨੌਕਰੀ ਵੀ ਮਿਲ ਜਾਊ। ਕਈ ਵਾਰ ਕੋਈ ਜੀਅ ਭਾਗਾਂ ਵਾਲਾ ਹੁੰਦਾ ਹੈ, ਉਸ ਦੇ ਆਏ 'ਤੇ ਘਰ ਵਿੱਚ ਖੁਸ਼ੀਆਂ ਆ ਜਾਂਦੀਆਂ ਹਨ।” ਮੈਂ ਕਾਫੀ ਦੇਰ ਗੁੰਮ ਸੁੰਮ ਬੈਠਾ ਰਿਹਾ। ਆਪਣੇ ਝੂਠ ਤੋਂ ਡਰ ਰਿਹਾ ਸੀ। ਕਦੇ ਆਪਣੇ 'ਤੇ ਲਾਹਨਤਾਂ ਪਾ ਰਿਹਾ ਸਾਂ। ਮੈਂ ਪਛਤਾ ਰਿਹਾ ਸਾਂ ਕਿ ਇਹ ਕੀ ਕਰ ਬੈਠਾ। ਦਰਅਸਲ ਬੀਬੀ ਹਰ ਵਾਰੀ ਆਖ ਦਿੰਦੀ ਸੀ, ‘‘ਮੇਰਾ ਜਵਾਈ ਕਿਸੇ ਨੂੰ ਟਿੱਚਰ ਨਹੀਂ ਕਰ ਸਕਦਾ, ਇਹ ਬਹੁਤਾ ਸਾਊ ਹੈ।” ਜਦੋਂ ਮੈਂ ਸਹੁਰੇ ਘਰ ਜਾਣਾ, ਉਨ੍ਹਾਂ ਅਜਿਹਾ ਜ਼ਰੂਰ ਆਖਣਾ। ਘੰਟਾ ਮੈਂ ਮੰਜੇ ਤੋਂ ਨਾ ਉਠਿਆ। ਬੀਬੀ ਨੇ ਰੋਟੀ ਖਾਣ ਲਈ ਕਿਹਾ, ਪਰ ਮੈਂ ਆਖਿਆ, ‘‘ਮੈਨੂੰ ਭੁੱਖ ਨਹੀਂ।’’ ਮੈਂ ਕਿਹਾ ਕਿ ਮੈਂ ਚਲਦਾ ਹਾਂ। ਹਿੰਮਤ ਕਰ ਕੇ ਸਕੂਟਰ ਕੋਲ ਗਿਆ। ਇੰਨੇ ਨੂੰ ਬਾਹਰੋਂ ਪਤਨੀ ਦਾ ਛੋਟਾ ਭਰਾ ਆ ਗਿਆ। ਸਤਿ ਸ੍ਰੀ ਅਕਾਲ ਬੁਲਾਉਣ ਤੋਂ ਬਾਅਦ ਉਹ ਭੈਣ ਬਾਰੇ ਪੁੱਛਣ ਲੱਗਿਆ। ਮੈਂ ਕਿਹਾ ਕਿ ਤੂੰ ਮਾਮਾ ਬਣ ਗਿਆਂ ਏਂ। ਏਨੇ ਨੂੰ ਬੀਬੀ ਆਖਣ ਲੱਗੀ ਕਿ ਤੇਰੀ ਭਾਣਜੀ ਆਈ ਹੈ। ਸਕੂਟਰ ਦੀ ਡਿੱਗੀ ਵਿੱਚੋਂ ਲੱਡੂਆਂ ਦੇ ਡੱਬੇ ਕੱਢੇ ਤੇ ਹਿੰਮਤ ਜਿਹੀ ਕਰ ਕੇ ਮੈਂ ਕਿਹਾ, ‘‘ਬੀਬੀ, ਮੈਂ ਮਾਖੌਲ ਕਰਦਾ ਸੀ, ਤੁਹਾਡਾ ਦੋਹਤਾ ਹੋਇਆ ਹੈ।”
ਮੈਂ ਲੱਡੂਆਂ ਦੇ ਡੱਬੇ ਕੱਢ ਕੇ ਉਨ੍ਹਾਂ ਨੂੰ ਫੜਾਏ। ਉਨ੍ਹਾਂ ਡੱਬੇ ਫੜ ਕੇ ਪਹਿਲਾਂ ਆਪਣੇ ਮੱਥੇ ਨਾਲ ਲਾਏ, ਫੇਰ ਕਹਿਣ ਲੱਗੇ, ‘‘ਭਾਈ, ਤੂੰ ਬੜਾ ਸ਼ੈਤਾਨ ਨਿਕਲਿਆ। ਸਾਨੂੰ ਕਿਸੇ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ।” ਉਨ੍ਹਾਂ ਮੇਰੀ ਬਾਂਹ ਫੜ ਲਈ ਅਤੇ ਬੈਠਕ ਵੱਲ ਲੈ ਗਏ। ਉਨ੍ਹਾਂ ਉਚੀ ਸਾਰੀ ਦੁੱਧ ਬਣਾਉਣ ਲਈ ਕਿਹਾ ਤੇ ਨਾਲ ਹੀ ਪਿੰਨੀਆਂ ਲਿਆਉਣ ਲਈ ਕਿਹਾ। ਘਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਮੇਜ਼ 'ਤੇ ਤਿੰਨ ਚਾਰ ਗਲਾਸ ਦੁੱਧ ਦੇ ਆ ਗਏ ਅਤੇ ਪਿੰਨੀਆਂ ਵੀ ਆ ਗਈਆਂ। ਥੋੜ੍ਹੀ ਦੇਰ ਬਾਅਦ ਮੈਂ ਇਜਾਜ਼ਤ ਲੈ ਕੇ ਉਥੋਂ ਤੁਰ ਪਿਆ। ਮੈਂ ਆਪਣੇ ਘਰ ਪਹੁੰਚ ਕੇ ਸ਼ਰਮਿੰਦਗੀ ਦੇ ਮਾਰੇ ਇਸ ਗੱਲ ਦਾ ਇਲਮ ਨਾ ਹੋਣ ਦਿੱਤਾ। ਕੁਝ ਦਿਨਾਂ ਮਗਰੋਂ ਸਹੁਰੇ ਘਰੋਂ ਕਈ ਜੀਅ ਆ ਗਏ ਤੇ ਪੰਜੀਰੀ ਲੈ ਆਏ। ਉਸ ਸਮੇਂ ਬੀਬੀ ਨੇ ਸਾਰਿਆਂ ਸਾਹਮਣੇ ਇਸ ਗੱਲ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ, ‘‘ਮੈਂ ਆਪਣੇ ਜਵਾਈ ਨੂੰ ਸਾਊ ਜਿਹਾ ਸਮਝਦੀ ਸੀ, ਪਰ ਉਹ ਸਾਡੇ ਸਾਰਿਆਂ ਦੇ ਹੱਥਾਂ 'ਤੇ ਸਰ੍ਹੋਂ ਜਮਾਂ ਗਿਆ।” ਸਾਰੇ ਹੱਸ-ਹੱਸ ਕੇ ਦੂਹਰੇ ਹੋ ਗਏ। ਅੱਜ ਭਾਵੇਂ ਜਵਾਈ ਤੋਂ ਫੁੱਫੜ ਬਣ ਗਿਆ ਹਾਂ, ਫੇਰ ਵੀ ਕਦੇ ਪਤਨੀ ਜਾਂ ਹੋਰ ਕੋਈ ਇਹ ਆਖਦਾ ਹੈ ਕਿ ਮੁੰਡਾ-ਕੁੜੀ ਵਿੱਚ ਕੋਈ ਫਰਕ ਨਹੀਂ ਤਾਂ ਮਨ ਮੱਲੋ-ਮੱਲੀ ਕਾਫੀ ਸਾਲ ਪਹਿਲਾਂ ਵਾਲੀ ਘਟਨਾ ਨੂੰ ਯਾਦ ਕਰ ਲੈਂਦਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”