ਜੋਧਪੁਰ, 2 ਦਸੰਬਰ, (ਪੋਸਟ ਬਿਊਰੋ)- ਅਭਿਨੇਤਰੀ ਪ੍ਰਿਅੰਕਾ ਚੋਪੜਾ ਤੇ ਗਾਇਕ ਨਿਕ ਜੋਨਜ਼ ਅੱਜ ਇਥੇ ਹਿੰਦੂ ਰਸਮਾਂ ਅਨੁਸਾਰ ਫੇਰੇ ਲੈਣ ਨਾਲ ਬਾਕਾਇਦਾ ਤੌਰ ਉੱਤੇ ਵਿਆਹੇ ਗਏ। ਇਸ ਤੋਂ ਪਹਿਲਾਂ ਆਏ ਮਹਿਮਾਨਾਂ ਅੱਗੇ ਉਨ੍ਹਾਂ ਦੋਵਾਂ ਨੇ ਲਾਈਵ ਪਰਫਾਰਮੈਂਸ ਦਿੱਤੀ ਅਤੇ ਮਹਿਮਾਨਾਂ ਤੇ ਰਿਸ਼ਤੇਦਾਰਾਂ ਨੇ ਵੀ ਖੁੱਲ੍ਹਾ ਡਾਂਸ ਕੀਤਾ।
ਪ੍ਰਿਅੰਕਾ ਚੋਪੜਾ ਨੇ ਕਿਹਾ ਕਿ ਇਹ ਸੰਗੀਤਕ ਸ਼ਾਮ ਉਨ੍ਹਾਂ ਲਈ ਨਵੀਂ ਜ਼ਿੰਦਗੀ ਦੀ ਬਿਹਤਰੀਨ ਸ਼ੁਰੂਆਤ ਮੌਕੇ ਵਿਸ਼ੇਸ਼ ਰਹੀ ਹੈ। ਮਹਿੰਦੀ ਦੀ ਰਸਮ ਦੀਆਂ ਫੋਟੋ ਸ਼ੇਅਰ ਕਰਦਿਆਂ ਪ੍ਰਿਅੰਕਾ ਨੇ ਮਸਤੀ ਨਾਲ ਭਰੇ ਸੰਗੀਤ ਸਮਾਰੋਹ ਦੀਆਂ ਫੋਟੋ ਦਿਖਾਈਆਂ। ਉਸ ਨੇ ਕਿਹਾ ਕਿ ਐਤਵਾਰ ਸ਼ਾਮ ਉਨ੍ਹਾਂ ਦੋਵਾਂ ਲਈ ਬੇਹੱਦ ਖਾਸ ਸੀ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਉਨ੍ਹਾਂ ਦੋਵਾਂ ਲਈ ਖਾਸ ਡਾਂਸ ਪਰਫਾਮੈਂਸ ਦਿੱਤੀ। ਇਹ ਸਮਾਰੋਹ ਦੋਵਾਂ ਪਰਿਵਾਰਾਂ ਦੇ ਵਿਚ ਸੰਗੀਤ ਮੁਕਾਬਲੇ ਵਾਂਗ ਜ਼ਬਰਦਸਤ ਢੰਗ ਨਾਲ ਸ਼ੁਰੂ ਹੋਇਆ ਤੇ ਪਿਆਰ ਭਰਿਆ ਰਿਹਾ। ਉਸ ਨੇ ਕਿਹਾ ਕਿ ‘ਨਿਕ ਤੇ ਮੈਂ ਸ਼ਾਦੀ ਤੋਂ ਪਹਿਲਾਂ ਇੱਕ ਹੋਰ ਰਸਮ ਲਈ ਉਤਸ਼ਾਹਤ ਸਾਂ।’ ਪ੍ਰਿਅੰਕਾ ਸੰਗੀਤ ਵਿਚ ਆਪਣੇ ਦੇਸੀ ਕੁੜੀ ਵਾਲੇ ਰੂਪ ਵਿਚ ਸੀ। ਉਸ ਨੇ ਅਬੂ ਜਾਨੀ ਅਤੇ ਸੰਦੀਪ ਖੋਸਲਾ ਦੀ ਸੁਨਹਿਰੀ ਤੇ ਚਾਂਦੀ ਰੰਗ ਦੀ ਕੱਢਾਈ ਵਾਲੀ ਸਾੜ੍ਹੀ ਪਹਿਨੀ ਸੀ। ਨਿਕ ਨੀਲੇ ਰੰਗ ਦੀ ਰੇਸ਼ਮੀ ਸ਼ੇਰਵਾਨੀ ਵਿਚ ਬੇਹੱਦ ਫੱਬ ਰਿਹਾ ਸੀ। ਅਭਿਨੇਤਰੀ ਪਰਿਨੀਤੀ ਚੋਪੜਾ ਨੇ ਇਸ ਮੌਕੇ ਨਵੀਂ ਜੋੜੀ ਲਈ ਖਾਸ ਪੇਸ਼ਕਾਰੀ ਦਿੱਤੀ। ਨਿਕ ਦੀ ਭਰਜਾਈ ਸੋਫੀ ਟਰਨਜ਼ ਵੀ ਪਾਰਟੀ ਵਿਚ ਸ਼ਾਮਲ ਹੋਈ। ਨਿਕ ਦੇ ਭਾਈ ਜੋਇ ਦੇ ਗੀਤ ਉੱਤੇ ਪ੍ਰਿਅੰਕਾ ਨੇ ਆਪਣੀ ਮਾਂ ਮਧੂ ਅਤੇ ਪਤੀ ਨਿਕ ਨਾਲ ਮਿਲ ਕੇ ਡਾਂਸ ਕੀਤਾ।