Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਨਜਰਰੀਆ

ਚਾਂਦੀ ਦਾ ਰੁਪਈਆ

January 04, 2021 01:43 AM

-ਕਰਮਜੀਤ ਸਕਰੁੱਲਾਂਪੁਰੀ
ਇੱਕ ਦਿਨ ਸਵੇਰੇ-ਸਵੇਰੇ ਸੈਰ ਕਰਦਿਆਂ ਬਾਬੇ ਦੀਆਂ ਗੱਲਾਂ ਚੱਲ ਪਈਆਂ। ਕਮਾਲ ਦਾ ਬੰਦਾ ਸੀ ਸਾਡਾ ਬਾਬਾ। ਨਿਵ ਕੇ ਰਹਿਣਾ ਉਸ ਦੀ ਸਭ ਤੋਂ ਵੱਡੀ ਖੂਬੀ ਸੀ। ਆਉਂਦੇ-ਜਾਂਦੇ ਉਹ ਸਭ ਨੂੰ ਬੁਲਾ ਕੇ ਸੁੱਖ-ਸਾਂਦ ਪੁੱਛ ਕੇ ਲੰਘਦਾ। ਉਹ ਆਪਣੇ ਤਜਰਬਿਆਂ ਦੇ ਖਜ਼ਾਨਿਆ ਦੇ ਜਦੋਂ ਕਦੇ ਮੂੰਹ ਖੋਲ੍ਹਦਾ ਤਾਂ ਸਭ ਨੂੰ ਮਾਲਾ-ਮਾਲ ਕਰ ਦਿੰਦਾ। ਬਾਬਾ ਸਾਝਰੇ ਉਠ ਕੇ ਇਸ਼ਨਾਨ-ਪਾਣੀ ਕਰਦਾ। ਲੱਕੜੀ ਦੇ ਛੋਟੇ ਜਿਹੇ ਕੰਘੇ ਨਾਲ ਸਿਰ ਵਾਹ ਕੇ ਬਿਨਾਂ ਸ਼ੀਸ਼ੇ ਆਪਣਾ ਮੋਤੀਆਂ ਜਿਹਾ ਸਾਫਾ ਸਜਾ ਲੈਂਦਾ। ਮੂੰਹ ਜ਼ੁਬਾਨੀ, ਜਿੰਨਾ ਕੁ ਆਉਂਦਾ, ਪਾਠ ਕਰਨਾ ਉਹਦਾ ਨਿਤਨੇਮ ਸੀ। ਛੋਟੇ ਹੁੰਦਿਆਂ ਇਹ ਗੱਲਾਂ ਆਮ ਵਰਤਾਰਾ ਲੱਗਦੀਆਂ ਸਨ, ਪਰ ਅੱਜ ਜਦੋਂ ਇਹ ਗੱਲਾਂ ਯਾਦ ਆਉਂਦੀਆਂ ਨੇ ਤਾਂ ਮੇਰੀਆਂ ਅੱਖਾਂ ਇਨ੍ਹਾਂ ਧੁੰਦਲੇ-ਧੁੰਦਲੇ ਨਜ਼ਾਰਿਆਂ ਨੂੰ ਵੀ ਆਦਰ ਸਤਿਕਾਰ ਨਾਲ ਦੇਖਦੀਆਂ ਨਮ ਹੋ ਜਾਂਦੀਆਂ ਨੇ।
ਅਸੀਂ ਜਦੋਂ ਕੱਚੇ ਕੋਠੇ ਨੂੰ ਲਿੱਪਣਾ ਤਾਂ ਪੌੜੀ ਲਾ ਕੇ ਗਾਰਾ ਤਸਲੇ 'ਚ ਭਰ ਕੇ ਛੱਤ 'ਤੇ ਚੜ੍ਹਾਉਣਾ। ਵਿਹੜੇ ਵਿੱਚ ਬੈਠਾ ਬਾਬਾ ਸਾਡੇ ਕੰਮ ਨੂੰ ਸਿਰਫ ‘ਖੇਲ੍ਹਾਂ’ ਕਿਹਾ ਕਰਦਾ ਸੀ। ਫਿਰ ਉਹ ਆਪਣੀ ਜਵਾਨੀ ਪਹਿਰੇ ਦੀਆਂ ਆਪਣੀਆਂ ਤੇ ਆਪਣੇ ਭਾਈਆਂ ਦੀਆਂ ਗੱਲਾਂ ਦੱਸ ਕੇ ਕਹਿੰਦਾ ਸੀ, ‘‘ਅਸੀਂ ਸਿੱਧਾ ਕਹੀ ਨਾਲ ਕੋਠੇ 'ਤੇ ਵਗਾਹ ਮਾਰਦੇ ਸੀ। ਮਜਾਲ ਐ ਕਿ ਭੋਰਾ ਵੀ ਗਾਰਾ ਖਿੰਡਦਾ ਹੋਵੇ। ਜ਼ਿਦ-ਜ਼ਿਦ ਕੰਮ ਕਰਦੇ ਹੁੰਦੇ ਸੀ ਅਸੀਂ, ਕਹੀ ਵੀ ਆਮ ਨਹੀਂ, ਕੁਰਾਲੀ ਵਾਲੀ ਹੁੰਦੀ ਸੀ, ਜਿਹਦੇ ਵਿੱਚ ਘੱਟੋ-ਘੱਟ ਛੇ-ਸੱਤ ਕਿਲੋ ਗਾਰਾ ਪੈਂਦਾ ਸੀ। ਤੁਸੀਂ ਆਹ ਖੇਲ੍ਹਾਂ ਕਰਨ ਲੱਗੇ ਓ ਸਵੇਰੇ ਦੇ, ਜ਼ੋਰ ਮਾਰਿਆ ਕਰੋ, ਜ਼ੋਰ ਨਾਲ ਹੀ ਖੁਰਾਕ ਹੱਡਾਂ 'ਚ ਰਚਦੀ ਐ।” ਸਰੀਰ ਦਾ ਇਕਹਿਰਾ ਜਿਹਾ ਸੀ ਬਾਬਾ, ਪਰ ਬਹੁਤ ਸਖਤ ਜਾਨ ਸੀ।
ਰੁੱਖਾਂ ਦਾ ਰਾਖਾ ਸੀ ਬਾਬਾ। ਵਿਹੜੇ ਵਿੱਚ ਜਿਹੜਾ ਬੂਟਾ ਲੱਗ ਗਿਆ, ਚਾਹੇ ਕਿੱਕਰ ਚਾਹੇ ਨਿੰਮ, ਚਾਹੇ ਬੇਰੀ, ੁਹਦੇ ਵਿੱਚ ਪਾਣੀ ਪਾਉਣਾ ਉਹਦਾ ਪਰਮ ਧਰਮ ਸੀ। ਜੇ ਕੋਈ ਟਾਹਣੀ ਟੁੱਟ ਜਾਣੀ ਤਾਂ ਫਟੇ-ਪੁਰਾਣੇ ਕੱਪੜੇ ਨਾਲ ਉਹਨੇ ਉਥੇ ਹੀ ਬੰਨ੍ਹ ਦੇਣਾ। ਕਿਸੇ ਨੂੰ ਦਾਤਣ ਤੱਕ ਨਹੀਂ ਸੀ ਤੋੜਨ ਦਿੰਦਾ ਨਵੇਂ ਬੂਟਿਆਂ ਤੋਂ। ਕਹਿੰਦਾ ਹੁੰਦਾ ਸੀ ਇਹ ਅਜੇ ਬੱਚੇ ਨੇ। ਬਾਬਾ ਕਹਿੰਦਾ ਹੁੰਦਾ ਸੀ, ‘‘ਮੈਂ ਬੂਟੇ ਲਾਉਂਦਾ ਨੀਂ, ਧੀਆਂ ਪੁੱਤ ਵਾਂਗ ਪਾਲਦਾ ਹਾਂ।” ਐਨਾ ਨਰਮ ਦਿਲ ਸੀ ਬਾਬਾ। ਬਾਬੇ ਨੂੰ ਸੰਤਾਲੀ ਦੀ ਦੇਸ਼ ਵੰਡ ਦਾ ਬੜਾ ਦੁੱਖ ਸੀ। ਸ਼ਾਇਦ ਟਾਹਣੀਆਂ ਦਾ ਟੁੱਟਣਾ ਆਪਣਿਆਂ ਨਾਲੋਂ ਟੁੱਟਣ ਵਾਂਗ ਲੱਗਦਾ ਹੋਵੇ। ਇਸੇ ਕਰ ਕੇ ਉਹ ਫਟੇ-ਪੁਰਾਣੇ ਕੱਪੜੇ ਨਾਲ ਟਾਹਣੀ ਨੂੰ ਮੁੜ ਉਥੇ ਬੰਨ੍ਹ ਦਿੰਦਾ ਤੇ ਜੋੜਨ ਦੀ ਆਖਰੀ ਕੋਸ਼ਿਸ਼ ਕਰਦਾ...।
ਬਾਬਾ ਕੱਪੜਾ ਵੇਚਦਾ ਹੁੰਦਾ ਸੀ। ਅੱਖਰ ਅੱਖਰ ਜੋੜ ਕੇ ਆਪਣਾ ਵਹੀ ਖਾਤਾ ਆਪੇ ਪੜ੍ਹ-ਲਿਖ ਲੈਂਦਾ ਸੀ। ਉਹਦਾ ਲਿਖਿਆ ਸਾਥੋਂ ਨਹੀਂ ਸੀ ਪੜ੍ਹ ਹੁੰਦਾ। ਕਹਿੰਦਾ ਹੁੰਦਾ ਸੀ, ‘‘ਕਦੇ ਸਕੂਲ ਨਹੀਂ ਗਿਆ ਮੈਂ। ਬੱਸ, ਡੰਗਰ ਚਾਰਦਿਆਂ ਰੇਤੇ ਉੱਤੇ ਅੱਖਰ ਵਾਹ-ਵਾਹ ਕੇ ਮਾੜੇ ਮੋਟੇ ਸਿੱਖ ਲਏ, ਓਨਿਆਂ ਕੁ ਨਾਲ ਦਾਣਾ-ਪਾਣੀ ਚੱਲੀ ਜਾਂਦਾ ਐ।” ਅੱਖਰਾਂ ਦੀ ਤਾਕਤ ਦਾ ਪਤਾ ਸੀ ਉਸ ਨੂੰ। ਖ਼ੌਰੇ ਤਾਂ ਹੀ ਸਾਡੀ ਪੜ੍ਹਾਈ ਬਾਰੇ ਪਤਾ ਕਰਨ ਉਹ ਸਾਡੇ ਸਕੂਲ ਜਾਂਦਾ ਹੁੰਦਾ ਸੀ।
ਸਵੇਰੇ ਆਪਣੇ ਨਿਤਨੇਮ ਕਰਨ ਮਗਰੋਂ ਰੋਟੀ-ਪਾਣੀ ਛਕ ਕੇ ਸਾਈਕਲ ਦੇ ਵੱਡੇ ਸਾਰੇ ਕੈਰੀਅਰ 'ਤੇ ਆਪਣਾ ਫੈਂਚਾ ਲੱਦ ਕੇ ਉਹ ਕਈ ਕਈ ਪਿੰਡਾਂ ਦਾ ਗੇੜਾ ਲਾ ਆਉਂਦਾ। ਜੇ ਕਿਤੇ ਰਾਤ ਪੈ ਜਾਣੀ, ਉਸੇ ਪਿੰਡ ਰਹਿ ਜਾਣਾ। ਕਿਸੇ ਲੋੜਵੰਦ ਦੇ ਘਰ ਵਿਆਹ-ਸ਼ਾਦੀ ਹੋਣਾ ਤਾਂ ਉਹਨੇ ਕਈ ਦਿਨ ਪਹਿਲਾਂ ਪੁੱਛ ਕੇ ਆਉਣਾ, ‘‘ਭਾਈ ਸਾਊ! ਕੋਈ ਲੀੜੇ-ਲੱਤੇ, ਪੈਸੇ-ਧੇਲੇ ਦੀ ਹੋਰ ਲੋੜ ਹੋਵੇ ਤਾਂ ਔਖੇ ਨਾ ਰਿਹੋ, ਕਾਰਜ 'ਕੱਠੇ ਹੋ ਕੇ ਕਰੀਦੈ।”
ਕਾਕਾ ਸਿਹੁੰ ਘੱਟ ਅਤੇ ‘ਬਜਾਜੀ’ ਜ਼ਿਆਦਾ ਕਹਿੰਦੇ ਸੀ ਲੋਕ ਸਾਡੇ ਬਾਬੇ ਨੂੰ।
ਇੱਕ ਵਾਰੀ ਉਸ ਨੇ ਮੈਨੂੰ ਸੱਤਵੀਂ-ਅੱਠਵੀਂ 'ਚ ਪੜ੍ਹਦੇ ਨੂੰ ਦੋ ਰੁਪਏ ਦਾ ਗੁਲਾਬੀ ਨੋਟ ਦੇ ਕੇ ਕਿਹਾ, ‘‘ਹੱਟੀ 'ਤੇ ਚਲਾਉਣ ਤੋਂ ਪਹਿਲਾਂ ਦੋ-ਤਿੰਨ ਵਾਰ ਚੰਗੀ ਤਰ੍ਹਾਂ ਦੇਖ ਲਈਂ ਇਹ ਨੂੰ ਦੋਵੇਂ ਪਾਸਿਆਂ ਤੋਂ।” ਮੈਂ ਹੈਰਾਨੀ ਨਾਲ ਪੁੱਛਿਆ, ‘‘ਕਿਉਂ...?” ਉਹ ਕਹਿੰਦਾ, ‘‘ਇਸ ਨੋਟ ਨੇ ਫੇਰ ਨੀਂ ਮਿਲਣਾ ਕਦੇ।” ਇਸ ਛੋਟੇ ਜਿਹੇ ਫਿਕਰੇ ਵਿੱਚ ਕਿੰਨਾ ਵੱਡਾ ਸਬਕ ਸੀ ਕਿ ਪੈਸਾ ਸੌ ਵਾਰੀ ਸੋਚ ਕੇ ਖਰਚਣਾ ਚਾਹੀਦਾ ਹੈ। ਬਿਨਾਂ ਲੋੜ ਤੇ ਦਿਖਾਵੇ ਲਈ ਪੈਸਾ ਖਰਚਣਾ ਅੰਕਲਮੰਦੀ ਨਹੀਂ।
ਹਾਂ, ਇੱਕ ਗੱਲ ਤੋਂ ਉਹ ਸਖਤੀ ਨਾਲ ਜ਼ਰੂਰ ਵਰਜਦਾ ਸੀ। ਦੋ-ਤਿੰਨ ਵਾਰ ਸਮਝਾਉਣ ਤੋਂ ਬਾਅਦ ਵੀ ਜੇ ਕੋਈ ਨਾ ਸਮਝਦਾ ਤਾਂ ਸੋਟੀ ਟਿਕਾ ਕੇ ਗਿੱਟਿਆਂ 'ਤੇ ਮਾਰ ਕੇ ਕਹਿੰਦਾ, ‘‘ਤੈਨੂੰ ਕਿੰਨੀ ਵਾਰੀ ਕਿਹੈ ਕਿ ਪੈਰ ਘਸਰਾ ਕੇ ਨਹੀਂ ਤੁਰਨਾ।” ਫਿਰ ਉਹ ਵਿਚਲੀ ਗੱਲ ਦੱਸਦਾ ਕਿ ਇੱਕ ਤਾਂ ਇਸ ਤਰ੍ਹਾਂ ਤੁਹਾਡੀ ਤੋਰ ਭੈੜੀ ਲੱਗਦੀ ਹੈ ਅਤੇ ਦੂਸਰਾ ਘਸਰ-ਘਸਰ ਕੇ ਤੁਰਨਾ ਨਾਲ ਵਿਹੜੇ ਵਿੱਚ ਮਿੱਟੀ ਉਡਦੀ ਹੈ।” ਪੋਰੀਆਂ ਵਾਲੀ ਸੋਟੀ ਜਿਹਦੇ ਗਿੱਟਿਆਂ 'ਤੇ ਇੱਕ ਵਾਰ ਪੈ ਜਾਂਦੀ ਉਹ ਫਿਰ ਬਾਬੇ ਦੇ ਮੂਹਰਿਓਂ ਕਦੇ ਪੈਰ ਘਸਰਾ ਕੇ ਨਾ ਤੁਰਦਾ। ਸਿਆਣਿਆਂ ਦੀਆਂ ਸਿਆਣੀਆਂ ਗੱਲਾਂ।
‘‘ਸਿਫਤਾਂ ਦਾ ਭੁੱਖਾ ਬੰਦਾ ਕਦੇ ਕਿਸੇ ਦਾ ਮਿੱਤ ਨੀ ਹੁੰਦਾ,” ਬਾਬੇ ਦੀ ਇਹ ਸਿੱਖਿਆ ਵੀ ਕਮਾਲ ਸੀ। ਸਿਫਤਖੋਰਾ ਬੰਦਾ ਕੰਨਾਂ ਦਾ ਕੱਚਾ ਹੁੰਦਾ ਹੈ। ਸਿਫਤਾਂ ਦਾ ਭੁੱਖਾ ਬੰਦਾ ਆਪ ਕਿਸੇ ਹੋਰ ਦੀ ਸਿਫਤ ਨਹੀਂ ਕਰ ਸਕਦਾ। ਮੈਂ ਇਉਂ ਹੁੰਦਾ ਬਹੁਤ ਵਾਰ ਦੇਖਿਆ ਹੈ। ਉਸ ਦੀ ਇਹ ਗੱਲ ਸੌਲਾਂ ਆਨੇ ਸੱਚ ਹੈ।
ਬਾਬੇ ਨੂੰ ਕੋਈ ਮਿਲਣ-ਗਿਲਣ ਆਉਂਦਾ ਤਾਂ ਮੱਲੋ-ਮੱਲੀ ਉਸਨੂੰ ਪ੍ਰਸ਼ਾਦਾ-ਪਾਣੀ ਛਕਣ ਨੂੰ ਕਹਿੰਦਾ, ‘‘ਭਾਵੇਂ ਇੱਕ ਫੁਲਕਾ ਛਕ ਲੈ, ਛਕਣਾ ਜ਼ਰੂਰ ਪੈਣੈ, ਘਰ ਦੀ ਖਾਧੀ ਤਾਂ ਤੇਰੀ ਸਾਈਕਲ ਚਲਾਉਂਦੇ ਹੀ ਹਜ਼ਮ ਹੋਗੀ ਹੋਣੀ ਐ।”
ਉਸ ਦਾ ਹਾਣੀ ਅਕਾਲੀ ਬੰਦ ਸਿੰਘ ਪਰ੍ਹੇ ਵਿੱਚ ਬੈਠਾ ਇਸ ਗੱਲ ਦੀ ਵਡਿਆਈ ਕਰਦਾ ਕਹਿੰਦਾ ਹੁੰਦਾ ਸੀ ਕਿ ‘‘ਬਜਾਜੀ ਦੇ ਘਰੋਂ ਕਦੇ ਕੋਈ ਭੁੱਖਾ ਨੀ ਮੁੜਿਆ ਹੋਣਾ।”
ਇੱਕ ਵਾਰ ਮੈਂ ਆਪਣਾ ਸਾਈਕਲ ਲੈ ਕੇ ਬਾਬੇ ਨਾਲ ਕੱਪੜਾ ਵੇਚਣ ਚਲਾ ਗਿਆ। ਮੈਨੂੰ ਤਾਂ ਕੈਂਚੀ ਹੀ ਆਉਂਦੀ ਸੀ ਉਦੋਂ। ਸਾਡਾ ਬਾਬਾ ਕੋਈ ਉਚੀ ਥਾਂ ਦੇਖ ਕੇ ਸਾਈਕਲ 'ਤੇ ਚੜ੍ਹਿਆ ਕਰਦਾ ਸੀ। ਕਦੇ ਕਦੇ ਉਹਨੂੰ ਸਾਈਕਲ 'ਤੇ ਹੀ ਨੀਂਦ ਦਾ ਝੂਟਾ ਵੀ ਆ ਜਾਂਦਾ ਸੀ। ਪਤਾ ਨੀ ਫਿਰ ਕਿਵੇਂ ਸੰਭਲਦਾ ਹੋਵੇਗਾ। ਖੈਰ...।
ਮੈਂ ਅਤੇ ਬਾਬਾ ਜਦੋਂ ਸ਼ਾਮਾਂ ਨੂੰ ਘਰ ਆਏ ਤਾਂ ਬਾਬਾ ਕਹਿੰਦਾ, ‘‘ਪੰਜ ਰੁਪਏ ਲੈਣੇ ਆ ਕਿ ਚਾਂਦੀ ਦਾ ਰੁਪਈਆ?” ਮੈਂ ਕਿਹਾ, ‘‘ਪੰਜ ਰੁਪਈਏ।” ਬਾਬੇ ਨੇ ਮੱਠਾ-ਮੱਠਾ ਹੱਸਦੇ ਨੇ ਕਿਹਾ, ‘‘ਪੁੱਤ, ਤੂੰ ਕਾਹਲੀ ਵੀ ਕਰ ਗਿਆ ਤੇ ਲਾਲਚ ਵੀ। ਕਦੇ ਕਾਹਲੀ ਤੇ ਲਾਲਚ ਨੀਂ ਕਰੀਦਾ। ਕਿਸੇ ਬੰਦੇ ਨੂੰ ਸਮਝਣ ਵਿੱਚ ਕਦੇ ਕਾਹਲੀ ਨਾ ਕਰੀਂ, ਬੰਦਾ ਦੇਰ ਨਾਲ ਹੀ ਆਪਣੇ ਅਸਲ ਰੰਗ ਵਿੱਚ ਆਉਂਦੈ।” ਪੰਜ ਰੁਪਏ ਦੀ ਖੁਸ਼ੀ 'ਚ ਬਾਬੇ ਦੀਆਂ ਇਹ ਗੱਲਾਂ ਉਦੋਂ ਸਿਰ ਉਪਰੋਂ ਲੰਘ ਗਈਆਂ।
ਜਦ ਮੈਂ ਬੀ ਏ ਕਰਦਾ ਸੀ, ਉਦੋਂ ਬਾਬਾ ਬਹੁਤ ਬਿਮਾਰ ਹੋ ਗਿਆ। ਸੁਰਤ ਤਾਂ ਪੂਰੀ ਸੀ, ਪਰ ਉਠਣ-ਬੈਠਣ ਵੇਲੇ ਸਹਾਰਾ ਲੈਣ ਲੱਗਿਆ। ਰਾਤ ਨੂੰ ਮੈਂ ਬਾਬੇ ਦੀਆਂ ਲੱਤਾਂ-ਬਾਹਾਂ ਘੁੱਟਣੀਆਂ। ਕਦੇ ਕਦੇ ਉਹਨੂੰ ਧੁੱਪ 'ਚ ਬਿਠਾ ਕੇ ਮਾਲਿਸ਼ ਵੀ ਕਰ ਦੇਣੀ। ਬਾਬੇ ਨੂੰ ਆਟੇ ਦਾ ਪਤਲਾ ਜਿਹਾ ਕੜਾਹ ਬਹੁਤ ਪਸੰਦ ਸੀ। ਉਹ ਕਹਿ ਕੇ ਬਣਵਾ ਲੈਂਦਾ ਸੀ। ਇੱਕ ਦਿਨ ਮੇਰੇ ਡੈਡੀ ਨੂੰ ਕੋਲ ਬੁਲਾ ਕੇ ਇੱਕ ਗੁਥਲੀ ਜਿਹੀ ਫੜਾ ਕੇ ਕਹਿੰਦਾ, ‘‘ਆਹ ਲੈ, ਚਾਂਦੀ ਦੇ ਰੁਪਈਏ ਆ ਇਹਦੇ 'ਚ, ਗਿਣ ਲਵੀਂ। ਨਾਲੇ ਸੁਣ, ਮੇਰਾ ਜਿਹਦੇ ਵੱਲ ਉਧਾਰ ਰਹਿ ਗਿਆ, ਉਹਦੇ ਕੋਲੋਂ ਮੰਗਿਓ ਨਾ...। ਜੇ ਅਗਲਾ ਆਪਣੇ ਆਪ ਦੇ ਗਿਆ ਤਾਂ ਠੀਕ ਹੈ, ਨਹੀਂ ਤਾਂ ਬੱਸ ਰਹਿਣ ਦਿਓ। ਬਥੇਰੀ ਕਮਾਈ ਕੀਤੀ ਐ।” ਮੈਂ ਕੋਲ ਬੈਠੇ ਹੋਏ ਨੇ ਮਹਿਸੂਸ ਕੀਤਾ ਕਿ ਕਿੰਨਾ ਰੱਜਿਆ ਹੋਇਆ ਹੈ ਉਹ। ਫਿਰ ਥੋੜ੍ਹਾ ਮੰਜੇ 'ਤੇ ਪੈਣ ਲੱਗਿਆਂ ਕਹਿੰਦਾ, ‘‘ਘਰ ਆਉਣ-ਜਾਣ ਵਾਲਿਆਂ ਨੂੰ ਸਭ ਨੂੰ ਪ੍ਰਸ਼ਾਦਾ-ਪਾਣੀ ਜ਼ਰੂਰ ਪੁੱਛਿਆ ਕਰੋ।” ਬੱਸ ਇਹੀ ਉਸ ਦੇ ਆਖਰੀ ਸ਼ਬਦ ਸਨ।
1996 ਵਿੱਚ ਬਾਬੇ ਦੇ ਗੁਜ਼ਰ ਜਾਣ ਤੋਂ ਕਾਫੀ ਚਿਰ ਬਾਅਦ ਜਦੋਂ ਅਸੀਂ ਉਹਦੀ ਓਹੀ ਗੁਥਲੀ ਖੋਲ੍ਹੀ ਤਾਂ ਚਾਂਦੀ ਦੇ ਦਸ-ਪੰਦਰਾਂ ਰੁਪਈਏ ਸੀ। ਡੈਡੀ ਨੇ ਜਦ ਦੱਸਿਆ ਕਿ ਇਹ ਚਾਂਦੀ ਦਾ ਇੱਕ ਰੁਪਈਆ ਅੱਜ ਚਾਲੀ-ਪੰਜਾਹ ਰੁਪਏ ਵਿੱਚ ਚਲਦਾ ਹੈ ਤਾਂ ਇਕਦਮ ਬਾਬੇ ਦੀ ਉਹ ਗੱਲ ਮੇਰੇ ਯਾਦ ਆ ਗਈ, ਜਦ ਉਸ ਨੇ ਪੁੱਛਿਆ ਸੀ, ‘ਚਾਂਦੀ ਦਾ ਰੁਪਈਆ ਲੈਣੈ ਕਿ ਪੰਜ ਦਾ ਨੋਟ?” ਫਿਰ ਉਹ ਕਾਹਲੀ ਅਤੇ ਲਾਲਚ ਵਾਲੀ ਗੱਲ ਵੀ ਸਮਝ ਆ ਗਈ।
ਔਲੇ ਦਾ ਖਾਧਾ ਤੇ ਸਿਆਣਿਆਂ ਦਾ ਕਿਹਾ ਬਾਅਦ ਵਿੱਚ ਪਤਾ ਲੱਗਦਾ ਹੈ, ਪਰ ਅੱਜ ਮੈਨੂੰ ਬਾਬੇ ਦੀਆਂ ਸਾਰੀਆਂ ਗੱਲਾਂ ਚਾਂਦੀ ਦੇ ਰੁਪਈਆਂ ਵਰਗੀਆਂ ਲੱਗਦੀਆਂ ਹਨ। ਉਹ ਗੱਲਾਂ ਜਿਨ੍ਹਾਂ ਵਿੱਚ ਬੇਅੰਤ ਅਰਥ ਛੁਪੇ ਹੋਏ ਹਨ...।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’