Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਅੱਖਰਾਂ ਦੀ ਲੋਅ ਵਿੱਚ ਤੁਰਦੇ ਕਾਫਲੇ

December 31, 2020 01:17 AM

-ਡਾਕਟਰ ਨਵਜੋਤ
ਪਿਛਲੇ ਕਈ ਦਿਨਾਂ ਤੋਂ ਅਸੀਂ ਗੰਭੀਰਤਾ ਤੇ ਚਿੰਤਾਜਨਕ ਦੌਰ 'ਚੋਂ ਗੁਜ਼ਰ ਰਹੇ ਕਿਸਾਨ ਸੰਘਰਸ਼ ਦੀ ਹਮਾਇਤ ਵਿੱਚ ਨਿਰੰਤਰ ਯਤਨਸ਼ੀਲ ਹਾਂ। ਕਦੇ ਰੈਲੀਆਂ ਰੈਲੀਆਂ ਕਰ ਰਹੇ ਹਾਂ, ਕਦੇ ਮੱਥੇ ਵਿੱਚ ਚੇਤਨਾ ਦੀ ਮਘਦੀ ਚਿਣਗ ਵਾਲੇ ਵਿਦਵਾਨਾਂ ਨੂੰ ਬੁਲਾ ਕੇ ਸੈਮੀਨਾਰ ਕਰਵਾ ਰਹੇ ਹਾਂ। ਖੁੱਲ੍ਹੇ ਅਸਮਾਨ ਹੇਠ ਸਬਰ ਸੰਤੋਖ ਨਾਲ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਸੰਘਰਸ਼ ਕਰ ਰਹੇ ਅੰਨ-ਦਾਤਾਵਾਂ ਨੂੰ ਸਲਾਮ ਕਰਨ ਲਈ ਮਨ ਬਿਹਬਲ ਸੀ। ਮੈਂ ਉਸੇ ਅਜ਼ੀਮ ਸੰਘਰਸ਼ ਨੂੰ ਸਿਜਦਾ ਕਰਨਾ ਚਾਹੁੰਦੀ ਸਾਂ, ਜਿੱਥੇ ਹਾਸ਼ੀਏ 'ਤੇ ਧੱਕੇ ਲੋਕ ਨਵਾਂ ਇਤਿਹਾਸ ਸਿਰਜ ਰਹੇ ਸਨ।
ਆਪਣੇ ਕਾਲਜ ਦੇ ਸਾਥੀਆਂ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਿਟਾਇਰਡ ਪ੍ਰੋਫੈਸਰਜ਼ ਦੇ ਨਾਲ ਛੇ ਘੰਟੇ ਦੇ ਸਫਰ ਤੋਂ ਬਾਅਦ ਇੱਕ ਘੰਟਾ ਪੈਦਲ ਤੁਰ ਕੇ ਜਦੋਂ ਅਸੀਂ ਉਸ ਸੰਗਰਾਮੀ ਪੰਡਾਲ ਵਿੱਚ ਪੁੱਜੇ ਤਾਂ ਇੰਝ ਲੱਗਾ, ਜਿਵੇਂ ਹਵਾਵਾਂ ਵਿੱਚ ਸਾਡੇ ਸਾਹਾਂ ਵਿੱਚ ਸਾਡੇ ਆਲੇ ਦੁਆਲੇ ਇੱਕ ਲਰਜ਼ਦਾ ਤੂਫਾਨ ਉਠ ਰਿਹਾ ਹੋਵੇ। ਮੱਥੇ ਵਿੱਚ ਇਨਸਾਨੀਅਤ ਦਾ ਦੀਵਾ ਬਾਲੀ ਬੈਠੇ ਲੋਕ ਜਾਤਾਂ, ਧਰਮਾਂ, ਖਿੱਤਿਆਂ ਤੋਂ ਉਪਰ ਉਠ ਕੇ ਫਿਰਕੂ ਸਦਭਾਵਨਾ ਅਤੇ ਏਕਤਾ ਦੀਆਂ ਤੰਦਾਂ ਨੂੰ ਮਜ਼ਬੂਤ ਕਰਦੇ ਨਜ਼ਰੀਂ ਪਏ। ਅਨੇਕਾਂ ਰੋਕਾਂ ਅਤੇ ਬੰਦਿਸ਼ਾਂ ਦੇ ਬਾਵਜੂਦ ਜਮਹੂਰੀਅਤ ਦੇ ਰਾਖਿਆਂ ਨੂੰ ਦੇਖ ਕੇ ਇੰਝ ਲੱਗਾ ਜਿਵੇਂ ਕੁਝ ਕਰ ਗੁਜ਼ਰਨ ਦੀ ਭਾਵਨਾ ਉਨ੍ਹਾਂ ਦੇ ਅੰਦਰ ਲਟ ਲਟ ਬਲ ਰਹੀ ਹੋਵੇ, ਪਰ ਇੱਕ ਅਜੀਬ ਤਰ੍ਹਾਂ ਦੇ ਸੰਜਮ ਨੇ ਉਨ੍ਹਾਂ ਨੂੰ ਕੀਲਿਆ ਹੋਵੇ। ਇਨ੍ਹਾਂ ਸਭ ਦੇ ਸਰੋਕਾਰ ਸਾਂਝੇ ਹਨ, ਇਨ੍ਹਾਂ ਦੇ ਦੁੱਖ ਸੁੱਖ ਸਾਂਝੇ ਨੇ, ਸਭ ਦੀ ਕਹਾਣੀ ਇੱਕੋ ਹੈ। ਕਿਸੇ ਨੂੰ ਕੋਈ ਭਰਮ ਨਹੀਂ, ਕੋਈ ਵਹਿਮ ਨਹੀਂ, ਕੋਈ ਭੁਲੇਖਾ ਨਹੀਂ, ਗੰਗਾ-ਜਮਨੀ ਤਹਿਜ਼ੀਬ ਜਿਵੇਂ ਘੁਲ-ਮਿਲ ਗਈ ਹੋਵੇ. ਗਿਆਨ ਦਾ ਪ੍ਰਕਾਸ਼, ਚੜ੍ਹਦੀ ਕਲਾ ਦਾ ਸੁਨੇਹਾ ਦਿੰਦਾ ਇਹ ਜੁਝਾਰੂ ਇਕੱਠ ਲੀਡਰਸ਼ਿਪ ਵਿੱਚ ਪੂਰਨ ਭਰੋਸਾ ਪ੍ਰਗਟ ਕਰ ਰਿਹਾ ਸੀ। ਇਸ ਸਮਾਰੋਹ ਵਿੱਚ ਵਿਚਰਦਿਆਂ ਅਜ਼ੀਮ ਨਜ਼ਾਰਾ ਨਜ਼ਰੀਂ ਪਿਆ।
ਪੰਜਾਬ ਤੇ ਹਰਿਆਣਾ ਦੇ ਅਣਖੀ ਤੇ ਸੂਰਬੀਰ ਕਿਸਾਨਾਂ ਨੇ ਹਤਾਸ਼ ਤੇ ਨਿਰਾਸ਼ ਹੋਏ ਲੋਕਾਂ ਅੰਦਰ ਕੁਝ ਦਿਨਾਂ ਵਿੱਚ ਹੀ ਨਵੀਂ ਰੂਹ ਫੂਕ ਦਿੱਤੀ ਹੈ। ਦਹਾਕਿਆਂ ਤੋਂ ਜਿੱਦਾਂ ਦਾ ਸੋਹਣਾ-ਸੁਨੱਖਾ ਸਮਾਜ ਸਿਰਜਣ ਦੀ ਚੇਤਨਾ ਪੈਦਾ ਕਰਨ ਦੀ ਕੋਸ਼ਿਸ਼ ਇਨਕਲਾਬੀ ਧਿਰਾਂ ਵੱਲੋਂ ਹੋ ਰਹੀ ਸੀ, ਉਹ ਦੇਸ਼ ਦੇ ਸਿਰਲੱਥ ਸੂਰਮਿਆਂ, ਇਨ੍ਹਾਂ ਮਰਜੀਵੜੇ ਕਿਸਾਨਾਂ ਨੇ ਕੁਝ ਦਿਨਾਂ ਵਿੱਚ ਪੂਰੀ ਕਰ ਦਿਖਾਈ ਹੈ। ਹਿੰਦੁਸਤਾਨ ਦਾ ਚੱਪਾ-ਚੱਪਾ ਜਾਗ ਪਿਆ। ਬਿਨਾਂ ਕਿਸੇ ਰਾਜਸੀ ਧਿਰ ਦੀ ਸਰਪ੍ਰਸਤੀ ਤੋਂ ਸਵੈ-ਇੱਛਤ ਤੌਰ 'ਤੇ ਆਪ ਮੁਹਾਰੇ ਉਠਿਆ ਲੋਕਾਂ ਦਾ ਰੋਹ ਇਸ ਗੱਲ ਦੀ ਗਵਾਹੀ ਭਰਦਾ ਸੀ ਕਿ ਵਿਤਕਰੇਬਾਜ਼ੀ, ਬੇਇਨਸਾਫੀ, ਧਨ ਦੀ ਕਾਣੀ ਵੰਡ ਸਹਾਰਨ ਦੀ ਹਿੰਮਤ ਖਤਮ ਹੋ ਚੁੱਕੀ ਹੈ। ਹਿੰਸਾ ਦੀ ਇਬਾਰਤ ਤੋਂ ਨਾਬਰ ਵਿਚਰਦੇ ਨੌਜਵਾਨਾਂ ਦੇ ਚਿਹਰਿਆਂ ਨੂੰ ਮੈਂ ਪੜ੍ਹਨ ਦੀ ਕੋਸ਼ਿਸ਼ ਕੀਤੀ। ਹਰ ਨੌਜਵਾਨ ਮੈਨੂੰ ਸਿਆਣਾ, ਗਹਿਰ-ਗੰਭੀਰ, ਸੋਚਵਾਨ, ਸੂਝਵਾਨ ਅਤੇ ਭੈਅ ਮੁਕਤ ਲੱਗਾ। ਆਪਣੇ ਨਾਲ ਹੋਈ ਵਧੀਕੀ ਦੇ ਵਿਰੁੱਧ ਉਨ੍ਹਾਂ ਦਾ ਖੂਨ ਖੌਲ ਰਿਹਾ ਸੀ। ਉਸ ਨਵੀਂ ਸੋਚ ਵਾਲੀ ਨੌਜਵਾਨੀ ਜਿਸ ਦੀਆਂ ਅੱਖਾਂ ਵਿੱਚ ਹੀ ਨਹੀਂ, ਦਿਲਾਂ ਤੇ ਦਿਮਾਗਾਂ ਵਿੱਚ ਵੀ ਰੋਜ਼ ਸੁਫਨੇ ਉਗਦੇ ਨੇ, ਉਸ ਦੇ ਮੰਜ਼ਿਲ ਵੱਲ ਵਧਦੇ ਕਦਮਾਂ ਨੂੰ ਅਹਿਸਾਸ ਸੀ ਕਿ ਪਹਿਲਾਂ ਵੀ ਕਈ ਵਾਰ ਅਤੀਤ ਵਿੱਚ ਡੁੱਲ੍ਹੇ ਖੂਨ 'ਚੋਂ ਕੁਝ ਨਹੀਂ ਖੱਟਿਆ ਗਿਆ।
ਉਥੇ ਇੱਕ ਕਮਾਲ ਦਾ ਜ਼ਾਬਤਾ ਨੌਜਵਾਨ ਵਰਗ ਨੇ ਆਪਣੇ-ਆਪ 'ਤੇ ਲਾਗੂ ਕੀਤਾ ਹੋਇਆ ਸੀ। ਮਾਨਵੀ ਸ਼ਕਤੀ ਨਾਲ ਮੁਕਤੀ ਪ੍ਰਾਪਤ ਕਰਨ ਦਾ ਗੁਰ ਜਿਵੇਂ ਉਸ ਨੂੰ ਸਮਝ ਆ ਗਿਆ ਹੋਵੇ। ਭਾਈ ਘਨ੍ਹਈਆ ਦਾ ਕਿਰਦਾਰ ਨਿਭਾਉਂਦੇ ਇਨ੍ਹਾਂ ਗੱਭਰੂਆਂ ਨੂੰ ਦੇਖ ਕੇ ਸਿਰ ਮਾਣ ਨਾਲ ਉਚਾ ਹੋ ਰਿਹਾ ਸੀ। ਭਾਈ ਲਾਲੋ ਦੇ ਵਾਰਿਸ ਆਪਣੇ ਪਿਓ-ਦਾਦੇ ਦੀ ਉਮਰ ਦੇ ਜ਼ਿੰਦਗੀ ਦੇ ਉਸਰੱਈਏ, ਕ੍ਰਾਂਤੀਕਾਰੀ ਯੋਧਿਆਂ ਨੂੰ ਦੇਖ ਇੰਝ ਭਾਸ ਰਿਹਾ ਸੀ ਜਿਵੇਂ ਉਹ ਤਜਰਬੇਕਾਰ ਬਜ਼ੁਰਗ ਫਿਰ ਸਿੱਖਣ-ਸਿਖਾਉਣ ਅਤੇ ਲੋਕਾਈਂ ਨੂੰ ਜਗਾਉਣ ਦੇ ਵਗਦੇ ਪਾਣੀਆਂ ਨਾਲ ਵਹਿਣ ਲਈ ਤੱਤਪਰ ਹੋਣ।
ਕਾਨੂੰਨ ਦੀ ਇੱਕ-ਇੱਕ ਧਾਰਾ ਬਾਰੇ ਅਨਪੜ੍ਹ ਬਜ਼ੁਰਗ ਵੀ ਬਿਲਕੁਲ ਸਪੱਸ਼ਟ ਸਨ। ਉਨ੍ਹਾਂ ਦਾ ਰੁੱਖਾਂ ਵਰਗਾ ਜੇਰਾ, ਸਿਰੜ ਤੇ ਮਨੋਬਲ ਨਵੀਂ ਸੋਚ ਵਾਲੀ ਨੌਜਵਾਨੀ ਨੂੰ ਮਾਤ ਪਾ ਰਿਹਾ ਸੀ। ਕਿਸੇ ਇੱਕ ਦੇ ਚਿਹਰੇ 'ਤੇ ਵੀ ਮੈਂ ਉਦਾਸੀ ਨਹੀਂ ਵੇਖੀ। ਮੈਂ ਜ਼ਿੰਦਗੀ ਦੇ ਚਿਤੇਰੇ, ਮੰਜ਼ਿਲਾਂ ਸਰ ਕਰਨ ਦਾ ਜਨੂੰਨ ਲੈ ਕੇ ਤੁਰੇ ਇਹ ਸੂਰਮੇ ਹਰ ਸਵੇਰ ਨਵੇਂ ਅਹਿਦ ਨਾਲ ਜਾਗਦੇ ਦੇਖੇ। ਕੁਰੂਕਸ਼ੇਤਰ ਦੀ ਧਰਤੀ ਤੋਂ ਗੀਤਾ ਦੇ ਮੁੱਖ ਸਿਧਾਂਤ ‘ਜ਼ੁਲਮ ਕਰਨਾ ਪਾਪ ਹੈ ਤਾਂ ਜ਼ੁਲਮ ਸਹਿਣਾ ਮਹਾਂ ਪਾਪ ਹੈ' ਤੋਂ ਸੇਧ ਲੈ ਕੇ ਇਹ ਜਾਗਦੀ ਜ਼ਮੀਰ ਵਾਲੇ ਲੋਕ ਬਲਦੀ ਅੱਗ ਵਿੱਚ ਕੁੱਦੇ ਹਨ। ਉਸ ਬੇਹੱਦ ਸੰਜੀਦਾ ਇਤਿਹਾਸਕ ਮੋਰਚੇ ਵਿੱਚ ਵਿਚਰਦਿਆਂ ਮੇਰੀਆਂ ਅੱਖਾਂ ਅੱਗੇ ਸਿੱਖ ਇਤਿਹਾਸ ਦੇ ਅਮੀਰ ਪੰਨੇ ਵਾਰ-ਵਾਰ ਆ ਰਹੇ ਸਨ। ਮੈਨੂੰ ਚੇਤੇ ਆ ਰਹੀ ਸੀ ਸਦੀਆਂ ਪਹਿਲਾਂ ਜਬਰ ਜ਼ੁਲਮ ਝੱਲ ਰਹੇ ਲੋਕਾਂ ਦੇ ਹੱਕਾਂ ਦੀ ਰਾਖੀ ਲਉ ਉਠੀ ਉਹ ਇਨਕਲਾਬੀ ਮੁਹਿੰਮ ਜਿਸ ਦੀ ਸ਼ੁਰੂਆਤ ਇਨਕਲਾਬੀ ਗੁਰੂ ਨਾਨਕ ਦੇਵ ਜੀ ਤੋਂ ਹੋਈ ਅਤੇ ਜਿਸ ਦੀ ਸੰਪੂਰਨਤਾ ਖਿਦਰਾਣੇ ਦੀ ਢਾਬ 'ਤੇ ਹੋਈ ਸੀ।
ਅਨੇਕਤਾ ਨੂੰ ਏਕਤਾ ਦੇ ਸੂਤਰ ਵਿੱਚ ਪਰੋਈ ਇਹ ਸਿੰਘੂ ਬਾਰਡਰ ਵੀ ਕੁਝ ਇਸ ਤਰ੍ਹਾਂ ਦਾ ਇਹਿਤਾਸ ਹੀ ਸਿਰਜ ਰਿਹਾ ਲੱਗਿਆ। ਸੱਚਮੁੱਚ ਬੀਤੇ ਦੀ ਕੁੱਖ 'ਚ ਅੱਜ ਫਿਰ ਵਰਤਮਾਨ ਜਨਮ ਧਾਰਦਾ ਦਿੱਸਿਆ। ਮਾਣ ਵਾਲੀ ਗੱਲ ਇਹ ਹੈ ਕਿ ਇਸ ਸੰਘਰਸ਼ ਵਿੱਚ ਇਕੱਲੇ ਸਾਡੇ ਪਿਓ, ਭਰਾ, ਪੁੱਤ, ਪੋਤੇ ਹੀ ਸ਼ਾਮਲ ਨਹੀਂ, ਸਗੋਂ ਨਾਰੀ ਸ਼ਕਤੀ ਦਾ ਝੰਡਾ ਚੁੱਕੀ ਇਸ ਧਰਤੀ ਦੀਆਂ ਜਾਈਆਂ ਵੀ ਵਹੀਰਾਂ ਘੱਤ ਕੇ ਨਵਾਂ ਇਤਿਹਾਸ ਸਿਰਜਣ ਲਈ ਸਿੰਘੂ ਬਾਰਡਰ 'ਤੇ ਤੈਨਾਤ ਹਨ। ਮੇਰਾ ਸਿਰ ਵਾਰ-ਵਾਰ ਝੁਕ ਰਿਹਾ ਸੀ ਉਨ੍ਹਾਂ ਬਜ਼ੁਰਗ ਮਾਵਾਂ ਅੱਗੇ, ਜੋ ਹੱਥ ਵਿੱਚ ਕਿਸਾਨ ਯੂਨੀਅਨ ਦੇ ਝੰਡੇ ਫੜੀ ਕਾਫਲਿਆਂ ਦੀ ਅਗਵਾਈ ਕਰ ਰਹੀਆਂ ਸਨ। ਬੜੀ ਬਾਰੀਕਬੀਨੀ ਨਾਲ ਇਸ ਕਾਫਲੇ ਦਾ ਆਗਾਜ਼ ਹੋਇਆ ਤੇ ਅੱਜ ਲੋਕਤਾ ਦਾ ਇਹ ਹੜ੍ਹ ਬੇਰੋਕ ਚਲਦਾ ਪੂਰੀ ਕਾਮਯਾਬੀ ਨਾਲ ਆਪਣੀ ਸੰਪੂਰਨਤਾ ਵੱਲ ਵੱਧ ਰਿਹਾ ਹੈ। ਸੰਵੇਦਨਸ਼ੀਲ ਸੋਚ ਰੱਖਣ ਵਾਲਾ ਹਰ ਵਿਅਕਤੀ ਇਸ ਅੰਦੋਲਨ ਨੂੰ ਆਪਣਾ ਕਰਮ ਤੇ ਧਰਮ ਸਮਝ ਕੇ ਪੂਰੀ ਸ਼ਿੱਦਤ ਨਾਲ ਜੁਟਿਆ ਹੋਇਆ ਹੈ।
ਪ੍ਰਦੇਸਾਂ ਵਿੱਚ ਵਸਦੇ ਲੋਕ ਜਿਨ੍ਹਾਂ ਦਾ ਦਿਲੋ-ਦਿਮਾਗ ਪੰਜਾਬ ਵਿੱਚ ਧੜਕਦਾ ਹੈ, ਉਨ੍ਹਾਂ ਲੋਕਾਂ ਵੱਲੋਂ ਇਸ ਘੋਲ ਦੀ ਸ਼ਮਾਂ ਨੂੰ ਰੋਸ਼ਨ ਰੱਖਣ ਲਈ ਦਿੱਤਾ ਜਾ ਰਿਹਾ ਯੋਗਦਾਨ ਸ਼ਲਾਘਾ ਯੋਗ ਹੈ। ਖਾਣ-ਪੀਣ ਦੇ ਨਾਲ ਕਿਤੇ ਅੰਬਾਰਾਂ ਦੇ ਅੰਬਾਰ ਕਿਤਾਬਾਂ ਦੇ ਲੰਗਰ, ਕਿਤੇ ਢੇਰਾਂ ਦੇ ਢੇਰ ਦਵਾਈਆਂ ਦੇ ਲੰਗਰ। ਸੜਕਾਂ 'ਤੇ ਖੁੱਲ੍ਹੀ ਲਾਇਬਰੇਰੀ ਦਾ ਅਲੌਕਿਕ ਦਿ੍ਰਸ਼ ਸਕੂਨ ਦੇ ਰਿਹਾ ਸੀ। ਇੰਝ ਜਾਪਦਾ ਸੀ ਜਿਵੇਂ ਅੱਖਰਾਂ ਦੀ ਲੋਅ 'ਚੋਂ ਕਿਸਾਨ ਆਪਣਾ ਮਾਰਗ ਤਲਾਸ਼ ਰਹੇ ਹੋਣ। ਵੱਖਰੀ ਹੀ ਖੁਸ਼ੀ ਵਿੱਚ ਵਿਚਰਦਿਆਂ ਸੱਚ ਦੱਸਾਂ, ਜ਼ਿੰਦਗੀ ਨਾਲ ਖਹਿ ਕੇ ਲੰਘਣ ਵਾਲੇ ਇਨ੍ਹਾਂ ਸੂਰਬੀਰਾਂ ਨੂੰ ਸਲਾਮ ਕਰ ਕੇ ਵਾਪਸ ਆਉਣ ਨੂੰ ਭੋਰਾ ਵੀ ਦਿਲ ਨਹੀਂ ਸੀ ਕਰ ਰਿਹਾ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”