-ਪ੍ਰਦੀਪ ਸਕਰਗਾਇ
ਖਿੜਕੀ ਦੇ ਨੇੜੇ ਖੜੀ ਸਿਮਰਨ ਸੋਚ ਰਹੀ ਸੀ, ‘‘ਭਾਈ ਦੂਜ’ ਆਉਣ ਵਾਲੀ ਹੈ, ਪਰ ਇਸ ਵਾਰ ਨਾ ਮਾਂ ਨੇ ਫੋਨ ਕਰ ਕੇ ਵੀਰ ਦੇ ਆਉਣ ਦੀ ਗੱਲ ਕਹੀ ਅਤੇ ਨਾ ਮੈਨੂੰ ਆਉਣ ਲਈ ਕਿਹਾ। ਇੰਝ ਕਿਵੇਂ ਹੋ ਸਕਦਾ ਹੈ। ਹੇ ਭਗਵਾਨ, ਬੱਸ ਠੀਕ ਹੋਵੇ ਸਭ ਕੁਝ ਹੋਵੇ।”
ਆਪਣੀ ਸੱਸ ਨੂੰ ਬੋਲੀ, ‘‘ਮਾਂ ਜੀ, ਮੈਨੂੰ ਬਹੁਤ ਡਰ ਲੱਗ ਰਿਹਾ ਹੈ। ਪਤਾ ਨਹੀਂ ਕੀ ਹੋ ਗਿਆ। ਮੈਨੂੰ ਕਿਵੇਂ ਭੁੱਲ ਗਏ ਇਸ ਵਾਰ।”
ਸੱਸ ਨੇ ਇਜਾਜ਼ਤ ਦਿੰਦੇ ਹੋਏ ਕਿਹਾ, ‘‘ਕੋਈ ਗੱਲ ਨਹੀਂ ਪੁੱਤ, ਤੂੰ ਇੱਕ ਵਾਰ ਖੁਦ ਜਾ ਕੇ ਦੇਖ ਆ।” ਸੱਸ ਦੀ ਆਗਿਆ ਮਿਲਣ ਦੀ ਦੇਰ ਸੀ ਕਿ ਸਿਮਰਨ ਆਪਣੇ ਪਤੀ ਨਾਲ ਪੇਕੇ ਆ ਪਹੁੰਚੀ, ਪਰ ਇਸ ਵਾਰ ਘਰ ਦੇ ਅੰਦਰ ਕਦਮ ਰੱਖਦੇ ਹੀ ਉਸ ਨੂੰ ਸਭ ਕੁਝ ਬਦਲਿਆ ਮਹਿਸੂਸ ਹੋਇਆ। ਪਹਿਲਾਂ ਜਿੱਥੇ ਉਸ ਨੂੰ ਦੇਖਦੇ ਹੀ ਮਾਂ-ਪਿਤਾ ਜੀ ਦੇ ਚਿਹਰੇ ਖੁਸ਼ੀ ਨਾਲ ਖਿੜ ਜਾਂਦੇ ਸਨ, ਇਸ ਵਾਰ ਉਨ੍ਹਾਂ 'ਤੇ ਪ੍ਰੇਸ਼ਾਨੀ ਦੀ ਝਲਕ ਸਾਫ ਦਿਖਾਈ ਦੇ ਰਹੀ ਸੀ। ਪਹਿਲਾਂ ਭਰਜਾਈ ਉਸ ਨੂੰ ਦੇਖਦੇ ਹੀ ਦੌੜੀ ਚਲੀ ਆਉਂਦੀ ਤੇ ਪਿਆਰ ਨਾਲ ਗਲੇ ਲਾ ਲੈਂਦੀ ਸੀ, ਪਰ ਇਸ ਵਾਰ ਦੂਰ ਤੋਂ ਹੀ ਇੱਕ ਹਲਕੀ ਜਿਹੀ ਮੁਸਕਾਨ ਦੇ ਦਿੱਤੀ। ਵੀਰ ਵੀ ਜ਼ਿਆਦਾ ਖੁਸ਼ ਨਹੀਂ ਦਿਸਿਆ।
ਸਿਮਰਨ ਨੇ ਜਿਵੇਂ-ਕਿਵੇਂ ਇੱਕ ਰਾਤ ਬਿਤਾਈ। ਅਗਲੇ ਦਿਨ ਜਿਵੇਂ ਹੀ ਉਸ ਦੇ ਪਤੀ ਉਸ ਨੂੰ ਪੇਕੇ ਛੱਡ ਵਾਪਸ ਗਏ, ਉਸ ਨੇ ਆਪਣੀ ਮਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ, ‘‘ਇਸ ਵਾਰ ਕੋਰੋਨਾ ਦੇ ਕਾਰਨ ਤੇਰੇ ਭਰਾ ਦਾ ਕੰਮ ਬਿਲਕੁਲ ਬੰਦ ਹੋ ਗਿਆ। ਉਪਰੋਂ ਇਹ ਸਮੱਸਿਆਵਾਂ। ਬੱਸ ਇਸੇ ਕਰ ਕੇ ਤੇਰੇ ਭਰਾ ਨੂੰ ਤੇਰੇ ਘਰ ਵੀ ਨਾ ਭੇਜ ਸਕੀ।”
ਸਿਮਰਨ ਬੋਲੀ, ‘‘ਕੋਈ ਗੱਲ ਨਹੀਂ ਮਾਂ, ਇਹ ਮੁਸ਼ਕਲ ਦਿਨ ਜਲਦੀ ਨਿਕਲ ਜਾਣਗੇ, ਤੁਸੀਂ ਚਿੰਤਾ ਨਾ ਕਰੋ।”
ਸ਼ਾਮ ਨੂੰ ਭਰਾ-ਭਰਜਾਈ ਆਪਸ ਵਿੱਚ ਗੱਲ ਕਰ ਰਹੇ ਸਨ, ਜੋ ਸਿਮਰਨ ਨੇ ਸੁਣ ਲਈ। ਵੀਰ ਜੀ ਬੋਲ ਰਹੇ ਸਨ, ‘‘ਪਹਿਲਾਂ ਹੀ ਘਰ ਚਲਾਉਣਾ ਇੰਨਾ ਮੁਸ਼ਕਲ ਹੋ ਰਿਹਾ ਸੀ, ਉਪਰੋਂ ਬੇਟੇ ਦੀ ਕਾਲਜ ਦੀ ਫੀਸ, ਪਰਸੋਂ ਭਾਈ ਦੂਜ ਹੈ ਸਿਮਰਨ ਨੂੰ ਵੀ ਕੁਝ ਦੇਣਾ ਪਵੇਗਾ।”
ਭਰਜਾਈ ਬੋਲੀ, ‘‘ਕੋਈ ਗੱਲ ਨਹੀਂ। ਚਿੰਤਾ ਨਾ ਕਰੋ। ਇਹ ਮੇਰੀਆਂ ਚੂੜੀਆਂ ਬਹੁਤ ਪੁਰਾਣੀਆਂ ਹੋ ਗਈਆਂ ਹਨ। ਇਨ੍ਹਾਂ ਨੂੰ ਵੇਚ ਕੇ ਜੋ ਪੈਸੇ ਆਉਣਗੇ, ਉਸ ਤੋਂ ਸਿਮਰਨ ਦੀਦੀ ਨੂੰ ਤਿਉਹਾਰ ਵੀ ਦੇ ਦਿਆਂਗੇ ਅਤੇ ਕਾਲਜ ਦੀ ਫੀਸ ਵੀ ਭਰ ਦਿਆਂਗੇ।”
ਸਿਮਰਨ ਨੂੰ ਇਹ ਸਭ ਸੁਣ ਕੇ ਬਹੁਤ ਬੁਰਾ ਲੱਗਾ। ਭਰਾ-ਭਰਜਾਈ ਇਹ ਕੀ ਕਹਿ ਰਹੇ ਹਨ ਕੀ ਮੈਂ ਇੱਥੇ ਉਨ੍ਹਾਂ ਨੂੰ ਤੰਗ ਕਰ ਕੇ ਕੁਝ ਲੈਣ ਆਉਂਦੀ ਹਾਂ। ਉਹ ਆਪਣੇ ਕਮਰੇ ਵਿੱਚ ਆ ਗਈ। ਤਦ ਉਸ ਨੂੰ ਯਾਦ ਆਇਆ ਕਿ ਵਿਆਹ ਤੋਂ ਕੁਝ ਸਮਾਂ ਪਹਿਲਾਂ ਜਦ ਉਹ ਨੌਕਰੀ ਕਰਦੀ ਸੀ ਤਾਂ ਉਸਨੇ ਬੜੇ ਸ਼ੌਕ ਨਾਲ ਆਪਣੀ ਪਹਿਲੀ ਤਨਖਾਹ ਲਿਆ ਕੇ ਪਾਪਾ ਨੂੰ ਦਿੱਤੀ ਸੀ। ਤਦ ਪਾਪਾ ਨੇ ਕਿਹਾ ਸੀ, ‘‘ਇਹ ਪੈਸੇ ਆਪਣੇ ਹੀ ਰੱਖ ਲੈ ਪੁੱਤ, ਮੁਸ਼ਕਲ ਸਮੇਂ ਕੰਮ ਆਉਣਗੇ।” ਇਸ ਦੇ ਬਾਅਦ ਉਹ ਹਰ ਮਹੀਨੇ ਆਪਣੀ ਸਾਰੀ ਤਨਖਾਹ ਬੈਂਕ ਵਿੱਚ ਜਮ੍ਹਾਂ ਕਰਵਾਉਂਦੀ ਰਹੀ। ਵਿਆਹ ਦੇ ਬਾਅਦ ਜਦ ਵੀ ਪੇਕੇ ਆਈ, ਮਾਂ ਨੇ ਉਸੇ ਨੂੰ ਪੈਸੇ ਕਢਵਾਉਣ ਨੂੰ ਕਿਹਾ, ਪਰ ਸਿਮਰਨ ਹਰ ਵਾਰ ਕਹਿ ਦਿੰਦੀ ਕਿ ਅਜੇ ਮੈਨੂੰ ਜ਼ਰੂਰਤ ਨਹੀਂ, ਪਰ ਅੱਜ ਉਨ੍ਹਾਂ ਪੈਸਿਆਂ ਦੀ ਉਸ ਦੇ ਪਰਵਾਰ ਨੂੰ ਜ਼ਰੂਰਤ ਹੈ। ਉਹ ਅਗਲੇ ਦਿਨ ਹੀ ਸਵੇਰੇ ਭਤੀਜੇ ਨੂੰ ਨਾਲ ਲੈ ਕੇ ਬੈਂਕ ਗਈ ਅਤੇ ਸਾਰੇ ਪੈਸੇ ਕਢਵਾ ਕੇ ਪਹਿਲਾਂ ਭਤੀਜੇ ਦੀ ਕਾਲਜ ਦੀ ਫੀਸ ਜਮ੍ਹਾਂ ਕੀਤੀ ਅਤੇ ਫਿਰ ਘਰ ਦਾ ਜ਼ਰੂਰੀ ਸਾਮਾਨ ਖਰੀਦ ਕੇ ਘਰ ਵਾਪਸ ਆ ਗਈ। ਅਗਲੇ ਦਿਨ ਜਦ ਵੀਰ ਜੀ ਨੂੰ ਟਿੱਕਾ ਲਗਾਇਆ ਤਾਂ ਵੀਰ ਜੀ ਨੇ ਭਰੀਆਂ ਅੱਖਾਂ ਨਾਲ ਉਸ ਦੇ ਹੱਥ ਸੌ ਦਾ ਨੋਟ ਰੱਖਿਆ। ਸਿਮਰਨ ਮਨ੍ਹਾ ਕਰਨ ਲੱਗੀ ਤਾਂ ਵੀਰ ਜੀ ਬੋਲੇ, ‘‘ਇਹ ਸ਼ਗਨ ਹੈ, ਮਨ੍ਹਾ ਨਾ ਕਰੀਂ।”
ਸਿਮਰਨ ਬੋਲੀ, ‘‘ਵੀਰ ਜੀ, ਧੀਆਂ ਪੇਕੇ ਸ਼ਗਨ ਦੇ ਨਾਂਅ 'ਤੇ ਕੁਝ ਲੈਣ ਨਹੀਂ, ਆਪਣੇ ਮਾਂ-ਬਾਪ ਦੀ ਚੰਗੀ ਸਿਹਤ ਦੀ ਕਾਮਨਾ ਕਰਨ, ਭਰਾ-ਭਰਜਾਈ ਨੂੰ ਮਾਂ-ਬਾਪ ਦੀ ਸੇਵਾ ਕਰਦੇ ਦੇਖ ਦੁਆਵਾਂ ਦੇਣ ਅਤੇ ਵੱਡੇ ਹੁੰਦੇ ਭਤੀਜੇ-ਭਤੀਜੀਆਂ ਦੀ ਨਜ਼ਰ ਉਤਾਰਨ ਆਉਂਦੀਆਂ ਹਨ। ਜਿੰਨੀ ਵਾਰ ਪੇਕੇ ਦੀ ਦਹਿਲੀਜ਼ ਪਾਰ ਕਰਦੀਆਂ ਹਨ ਪ੍ਰਮਾਤਮਾ ਤੋਂ ਉਸ ਦਹਿਲੀਜ਼ ਦੀ ਸਲਾਮਤੀ ਦੀ ਦੁਆ ਮੰਗਦੀਆਂ ਹਨ। ਜਦ ਮੈਨੂੰ ਦੇਖ ਮਾਂ-ਪਾਪਾ ਦੇ ਚਿਹਰੇ 'ਤੇ ਰੌਣਕ ਆ ਜਾਂਦੀ ਹੈ, ਭਰਜਾਈ ਦੌੜ ਕੇ ਗਲੇ ਲਾਉਂਦੀ ਹੈ, ਤੁਸੀਂ ਲਾਡ ਲਡਾਉਂਦੇ ਹੋ, ਮੈਨੂੰ ਮੇਰਾ ਸ਼ਗਨ ਮਿਲ ਜਾਂਦਾ ਹੈ।”
ਅਗਲੇ ਦਿਨ ਸਿਮਰਨ ਨੇ ਪੇਕਿਓਂ ਵਿਦਾ ਲੈ ਕੇ ਸਹੁਰੇ ਜਾਣ ਲਈ ਜਦੋਂ ਦਹਿਲੀਜ਼ ਦੇ ਪਾਰ ਕਦਮ ਰੱਖਿਆ ਤਾਂ ਵੀਰ ਦਾ ਫੋਨ ਵਜ ਉਠਿਆ। ਉਨ੍ਹਾਂ ਨੂੰ ਆਪਣੇ ਵਪਾਰ ਲਈ ਵੱਡਾ ਆਰਡਰ ਮਿਲਿਆ ਸੀ। ਉਹ ਸੋਚਣ ਲੱਗੇ, ‘‘ਸੱਚਮੁੱਚ ਧੀਆਂ-ਭੈਣਾਂ ਪੇਕੇ ਕੁਝ ਲੈਣ ਨਹੀਂ, ਬਲਕਿ ਆਪਣੀਆਂ ਅਣਮੁੱਲੀਆਂ ਦੁਆਵਾਂ ਦੇਣ ਆਉਂਦੀਆਂ ਹਨ। ਜਦ ਉਹ ਘਰ ਦੀ ਦਹਿਲੀਜ਼ ਪਾਰ ਕਰ ਕੇ ਅੰਦਰ ਆਉਂਦੀਆਂ ਹਨ ਤਾਂ ਬਰਕਤ ਵੀ ਆਪਣੇ ਆਪ ਅੰਦਰ ਚਲੀ ਆਉਂਦੀ ਹੈ। ਹਰ ਧੀ-ਭੈਣ ਦੇ ਦਿਲ ਦੀ ਤਮੰਨਾ ਹੁੰਦੀ ਹੈ ਕਿ ਉਸ ਦੇ ਪੇਕੇ ਹਮੇਸ਼ਾ ਖੁਸ਼ਹਾਲ ਰਹਿਣ ਅਤੇ ਤਰੱਕੀ ਕਰਨ। ਪੇਕਿਆਂ ਦੀ ਖੁਸ਼ਹਾਲੀ ਦੇਖ ਕੇ ਉਸ ਦੇ ਅੰਦਰ ਇੱਕ ਅਲੱਗ ਹੀ ਤਾਕਤ ਭਰ ਜਾਂਦੀ ਹੈ ਜਿਸ ਤੋਂ ਉਸ ਦੇ ਆਪਣੇ ਜੀਵਨ ਵਿੱਚ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਦਾ ਉਹ ਡਟ ਕੇ ਸਾਹਮਣਾ ਕਰ ਸਕਦੀ ਹੈ।” ਵੀਰ ਦੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਅੱਥਰੂ ਵਹਿਣ ਲੱਗੇ।