Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਕੱਲ੍ਹ ਆਪਾਂ ਮੂੰਹ-ਹਨੇਰੇ ਹੀ ਤੁਰ ਪੈਣੈ

December 30, 2020 08:40 AM

-ਬਲਦੇਵ ਸਿੰਘ
ਕਲਕੱਤੇ ਰਹਿੰਦੇ ਵੇਲੇ ਦਾ ਮੇਰਾ ਯਾਰ ਇਨ੍ਹੀਂ ਦਿਨੀਂ ਪੰਜਾਬ ਆਇਆ ਹੋਇਆ ਸੀ। ਉਸ ਨੇ ਤਿੰਨ ਕੁ ਦਿਨ ਪਹਿਲਾਂ ਫੋਨ ਕੀਤਾ, ‘ਜੇ ਤੂੰ ਮੇਰੇ ਨਾਲ ਚੱਲੇ ਆਪਾਂ ਕਿਸਾਨਾਂ ਦੇ ਸਿੰਘੂ ਬਾਰਡਰ ਵਾਲੇ ਧਰਨੇ ਵਿੱਚ ਸ਼ਾਮਲ ਹੋ ਜਾਈਏ?”
ਮੈਂ ਉਸ ਨੂੰ ਸਹਿਮਤੀ ਦਿੱਤੀ ਤਾਂ ਕਹਿੰਦਾ, ‘‘ਮੈਂ ਫਿਰ ਇੱਕ ਮੋਟਾ ਜਿਹਾ ਕੁੜਤਾ ਪਜਾਮਾ ਸੁਆ ਲਵਾਂ, ਤੂੰ ਆਪਣੀ ਤਿਆਰੀ ਰੱਖ।”
ਜਦੋਂ ਮੈਂ ਆਪਣਾ ਤੰਗ ਪੈੜਾ ਕਸਣ ਲੱਗਾ ਤਾਂ ਗ੍ਰਹਿ ਮੰਤਰੀ ਨੇ ਇਤਰਾਜ਼ ਕੀਤਾ, ‘‘ਐਸ ਉਮਰ 'ਚ ਠੀਕ ਨੀਂ ਹੈ ਜਾਣਾ।”
‘‘ਓਥੇ ਤਾਂ ਮੇਰੇ ਨਾਲੋਂ ਵੀ 15-15 ਸਾਲਾਂ ਦੀ ਵੱਡੀ ਉਮਰ ਦੇ ਕਿਸਾਨ ਬੈਠੇ ਆ।” ਮੈਂ ਦਲੀਲ ਦਿੱਤੀ ਤਾਂ ਉਸ ਨੇ ਸਬਰ ਕਰ ਲਿਆ। ਸ਼ਾਇਦ ਸੋਚਿਆ ਹੋਵੇ ਕਿ ਇਸ ਨੇ ਮੇਰੇ ਕਹੇ ਤਾਂ ਜਾਣੋਂ ਹਟਣਾ ਨੀ।
ਤੀਜੇ ਦਿਨ ਬਾਸ਼ੇ ਦਾ ਫੋਨ ਆ ਗਿਆ, ‘‘ਬਾਈ ਜੀ ਹੋਰ ਈ ਪੰਗਾ ਪੈ ਗਿਆ।”
‘‘ਕੀ ਗੱਲ ਹੋਗੀ?” ਮੈਂ ਫਿਕਰ ਨਾਲ ਪੁੱਛਿਆ।
‘‘ਦਰਜ਼ੀ ਨੇ ਮੇਰੇ ਨਾਲ ਮੋਦੀ ਵਾਲੀ ਕੀਤੀ।”
‘‘ਹੈਂਅ...?” ਮੈਨੂੰ ਉਸ ਦੀ ਗੱਲ ਸਮਝ ਨਾ ਆਈ।
‘‘ਹੈਂਅ ਕਾਹਦਾ ਯਾਰ!” ਬਾਸ਼ਾ ਆਪਣੀ ਆਦਤ ਅਨੁਸਾਰ ਥੋੜ੍ਹਾ ਖਿੱਝ ਕੇ ਬੋਲਿਆ, ‘‘ਦਰਜ਼ੀ ਬੇਧਿਆਨੀ ਵਿੱਚ ਕਿਸੇ ਨਾਲ ਗੱਲਾਂ ਕਰਦਾ ਹੋਣੈ, ਪਜਾਮੇ ਦਾ ਕੱਪੜਾ ਗਲਤ ਕੱਟ ਲਿਆ। ਜਦੋਂ ਮੈਂ ਕੱਪੜੇ ਲੈਣ ਗਿਆ, ਮੈਂ ਖੋਲ੍ਹ ਕੇ ਵੇਖੇ ਤਾਂ ਅੱਧਾ ਪਜਾਮਾ ਜਿਹਾ ਬਣਾਇਆ ਹੋਇਆ। ਨਾ ਉਹ ਪਜਾਮਾ ਨਾ ਕੱਛਾ, ਜਿਸ ਨੂੰ ਆਪਾਂ ‘ਡੋਕਲ ਕੱਛਾ’ ਕਹਿੰਦੇ ਹੁੰਨੇ ਐਂ।” ਮੈਂ ਪੁੱਛਿਆ, ‘‘ਆਹ ਕੀ ਐ?” ਮੈਨੂੰ ਕਹਿੰਦਾ, ਇਹ ਬਰਮੂਡਾ ਐ, ਇਹਦਾ ਰਿਵਾਜ ਐ।” ਮੈਂ ਕਿਹਾ: ‘‘ਮੈਂ ਤੈਨੂੰ ਇਹ ਬਣਾਉਣ ਨੂੰ ਕਿਹਾ ਸੀ? ਮੈਂ ਤੈਨੂੰ ਬਰਮੂਡੇ ਪਾਉਣ ਵਾਲਾ ਦਿੱਸਦੈਂ?” ਦਰਜ਼ੀ ਕਹਿੰਦਾ, ‘‘ਮੈਂ ਤਾਂ ਤੇਰੇ ਫਾਇਦੇ ਵਾਸਤੇ ਬਣਾਇਆ।” ਮੈਂ ਕਿਹਾ: ‘‘ਮੈਂ ਕਦੋਂ ਕਿਹਾ ਸੀ ਮੇਰਾ ਫਾਇਦਾ ਕਰ?” ਦਰਜ਼ੀ ਫਾਇਦੇ ਗਿਣਾਉਣ ਲੱਗ ਪਿਆ, ‘‘ਇਹ ਪਹਿਨ ਕੇ ਪਾਣੀ ਭਾਵੇਂ ਗੋਡੇ ਗੋਡੇ ਹੋਵੇ ਜਾਂ ਚਿੱਕੜ ਹੋਵੇ, ਪੌਂਚੇ ਨੀਂ ਲਿਬੜਦੇ। ਪਾਉਣਾ ਬੜਾ ਸੌਖਾ ਐ। ਸਰੀਰ ਦੇ ਸਾਰੇ ਅੰਗਾਂ ਨੂੰ ਫਰਨ ਫਰਨ ਹਵਾ ਆਊਗੀ ਸਿੱਧੀ।” ਮੇਰਾ ਜੀ ਕਰੇ ਮੈਂ ਉਸ ਨੂੰ ਢਾਹ ਲਵਾਂ, ਉਹ ਅੱਗੋਂ ਮੋਦੀ ਵਾਂਗ ਜੁਮਲੇ ਛੱਡੀ ਜਾਵੇ। ਹੁਣ ਆਪਾਂ ਸਿੰਘੂ ਬਾਰਡਰ 'ਤੇ ਦੋ ਦਿਨ ਠਹਿਰ ਕੇ ਚੱਲਾਂਗੇ। ਮੈਂ ਨਵਾਂ ਕੱਪੜਾ ਖਰੀਦ ਕੇ ਦਿੱਤੈ।”
ਇੱਕ ਦਿਨ ਛੱਡ ਕੇ ਬਾਸ਼ੇ ਦਾ ਫਿਰ ਫੋਨ ਆ ਗਿਆ।
ਮੈਂ ਪੁੱਛਿਆ, ‘‘ਚੱਲੀਏ ਫਿਰ ਅੱਜ?”
‘‘ਹੁਣ ਇੱਕ ਹੋਰ ਨਵੀਂ ਭਸੂੜੀ ਪੈਗੀ।” ਬਾਸ਼ਾ ਢਿੱਲਾ ਜਿਹਾ ਬੋਲਿਆ।
‘‘ਹੁਣ ਕੀ ਹੋ ਗਿਆ?” ਮੈਂ ਪੁੱਛਿਆ।
‘‘ਸਾਡੇ ਗੁਆਂਢ ਇੱਕ ਡਾਕਟਰ ਹੈ ਦੇਸੀ ਹਕੀਮ। ਮਾੜੀ ਮੋਟੀ ਓਹਦੇ ਨਾਲ ਬੋਲਬਾਣੀ ਵੀ ਹੈਗੀ ਆ। ਮੈਥੋਂ ਗਲਤੀ ਹੋਗੀ, ਉਸ ਨੂੰ ਦੱਸ ਬੈਠਾ ਬਈ ਅਸੀਂ ਸਿੰਘੂ ਬਾਰਡਰ ਕਿਸਾਨ ਅੰਦੋਲਨ 'ਚ ਸ਼ਾਮਲ ਹੋਣ ਚੱਲੇ ਆਂ। ਉਹ ਘਰ ਗਿਆ ਤੇ ਥੋੜ੍ਹੀ ਦੇਰ ਬਾਅਦ 8-10 ਪੁੜੀਆਂ ਬਣਾ ਕੇ ਲੈ ਆਇਆ। ਕਹਿੰਦਾ ਰੋਜ਼ ਸਵੇਰੇ ਗਰਮ ਪਾਣੀ ਨਾਲ ਇੱਕ ਖਾ ਲਿਆ ਕਰੀਂ, ਇੱਕ ਤਾਂ ਸਾਰਾ ਦਿਨ ਸਰੀਰ ਫੁਰਤੀ 'ਚ ਰਹੂ। ਦੂਜਾ ਠੰਢ ਨੀ ਨੇੜੇ ਆਉਂਦੀ, ਤੀਜਾ ਆ ਕੋਰੋਨਾ-ਕਰੂਨਾ ਐ ਨਾ, ਇਸ ਦਾ ਕੋਈ ਅਸਰ ਨੀ ਹੋਣਾ।”
‘‘ਵਾਹ!” ਮੈਂ ਸੁਣ ਕੇ ਖੁਸ਼ ਹੋ ਗਿਆ। ਕਿਹਾ, ‘‘ਫੇਰ ਤਾਂ ਮੌਜਾਂ ਬਣਗੀਆਂ। ਮੇਰੇ ਲਈ ਵੀ 10 ਕੁ ਪੁੜੀਆਂ ਹੋਰ ਬਣਵਾ ਲੈ।”
‘‘ਮੇਰੀ ਗੱਲ ਤਾਂ ਸੁਣ”, ਬਾਸ਼ਾ ਬੋਲਿਆ, ‘‘ਮੈਂ ਕੱਲ੍ਹ ਇੱਕ ਪੁੜੀ ਖਾ ਲਈ, ਮੇਰੇ ਤੌਰ ਚੱਕੇ ਗਏ। ਭੱਜਿਆ ਡਾਕਟਰ ਵੱਲ। ਕਿਹਾ, ‘‘ਦੁਆਈ ਬਦਲ ਕੇ ਜਾਹ, ਆਹ ਪਈਐਂ ਤੇਰੀਆਂ ਪੁੜੀਆਂ।”
‘‘ਹੋਇਆ ਕੀ?” ਡਾਕਟਰ ਮੇਰੇ ਵੱਲ ਬਿੱਟਰ ਬਿੱਟਰ ਝਾਕਿਆ।
ਮੈਂ ਕਿਹਾ, ‘‘ਡਾਕਟਰ ਸਾਹਿਬ, ਸਾਰੇ ਪਿੰਡੇ 'ਤੇ ਖੁਰਕ ਹੋਣ ਲੱਗਪੀ ਅਤੇ ਅੱਖਾਂ ਅੱਗੇ ਨ੍ਹੇਰਾ ਜਿਹਾ ਆਈ ਜਾਂਦੈ।''
ਡਾਕਟਰ ਤਾਂ ਮੈਨੂੰ ਦਵਾਈ ਦੇ ਫਾਇਦੇ ਸਮਝਾਉਣ ਲੱਗ ਪਿਆ। ਕਹਿੰਦਾ, ‘‘ਸਰੀਰ 'ਤੇ ਖੁਰਕ ਹੋਣ ਦਾ ਮਤਲਬ ਇਹ ਹੈ ਕਿ ਤੇਰੇ ਸਰੀਰ ਦੇ ਸਾਰੇ ਵਿਕਾਰ ਬਾਹਰ ਆ ਰਹੇ ਨੇ। ਤੇਰੀ ਕਾਇਆ ਸਵੱਛ ਹੋਣ ਲੱਗ ਪਈ। ਤੇਰੀ ਚਮੜੀ 'ਚ ਕੋਈ ਇਨਫੈਕਸ਼ਨ ਹੋਣੈ, ਉਹ ਦੂਰ ਹੋ ਰਿਹੈ। ਜਿਹੜਾ ਅੱਖਾਂ ਅੱਗੇ ਹਨੇਰਾ ਆਉਣ ਲੱਗਿਐ, ਇਸ ਦਾ ਕਾਰਨ ਇਹ ਹੈ, ਤੇਰੇ ਮੋਤੀਆ ਉਤਰ ਰਿਹਾ ਸੀ। ਹੁਣ ਮੋਤੀਏ ਨੂੰ ਅੱਖਾਂ 'ਚੋਂ ਭੱਜਣਾ ਪੈਣੈ। ਇਹ ਦਵਾਈ ਤਾਂ ਬਹੁਤ ਕਾਰਗਰ ਹੈ। ਇਹ ਦਵਾਈ ਤਾਂ ਸੰਜੀਵਨੀ ਬੂਟੀ ਐ। ਇਸ ਦੇ ਸੇਵਨ ਨਾਲ ਤੈਨੂੰ ਐਨੇ ਫਾਇਦੇ ਹੋਣਗੇ, ਤੂੰ ਸੋਚ ਵੀ ਨਹੀਂ ਸਕਦਾ।”
ਮੈਂ ਸੋਚਿਆ, ‘‘ਇਹਦਾ ਵੀ ਹਾਲ ਦੇਸ਼ ਦੇ ਪ੍ਰਧਾਨ ਸੇਵਕ ਵਾਲਾ ਹੀ ਹੈ। ਖੇਤੀ ਕਾਨੂੰਨ ਲੈ ਆਇਆ, ਕੋਰੋਨਾ ਕਾਲ 'ਚ। ਕੋਰੋਨਾ ਤਾਂ ਉਹਦੇ ਲਈ ਵਰਦਾਨ ਸਾਬਤ ਹੋਇਐ। ...ਅਖੇ ਮੈਂ ਕਿਸਾਨਾਂ ਦਾ ਫਾਇਦਾ ਕਰਦਾਂ। ਕਿਸਾਨ ਕਹਿੰਦੇ ਐ, ਅਸੀਂ ਕਦੋਂ ਆਏ ਸੀ ਤੇਰੇ ਕੋਲ ਬਈ ਤੂੰ ਸਾਡਾ ਫਾਇਦਾ ਕਰ। ਓਹੀ ਹਾਲ ਡਾਕਟਰ ਦਾ ਐ। ਮੈਂ ਖੁਰਕ ਖੁਰਕ ਕੇ ਪਿੰਡਾ ਛਿੱਲ ਲਿਆ। ਉਹ ਕਹੀ ਜਾਂਦੈ ਤੇਰਾ ਇਹਦੇ 'ਚ ਫਾਇਦਾ ਐ। ਹੁਣ ਸਿੰਘੂ ਬਾਰਡਰ 'ਤੇ ਹੋਰ ਨੀ ਇੱਕ-ਦੋ ਦਿਨ ਜਾਇਆ ਜਾਣਾ...ਨਹੀਂ ਤਾਂ ਥੋਡੀ ਚੁਣੀ ਮੋਦੀ ਸਰਕਾਰ ਦਾ ਸਿਆਪਾ ਕਰ ਆਉਂਦੇ।”
‘‘ਤੂੰ ਨੀਂ ਚੁਣੀ ਸਰਕਾਰ?” ਮੈਂ ਹੈਰਾਨ ਹੁੰਦਿਆਂ ਪੁੱਛਿਆ।
‘‘ਨਾ ਜਵਾਂ ਨੀਂ, ਜਿਸ ਦਿਨ ਵੋਟਾਂ ਪੈਣੀਆਂ ਸੀ, ਮੈਂ ਤਾਂ ਗੁਹਾਟੀ ਆਪਣਾ ਮਾਲ ਲੋਡ ਕਰਦਾ ਸੀ ਤੇ ਵੋਟ ਮੇਰੀ ਬਣੀ ਐ ਲੌਂਗੋਵਾਲ 'ਚ।”
ਮੈਂ ਇਨ੍ਹਾਂ ਗਾਲਾਂ ਦਾ ਕੀ ਜਵਾਬ ਦਿੰਦਾ। ਕਦੇ ਮੈਂ ਬਾਸ਼ੇ ਦੇ ਡੋਕਲ ਕੱਛੇ ਬਾਰੇ, ਕਦੇ ਸੰਜੀਵਨੀ ਬੂਟੀ ਦੀਆਂ ਪੁੜੀਆਂ ਬਾਰੇ ਤੇ ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਬਾਰੇ ਸੋਚਣ ਲੱਗਾ...
‘‘ਕੀ ਗੱਲ ਬੋਲਿਆ ਨੀ?” ਬਾਸ਼ੇ ਦੀ ਉਧਰੋਂ ਆਵਾਜ਼ ਸੁਣੀ।
‘‘ਬੋਲਾਂ ਕੀ, ਮੈਂ ਤਾਂ ਪ੍ਰਧਾਨ ਸੇਵਕ ਤੇ ਉਸ ਦੀ ਜੁੰਡਲੀ ਬਾਰੇ ਸੋਚ ਰਿਹਾਂ। ਮੈਨੂੰ ਇਉਂ ਲੱਗਦੈ ਜਿਵੇਂ ਕਿਸਾਨਾਂ ਦੇ ਗਲ਼ਾਂ 'ਤੇ ਖੇਤੀ ਕਾਨੂੰਨਾਂ ਦੀ ਛੁਰੀ ਧਰੀ ਹੋਵੇ ਤੇ ਉਹ ਕਹਿ ਰਹੇ ਹੋਣ, ਜਿਬਾਹ ਹੋ ਜਾਓ। ਇਹਦੇ 'ਚ ਤੁਹਾਡਾ ਫਾਇਦਾ ਹੀ ਫਾਇਦਾ ਹੈ।”
ਉਹ ਬੋਲਿਆ ਤਾਂ ਹੀ ਮੈਂ ਕਿਹਾ, ‘‘ਆਹ ਦਰਜ਼ੀ ਅਤੇ ਮੇਰਾ ਦੇਸੀ ਹਕੀਮ ਵੀ ਪ੍ਰਧਾਨ ਸੇਵਕ ਬਣੇ ਫਿਰਦੇ ਐ।” ਆਖ ਕੇ ਬਾਸ਼ਾ ਆਪਣੀ ਆਦਤ ਅਨੁਸਾਰ ਹੱਸਣ ਲੱਗਾ। ਫਿਰ ਇਕਦਮ ਗੰਭੀਰ ਹੋ ਕੇ ਕਿਹਾ, ‘‘ਤੂੰ ਤਿਆਰੀ ਰੱਖ, ਮੈਂ ਆਇਆ, ਪੁਰਾਣੇ ਕੱਪੜੇ ਹੀ ਲੈ ਕੇ ਜਾਵਾਂਗੇ। ਕੱਲ੍ਹ ਆਪਾਂ ਮੂੰਹ-ਨ੍ਹੇਰੇ ਹੀ ਤੁਰ ਪੈਣੈ।”
...ਤੇ ਮੈਂ ਫਿਰ ਜਾਣ ਦੀ ਤਿਆਰੀ ਕਰਨ ਲੱਗਾ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’