Welcome to Canadian Punjabi Post
Follow us on

29

March 2024
 
ਨਜਰਰੀਆ

ਜਦੋਂ ਹਰ ਪਿੰਡ ਆਤਮ ਨਿਰਭਰ ਸੀ

December 29, 2020 01:53 AM

-ਕੁਲਮਿੰਦਰ ਕੌਰ
ਕੋਰੋਨਾ ਕਾਲ 'ਚ ਡਾਵਾਂਡੋਲ ਹੋ ਰਹੀ ਅਰਥ ਵਿਵਸਥਾ ਨੂੰ ਨਵੀਂ ਰਫਤਾਰ ਦੇਣ ਖਾਤਰ ਸਾਡੇ ਪ੍ਰਧਾਨ ਮੰਤਰੀ ਨੇ ਰਾਸ਼ਟਰ ਦੇ ਨਾਂਅ ਸੰਦੇਸ਼ 'ਚ ਲਾਕਡਾਊਨ ਤੋਂ ਪ੍ਰਭਾਵਤ ਉਦਯੋਗਾਂ ਲਈ 20 ਲੱਖ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਅਤੇ ਨਾਲ ਦੇਸ਼ਵਾਸੀਆਂ ਨੂੰ ਆਤਮ ਨਿਰਭਰ ਬਣਨ ਲਈ ‘ਵੋਕਲ ਫਾਰ ਲੋਕਲ’ ਦਾ ਮੰਤਰ ਦਿੱਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਨਾ ਸਿਰਫ ਸਥਾਨਕ ਸਵਦੇਸ਼ੀ ਉਤਪਾਦਾਂ ਦੀ ਵਰਤੋਂ ਤੇ ਖਰੀਦਦਾਰੀ ਕਰਨੀ ਹੈ ਬਲਕਿ ਮਾਣ ਨਾਲ ਪ੍ਰਚਾਰ ਵੀ ਕਰਨਾ ਹੈ। ਇਸ ਮੁੱਦੇ ਨੇ ਸਾਨੂੰ ਯਾਦਾਂ ਦੇ ਝਰੋਖੇ 'ਚੋਂ ਪੰਜਾਹ ਸਾਲ ਪੁਰਾਣੇੇ ਪੰਜਾਬ ਦੇ ਰੂ-ਬ-ਰੂ ਕਰਵਾ ਦਿੱਤਾ ਹੈ, ਜਦੋਂ ਹਰ ਪਿੰਡ ਆਤਮ ਨਿਰਭਰ ਸੀ। ਉਹ ਸਮਾਂ ਸਾਡੀ ਪੀੜ੍ਹੀ ਨੇ ਹੱਡੀਂ ਹੰਢਾਇਆ, ਵੇਖਿਆ ਅਤੇ ਮਾਣਿਆ ਹੈ।
ਹਰ ਪਿੰਡ ਤੇ ਘਰ, ਸਿਵਾਏ ਲੂਣ ਦੇ, ਜੀਵਨ ਦੀਆਂ ਮੂਲ ਲੋੜਾਂ ਸੰਜਮ ਨਾਲ ਪੂਰੀਆਂ ਕਰਦਾ ਸੀ। ਸਭ ਕੁਝ ਪਿੰਡ ਆਪ ਪੈਦਾ ਕਰਦੇ ਸਨ। ਉਦੋਂ ਹਰ ਘਰ ਇੱਕ ਕਾਰਖਾਨਾ ਜਾਪਦਾ ਸੀ। ਸੁਰਤ ਸੰਭਾਲਣ 'ਤੇ ਮੈਨੂੰ ਪਤਾ ਲੱਗਾ ਕਿ ਲੋਕ ਆਪਣੇ ਘਰਾਂ ਦਾ ਪ੍ਰਬੰਧ ਕਿਵੇਂ ਚਲਾ ਰਹੇ ਹਨ। ਉਹ ਬਹੁਤ ਮਿਹਨਤੀ ਸਨ, ਜੋ ਸਵੇਰ ਤੋਂ ਸ਼ਾਮ ਤੱਕ ਕੰਮਾਂ ਕਾਰਾਂ 'ਚ ਰੁੱਝੇ ਰਹਿੰਦੇ, ਪਰ ਅੱਕਦੇ ਥੱਕਦੇ ਨਹੀਂ ਸਨ। ਮੇਰੀ ਅਧਿਆਪਕਾ ਮਾਂ ਨੇ ਸਕੂਲ ਜਾਣ ਤੋਂ ਪਹਿਲਾਂ ਰੁਟੀਨ ਕੰਮਾਂ ਤੋਂ ਇਲਾਵਾ ਸਵੇਰੇ ਜਲਦੀ ਜਾਗਣਾ, ਵਿਹੜੇ ਵਿੱਚ ਬੰਨ੍ਹੇ ਪਸ਼ੂਆਂ ਵੱਲ ਜਾਣਾ, ਉਨ੍ਹਾਂ ਦੀਆਂ ਖਾਲੀ ਪਈਆਂ ਖੁਰਲੀਆਂ 'ਚ ਪੱਠੇ ਪਾਉਣੇ, ਗਤਾਵੇ ਕਰਨੇ, ਧਾਰਾਂ ਕੱਢਣੀਆਂ ਤੇ ਫਿਰ ਹਾਰੇ 'ਚ ਪਾਥੀਆਂ ਪਾ ਕੇ ਦੁੱਧ ਕਾੜ੍ਹਨਾ ਧਰ ਦੇਣਾ।
ਸਾਰੇ ਡੇਅਰੀ ਉਤਪਾਦ ਖਰੇ ਪੈਦਾ ਕੀਤੇ ਜਾਂਦੇ, ਕੰਮ ਕਰਨ ਵਾਲੇ ਸਹਾਇਕ ਕਾਮੇ ਵੀ ਜ਼ਰੂਰਤ ਅਨੁਸਾਰ ਦੁੱਧ, ਲੱਸੀ ਲੈ ਜਾਂਦੇ। ਰੁੱਤਾਂ ਅਨੁਸਾਰ ਫਸਲਾਂ ਦੇ ਪੱਕਣ 'ਤੇ ਦਾਣੇ ਘਰ ਆ ਜਾਂਦੇ ਤਾਂ ਸਾਰੇ ਘਰ 'ਚ ਖਿਲਾਰਾ ਪੈ ਜਾਂਦਾ। ਕਣਕ ਦੀ ਵਾਢੀ ਤੋਂ ਲੈ ਕੇ ਫਲ੍ਹਿਆਂ ਰਾਹੀਂ ਗਹਾਈ ਤੱਕ ਦੀ ਪ੍ਰਕਿਰਿਆ ਵਿੱਚ ਪੂਰਾ ਮਹੀਨਾ ਲੱਗ ਜਾਂਦਾ। ਛੱਲੀਆਂ ਨੂੰ ਵਿਹੜੇ ਵਿੱਚ ਸੁਕਾ ਕੇ ਫਿਰ ਘਰ ਦੀ ਬੰਦ ਕੋਠੜੀ 'ਚ ਭਾਰੇ ਸੋਟਿਆਂ ਨਾਲ ਕੁੱਟ ਕੇ ਦਾਣੇ ਅਲੱਗ ਕੀਤੇ ਜਾਂਦੇ। ਦਾਣੇ ਬੁੜਕਣ ਦੀ ਕੜ੍ਹ-ਕੜ੍ਹ ਆਵਾਜ਼ ਦੀ ਗੂੰਜ ਅੱਜ ਵੀ ਕਦੇ ਕੰਨ ਮਹਿਸੂਸ ਕਰਨ ਲੱਗਦੇ ਹਨ ਤਾਂ ਸੁਰਤ ਕਈ ਦਹਾਕੇ ਪਿੱਛੇ ਲੱਗ ਜਾਂਦੀ ਹੈ। ਅਨਾਜ ਦੀ ਸਾਂਭ ਸੰਭਾਲ ਪਿਛਲੀ ਕੋਠੜੀ ਵਿੱਚ ਮਿੱਟੀ ਦੇ ਬਣੇ ਭੜੋਲੇ-ਭੜੋਲੀਆਂ 'ਚ ਭਰ ਕੇ ਕੀਤੀ ਜਾਂਦੀ। ਖੇਤਾਂ 'ਚ ਕਪਾਹ ਖਿੜ ਉਠਦੀ ਤਾਂ ਮਾਂ ਦਸ ਕੁ ਚੁਗਾਵੀਆਂ ਲੈ ਕੇ ਪਹੁੰਚ ਜਾਂਦੀ। ਚੁਗਣ ਤੋਂ ਬਾਅਦ ਘਰ ਆ ਕੇ ਢੇਰੀਆਂ ਬਣਾ ਕੇ ਬਣਦੀ ਢੇਰੀ ਚੁਗਾਵੀਂ ਚੁੱਕ ਲੈਂਦੀ, ਜੋ ਉਸ ਦਾ ਮਿਹਨਤਾਨਾ ਹੁੰਦਾ। ਫਿਰ ਵੇਲਣੇ ਇਕੱਠੇ ਹੋ ਜਾਂਦੇ ਤੇ ਕਪਾਹ ਨੂੰ ਵੇਲ ਕੇ ਵੜੇਵੇਂ ਅਲੱਗ ਕਰ ਲਏ ਜਾਂਦੇ। ਰੂੰ ਨੂੰ ਪਿੰਜਿਆਂ ਜਾਂਦਾ ਅਤੇ ਫਿਰ ਕਾਨਿਆਂ ਨਾਲ ਪੂਣੀਆਂ ਵੱਟ ਕੇ ਹੁਨਰੰਦ ਔਰਤਾਂ ਤੇ ਕੁੜੀਆਂ ਰਾਤ ਦਿਨ ਚਰਖਾ ਕੱਤ ਕੇ ਸੂਤ ਤਿਆਰ ਕਰਦੀਆਂ। ਹੱਥ ਖੱਡੀਆਂ ਵਾਲੇ ਆਪੇ ਆ ਕੇ ਲੈ ਜਾਂਦੇ ਅਤੇ ਫਿਰ ਸੂਤੀ ਕੱਪੜਾ, ਖੇਸ, ਚਤਹੀਆਂ, ਦਰੀਆਂ ਗਲੀਚੇ ਆਦਿ ਬਣਾ ਕੇ ਦੇ ਜਾਂਦੇ। ਸਚਿਆਰੀਆਂ ਔਰਤਾਂ ਵੱਲੋਂ ਦਰੀਆਂ ਤੇ ਨਵਾਰ ਬੁਣਨ ਦਾ ਕੰਮ ਘਰਾਂ 'ਚ ਆਮ ਚੱਲਦਾ ਵੇਖਿਆ। ਪੂਰਾ ਪਿੰਡ ਆਪਣੇ-ਆਪ ਵਿੱਚ ਇੱਕ ਪੂਰਨ ਇਕਾਈ ਹੁੰਦਾ ਸੀ। ਹਰ ਕਿਸਮ ਦਾ ਕਿੱਤਾ ਕਰਨ ਵਾਲੇ ਲੋਕ ਪਿੰਡ 'ਚ ਰਹਿੰਦੇ ਸਨ। ਬੀਜਾਂ ਤੋਂ ਤੇਲ ਕੱਢਣਾ, ਇਮਾਰਤਸਾਜ਼ੀ, ਮਿੱਟੀ ਦੇ ਬਰਤਨ ਅਤੇ ਗਹਿਣਾ-ਗੱਟਾ ਤਿਆਰ ਕਰਨ ਵਰਗੇ ਸਾਰੇ ਕੰਮ ਕਰਦੇ।
ਮੁਸ਼ੱਕਤ ਦਾ ਮੁੱਲ ਤੇ ਖਰੀਦਦਾਰੀ ਆਮ ਤੌਰ 'ਤੇ ਦਾਣਿਆਂ ਰਾਹੀਂ ਹੁੰਦੀ। ਸ਼ਾਮ ਨੂੰ ਦਾਣੇ ਭੁੰਨਣ ਵਾਲੀਆਂ ਭੱਠੀਆਂ ਚਾਲੂ ਹੋ ਜਾਂਦੀਆਂ। ਭੁੱਜੇ ਹੋਏ ਦਾਣੇ ਉਦੋਂ ਸਾਡੇ ਵਧੀਆ ਪੌਸ਼ਟਿਕ ਸਨੈਕਸ ਸਨ। ਉਨ੍ਹਾਂ ਵੇਲਿਆਂ ਵਿੱਚ ਸਾਧਨ ਭਾਵੇਂ ਘੱਟ ਸਨ, ਫਿਰ ਵੀ ਲੋਕ ਚੰਗਾ ਜੀਵਨ ਜਿਊਂਦੇ ਸਨ। ਦਸਾਂ ਨਹੁੰਆਂ ਦੀ ਸੱਚੀ-ਸੁੱਚੀ ਕਿਰਤ ਕਮਾਈ ਕਰਦੇ ਹੋਏ ਬੜੇ ਸੰਤੋਖੀ ਸਨ। ਅੰਨ-ਭੰਡਾਰ 'ਚ ਆਤਮ ਨਿਰਭਰ ਹੋਣ ਦੇ ਉਦੇਸ਼ ਨਾਲ 1966 ਵਿੱਚ ਹਰੀ ਕ੍ਰਾਂਤੀ ਦਾ ਆਗਾਜ਼ ਹੋਇਆ ਤਾਂ ਅਜਿਹਾ ਜੀਵਨ ਸਮੇਂ ਦੇ ਵਹਾਅ ਨਾਲ ਅੱਜ ਅੱਧੀ ਸਦੀ ਬੀਤ ਜਾਣ 'ਤੇ ਬਹੁਤ ਪਿਛਾਂਹ ਰਹਿ ਗਿਆ ਹੈ। ਸਵੈ ਨਿਰਭਰਤਾ ਦੌਰ ਦੇ ਚਿਤਰਨ ਤੋਂ ਭਾਵ ਹੈ ਕਿ ਇਹ ਸਾਡੀ ਵਿਰਾਸਤ ਹੈ ਅਤੇ ਇਹ ਜਜ਼ਬਾ ਮਹਾਮਾਰੀ ਵਿੱਚ ਉਭਰ ਕੇ ਸਾਹਮਣੇ ਵੀ ਆਇਆ। ਲੱਖਾਂ ਦੀ ਗਿਣਤੀ ਵਿੱਚ ਪਰਵਾਸੀ ਮਜ਼ਦੂਰ ਜਦੋਂ ਆਪਣੇ ਮੂਲ ਸਥਾਨਾਂ ਵੱਲ ਕੂਚ ਕਰ ਗਏ ਤਾਂ ਅਸੀਂ ਸਭ ਨੇ ਵੇਖਿਆ ਕਿ ਕਿਵੇਂ ਪਰਵਾਰ ਸਮੇਤ ਪੰਜਾਬੀ ਮਜ਼ਦੂਰਾਂ ਦੀ ਮਦਦ ਨਾਲ ਕਣਕ ਦੀ ਗਹਾਈ ਤੇ ਝੋਨੇ ਦੀ ਲਵਾਈ ਦਾ ਕੰਮ ਵਧੀਆ ਢੰਗ ਨਾਲ ਨਿਪਟਾਇਆ ਗਿਆ। ਅੱਜ ਦੇ ਯੁੱਗ ਵਿੱਚ ਅਸੀਂ ਦੇਸੀ ਉਤਪਾਦ ਬਣਾਉਣ ਅਤੇ ਇਨ੍ਹਾਂ ਦੀ ਵਰਤੋਂ ਕਰਨਾ ਵੀ ਭੁੱਲ ਗਏ ਹਾਂ, ਕਿਉਂਕਿ ਚੀਨ ਨੇ ਰੋਜ਼ਾਨਾ ਕੰਮ ਆਉਂਦੀਆਂ ਵਸਤਾਂ ਬਹੁਤ ਘੱਟ ਰੇਟ 'ਤੇ ਪੇਸ਼ ਕਰ ਦਿੱਤੀਆਂ ਹਨ।
‘ਮਨ ਕੀ ਬਾਤ’ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਵਾਰ ਵਾਰ ਖਿਡੌਣਾ ਬਾਜ਼ਾਰ ਤੋਂ ਚੀਨ ਦੇ ਕਬਜ਼ੇ ਨੂੰ ਖਤਮ ਕਰਨ 'ਤੇ ਜ਼ੋਰ ਦੇ ਰਹੇ ਹਨ, ਪਰ ਚਾਹੀਦਾ ਇਹ ਹੈ ਕਿ ਉਹ ਸਾਰੀਆਂ ਚੀਜ਼ਾਂ ਭਾਰਤ ਵਿੱਚ ਬਣਨੀਆਂ ਚਾਹੀਦੀਆਂ ਹਨ, ਜੋ ਪਹਿਲਾਂ ਇੱਥੇ ਬਣਦੀਆਂ ਸਨ। ਦੇਸ਼ ਵਾਸੀਆਂ ਨੂੰ ਵੀ ਯੋਗਦਾਨ ਦੇਣਾ ਬਣਦਾ ਹੈ, ਪਰ ਅਸਲੀ ਕੰਮ ਤਾਂ ਸਰਕਾਰ ਤੇ ਕਾਰੋਬਾਰੀਆਂ ਨੇ ਕਰਨਾ ਹੈ। ਉਂਞ ਹੁਨਰਮੰਦ ਲੋਕਾਂ ਦਾ ਹੌਸਲਾ ਤੇ ਉਤਸ਼ਾਹ ਜਾਗਿਆ ਹੈ। ਸਾਡੇ ਦੇਸ਼ ਦਾ ਆਰਥਿਕ ਧੁਰਾ ਖੇਤੀ ਹੈ, ਪਰ ਸਰਕਾਰ ਕਦੇ ਕਿਸਾਨ ਹਿਤੈਸ਼ੀ ਨਹੀਂ ਰਹੀ, ਉਹ ਕਾਰਪੋਰੇਟ ਘਰਾਣਿਆਂ ਤੇ ਹੱਕ ਵਿੱਚ ਫੈਸਲੇ ਲੈਂਦੀ ਵਿਖਾਈ ਦਿੰਦੀ ਹੈ।
ਪਿੱਛੇ ਜਿਹੇ ਕਿਸਾਨ ਵਿਰੋਧੀ ਆਰਡੀਨੈਂਸ ਜਾਰੀ ਹੋਣ ਤੇ ਫਿਰ ਇਨ੍ਹਾਂ ਬਾਰੇ ਬਿੱਲ ਪਾਰਲੀਮੈਂਟ ਵਿੱਚ ਪਾਸ ਹੋ ਕੇ ਕਾਨੂੰਨ ਬਣਨ ਸਦਕਾ ਇਸ ਧੰਦੇ ਦੇ ਪੂਰੀ ਤਰ੍ਹਾਂ ਸੰਕਟ 'ਚ ਫਸ ਜਾਣ ਦਾ ਖਦਸ਼ਾ ਹੈ। ਇਸੇ ਲਈ ਕਿਸਾਨਾਂ ਨੇ ਅੰਦੋਲਨ ਦਾ ਰਸਤਾ ਫੜਿਆ ਤੇ ਦਿੱਲੀ ਘੇਰੀ ਹੈ। ਉਨ੍ਹਾਂ ਦੀਆਂ ਚਿੰਤਾਵਾਂ ਵਾਜਿਬ ਹਨ। ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਮੰਨਣ ਵੱਲ ਮੂੰਹ ਕਰਨਾ ਚਾਹੀਦਾ ਹੈ। ਸਰਕਾਰ ਜੇ ਵਾਕਈ ਦਿਲੋਂ ਆਪਣੇ ਮੁਲਕ ਦੀ ਆਤਮ ਨਿਰਭਰਤਾ ਚਾਹੁੰਦੀ ਹੈ ਤਾਂ ਉਸ ਨੂੰ ਜਨਤਾ ਦੇ ਮੁੱਖ ਸਿੱਖਿਆ ਪ੍ਰਣਾਲੀ, ਸਿਹਤ ਸਹੂਲਤਾਂ ਤੇ ਉਦਯੋਗਿਕ ਢਾਂਚੇ ਵਿੱਚ ਪੂਰੀ ਤਰ੍ਹਾਂ ਸੁਧਾਰ ਕਰਨੇ ਹੋਣਗੇ। ਹਰ ਯੋਜਨਾ ਨੂੰ ਅਮਲੀ ਜਾਮਾ ਪਹਿਨਾਇਆ ਜਾਵੇ ਅਤੇ ਹਰ ਮਾਮਲੇ ਵਿੱਚ ਆਤਮ ਨਿਰਭਰਤਾ ਦੀ ਸੋਚ ਇੱਕ ਸੰਕਲਪ ਬਣ ਜਾਵੇ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ