Welcome to Canadian Punjabi Post
Follow us on

15

November 2019
ਸੰਪਾਦਕੀ

ਨਫ਼ਰਤ ਦੀਆਂ ਵਾਰਦਾਤਾਂ ਵਿੱਚ ਵਾਧਾ ਅਤੇ ਫੈਡਰਲ ਸਰਕਾਰ ਦੀ ਪਹੁੰਚ

November 30, 2018 08:21 AM

ਪੰਜਾਬੀ ਪੋਸਟ ਸੰਪਾਦਕੀ

ਕੈਨੇਡਾ ਦੇ ਅੰਕੜਾ ਵਿਭਾਗ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਕੈਨੇਡਾ ਵਿੱਚ ਨਫ਼ਰਤ ਨਾਲ ਜੁੜੀਆਂ ਜੁਰਮ ਦੀਆਂ ਵਾਰਦਾਤਾਂ ਵਿੱਚ 2016 ਦੇ ਮੁਕਾਬਲੇ 2017 ਵਿੱਚ ਕਾਫ਼ੀ ਵਾਧਾ ਦਰਜ ਕੀਤਾ ਗਿਆ ਹੈ। ਅੰਕੜੇ ਦੱਸਦੇ ਹਨ ਕਿ ਕਾਲੇ ਭਾਈਚਾਰੇ ਦੇ ਲੋਕ, ਯਹੂਦੀ ਅਤੇ ਮੁਸਲਮਾਨ ਇਸ ਜੁਰਮ ਦਾ ਵੱਧ ਗਿਣਤੀ ਵਿੱਚ ਸਿ਼ਕਾਰ ਬਣੇ ਹਨ। ਕੁੱਲ ਮਿਲਾ ਕੇ ਸਾਲ 2017 ਵਿੱਚ ਨਫ਼ਤਰ ਦੀ ਭਾਵਨਾ ਨਾਲ ਕੀਤੀਆਂ ਜੁਰਮ ਦੀਆਂ 2073 ਵਾਰਦਾਤਾਂ ਵਾਪਰੀਆਂ ਜੋ ਕਿ 2016 ਵਿੱਚ ਹੋਈਆਂ ਵਾਰਦਾਤਾਂ ਨਾਲੋਂ 664 ਵੱਧ ਸੀ। ਇਹ ਵਾਰਦਾਤਾਂ ਜਿ਼ਆਦਾਤਰ ਉਂਟੇਰੀਓ ਅਤੇ ਕਿਉਬਿੱਕ ਵਿੱਚ ਵਾਪਰੀਆਂ ਦੱਸੀਆਂ ਗਈਆਂ ਹਨ। ਚੇਤੇ ਰਹੇ ਕਿ ਇਹ ਵਾਰਦਾਤਾਂ ਉਹ ਹਨ ਜਿਹਨਾਂ ਦੀ ਪੁਲੀਸ ਕੋਲ ਸਿ਼ਕਾਇਤ ਦਰਜ਼ ਕਰਵਾਈ ਗਈ ਅਤੇ ਪੁਲੀਸ ਨੇ ਵਿਧੀਵਤ ਰੂਪ ਵਿੱਚ ਤਫ਼ਤੀਸ਼ ਕੀਤੀ।

 

ਵੈਸੇ ਅੰਕੜਾ ਵਿਭਾਗ ਨੇ 2014 ਤੋਂ ਬਾਅਦ ਨਫ਼ਤਰ ਤੋਂ ਪ੍ਰੇਰਿਤ ਜੁਰਮ ਦੀਆਂ ਘਟਨਾਵਾਂ ਬਾਰੇ ਇੱਕ ਵੱਡਾ ਸਰਵੇਖਣ ਕੀਤਾ ਸੀ। ਇਸ ਸਰਵੇਖਣ ਵਿੱਚ ਪਾਇਆ ਗਿਆ ਕਿ ਕੈਨੇਡਾ ਵਿੱਚ 3 ਲੱਖ 30 ਹਜ਼ਾਰ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਹਨਾਂ ਵਿੱਚ ਪੀੜਤ ਵਿਅਕਤੀ ਦਾ ਇਹ ਮੰਨਣਾ ਸੀ ਕਿ ਉਸ ਨਾਲ ਕਿਸੇ ਹੋਰ ਵਿਅਕਤੀ ਵੱਲੋਂ ਨਫ਼ਰਤ ਕੀਤੀ ਗਈ ਹੈ। ਇਸ ਸਾਲ ਵਰਲਡ ਸਿੱਖ ਆਰਗੇਨਾਈਜ਼ੇਨ ਨੇ ਸਿੱਖਾਂ ਦੇ ਅਕਸ ਬਾਰੇ ਪੈਦਾ ਹੋਏ ਭਰਮ ਭੁਲੇਖੇ ਦੂਰ ਕਰਨ ਲਈ #AskCanadianSikhs ਮੁਹਿੰਮ ਚਲਾਈ ਗਈ ਸੀ।

 

ਨਫ਼ਰਤ ਦੀਆਂ ਸੱਭ ਤੋਂ ਵੱਧ ਵਾਰਦਾਤਾਂ ਯਹੂਦੀਆਂ (18%), ਮੁਸਲਮਾਨਾਂ (17%) ਅਤੇ ਕਾਲੇ ਭਾਈਚਾਰੇ ਦੇ ਲੋਕਾਂ (16%) ਵਿਰੁੱਧ ਰਿਪੋਰਟ ਕੀਤੀਆਂ ਗਈਆਂ। ਬੇਸ਼ੱਕ ਮੁਸਲਾਮਾਨਾਂ ਵਿਰੁੱਧ ਪ੍ਰਤੀਸ਼ਤ ਵਾਧਾ ਸੱਭ ਤੋਂ ਵੱਧ ਰਿਪੋਰਟ ਕੀਤਾ ਗਿਆ ਪਰ ਨਫ਼ਤਰ ਦੀਆਂ ਕੁੱਲ ਘਟਨਾਵਾਂ ਦਾ ਸੱਭ ਤੋਂ ਵੱਧ ਸਿ਼ਕਾਰ ਯਹੂਦੀਆਂ ਨੂੰ ਹੋਣਾ ਪਿਆ। ਜਿਵੇਂ ਕਿ ਔਰਤਾਂ ਵਿਰੁੱਧ ਹਿੰਸਾ, ਸੈਕਸੁਅਲ ਅਸਾਲਟ ਆਦਿ ਦੇ ਜੁਰਮ ਦੇ ਕੇਸਾਂ ਵਿੱਚ ਹੁੰਦਾ ਹੈ, ਉਵੇਂ ਹੀ ਨਫ਼ਤਰ ਤੋਂ ਪ੍ਰੇਰਿਤ ਜੁਰਮ ਦੀਆਂ ਬਹੁ ਗਿਣਤੀ ਵਾਰਦਾਤਾਂ ਪੁਲੀਸ ਕੋਲ ਰਿਪੋਰਟ ਨਹੀਂ ਕੀਤੀਆਂ ਜਾਂਦੀਆਂ।

 

ਨਫ਼ਤਰ ਦੀਆਂ ਘਟਨਾਵਾਂ ਦਾ ਰਿਪੋਰਟ ਨਾ ਕੀਤੇ ਜਾਣ ਦਾ ਇੱਕ ਕਾਰਣ ਇਹ ਕਿ ਕ੍ਰਿਮੀਨਲ ਕੋਡ ਵਿੱਚ ਨਫ਼ਰਤ ਤੋਂ ਪ੍ਰੇਰਿਤ ਜੁਰਮ ਦੀ ਕੋਈ ਸਿੱਧੀ ਪ੍ਰੀਭਾਸ਼ਾ ਨਹੀਂ ਦਿੱਤੀ ਹੋਈ। ਪੁਲੀਸ ਨੂੰ ਵਾਰਦਾਤ ਹੋਣ ਤੋਂ ਬਾਅਦ ਤਫ਼ਤੀਸ਼ ਕਰਕੇ ਤੈਅ ਕਰਨਾ ਹੁੰਦਾ ਹੈ ਕਿ ਕੀ ਕਿਸੇ ਵਿਅਕਤੀ ਨੂੰ Hate Crime’ ਤਹਿਤ ਚਾਰਜ ਕੀਤਾ ਜਾਵੇ ਜਾਂ ਨਹੀਂ। ਮਿਸਾਲ ਵਜੋਂ ਜੇ ਕੋਈ ਵਿਅਕਤੀ ਕਿਸੇ ਮੰਦਰ, ਗੁਰਦੁਆਰਾ ਸਾਹਿਬ ਜਾਂ ਚਰਚ ਵਿੱਚ ਦਾਖ਼ਲ ਹੋ ਕੇ ਧਾਰਮਿਕ ਚਿੰਨਾਂ ਨੂੰ ਨੁਕਸਾਨ ਪਹੁੰਚਾਵੇ ਤਾਂ ਉਸਨੂੰ ਪੁਲੀਸ ਪਹਿਲਾਂ Mischief’ ਭਾਵ ਸ਼ਰਾਰਤ ਲਈ ਚਾਰਜ ਕਰੇਗੀ। ‘ਹੇਟ ਕਰਾਈਮ’ ਦੇ ਚਾਰਜ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਵਿੱਚ ਲਾਏ ਵੀ ਜਾ ਸਕਦੇ ਹਨ ਅਤੇ ਨਹੀਂ ਵੀ।

 

ਕੈਨੇਡਾ ਵਿੱਚ ਪਿਛਲੇ ਸਾਲਾਂ ਦੌਰਾਨ ਹੋਰਾਂ ਗੁੱਟਾਂ ਦੇ ਨਾਲ 2 ਕੈਥੋਲਿਕ ਧਰਮ ਦੇ ਪੈਰੋਕਾਰਾਂ ਵਿਰੁੱਧ ਨਫ਼ਤਰ ਦੀਆਂ ਵਾਰਦਾਤਾਂ ਵਿੱਚ ਵਾਧਾ ਹੋਣਾ ਹੈਰਾਨੀ ਕਰਨ ਵਾਲਾ ਰੁਝਾਨ ਹੈ। ਯਹੂਦੀਆਂ, ਮੁਸਲਮਾਨਾਂ ਅਤੇ ਹੋਰ ਘੱਟ ਗਿਣਤੀ ਧਾਰਮਿਕ ਗੁੱਟਾਂ ਪ੍ਰਤੀ ਨਫ਼ਰਤ ਲਈ ਆਮ ਕਰਕੇ ਸਫੈਦ ਰੰਗ ਦੇ ਮੁੱਖ ਧਾਰਾ ਦੇ ਲੋਕਾਂ ਨੂੰ ਜੁੰਮੇਵਾਰ ਠਹਿਰਾਇਆ ਜਾਂਦਾ ਹੈ ਬੇਸ਼ੱਕ ਕੋਈ ਪੱਕੇ ਕੋਈ ਅੰਕੜੇ ਮੌਜਦੂ ਨਹੀਂ ਹਨ। ਸੁਆਲ ਹੈ ਕਿ ਕੈਥੋਲਿਕਾਂ ਪ੍ਰਤੀ ਨਫ਼ਰਤ ਕੌਣ ਕਰਦਾ ਹੈ? ਕੀ ਉਹ ਘੱਟ ਗਿਣਤੀ ਧਾਰਮਿਕ ਗਰੁੱਪਾਂ ਦੀ ਨਫ਼ਰਤ ਦਾ ਸਿ਼ਕਾਰ ਹੋ ਰਹੇ ਹਨ? ਇਸ ਪੱਖ ਨੂੰ ਧਿਆਨ ਵਿੱਚ ਰੱਖ ਕੇ ਅੰਕੜੇ ਪ੍ਰਾਪਤ ਕੀਤੇ ਜਾਣ ਦੀ ਲੋੜ ਹੈ ਕਿਉਂਕਿ ਸਮਸਿੱਆ ਦਾ ਹੱਲ ਕਿਸੇ ਇੱਕ ਗੁੱਟ ਨੂੰ ਨਿਰਦੋਸ਼ ਅਤੇ ਦੂਜੇ ਨੂੰ ਦੋਸ਼ੀ ਸਮਝ ਕੇ ਨਹੀਂ ਕੱਢਿਆ ਜਾ ਸਕਦਾ।

 

ਇਸ ਸਾਲ ਫੈਡਰਲ ਸਰਕਾਰ ਵੱਲੋਂ ‘ਨਸਲਵਾਦ ਵਿਰੋਧੀ ਰਣਨੀਤੀ’ ਤਿਆਰ ਕਰਨ ਲਈ 23 ਮਿਲੀਅਨ ਡਾਲਰ ਖਰਚੇ ਜਾ ਰਹੇ ਹਨ। ਹੈਰੀਟੇਜ ਮਹਿਕਮੇ ਦੇ ਮੰਤਰੀ ਪਾਬਲੋ ਰੋਡਰੀਗਜ਼ ਦੀ ਅਗਵਾਈ ਵਿੱਚ ਲੋਕਲ ਕਮਿਉਨਿਟੀ ਆਗੂਆਂ ਅਤੇ ਮਾਹਰਾਂ ਨਾਲ ਕੈਨੇਡਾ ਭਰ ਵਿੱਚ ਗੋਲਮੇਜ਼ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਹਨ। ਪਤਾ ਲੱਗਾ ਹੈ ਕਿ ਇੱਕ ਅਜਿਹੀ ਗੋਲਮੇਜ਼ ਬਰੈਂਪਟਨ ਵਿੱਚ ਵੀ ਹੋ ਚੁੱਕੀ ਹੈ। ਪਤਾ ਨਹੀਂ ਕਿਉਂ ਫੈਡਰਲ ਸਰਕਾਰ ਵੱਲੋਂ ਨਾ ਤਾਂ ਇਹਨਾਂ ਗੋਲਮੇਜ਼ ਮੁਲਾਕਾਤਾਂ ਬਾਰੇ ਮੀਡੀਆ ਵਿੱਚ ਚਰਚਾ ਨਹੀਂ ਕੀਤੀ ਜਾ ਰਹੀ। ਸਰਕਾਰ ਵੱਲੋਂ ਸੰਸਥਾਗਤ (systemic racism) ਨਸਲਵਾਦ ਨੂੰ ਕਬੂਲ ਵੀ ਨਹੀਂ ਕੀਤਾ ਜਾ ਰਿਹਾ।

 

ਹੈਰੀਟੇਜ ਮੰਤਰੀ ਰੋਡਰੀਗਜ਼ ਮੁਤਾਬਕ ਕੈਨੇਡਾ ਵਿੱਚ ਸੰਸਥਾਗਤ ਨਸਲਵਾਦ ਸ਼ਬਦ ਉਸਦੀ ਸ਼ਬਦਵਾਲੀ ਵਿੱਚ ਹੀ ਸ਼ਾਮਲ ਨਹੀਂ ਹੈ। ਮੰਤਰੀ ਮੁਤਾਬਕ ਕੈਨੇਡਾ ਵਿੱਚ ਨਸਲਵਾਦ ਵੀ ਮੌਜੂਦ ਨਹੀਂ ਹੈ। ਜੇ ਅਜਿਹਾ ਹੈ ਕਿ ਤਾਂ ਕੀ ਅੰਕੜਾ ਵਿਭਾਗ ਵੱਲੋਂ ਕੱਲ ਜਾਰੀ ਕੀਤੇ ਗਏ ਅੰਕੜੇ ਗਲਤ ਹਨ? ਅਤੇ ਕੀ ਸਰਕਾਰ ਦਾ 23 ਮਿਲੀਅਨ ਡਾਲਰ ਦੀ ਲਾਗਤ ਨਾਲ ਨਸਲਵਾਦ ਵਿਰੋਧੀ ਰਣਨੀਤੀ ਤਿਆਰ ਕਰਨਾ ਫਜੂਲਖਰਚ ਹੈ?

Have something to say? Post your comment