Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਨਜਰਰੀਆ

ਗਾਂਧੀ ਤੋਂ ਬਾਅਦ ਅਡਾਨੀ

December 01, 2020 09:42 AM

-ਰਾਮਚੰਦਰ ਗੁਹਾ
ਪਿਛਲੇ ਦਿਨੀਂ ਅੰਗਰੇਜ਼ੀ ਅਖਬਾਰ ‘ਫਾਈਨੈਂਸ਼ਲ ਐਕਸਪ੍ਰੈਸ’ ਵਿੱਚ ਛਪੇ ਲੇਖ ਵਿੱਚ ਗੁਜਰਾਤ ਦੇ ਇੱਕ ਕਾਰੋਬਾਰੀ ਦੇ ਕਾਰੋਬਾਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਈ 2014 ਵਿੱਚ ਇਹ ਅਹੁਦਾ ਸੰਭਾਲ ਲੈਣ ਤੋਂ ਬਾਅਦ ਹੋਏ ਜ਼ੋਰਦਾਰ ਵਾਧੇ ਦਾ ਬਹੁਤ ਤਫਸੀਲ ਤੇ ਨਿਰਪੱਖ ਢੰਗ ਨਾਲ ਵੇਰਵਾ ਦਿੱਤਾ ਗਿਆ ਹੈ। ਇਸ ਲੇਖ ਵਿੱਚ ਲਿਖਿਆ ਹੈ :
‘‘ਜਦੋਂ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਸੀ ਤਾਂ ਉਹ ਗੁਜਰਾਤ ਤੋਂ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਗੌਤਮ ਅਡਾਨੀ ਦੇ ਪ੍ਰਾਈਵੇਟ ਜੈੱਟ ਵਿੱਚ ਆਏ ਸਨ, ਜੋ ਉਨ੍ਹਾਂ ਦੀ ਦੋਸਤੀ ਦਾ ਖੁੱਲ੍ਹੇਆਮ ਮੁਜ਼ਾਹਰਾ ਸੀ ਤੇ ਇਸ ਤੋਂ ਉਨ੍ਹਾਂ ਦੇ ਨਾਲੋ-ਨਾਲ ਸੱਤਾ ਦੀਆਂ ਬੁਲੰਦੀਆਂ ਤੱਕ ਪੁੱਜਣ ਦਾ ਵੀ ਪਤਾ ਲੱਗਦਾ ਸੀ। ਜਦੋਂ ਤੋਂ ਮੋਦੀ ਨੇ ਸੱਤਾ ਸੰਭਾਲੀ ਹੈ, ਅਡਾਨੀ ਦੀ ਕੁੱਲ ਜਾਇਦਾਦ ਕਰੀਬ 230 ਫੀਸਦੀ ਵਧ ਕੇ 26 ਅਰਬ ਡਾਲਰ ਤੱਕ ਪੁੱਜ ਗਈ ਹੈ, ਕਿਉਂਕਿ ਇਸ ਤੋਂ ਬਾਅਦ ਉਨ੍ਹਾਂ ਨੂੰ ਸਰਕਾਰੀ ਟੈਂਡਰ ਮਿਲੇ ਅਤੇ ਉਨ੍ਹਾਂ ਦੇਸ਼ ਭਰ ਵਿੱਚ ਬੁਨਿਆਦੀ ਢਾਂਚਾ ਪ੍ਰੋਜੈਕਟ ਉਸਾਰੇ ਹਨ।”
ਮੈਂ ਭਾਵੇਂ ਕਦੇ ਵੀ ਮੋਦੀ ਨੂੰ ਨਹੀਂ ਮਿਲਿਆ, ਪਰ ਇਹ ਲੇਖ ਪੜ੍ਹ ਕੇ ਮੈਨੂੰ ਉਹ ਯਾਦਾਂ ਤਾਜ਼ਾ ਹੋ ਗਈਆਂ ਕਿ ਜੇ ਮੈਂ ਚਾਹੁੰਦਾ ਤਾਂ ਮੈਂ ਅਡਾਨੀ ਨੂੰ ਮਿਲ ਹੀ ਨਹੀਂ ਸਾਂ ਸਕਦਾ, ਸਗੋਂ ਉਸ ਨਾਲ ਕੰਮ ਵੀ ਕਰ ਸਕਦਾ ਸਾਂ। ਇਸ ਦਾ ਪਿਛੋਕੜ ਇੰਝ ਹੈ: ਮੈਂ ਸਤੰਬਰ 2013 ਵਿੱਚ ਕਿਤਾਬ ‘ਗਾਂਧੀ ਬਿਫੋਰ ਇੰਡੀਆ’ ਪ੍ਰਕਾਸ਼ਤ ਕੀਤੀ, ਜਿਹੜੀ ਗਾਂਧੀ ਦੇ ਕਾਠੀਆਵਾੜ ਰਾਜ ਵਿੱਚ ਪਾਲਣ-ਪੋਸ਼ਣ, ਸ਼ਾਹੀ ਸ਼ਹਿਰ ਲੰਡਨ ਵਿੱਚ ਪੜ੍ਹਾਈ ਅਤੇ ਦੱਖਣੀ ਅਫਰੀਕਾ ਵਿੱਚ ਵਕੀਲ ਤੇ ਸੋਸ਼ਲ ਵਰਕਰ ਵਜੋਂ ਕਰੀਅਰ ਨਾਲ ਸੰਬੰਧਤ ਸੀ। ਉਸੇ ਸਾਲ ਦਸੰਬਰ ਮਹੀਨੇ ਮੁੰਬਈ ਵਿੱਚ ਇੱਕ ਸਾਹਿਤਕ ਸਮਾਗਮ ਦੌਰਾਨ ਮੈਂ ਇਸ ਕਿਤਾਬ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਤੋਂ ਬਾਅਦ ਇੱਕ ਨੌਜਵਾਨ ਮੈਨੂੰ ਮਿਲਿਆ ਤੇ ਦੱਸਿਆ ਕਿ ਉਹ ਉਭਰਦਾ ਲੇਖਕ ਹੈ, ਉਹ ਮੇਰੇ ਨਾਲ ਕੋਈ ਅਹਿਮ ਗੱਲ ਕਰਨਾ ਚਾਹੰੁਦਾ ਸੀ, ਪਰ ਮੈਂ ਬੰਗਲੌਰ ਲਈ ਹਵਾਈ ਜਹਾਜ਼ ਫੜਨ ਵਾਸਤੇ ਹਵਾਈ ਅੱਡੇ ਨੂੰ ਜਾਣ ਦੀ ਕਾਹਲ ਵਿੱਚ ਸਾਂ, ਜਿਸ ਕਾਰਨ ਮੈਂ ਉਸ ਦੀ ਗੱਲ ਨਾ ਸੁਣ ਸਕਿਆ। ਮੈਂ ਉਸ ਨੂੰ ਆਪਣਾ ਈ-ਮੇਲ ਪਤਾ ਦਿੱਤਾ ਤਾਂ ਕਿ ਉਹ ਜੋ ਵੀ ਗੱਲ ਮੇਰੇ ਨਾਲ ਕਰਨੀ ਚਾਹੁੰਦਾ ਸੀ, ਮੈਨੂੰ ਲਿਖ ਕੇ ਭੇਜ ਸਕੇ।
ਕੁਝ ਦਿਨਾਂ ਬਾਅਦ ਉਸ ਦੀ ਮੇਲ ਆ ਗਈ। ਉਸ ਨੇ ਲਿਖਿਆ ਸੀ ਕਿ ਉਹ ਕਿਸੇ ਸਲਾਹਕਾਰ ਸੇਵਾ ਕੰਪਨੀ ਵਿੱਚ ਕੰਮ ਕਰਦਾ ਹੈ, ਜਿਹੜੀ ‘ਗੌਤਮ ਅਡਾਨੀ’ ਦੀ ਜੀਵਨੀ ਲਿਖਣ ਦੇ ਪ੍ਰੋਜੈਕਟ ਉੱਤੇ ਕੰਮ ਕਰ ਰਹੀ ਹੈ'। ਉਸ ਦੇ ਨਾਲ ਹੀ ਲਿਖਿਆ, ‘‘ਕੰਪਨੀ ਦੀ ਇਸ ਜੀਵਨੀ ਬਾਰੇ ਅਡਾਨੀ ਨਾਲ ਗੱਲਬਾਤ ਚੱਲ ਰਹੀ ਹੈ।” ਉਸ ਦੇ ਮੁਤਾਬਕ ‘‘ਇੱਕ ਨਾਮੀ ਸਾਹਿਤਕ ਮਾਹਰ ਨੇ ਦੱਸਿਆ ਕਿ ਬਹੁਤ ਸਾਰੇ ਚੋਟੀ ਦੇ ਪਬਲਿਸ਼ਰ ਇਸ ਪ੍ਰੋਜੈਕਟ ਵਿੱਚ ਦਿਲਚਸਪੀ ਰੱਖਦੇ ਹਨ।” ਉਸ ਨੇ ਲਿਖਿਆ ਕਿ ਉਸ ਦੀ ਕੰਪਨੀ ਤੇ ਅਡਾਨੀ ਗਰੁੱਪ ‘ਇਸ ਸੰਬੰਧੀ ਬਾਰੇ ਹੀ ਸਟੈਂਡਰਡ ਤੇ ਡੂੰਘਾਈ ਵਾਲਾ ਕੰਮ ਚਾਹੰੁਦੇ ਹਨ, ਇਸ ਕਾਰਨ ਅਸੀਂ ਕਿਸੇ ਅਜਿਹੇ ਸ਼ਖਸ ਦੀ ਤਲਾਸ਼ ਵਿੱਚ ਹਾਂ, ਜੋ ਇਸ ਕੰਮ ਵਿੱਚ ਸੇਧਗਾਰ ਅਤੇ ਸਲਾਹਕਾਰ ਵਜੋਂ ਕੰਮ ਕਰ ਸਕੇ।” ਉਹ ਚਾਹੁੰਦੇ ਸਨ ਕਿ ਮੈਂ ਇਹ ਜ਼ਿੰਮੇਵਰੀ ਸੰਭਾਲਾਂ। ਇਸ ਕਾਰਨ ਉਸ ਨੇ ਆਪਣੀ ਕੰਪਨੀ ਦੇ ਨੁਮਾਇੰਦੇ ਅਤੇ ਗੌਤਮ ਅਡਾਨੀ ਨਾਲ ਮੇਰੀ ਮੁਲਾਕਾਤ ਕਰਵਾਉਣ ਦੀ ਪੇਸ਼ਕਸ਼ ਕੀਤੀ।
ਮੈਂ ਉਦੋਂ ਅਕਸਰ ਹੀ (ਮਹਾਤਮਾ ਗਾਂਧੀ ਬਾਰੇ ਖੋਜ ਕਰਨ ਲਈ) ਗੁਜਾਰਤ ਜਾਂਦਾ ਸਾਂ, ਇਸ ਕਾਰਨ ਮੈਂ ਦਸੰਬਰ 2013 ਤੋਂ ਹੀ ਗੌਤਮ ਅਡਾਨੀ ਬਾਰੇ ਥੋੜ੍ਹਾ-ਬਹੁਤਾ ਜਾਣਦਾ ਸਾਂ। ਮੈਂ ਉਸ ਨੂੰ ਅਜਿਹੇ ਕਾਰੋਬਾਰੀ ਵਜੋਂ ਜਾਣਦਾ ਸਾਂ, ਜਿਸ ਦੇ 2001 ਤੋਂ ਗੁਜਰਾਤ ਦਾ ਮੁੱਖ ਮੰਤਰੀ ਚਲੇ ਆ ਰਹੇ ਨਰਿੰਦਰ ਮੋਦੀ ਨਾਲ ਕਰੀਬੀ ਸੰਬੰਧ ਸਨ। ਉਦੋਂ ਵੀ ਮੋਦੀ ਕਦੇ-ਕਦਾਈਂ ਅਡਾਨੀ ਦੇ ਪ੍ਰਾਈਵੇਟ ਜਹਾਜ਼ ਵਿੱਚ ਸਫਰ ਕਰਦੇ ਸਨ। ਅਹਿਮਦਾਬਾਦ ਵਾਲੇ ਮੇਰੇ ਦੋਸਤਾਂ ਨੇ ਦੱਸਿਆ ਕਿ ਕਿਵੇਂ ਗੁਜਰਾਤ ਸਰਕਾਰ ਨੇ ਸਮੁੰਦਰੀ ਕੰਢੇ ਦੇ ਨਾਲ-ਨਾਲ ਬਣ ਰਹੇ ਅਡਾਨੀ ਦੇ ਪ੍ਰੋਜੈਕਟਾਂ ਨੂੰ ਰਾਤੋ-ਰਾਤ ਮਨਜ਼ੂਰੀਆਂ ਦਿੱਤੀਆਂ ਸਨ ਤੇ ਇਸ ਕਾਰਨ ਉਥੋਂ ਮਛੇਰਿਆਂ ਨੂੰ ਉਜੜਨਾ ਪਿਆ ਤੇ ਸਮੁੰਦਰ ਕੰਢੇ ਵਾਲੇ ਖਾਰੇ ਪਾਣੀ ਦੇ ਮੈਨਗ੍ਰੋਵ ਜੰਗਲ ਵੀ ਤਬਾਹ ਹੋ ਗਏ। ਦਸੰਬਰ 2013 ਤੱਕ ਇਹ ਗੱਲ ਕਾਫੀ ਸਾਫ ਹੋ ਗਈ ਕਿ ਮੋਦੀ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ, ਤੇ ਜਦੋਂ ਏਦਾਂ ਹੋਇਆ ਤਾਂ ਗੌਤਮ ਅਡਾਨੀ ਨੂੰ ਸ਼ਾਇਦ ਹੋਰ ਬਹੁਤ ਸਾਰੀਆਂ ਰਿਆਇਤਾਂ ਮਿਲਣਗੀਆਂ। ਇਸ ਤਰ੍ਹਾਂ ਇਹ ਅੰਦਾਜ਼ਾ ਲਾ ਕੇ, ਕਿ ਉਹ ਛੇਤੀ ਹੀ ਵਧੇਰੇ ਅਹਿਮ ਅਤੇ ਰਸੂਖਵਾਨ ਬਣ ਜਾਵੇਗਾ, ਉਹ ਚਾਹੁੰਦਾ ਸੀ ਕਿ ਉਸ ਦੀ ਜੀਵਨੀ ਛਪਵਾਈ ਜਾਵੇ। ਉਸ ਦੇ ਸਲਾਹਕਾਰਾਂ ਦਾ ਖਿਆਲ ਸੀ ਕਿ ਇਸ ਲੇਖਣੀ (ਜਾਂ ਲੁਕਵੀਂ ਲੇਖਣੀ) ਲਈ, ਮਹਾਤਮਾ ਗਾਂਧੀ ਦੀ ਜੀਵਨੀ ਲਿਖਣ ਵਾਲਾ ਇਹ ਲੇਖਕ ਅਹਿਮ ਰੋਲ ਨਿਭਾ ਸਕਦਾ ਹੈ।
ਗੌਤਮ ਅਡਾਨੀ ਦੀ ਜੀਵਨੀ ਲਿਖਣ ਦੀ ਇਹ ਮੈਨੂੰ ਕੋਈ ਇੱਕੋ-ਇੱਕ ਅਣਚਾਹੀ ਪੇਸ਼ਕਸ਼ ਨਹੀਂ ਸੀ। ਗਾਂਧੀ ਬਾਰੇ ਕੰਮ ਸ਼ੁਰੂੁ ਕਰਨ ਤੋਂ ਕਈ ਸਾਲ ਪਹਿਲਾਂ ਮੈਂ ਵੇਰੀਅਰ ਐਲਵਿਨ ਦੀ ਜੀਵਨੀ ਲਿਖੀ ਸੀ, ਜੋ ਬ੍ਰਿਟੇਨ ਵਿੱਚ ਪੈਦਾ ਹੋਇਆ ਮਾਨਵ-ਵਿਗਿਆਨੀ ਸੀ, ਜਿਸ ਨੇ ਭਾਰਤ ਦੇ ਕਬਾਇਲੀ ਲੋਕਾਂ ਬਾਰੇ ਬੜਾ ਨਿੱਠ ਕੇ ਕੰਮ ਕੀਤਾ ਸੀ। ਮਾਰਚ 1999 ਵਿੱਚ ਆਕਸਫੋਰਡ ਯੂਨੀਵਰਸਿਟੀ ਪ੍ਰੈਸ (ਓ ਯੂ ਪੀ) ਵੱਲੋਂ ‘ਸੈਵੇਜਿੰਗ ਦਾ ਸਿਵਿਲਾਈਜ਼ਡ’ ਸਿਰਲੇਖ ਹੇਠ ਛਾਪੀ ਇਹ ਜੀਵਨੀ ਕਾਫੀ ਪਸੰਦ ਕੀਤੀ ਗਈ ਅਤੇ ਖੋਜ ਕਾਰਜਾਂ ਲਈ ਇਸ ਦੀ ਕਾਫੀ ਵਿਕਰੀ ਵੀ ਹੋਈ। ਇਹ ਕਿਤਾਬ ਛਪਣ ਤੋਂ ਇੱਕ-ਦੋ ਮਹੀਨੇ ਬਾਅਦ ਮੈਨੂੰ ਨਵੀਂ ਦਿੱਲੀ ਤੋਂ ਬਹੁਤ ਸੀਨੀਅਰ ਅਤੇ ਸਤਿਕਾਰਤ ਲਾਇਬ੍ਰੇਰੀਅਨ ਦਾ ਫੋਨ ਆਇਆ, ਜਿਸ ਨੂੰ ਮੈਂ ਥੋੜ੍ਹਾ-ਬਹੁਤ ਜਾਣਦਾ ਸਾਂ। ਉਸ ਨੇ ਪੁੱਛਿਆ ਕਿ ਕੀ ਮੈਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜੀਵਨੀ ਲਿਖ ਸਕਦਾ ਸਾਂ। ਉਸ ਨੇ ਦੱਸਿਆ ਕਿ ਮੈਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਪਰਵਾਰ ਨੂੰ ਉਨ੍ਹਾਂ ਨੂੰ ਇਸ ਸੰਬੰਧ ਵਿੱਚ ਨਾਂਅ ਸੁਝਾਉਣ ਲਈ ਕਿਹਾ ਸੀ ਅਤੇ ਲਾਇਬ੍ਰੇਰੀਅਨ ਨੇ ਮੇਰੀ ਐਲਵਿਨ ਵਾਲੀ ਜੀਵਨੀ ਦੇਖ ਕੇ ਸੰਪਰਕ ਕੀਤਾ ਸੀ। ਉਨ੍ਹਾਂ ਜੀਵਨੀ ਲਈ ਓ ਯੂ ਪੀ ਨਾਲ ਪਹਿਲਾਂ ਹੀ ਗੱਲ ਕਰ ਲਈ ਸੀ, ਜਿਸ ਨੇ ਇਸ ਦੀ ਹਾਮੀ ਭਰੀ ਸੀ। ਲਾਇਬ੍ਰੇਰੀਅਨ ਨੇ ਮੈਨੂੰ ਕਿਹਾ ਕਿ ਕਿਸੇ ਪ੍ਰਧਾਨ ਮੰਤਰੀ ਬਾਰੇ ਛਪਣ ਵਾਲੀ ਕਿਤਾਬ ਵਿੱਚ ਲੋਕਾਂ ਦੀ ਭਾਰੀ ਦਿਲਚਸਪੀ ਹੋਣ ਤੋਂ ਇਲਾਵਾ ਬਿਨਾਂ ਸ਼ੱਕ ਸਰਕਾਰ ਦਾ ਹਰ ਵਿਭਾਗ ਇਸ ਦੀਆਂ ਬਹੁਤ ਸਾਰੀਆਂ ਕਾਪੀਆਂ ਖਰੀਦੇਗਾ ਅਤੇ ਇਸ ਦਾ ਵੱਖ-ਵੱਖ ਰਾਜ ਸਰਕਾਰਾਂ ਵੱਲੋਂ ਹਿੰਦੀ ਵਿੱਚ ਅਨੁਵਾਦ ਕਰਾਇਆ ਜਾਵੇਗਾ। ਆਰ ਐੱਸ ਐੱਸ ਦੀਆਂ ਸਾਰੀਆਂ ਸ਼ਾਖਾਵਾਂ ਵੀ ਇਹ ਕਿਤਾਬਾਂ ਖਰੀਦਣਗੀਆਂ। ਇਸ ਦਾ ਵਿੱਤੀ ਮਾਣ-ਭੱਤਾ ਵੀ ਵਧੀਆ ਹੋਵੇਗਾ, ਪਰ ਮੈਂ ਹਾਮੀ ਨਾ ਭਰੀ। ਵਜ੍ਹਾ ਇਹ ਸੀ ਕਿ ਸਾਈ `ਤੇ ਲਿਖਣ ਵਾਲਾ ਕੋਈ ਜੀਵਨੀਕਾਰ ਕਦੇ ਵੀ ਸੱਤਾ 'ਚ ਬੈਠੇ ਸਿਆਸਤਦਾਨ ਬਾਰੇ ਬੇਲਾਗ ਅਤੇ ਆਜ਼ਾਦਾਨਾ ਢੰਗ ਨਾਲ ਨਹੀਂ ਲਿਖ ਸਕਦਾ। ਦੂਜਾ ਕਾਰਨ, ਵਾਜਪਾਈ ਖੁਦ ਵਧੀਆ ਇਨਸਾਨ ਸਨ, ਪਰ ਉਨ੍ਹਾਂ ਦੀ ਪਾਰਟੀ ਦਾ ਹਿੰਦੂ ਬਹੁ-ਗਿਣਤੀਵਾਦ ਦਾ ਬ੍ਰਾਂਡ ਗਾਂਧੀ ਦੇ ਬਹੁਲਤਾਵਾਦੀ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਵਾਲੇ ਹਿੰਦੂਵਾਦ ਦੇ ਪੂਰੀ ਤਰ੍ਹਾਂ ਖਿਲਾਫ ਹੈ। ਕਿਉਂਕਿ ਮੈਂ ਲਾਇਬ੍ਰੇਰੀਅਨ ਨੂੰ ਜ਼ਿਆਦਾ ਨਹੀਂ ਸਾਂ ਜਾਣਦਾ, ਇਸ ਲਈ ਮੈਂ ਉਸ ਨੂੁੰ ਆਪਣੀ ਗੱਲ ਖੁੱਲ੍ਹ ਕੇ ਦੱਸ ਸਕਿਆ ਤੇ ਇਹੋ ਆਖਿਆ ਕਿ ਵੇਰੀਅਰ ਐਲਵਿਨ ਮੁਕਾਬਲਤਨ ਛੋਟੀ ਹਸਤੀ ਸੀ। ਇਸ ਲਈ ਮੈਂ ਭਾਵੇਂ ਐਲਵਿਨ ਬਾਰੇ ਲਿਖ ਸਕਦਾ ਹਾਂ, ਪਰ ਮੈਂ ਆਪਣੇ ਸਤਿਕਾਰਤ ਪ੍ਰਧਾਨ ਮੰਤਰੀ ਵਰਗੀ ਵੱਡੀ ਹਸਤੀ ਬਾਰੇ ਲਿਖਣ ਦੇ ਆਪਣੇ ਆਪ ਨੂੰ ਯੋਗ ਨਹੀਂ ਸਮਝਦਾ।
ਅਟਲ ਬਿਹਾਰੀ ਵਾਜਪਾਈ ਦੀ ਜੀਵਨੀ ਲਿਖਣ ਦੀ ਇਹ ਪਹਿਲੀ ਪੇਸ਼ਕਸ਼ ਜ਼ਰੂਰ ਸੀ, ਪਰ ਆਖਰੀ ਨਹੀਂ ਸੀ। ਜਦੋਂ ਮੈਂ 2002 ਵਿੱਚ ਕ੍ਰਿਕਟ ਬਾਰੇ ਕਿਤਾਬ ਲਿਖੀ ਤਾਂ ਦੋ ਕ੍ਰਿਕਟਰਾਂ ਨੇ ਆਪੋ-ਆਪਣੀਆਂ ਜੀਵਨੀਆਂ ਲਿਖਵਾਉਣ ਲਈ ਮੇਰੇ ਨਾਲ ਸੰਪਰਕ ਕੀਤਾ, ਜਿਨ੍ਹਾਂ ਵਿੱਚੋਂ ਇੱਕ ਹਾਲੇ ਵੀ ਖੇਡਦਾ ਹੈ ਤੇ ਦੂਜਾ ਪਿੱਛੇ ਜਿਹੇ ਰਿਟਾਇਰ ਹੋਇਆ ਹੈ। ਜਦੋਂ ਮੈਂ 2007 ਵਿੱਚ ਆਜ਼ਾਦ ਭਾਰਤ ਦਾ ਇਤਿਹਾਸ ਲਿਖਿਆ ਤਾਂ ਕੁਝ ਸਮਾਂ ਪਹਿਲਾਂ ਹੀ ਗੁਜ਼ਰ ਗਏ ਇੱਕ ਕਾਂਗਰਸੀ ਆਗੂ ਦੇ ਪੁੱਤਰ ਨੇ ਆਪਣੇ ਪਿਤਾ ਦੀ ਜੀਵਨੀ ਲਿਖਣ ਲਈ ਮੈਨੂੰ ਆਖਿਆ। ਇਸੇ ਦੌਰਾਨ ਦੇਸ਼ ਦੇ ਬਹੁਤ ਹੀ ਮਸ਼ਹੂਰ ਸਾਇੰਸਦਾਨ ਦੇ ਸਹਾਇਕ ਨੇ ਸੰਪਰਕ ਕੀਤਾ ਤਾਂ ਕਿ ਮੈਂ ਇਸ ਨਾਮੀ ਸਾਇੰਸਦਾਨ ਦੇ 80ਵੇਂ ਜਨਮ ਦਿਨ `ਤੇ ਉਸ ਦੇ ਬਾਰੇ ਕਿਤਾਬ ਲਿਖਾਂ, ਇਸੇ ਤਰ੍ਹਾਂ ਦੇਸ਼ ਦੇ ਬਹੁਤ ਸਤਿਕਾਰਤ ਅਰਥ ਸ਼ਾਸਤਰੀ ਤੇ ਪ੍ਰਸ਼ਾਸਕ ਦੇ ਪਰਵਾਰ ਨੇ ਇਸ ਹਸਤੀ ਦੀ ਜੀਵਨੀ ਲਿਖਣ ਲਈ ਮੇਰੇ ਤੱਕ ਪਹੁੰਚ ਕੀਤੀ। ਹੋਰ ਵੀ ਕਈ ਨਾਮੀ, ਰਸੂਖਵਾਨ ਤੇ ਅਮੀਰ ਭਾਰਤੀਆਂ ਦੀਆਂ ਜੀਵਨੀਆਂ ਲਿਖਣ ਲਈ ਮੈਨੂੰ ਅਣਚਾਹੀਆਂ ਪੇਸ਼ਕਸ਼ਾਂ ਹੋਈਆਂ। ਮੈਂ ਇਹ ਸਾਰੀਆਂ ਪੇਸ਼ਕਸ਼ਾਂ ਠੁਕਰਾ ਦਿੱਤੀਆਂ। ਕੁਝ ਇਸ ਕਾਰਨ ਕਿ ਲੇਖਣੀ ਲਈ ਮੇਰੀਆਂ ਆਪਣੀਆਂ ਵਚਨ-ਬੱਧਤਾਵਾਂ ਸਨ, ਕੁਝ ਇਸ ਕਾਰਨ ਕਿ ਮੈਂ ਜਾਣਦਾ ਸਾਂ ਕਿ ਮੈਂ ਇਸ ਕੰਮ ਲਈ ਯੋਗ ਨਹੀਂ ਸਾਂ। ਮੇਰੀ ਕਿਸੇ ਰਿਟਾਇਰਡ ਕ੍ਰਿਕਟਰ ਦੀ ਹਊਮੈ ਨੂੰ ਪੱਠੇ ਪਾਉਣ ਦੀ ਕੋਈ ਖਾਹਿਸ਼ ਨਹੀਂ ਸੀ, ਨਾ ਮੈਂ ਕਿਸੇ ਨਾਮੀ ਸਾਇੰਸਦਾਨ ਦੀਆਂ ਖੋਜਾਂ ਤੇ ਉਸ ਦੀਆਂ ਬੌਧਿਕ ਪ੍ਰਾਪਤੀਆਂ ਬਾਰੇ ਲਿਖਣ ਦੇ ਆਪਣੇ ਆਪ ਨੂੰ ਕਿਸੇ ਤਰ੍ਹਾਂ ਯੋਗ ਸਮਝਦਾ ਸਾਂ। ਉਂਜ ਵੀ ‘ਸਾਈ ਵਾਲੀ’ ਜਾਂ ‘ਅਧਿਕਾਰਤ ਢੰਗ ਨਾਲ’ ਜੀਵਨੀ ਲਿਖਣਾ ਮੈਨੂੰ ਪਸੰਦ ਹੀ ਨਹੀਂ, ਮੈਂ ਤਾਂ ਕਿਸੇ ਅਜਿਹੇ ਸ਼ਖਸ ਬਾਰੇ ਲਿਖ ਸਕਦਾ ਹਾਂ, ਜਿਸ ਲਈ ਮੇਰੇ ਅੰਦਰੋਂ ਆਵਾਜ਼ ਉਠੇ, ਉਸ ਵਿੱਚ ਮੇਰੀ ਆਪਣੀ ਦਿਲਚਸਪੀ ਹੋਵੇ, ਨਾ ਕਿ ਇਸ ਲਈ ਕਿ ਕਿਸੇ ਨੇ ਮੋਟੀ ਰਕਮ ਦੇ ਕੇ ਮੈਨੂੰ ਇੰਝ ਕਰਨ ਲਈ ਆਖਿਆ ਹੈ।
ਮੈਂ ਵੇਰੀਅਰ ਐਲਵਿਨ ਬਾਰੇ ਇਸ ਕਾਰਨ ਲਿਖਿਆ ਕਿ ਇਹੋ ਉਹ ਇਨਸਾਨ ਸੀ, ਜਿਸ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ। ਮੈਂ ਉਦੋਂ ਇਕਨਾਮਿਕਸ ਦਾ ਆਮ ਵਿਦਿਆਰਥੀ ਸਾਂ, ਜਦੋਂ ਮੇਰਾ ਉਸ ਦੀਆਂ ਲਿਖਤਾਂ ਨਾਲ ਵਾਹ ਪਿਆ। ਉਸ ਨੂੰ ਪੜ੍ਹ ਕੇ ਮੈਨੂੰ ਸੋਸਿ਼ਆਲੋਜੀ ਅਤੇ ਸਮਾਜਕ ਇਤਿਹਾਸ ਬਾਰੇ ਹੋਰ ਪੜ੍ਹਨ ਦੀ ਪ੍ਰੇਰਨਾ ਮਿਲੀ। ਮੈਂ ਗਾਂਧੀ ਬਾਰੇ ਇਸ ਕਾਰਨ ਲਿਖਿਆ ਕਿ ਮੈਂ ਵਿਦਿਆਰਥੀ ਹੋਣ ਵੇਲੇ ਤੋਂ ਉਸ ਦੀ ਜ਼ਿੰਦਗੀ ਅਤੇ ਵਿਰਾਸਤ ਤੋਂ ਪ੍ਰਭਾਵਤ ਸਾਂ। ਇਤਿਹਾਸਕਾਰ ਵਜੋਂ ਮੈਨੂੰ ਦੁਨੀਆ ਭਰ ਵਿੱਚੋਂ ਗਾਂਧੀ ਬਾਰੇ ਅਣਗਿਣਤ ਦੁਰਲੱਭ ਪੁਰਾਲੇਖ ਮਿਲੇ ਜਿਨ੍ਹਾਂ ਨੇ ਮੈਨੂੰ ਇਸ ਇਨਸਾਨ ਦੀ ਦੋ ਜਿਲਦਾਂ ਵਾਲੀ ਜੀਵਨੀ ਲਿਖਣ ਲਈ ਪ੍ਰੇਰਿਆ।
ਇਸ ਦੌਰਾਨ ਮੈਨੂੰ ਦਸੰਬਰ 2013 ਵਿੱਚ ਗੌਤਮ ਅਡਾਨੀ ਦੀ ਜੀਵਨੀ ਬਾਰੇ ਪੇਸ਼ਕਸ਼ ਹੋਈ, ਪਰ ਉਦੋਂ ਤੱਕ ਮੈਨੂੰ ਅਜਿਹੀਆਂ ਪੇਸ਼ਕਸ਼ਾਂ ਨੂੰ ਠੁਕਰਾਉਣ ਦਾ ਅਭਿਆਸ ਹੋ ਚੁੱਕਾ ਸੀ। ਇਸ ਲਈ ਮੈਂ ਉਸ ਨੌਜਵਾਨ ਲੇਖਕ ਅਤੇ ਉਸ ਦੀ ਸਲਾਹਕਾਰੀ ਕੰਪਨੀ ਨੂੰ ਭੇਜੀ ਜਵਾਬੀ ਈ-ਮੇਲ ਵਿੱਚ ਸਾਫ-ਸਾਫ ਲਿਖ ਦਿੱਤਾ ਕਿ ਮੈਂ ਅਡਾਨੀ ਦੀ ਜੀਵਨੀ ਬਾਰੇ ਉਨ੍ਹਾਂ ਦਾ ‘ਸੇਧਗਾਰ ਅਤੇ ਸਲਾਹਕਾਰ' ਨਹੀਂ ਬਣ ਸਕਦਾ, ਕਿਉਂਕਿ ਮੈਂ ਪਹਿਲਾਂ ਹੀ ਗਾਂਧੀ ਦੀ ਜੀਵਨੀ ਦੀ ਦੂਜੀ ਜਿਲਦ ਲਿਖਣ ਵਿੱਚ ਰੁੱਝਾ ਹੋਇਆ ਸਾਂ। ਮੈਂ ਇਹ ਪੱਤਰ ਕੁਝ ਦੋਸਤਾਂ ਨਾਲ ਸਾਂਝਾ ਕੀਤਾ ਅਤੇ ਨਾਲ ਹੀ ਲਿਖਿਆ, ‘ਮੈਂ ਇਸ ਪੇਸ਼ਕਸ਼ ਨੂੰ ਮਨਜ਼ੂਰ ਕਰਨ ਦਾ ਇੱਕੋ ਕਾਰਨ ਮੰਨਦਾ ਹਾਂ ਕਿ ਜੇ ਮੈਂ ਆਪਣੀਆਂ ਯਾਦਾਂ ਨੂੰ ਇਹ ਸਿਰਲੇਖ ਦੇ ਸਕਾਂ: ‘ਇੱਕ ਜੀਵਨੀਕਾਰ ਦਾ ਸਫਰ-ਗਾਂਧੀ ਤੋਂ ਅਡਾਨੀ ਤੱਕ’। ਇੱਕ ਦੋਸਤ ਨੇ ਇਸ ਸੰਭਾਵੀ (ਪਰ ਖੁਸ਼ਕਿਸਮਤੀ ਨਾਲ ਕਦੇ ਵੀ ਨਾ ਲਿਖੀ ਗਈ) ਕਿਤਾਬ ਲਈ ਵਧੇਰੇ ਕਰਾਰਾ ਅਤੇ ਵਧੀਆ ਸਿਰਲੇਖ ਸੁਝਾਇਆ : ‘ਗਾਂਧੀ ਤੋਂ ਬਾਅਦ ਅਡਾਨੀ’।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ