Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ
 
ਨਜਰਰੀਆ

ਪਹਿਲੀ ਉਦਾਸੀ ਉੱਤੇ ਨਾਨਕ ਦਾ ਤੁਰਨ ਵੇਲਾ

December 01, 2020 09:41 AM

-ਮਨਮੋਹਨ ਸਿੰਘ ਦਾਊਂ
ਲੋਧੀ ਦੇ ਸੁਲਤਾਨਪੁਰ 'ਚ ਗੱਲਾਂ ਹੋਣ ਲੱਗੀਆਂ, ਨਾਨਕ ਬਾਰੇ। ਬੇਬੇ ਨਾਨਕੀ ਦਾ ਭਰਾ ਫਕੀਰ ਬਣ ਗਿਆ। ਸਾਧੂ ਰੂਪੀ ਹੋ ਗਿਆ। ਇੱਕ ਮਰਾਸੀ ਡੂਮ ਮਰਦਾਨਾ ਉਸ ਦਾ ਸੰਗ ਕਰਨ ਲੱਗ ਪਿਆ। ਦੋਸਤੀ ਗੰਢੀ ਗਈ। ਰਬਾਬ ਵਜਾਉਣ ਨੂੰ ਕਹਿੰਦਾ, ਨਾਨਕ ਤਾਂ ਜੋਗੀ ਤੇ ਲਟਬੌਰਾ ਹੋਇਆ ਲੱਗਦਾ।
ਮੋਦੀਖਾਨੇ ਦਾ ਲੇਖਾ-ਜੋਖਾ ਨਿਪਟ ਗਿਆ ਹੈ। ਨਾਨਕ ਨੇ ਆਪਣੇ ਖਾਤੇ ਦੇ ਵਾਧੂ ਨਿਕਲੇ ਪੈਸੇ ਲੋੜਵੰਦਾਂ ਵਿੱਚ ਵੰਡ ਦਿੱਤੇ ਹਨ। ਨੌਕਰੀ ਤਿਆਗ ਦਿੱਤੀ ਹੈ। ਬੱਚਿਆਂ ਦਾ ਕੀ ਹੋਊ? ਭੈਣ ਨਾਨਕੀ ਨੂੰ ਔਕੜ ਝੱਲਣੀ ਪੈਣੀ। ਜੈ ਰਾਮ ਕਿੰਨਾ ਕੁ ਚਿਰ ਨਵਾਬ ਦੌਲਤ ਖਾਂ ਨੂੰ ਤਸੱਲੀ ਦੇ ਸਕਦਾ ਹੈ। ਗ੍ਰਹਿਸਥੀ ਨਾਨਕ ਦਾ ਕੀ ਬਣੂ। ਸੁਲਤਾਨਪੁਰ ਦੀਆਂ ਗਲੀਆਂ 'ਚ ਸੱਥਾਂ 'ਚ ਨਾਨਕ ਵੱਲੋਂ ਮੋਦੀ ਦੀ ਨੌਕਰੀ ਛੱਡ ਦੇਣ ਬਾਰੇ ਗੱਲਾਂ ਸੁਲਗਦੀਆਂ ਰਹੀਆਂ।
ਨਾਨਕ ਦੀ ਚੁੱਪ ਡੂੰਘੀ ਸੀ। ਮਰਦਾਨਾ ਰਬਾਬ ਨੂੰ ਸਾਂਭ-ਸਾਂਭ ਰੱਖ ਰਿਹਾ ਸੀ। ਤੰਤੀ ਤਾਰਾਂ ਨੂੰ ਕੰਨੀਂ ਲਾਉਂਦਾ। ਪੋਟਿਆਂ ਨਾਲ ਟੁਣਕਾਉਂਦਾ, ਅੱਖਾਂ ਮੀਟ ਲੈਂਦਾ। ਬੇਬੇ ਨਾਨਕੀ ਵੱਲੋਂ ਦਿੱਤੀ ਰਬਾਬ ਮਰਦਾਨੇ ਲਈ ਇੱਕ ਮੁਕੱਦਸ ਸਾਜ਼ ਨਾਲੋਂ ਰੂਹ ਦਾ ਸਾਥ ਬਣ ਗਈ ਸੀ। ਕਿਸੇ ਨੂੰ ਨਹੀਂ ਸੀ ਪਤਾ ਕਿ ਨਾਨਕ ਸੁਲਤਾਨਪੁਰ ਤੋਂ ਵਿਦਾ ਹੋਣ ਵਾਲਾ ਹੈ। ਘਰ ਬਾਰ ਕੌਣ ਤਿਆਗਦਾ ਹੈ? ਮੋਹ ਦੀਆਂ ਤੰਦਾਂ ਤੋਂ ਮੁਕਤ ਹੋਣਾ ਸੌਖਾ ਨਹੀਂ। ਇੱਕ ਬਾਲ (ਲਖਮੀ ਦਾਸ) ਅਜੇ ਸੁਲੱਖਣੀ ਦੀ ਗੋਦਿਓਂ ਲੱਥਿਆ ਤੇ ਦੂਜਾ ਬਾਲ (ਸ੍ਰੀ ਚੰਦ) ਅਜੇ ਖੇਡਣ ਦੀ ਰੁੱਤੇ ਤੁਰਨਾ ਹੀ ਸਿੱਖਿਆ। ਬਾਲਕ ਮਾਂ ਦਾ ਸਾਥ ਕਿਵੇਂ ਛੱਡਣ ਤੇ ਪਿਤਾ ਦੇ ਪਿਆਰ ਨੂੰ ਲੋਚਣ। ਪਤਨੀ ਨੂੰ ਸਿਰ ਦੇ ਸਾਈਂ ਬਿਨਾਂ ਢੋਈ ਔਖੀ।
ਲੋਕਾਂ ਦੀਆਂ ਜੀਭਾਂ ਕਿਸੇ ਨੂੰ ਵੀ ਨਹੀਂ ਬਖਸ਼ਦੀਆਂ। ਕੰਧਾਂ ਵੀ ਬੋਲਣ ਲੱਗ ਜਾਂਦੀਆਂ ਹਨ। ਆਪਣਾ ਕੱਦ ਵੱਡਾ ਅਤੇ ਦੂਜੇ ਨੂੰ ਨੀਵਾਂ ਕਰਨਾ ਸਮਿਆਂ ਦੀ ਫਿਤਰਤ ਰਹੀ ਹੈ। ਜਿੰਨੇ ਮੂੰਹ ਉਤਨੀਆਂ ਗੱਲਾਂ। ਸੁਲੱਖਣੀ ਸਭ ਕੁਝ ਸੁਣਦੀ। ਕਦੇ-ਕਦੇ ਤਕਦੀਰ ਨੂੰ ਕੋਸਦੀ। ਸੋਚਣ ਲੱਗਦੀ। ਬੱਚਿਆਂ ਦਾ ਕੀ ਹੋਊ? ਜੀਵਨ ਪੈਂਡਾ ਬੜਾ ਲੰਮਾ ਪਿਆ ਹੈ।
ਡੂੰਘੇ ਪਾਣੀਆਂ ਦੀ ਹਾਕ ਕਿਸ ਨੂੰ ਸੁਣਦੀ। ਦਰਦ ਦੇ ਸਾਗਰ ਨੂੰ ਕੌਣ ਕੰਨ ਲਾਉਂਦਾ।
ਬੇਬੇ ਨਾਨਕੀ ਦਿਲਾਸਾ ਦਿੰਦੀ। ਘਰ ਦੀ ਵੁੱਕਤ ਨੂੰ ਬਣਾਈ ਰੱਖਣ ਦੇ ਯਤਨ ਕਰਦੀ। ਜੈ ਰਾਮ ਕੋਲ ਨਵਾਬ ਦੌਲਤ ਖਾਂ ਅੱਗੇ ਹੱਥ ਜੋੜਨ ਤੇ ਭਰੋਸਾ ਦੁਆਉਣ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ।
ਦੂਜੇ ਬੰਨੇ ਦੌਲਤ ਖਾਂ ਤੇ ਕਾਜ਼ੀ ਅੰਦਰੋਂ-ਅੰਦਰੀ ਨਾਨਕ ਦੀ ਦਿੱਬ-ਦਿ੍ਰਸ਼ਟੀ ਤੇ ਸੱਚ ਅੱਗੇ ਸ਼ਰਮਿੰਦਾ ਹੋ ਰਹੇ ਸਨ। ਦੌਲਤ ਖਾਂ ਨੂੰ ਸਮਝ ਆ ਗਈ ਸੀ ਕਿ ਨਾਨਕ ਦੀ ਬਦਖੋਈ ਕਰਨ ਵਾਲੇ ਨਿੰਦਕ ਹਨ। ਚੁਗਲਖੋਰ ਹਨ, ਹਿਤੈਸ਼ੀ ਨਹੀਂ। ਸੱਚ ਸੁਣਨਾ ਤੇ ਸੱਚ ਪਰਖਣਾ ਬੜਾ ਔਖਾ।
‘‘ਨਾਨਕ 'ਚ ਰੱਬੀ ਜੋਤ ਹੈ। ਉਸ ਦਾ ਵੇਂਈ ਵਿੱਚੋਂ ਉਦੈ ਹੋ ‘ਨਾ ਕੋ ਹਿੰਦੂ ਨਾ ਮੁਸਲਮਾਨ’ ਦਾ ਸੰਦੇਸ਼ ਮਨੁੱਖਤਾ ਨੂੰ ਸਿੱਧੇ ਰਸਤੇ ਪਾਉਣ ਵਾਲਾ ਹੈ।” ਦੌਲਤ ਖਾਂ ਹੱਥੋਂ ‘ਤੇਰਾ ਤੇਰਾ' ਜਪਣ ਵਾਲਾ ਸਾਦਿਕ ਨਿਕਲ ਚੁੱਕਿਆ ਸੀ। ਨਾਨਕ ਦਾ ਫੈਸਲਾ ਤਾਂ ਅਟੱਲ ਸੀ। ਵਪਾਰਕ ਮਾਇਆ ਠੀਕਰੀਆਂ ਸਮਾਨ ਸੀ। ਅਗਲੇ ਪੈਂਡਿਆਂ ਦਾ ਵਣਜ ਚਾਨਣਵੰਤਾ ਸੀ।...
ਮੋਦੀਖਾਨੇ 'ਚ ਸੁੰਨ ਸੀ। ਵਸਤਾਂ ਬੇਅਰਥ ਲੱਗ ਰਹੀਆਂ ਸਨ। ਤੱਕੜੀ ਤੇ ਸਿਲ-ਵੱਟੇ ਨਾਨਕ ਦੀ ਛੂਹ ਲਈ ਤਰਸ ਰਹੇ ਸਨ। ਗੱਲੇ ਵਾਲੀ ਸੰਦੂਕੜੀ ਉਦਾਸ ਸੀ।
ਲੋੜਵੰਦਾਂ ਦਾ ਦਾਨੀ ਆਪਣੇ ਪਿੱਛੇ ਸਭ ਕੁਝ ਛੱਡ ਆਇਆ ਸੀ। ਚਾਨਣ ਦੀ ਕਾਤਰ ਅੱਗੇ ਕੂੜ ਹਾਰ ਗਿਆ ਸੀ। ਪ੍ਰਸ਼ਨ ਰਹਿਤ ਹੋ ਗਏ ਸਨ। ਸੁਲਤਾਨਪੁਰ 'ਚ ਚੌਦਾਂ ਕੁ ਵਰ੍ਹਿਆਂ ਦੀ ਠਹਿਰ ਨਾਨਕ ਦੀ ਤਪੱਸਿਆ ਦੀ ਕਮਾਈ ਸੀ। ਬ੍ਰਹਮ ਦਾ ਗਿਆਨ ਪ੍ਰਕਾਸ਼ ਬਣਨ ਲੋਚਦਾ ਸੀ। ਚੌਂਹ-ਕੁੰਟਾਂ 'ਚ ਫੈਲਣ ਲਈ ਕਾਦਰ ਪੁਕਾਰ ਰਿਹਾ ਸੀ। ਆਲਮ ਤੜਪ ਰਿਹਾ ਸੀ। ਅੱਗ ਦਾ ਸੇਕ ਜਗਤ ਨੂੰ ਲੂਸ ਰਿਹਾ ਸੀ। ਕੋਈ ਸ਼ਾਂਤੀ ਦਾ ਪੰੁਜ ਲੋੜੀਂਦਾ ਸੀ। ਵੇਲਾ ਆ ਗਿਆ ਸੀ, ਕਿਸੇ ਪਰ-ਉਪਕਾਰੀ ਦਾ ਖੜਾਵਾਂ ਪਾ ਤੁਰਨ ਦਾ।
ਸੁਲਤਾਨਪੁਰ 'ਚ ਅੱਜ ਪਹਿਲਾਂ ਵਾਂਗ ਹੀ ਸੂਰਜ ਪੂਰਬ ਤੋਂ ਚੜ੍ਹਿਆ ਸੀ, ਪਹੁ-ਫੁਟਾਲਾ ਹੋਇਆ ਸੀ। ਇੱਕ ਹੋਰ ਸੂਰਜ ਉਦੈ ਹੋਣਾ ਸੀ। ਪੂਰਬ ਦਿਸ਼ਾ ਨੂੰ ਹੋਰ ਚਾਨਣ ਦੀ ਲੋੜ ਸੀ। ਕਿਸੇ ਦੀ ਉਡੀਕ ਸੀ। ਬਹੁਤ ਲੰਮੇ ਪੈਂਡੇ ਲਈ ਬਹੁਤ ਵਰ੍ਹਿਆਂ ਦਾ ਪੰਧ ਤੈਅ ਕਰਨਾ ਸੀ।
ਇੱਕ ਅਸਥਾਨ ਤੋਂ ਅਲਵਿਦਾ ਲੈਣੀ ਸੀ। ਅਨੇਕ ਥਾਵਾਂ ਨੂੰ ਢੂੰਡਣ ਜਾਣਾ ਸੀ। ਪੈਰਾਂ ਥੱਲੇ ਅਮੁੱਕ ਸਫਰਾਂ ਦੀਆਂ ਪੈੜਾਂ ਨੇ ਚਾਨਣ ਬਣਨਾ ਸੀ। ਕਿਸੇ ਨੂੰ ਕੁਝ ਨਹੀਂ ਸੀ ਪਤਾ ਕਿ ਕੀ ਹੋਣ ਵਾਲਾ ਹੈ। ਨਾਨਕ ਤੇ ਮਰਦਾਨਾ ਦੀ ਗੁਫਤਗੂ ਨੇ ਫੈਸਲਾ ਕਰ ਲਿਆ ਸੀ। ਲੰਮੇ ਪੈਂਡਿਆਂ ਦਾ ਸਾਥ ਦੋਸਤੀ 'ਚ ਬਦਲਣਾ ਸੀ।
ਆਖਰ ਨਾਨਕ ਨੇ ਘਰੋਂ ਬਾਹਰ ਪੈਰ ਰੱਖਿਆ। ਦਹਿਲੀਜ਼ ਨੇ ਵਿਗੋਚੇ ਦਾ ਘੁੱਟ ਭਰਿਆ। ਨਾਨਕ ਨੇ ‘ਸਤਿ ਕਰਤਾਰ’ ਸ਼ਬਦ ਉਚਾਰੇ। ਸੁਲੱਖਣੀ ਖਾਮੋਸ਼ ਸੀ। ਕੁਝ ਨਾ ਕਹਿ ਸਕੀ। ਸਬਰ ਦਾ ਘੁੱਟ ਭਰਿਆ। ਨਾਨਕ ਨੇ ਦੋਵੇਂ ਬਾਲਕਾਂ ਵੱਲ ਨਜ਼ਰ ਮਾਰੀ। ਦਾਤਾ ਆਪਣੀ ਦਾਤ ਨੂੰ ਆਪ ਹੀ ਸੰਭਾਲੇਗਾ। ਉਹੀ ਸਗਲ ਦਾ ਪਾਲਣਹਾਰ ਹੈ।
ਘਰ ਚੁੱਪ ਦੀ ਚਾਦਰ 'ਚ ਲਿਪਟ ਗਿਆ ਸੀ। ਬੇਬੇ ਨਾਨਕੀ ਨੇ ਨਦਰੀ ਪੈਂਡਿਆਂ 'ਤੇ ਤੁਰਨ ਵਾਲੇ ਵੀਰ ਨਾਨਕ ਨੂੰ ਕੁਝ ਵਾਅਦੇ ਪੂਰਨ ਲਈ ਅਰਜ਼ੋਈ ਕੀਤੀ। ਭੈਣ ਪਿਆਰ ਅੱਗੇ ਭਰਾ ਦਾ ਸਿਰ ਝੁਕਿਆ। ਸਮੇਂ ਨੂੰ ਕੌਣ ਰੋਕੇ।
ਮਰਦਾਨੇ ਨੇ ਰਬਾਬ ਨੂੰ ਇਲਾਹੀ ਅਮਾਨਤ ਵਾਂਗ ਮੋਢੇ ਨੂੰ ਲਾ ਲਿਆ ਤੇ ਝੁਕ ਕੇ ਆਦਾਬ ਕੀਤਾ।
ਜੈ ਰਾਮ ਕੁਝ ਕਹਿਣ ਤੋਂ ਅਸਮਰੱਥ ਸੀ। ਜ਼ਿੰਮੇਵਾਰੀਆਂ ਦੇ ਅਹਿਸਾਸ ਨਾਲ ਉਹ ਹੋਰ ਵੀ ਨਿਮਰ ਹੋ ਗਿਆ ਸੀ। ਮੋਦੀਖਾਨੇ ਦੇ ਘਾਟੇ-ਵਾਧੇ ਦੀਆਂ ਗੱਲਾਂ ਅਤੇ ਚੁਗਲੀਆਂ ਤੋਂ ਸੁਰਖਰੂ ਹੋ ਗਿਆ ਸੀ। ਦੌਲਤ ਖਾਂ ਨਾਲ ਉਸ ਦਾ ਸੰਬੰਧ ਹੋਰ ਗੂੜ੍ਹਾ ਹੋ ਗਿਆ ਸੀ।
ਦੌਲਤ ਖਾਂ ਦੀ ਬੇਨਤੀ ਨੂੰ ਨਾਨਕ ਦੇ ਵਿਸਮਾਦੀ ਬੋਲਾਂ ਨੇ ਲਾ-ਜਵਾਬ ਕਰ ਦਿੱਤਾ ਸੀ। ਲੋਭ-ਲਾਲਚ ਦੀ ਸੀਮਾ ਮੁੱਕ ਚੁੱਕੀ ਸੀ। ਅਧਿਆਤਮ ਵਣਜ ਅੱਗੇ ਦੁਨਿਆਵੀ ਵਪਾਰ ਕਿੰਝ ਠਹਿਰ ਸਕਦਾ ਸੀ। ਪਛਤਾਵਾ ਕਰਨ ਦਾ ਵੇਲਾ ਵੀ ਕੁਝ ਨਹੀਂ ਕਰ ਸਕਦਾ। ਪਰਮਾਰਥ ਅੱਗੇ ਕਿਸ ਟਿਕਣਾ ਸੀ। ਉਦਾਸੀ ਦਾ ਰੂਪ ਬਣਿਆ ਦੌਲਤ ਖਾਂ ਖ਼ਿਮਾ ਦਾ ਪਾਤਰ ਬਣ ਗਿਆ ਸੀ। ‘ਨਗਰੀ ਦਾ ਭਲਾ ਹੋਵੇ’: ਨਾਨਕ ਦੇ ਬੋਲ ਸਨ। ਨਾਨਕ ਦੇ ਕਦਮ ਚਾਨਣ ਦੀ ਪੈੜ ਬਣਨ ਜਾ ਰਹੇ ਸਨ। ਕੁਝ ਵੀ ਨਾਲ ਲਿਆ ਨਹੀਂ ਸੀ, ਪਰ ਸਭ ਕੁਝ ਨਾਨਕ ਕੋਲ ਸੀ।
ਦਿ੍ਰਸ਼ਟ ਅਤੇ ਅਦਿ੍ਰਸ਼ਟ ਦੇ ਭੇਤ ਨਾਲ ਨਾਨਕ ਦੇ ਸ਼ਬਦਾਂ ਨੇ ਗੋਸ਼ਟੀ ਕਰਨੀ ਸੀ। ਸੰਗੀ ਮਰਦਾਨਾ ਪਿੱਛੇ ਹੋ ਤੁਰਿਆ। ਸੋਚੇ, ਵਚਨ ਤਾਂ ਪੂਰਾ ਕਰਨਾ ਹੀ ਪੈਣਾ। ਪੱਲੇ ਕੁਝ ਨਾ ਬੰਨ੍ਹਿਆ-ਬਸ ਰਬਾਬ ਹੀ ਨਾਲ ਸੀ। ਬੇਬੇ ਨਾਨਕੀ ਦੀ ਦਿੱਤੀ ਦਾਤ। ਦੇਹੀ ਨੇ ਸੰਗੀਤ ਦਾ ਜਾਮਾ ਪਹਿਨ ਲਿਆ ਸੀ।
ਸ਼ਬਦ ਤੇ ਰਬਾਬ ਦੀ ਦੋਸਤੀ ਦੀ ਪ੍ਰੀਖਿਆ ਹੋਣ ਚੱਲੀ ਸੀ। ਸੁਲਤਾਨਪੁਰ ਦੇ ਬਿਰਖਾਂ, ਬੂਟਿਆਂ, ਖੇਤਾਂ, ਥਾਵਾਂ ਤੇ ਪ੍ਰਕਿਰਤੀ ਨੂੰ ਨਾਨਕ ਨੇ ਨਿਹਾਰਿਆ। ਪੰਛੀਆਂ ਦਾ ਚਹਿਕਣਾ ਕੰਨੀ ਗੂੰਜਿਆ। ਕਿੰਨਾ ਕੁਝ ਸੀ, ਜੋ ਸਾਹਾਂ ਵਿੱਚ ਵਸਿਆ ਹੋਇਆ ਸੀ। ਪਿਛਾਂਹ ਤਿਆਗਣਾ ਸੀ, ਅਗਾਂਹ ਤੁਰਨਾ ਸੀ। ਨਾਨਕ ਨੇ ਵੇਈਂ ਦੇ ਵਗ ਰਹੇ ਨੀਰ ਨਾਲ ਖਾਮੋਸ਼ ਗੁਫਤਗੂ ਕੀਤੀ। ਪਾਣੀ ਉਦਾਸ ਹੋਇਆ ਤੇ ਹੱਸਿਆ। ਲੀਨਤਾ ਨਾਲ ਮੂਲ-ਮੰਤਰ ਦਾ ਚਿਤਵਨ ਕੀਤਾ। ਚਾਨਣ ਦੀ ਲੀਕ ਉਭਰੀ ਤੇ ਖਿੰਡ ਗਈ। ਅੰਬਰ ਦੀ ਨੀਲੱਤਣ ਵੇਈਂ ਦੇ ਪਾਣੀਆਂ ਵਿੱਚ ਘੁਲ ਗਈ। ਵੇਈਂ ਦੇ ਕੰਢੇ ਪਵਿੱਤਰ ਹੋ ਗਏ। ਉਸ ਨੂੰ ਆਪਣੇ ਮਹਿਰਮ ਦੀ ਛੂਹ ਯਾਦ ਆਈ। ਵੇਈਂ ਦੀ ਬੋਲੀ, ਨਾਨਕ ਦੇ ਉਚਾਰੇ ਪਲੇਠੇ ਸਬਦਾਂ ਦਾ ਜਾਪ ਕਰਨ ਲੱਗੀ।
ਤੁਰੇ ਜਾਂਦੇ ਨਾਨਕ ਦੇ ਅੱਗੇ ਵੀ ਚਾਨਣ ਸੀ, ਪਿੱਛੇ ਵੀ ਚਾਨਣ ਸੀ, ਸੱਜੇ ਵੀ ਚਾਨਣ ਸੀ, ਖੱਬੇ ਵੀ ਚਾਨਣ ਸੀ।
ਨਾਨਕ-ਮਰਦਾਨਾ ਚਾਨਣ ਦੇ ਵਣਜ ਲਈ ਪਹਿਲੀ ਉਦਾਸੀ 'ਤੇ ਤੁਰ ਪਏ ਸਨ। ਕਿਹੜਾ ਪਹਿਰ ਸੀ, ਕੀ ਸਮਾਂ ਸੀ, ਕਿਹੜਾ ਦਿਵਸ ਸੀ ਤੇ ਕਿਹੜੀ ਰੁੱਤ ਸੀ ਤੇ ਕਿਹੜਾ ਮੌਸਮ-ਕਿਆਸਣਾ ਮੁਸ਼ਕਲ ਸੀ। ਬੱਸ ਸਮਾਂ ਪ੍ਰਕਾਸ਼ ਬਣ ਗਿਆ ਸੀ।
‘‘ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ॥
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ॥”

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ