Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਅੰਤ ਭਲੇ ਦਾ ਭਲਾ

December 01, 2020 09:40 AM

-ਸੁਰਜੀਤ ਭਗਤ
ਤੇਰਾਂ ਕੁ ਸਾਲ ਪਹਿਲਾਂ ਅੱਧੀ ਰਾਤ ਸਮੇਂ ਦਿਲ ਦੀ ਧੜਕਣ ਅਚਾਨਕ ਵਧਣ ਕਾਰਨ ਅਤੇ ਪਤਨੀ ਦੇ ਜ਼ੋਰ ਦੇਣ `ਤੇ ਹਸਪਤਾਲ ਦਵਾਈ ਲੈਣ ਗਏ ਨੂੰ ਡਾਕਟਰਾਂ ਨੇ ‘ਦਿਲ ਦਾ ਜ਼ਬਰਦਸਤ ਦੌਰਾ’ ਦੱਸ ਦਿੱਤਾ। ਨਾਲ ਉਸ ਨੂੰ ਘਰੋਂ ਕਿਸੇ ਹੋਰ ਮਰਦ ਮੈਂਬਰ ਨੂੰ ਛੇਤੀ ਬੁਲਾਉਣ ਅਤੇ ਕਿਸੇ ਵੱਡੇ ਹਸਪਤਾਲ ਲੈ ਜਾਣ ਲਈ ਫੌਰਨ ਪੈਸਿਆਂ ਦਾ ਪ੍ਰਬੰਧ ਕਰਨ ਲਈ ਕਿਹਾ ਤਾਂ ਮੈਨੂੰ ਆਪਣੀ ਛੱਡ, ਪਤਨੀ ਦਾ ਇਸ ਗੱਲੋਂ ਫਿਕਰ ਪੈ ਗਿਆ ਕਿ ਇਹ ਅੱਧੀ ਰਾਤ ਇੱਕ ਵਜੇ ਇਕੱਲੀ ਕਿੱਥੇ ਟੱਕਰਾਂ ਮਾਰਦੀ ਫਿਰੇਗੀ। ਹਸਪਤਾਲ ਦੇ ਅਮਲੇ ਵੱਲੋਂ ਮੇਰੇ ਲਈ ਦਿਖਾਈ ਜਾ ਰਹੀ ਚਿੰਤਾ ਤੇ ਕਾਹਲੀ ਨਾਲ ਲਾਈਆਂ ਜਾ ਰਹੀਆਂ ਆਕਸੀਜਨ ਦੀਆਂ ਟੂਟੀਆਂ ਦਾ ਖਿਆਲ ਭੁੱਲ ਕੇ ਮੈਨੂੰ ਪਤਨੀ ਦਾ ਮੁੜ ਮੁੜ ਖਿਆਲ ਆ ਰਿਹਾ ਸੀ ਜਿਸ ਨੇ ਹਸਪਾਤਲਾਂ ਦਾ ਅਜਿਹਾ ਮਾਹੌਲ ਅਤੇ ਅਜਿਹੇ ਸੰਕਟ ਕਦੇ ਦੇਖੇ ਨਹੀਂ ਸਨ। ਉਸ ਦੀ ਹਾਲਤ ਇਹ ਹੋ ਗਈ ਸੀ ਕਿ ਉਹ ਆਪਣੇ ਘਰ ‘ਭਲਿਆ ਵੇਲਿਆਂ’ ਦੇ ਲੱਗੇ ਹੋਏ ਟੈਲੀਫੋਨ ਦਾ ਨੰਬਰ ਵੀ ਭੁੱਲ ਗਈ ਸੀ ਤੇ ਮੈਂ ਉਸ ਨੂੰ ਡੌਰ-ਭੌਰ ਹੋਈ ਦੇਖ ਕੇ ਉਸ ਦੇ ਹੱਥੋਂ ਮੋਬਾਈਲ ਫੜ ਕੇ ਘਰ ਦਾ ਨੰਬਰ ਮਿਲਾ ਕੇ ਦਿੱਤਾ, ਹਾਲਾਂਕਿ ਡਾਕਟਰਾਂ ਨੇ ਮੈਨੂੰ ਹਿੱਲਣ ਜੁਲਣ ਜਾਂ ਗੱਲਬਾਤ ਕਰਨ ਤੋਂ ਸਖਤੀ ਨਾਲ ਮਨ੍ਹਾ ਕੀਤਾ ਹੋਇਆ ਸੀ।
ਖੈਰ! ਕੁਝ ਮਿੰਟਾਂ ਵਿੱਚ ਮੇਰੇ ਵੱਡੇ ਭਰਾ, ਭਤੀਜੇ ਅਤੇ ਆਂਢ-ਗੁਆਂਢ ਦੇ ਕਾਫੀ ਜਣੇ ਹਸਪਤਾਲ ਪੁੱਜ ਗਏ। ਮੈਨੂੰ ਐਂਬੂਲੈਂਸ ਵਿੱਚ ਪਾ ਕੇ ਦੂਜੇ ਹਸਪਤਾਲ ਵੱਲ ਰਵਾਨਾ ਕੀਤਾ ਗਿਆ। ਪਤਾ ਨਹੀਂ ਮੈਨੂੰ ਕਿਉਂ ਕੋਈ ਬਹੁਤੀ ਘਬਰਾਹਟ ਜਾਂ ਆਪਣੇ ਜੀਵਨ ਨੂੰ ਦਰਪੇਸ਼ ਖਤਰੇ ਬਾਰੇ ਕੋਈ ਬਹੁਤਾ ਫਿਕਰ ਨਹੀਂ ਸੀ। ਹਸਪਤਾਲ ਵਿੱਚੋਂ ਹੂਟਰ ਮਾਰਦੀ ਐਂਬੂਲੈਂਸ ਤੇਜ਼ੀ ਨਾਲ ਨਿਕਲੀ ਤਾਂ ਅਚਾਨਕ ਮੈਨੂੰ ਰਾਹ ਵਿੱਚ ਪੈਂਦੇ ਰੇਲਵੇ ਫਾਟਕ ਦਾ ਖਿਆਲ ਆਇਆ। ਸੋਚਿਆ, ਮਨਾ! ਜੇ ਫਾਟਕ ਬੰਦ ਹੋਇਆ ਤਾਂ? ਫਾਟਕ ਬੰਦ ਹੋਣ ਦਾ ਮਤਲਬ ਸੀ ਘੱਟੋ-ਘੱਟ ਪੰਦਰਾਂ-ਵੀਹ ਮਿੰਟ ਦੀ ਦੇਰੀ। ਫਿਰ ਵੀ ਮੈਨੂੰ ਭਰੋਸਾ ਸੀ ਕਿ ਫਾਟਕ ਅੱਜ ਬੰਦ ਨਹੀਂ ਹੋਵੇਗਾ, ਕਿਸੇ ਵੀ ਕੀਮਤ, ਅਤੇ ਕਿਸੇ ਵੀ ਹਾਲਤ ਵਿੱਚ। ਕਾਰਨ? ਕਾਰਨ ਕੁਝ ਦਿਨ ਪਹਿਲਾਂ ਵਾਪਰੀ ਘਟਨਾ ਜ਼ਰੂਰ ਬਣੇਗੀ, ਐਂਬੂਲੈਂਸ ਵਿੱਚ ਸਟਰੈਚਰ ਅਤੇ ਆਕਸੀਜਨ ਅਤੇ ਹੋਰ ਕਈ ਸਾਰੀਆਂ ਨਾਲੀਆਂ ਲੱਗੇ ਪਏ ਹੋਏ, ਮੇਰੀਆਂ ਅੱਖਾਂ ਅੱਗੇ ਫਲੈਸ਼ਬੈਕ ਵਾਂਗ ਫਿਲਮ ਚੱਲਣ ਲੱਗ ਪਈ।...
ਹੋਇਆ ਇਹ ਕਿ ਅਸੈਂਬਲੀ ਚੋਣਾਂ ਵੇਲੇ ਅਕਾਲੀ ਅਤੇ ਕਾਂਗਰਸੀ ਵਰਕਰਾਂ ਦਾ ਝਗੜਾ ਹੋ ਗਿਆ। ਅਕਾਲੀ ਦਲ ਦੇ ਜਿੱਤਣ ਦੀ ਪੂਰੀ ਆਸ ਕਾਰਨ ਇਹ ਕੁਦਰਤੀ ਸੀ ਕਿ ਉਨ੍ਹਾਂ ਦੇ ਵਰਕਰਾਂ ਦਾ ਹੱਥ ਉੱਤੇ ਸੀ। ਪੁਲਸ ਦੀ ਕਾਰਵਾਈ ਤੋਂ ਨਾਰਾਜ਼ ਹੋਏ ਵਰਕਰਾਂ ਨੇ ਭਾਰਤ ਨਗਰ ਚੌਕ, ਲੁਧਿਆਣਾ ਨੇੜੇ ਈ ਐੱਸ ਆਈ ਹਸਪਤਾਲ ਅੱਗੇ ਚੌਕ ਵਿੱਚ ਸ਼ਾਮ ਵੇਲੇ ਧਰਨਾ ਲਾ ਦਿੱਤਾ। ਮੁੱਖ ਸੜਕ ਹੋਣ ਕਾਰਨ ਮਿੰਟਾਂ ਸਕਿੰਟਾਂ ਵਿੱਚ ਟਰੈਫਿਕ ਜਾਮ ਹੋ ਗਈ। ਦੂਰ ਦੂਰ ਤੱਕ ਬਸਾਂ, ਟਰੱਕਾਂ, ਕਾਰਾਂ ਤੇ ਹੋਰ ਗੱਡੀਆਂ ਦੀਆਂ ਕਤਾਰਾਂ ਲੱਗ ਗਈਆਂ। ਧਰਨਾਕਾਰੀ ਜੋਸ਼ ਅਤੇ ਗੁੱਸੇ ਵਿੱਚ ਨਾਅਰੇ ਲਾਉਂਦੇ ਹੋਏ ਸੜਕ ਤੇ ਡਾਂਗਾਂ ਖੜਕਾ ਰਹੇ ਸਨ। ਚਾਰੇ ਪਾਸੇ ਸਹਿਮ ਦਾ ਮਾਹੌਲ ਸੀ। ਕਿਸੇ ਦੀ ਜੁਅਰੱਤ ਨਹੀਂ ਸੀ ਕਿ ਉਹ ਇਨ੍ਹਾਂ ਨੌਜਵਾਨਾਂ ਦੀ ਕਾਰਵਾਈ ਉੱਤੇ ਕਿੰਤੂ ਪ੍ਰੰਤੂ ਕਰ ਸਕੇ। ਪੁਲਸ ਅਜੇ ਨਹੀਂ ਸੀ ਪੁੱਜੀ।
ਅਚਾਨਕ ਮੇਰੀ ਨਜ਼ਰ ਟਰੈਫਿਕ ਵਿੱਚ ਫਸੀ ਐਂਬੂਲੈਂਸ ਉੱਤੇ ਪਈ ਜਿਸ ਅੰਦਰ ਸ਼ਾਇਦ ਕੋਈ ਮਰੀਜ਼ ਸੀ, ਪਰ ਮਾਹੌਲ ਅਜਿਹਾ ਸੀ ਕਿ ਇਸ ਨੂੰ ਲੰਘਣ ਦੇਣ ਦੀ ਗੱਲ ਕਰਨ ਵਾਲੇ ਦੀ ਖੜਕਾਈ ਹੋ ਜਾਣ ਦੀ ਸੰਭਾਵਨਾ ਸੀ। ਮੈਂ ਹੌਸਲਾ ਕੀਤਾ। ਇਸ ਪਿੱਛੇ ਇੱਕ ਕਾਰਨ ਇਹ ਸੀ ਕਿ ‘ਪੱਤਰਕਾਰ' ਹੋਣ ਦੇ ਨਾਤੇ ਇਲਾਕੇ ਵਿੱਚ ਚੰਗਾ ਰਸੂਖ ਸੀ ਅਤੇ ਹਿੰਸਾ ਤੇ ਉਤਾਰੂ ਹੋਣ ਨੂੰ ਉਤਾਵਲੇ ਨੌਜਵਾਨ ਮੈਨੁੂੰ ਕੁਝ ਨਹੀਂ ਕਹਿਣਗੇ, ਇਹ ਯਕੀਨ ਸੀ। ਮੈਂ ਅੱਗੇ ਹੋ ਕੇ ਐਂਬੂਲੈਂਸ ਡਰਾਈਵਰ ਨੂੰ ਪੁੱਛਿਆ, ਅੰਦਰ ਕੋਈ ਮਰੀਜ਼ ਹੈ ਤਾਂ ਉਸ ਜਵਾਬ ਦਿੱਤਾ, ‘‘ਮਰੀਜ਼ ਅੰਦਰ ਨਹੀਂ, ਪਰ ਅਸੀਂ ਕਿਸੇ ਗੰਭੀਰ ਮਰੀਜ਼ ਨੂੰ ਲੈਣ ਜਾ ਰਹੇ ਹਾਂ, ਵਿਚਾਰਾ ਉਡੀਕ ਰਿਹਾ ਹੋਏਗਾ।” ਡਾਂਗਾਂ ਤੇ ਹਾਕੀਆਂ ਵਾਲਿਆਂ ਦੇ ਵਿਚਕਾਰ ਮੈਨੂੰ ਨੋਟ ਬੁੱਕ ਅਤੇ ਪੈੱਨ ਫੜੀ ਫਿਰਦੇ ਨੂੰ ਦੇਖ ਕੇ ਉਸ ਨੂੰ ਕੁਝ ਆਸ ਬੱਝੀ। ਮੈਂ ਉਚੀ ਦੇਣੀ ਕਿਹਾ, ‘‘ਬਈ ਐਂਬੂਲੈਂਸ ਨੂੰ ਲੰਘ ਜਾਣ ਦਿਓ।”
‘‘ਨਹੀਂ ਨਹੀਂ, ਕੋਈ ਨਹੀਂ ਲੰਘੇਗਾ।” ਇੱਕੋ ਵਾਰੀ ਕਈ ਆਵਾਜ਼ਾਂ ਆਈਆਂ।
‘‘ਓਏ ਮਰੀਜ਼ ਐ। ਇਹਦਾ ਕੀ ਕਸੂਰ ਐ? ਤੁਹਾਡੇ ਰਾਮ ਰੌਲੇ 'ਚ ਗਰੀਬ ਊਈਂ ਮਾਰਿਆ ਜਾਊ, ਇਹਨੂੰ ਜਾ ਲੈਣ ਦਿਓ।” ਮਰੀਜ਼ ਐਂਬੂਲੈਂਸ ਅੰਦਰ ਹੋਣ ਦਾ ਝੂਠ ਬੋਲਦਾ ਮੈਂ ਡਾਂਗਾਂ ਵਾਲੇ ਨੌਜਵਾਨਾਂ ਨੂੰ ਪਰ੍ਹੇ ਹਟਣ ਲਈ ਆਖ ਰਿਹਾ ਸਾਂ।
ਆਮ ਤੌਰ 'ਤੇ ਲੜਾਈ ਝਗੜੇ ਤੋਂ ਬਚਣ ਵਾਲੇ ਸੁਭਾਅ ਦਾ ਹੋਣ ਦੇ ਬਾਵਜੂਦ ਪਤਾ ਨਹੀਂ ਮੈਂ ਕਿਵੇਂ ਇਹ ਹੌਸਲਾ ਕਰ ਰਿਹਾ ਸਾਂ। ਐਂਬੂਲੈਂਸ ਮੇਰੇ ਪਿੱਛੇ ਪਿੱਛੇ ਹੌਲੀ ਹੌਲੀ ਆ ਰਹੀ ਸੀ। ਮੈਂ ਨਾਅਰੇ ਮਾਰਦੇ ਕੁਝ ਨੌਜਵਾਨਾਂ ਨੂੰ ਸੜਕ ਤੋਂ ਪਰ੍ਹੇ ਕਰਨ ਵਿੱਚ ਕਾਮਯਾਬ ਰਿਹਾ। ਐਂਬੂਲੈਂਸ ਨੂੰ ਰਸਤਾ ਮਿਲ ਗਿਆ। ਉਹ ਪਿੰਜਰੇ ਵਿੱਚੋਂ ਛੱਡੇ ਚੂਹੇ ਵਾਲੀ ਸਪੀਡ `ਤੇ ਪਲਾਂ ਵਿੱਚ ਹੀ ਅੱਖੋਂ ਓਹਲੇ ਹੋ ਗਈ।
ਇਹ ਸਭ ਕੁਝ ਦੇਖ ਰਹੇ ਮੇਰੇ ਨਾਲ ਖੜ੍ਹੇ ਇੱਕ ਦੋਸਤ ਨੇ ਮੇਰੇ ਮੋਢੇ ਉਤੇ ਹੱਥ ਧਰ ਕੇ ਕਿਹਾ, ‘‘ਯਾਰ ਬੜਾ ਚੰਗਾ ਕੰਮ ਕੀਤੈ। ਉਹ ਮਰੀਜ਼, ਜਿਸ ਨੂੰ ਇਹ ਲੈਣ ਚੱਲੇ ਨੇ, ਵਿਚਾਰਾ ਉਡੀਕਦਾ ਹੋਇਆ ਹੀ ਤੜਫ ਰਿਹਾ ਹੋਵੇਗਾ। ਤੂੰ ਉਸ ਨੂੰ ਨਹੀਂ ਜਾਣਦਾ, ਨਾ ਉਹ ਤੈਨੂੰ ਜਾਣਦਾ ਹੈ, ਪਰ ਇੱਕ ਗੱਲ ਪੱਕੀ ਹੈ ਕਿ ਇਹ ਡਰਾਈਵਰ ਹਰ ਥਾਂ ਤੇਰੀ ਗੱਲ ਕਰੇਗਾ।”
ਅੱਜ ਮੈਨੂੰ ਲੱਗ ਰਿਹਾ ਸੀ ਕਿ ਐਂਬੂਲੈਂਸ ਲੰਘਾ ਕੇ ਮੈਂ ਚੰਗਾ ਕੰਮ ਕੀਤਾ ਸੀ। ਮੈਨੂੰ ਸੰਤੁਸ਼ਟੀ ਦਾ ਆਨੰਦ ਆ ਗਿਆ ਸੀ। ਹਸਪਤਾਲ ਲਿਜਾਂਦੀ ਐਂਬੂਲੈਂਸ ਦੇ ਪਹੀਏ ਜਦੋਂ ਮੈਨੂੰ ਰੇਲਵੇ ਪਟੜੀ ਤੋਂ ਲੰਘਦੇ ਮਹਿਸੂਸ ਹੋਏ ਤਾਂ ‘ਫਾਟਕ ਬੰਦ ਨਹੀਂ ਹੋ ਸਕਦਾ’ ਵਾਲਾ ਮੇਰਾ ਯਕੀਨ ਸੱਚ ਨਿਕਲਿਆ ਸੀ। ਧਾਰਮਿਕ ਅਕੀਦਿਆਂ ਵਿੱਚ ਉਕਾ ਹੀ ਵਿਸ਼ਵਾਸ ਨਾ ਰੱਖਣ ਦੇ ਬਾਵਜੂਦ ਮੇਰਾ ਯਕੀਨ ਹੈ ਕਿ ਅੰਤ ਭਲੇ ਦਾ ਭਲਾ ਹੀ ਹੁੰਦਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”