ਓਨਟਾਰੀਓ, 10 ਨਵੰਬਰ (ਪੋਸਟ ਬਿਊਰੋ) : ਪਿੱਛੇ ਜਿਹੇ ਐਲਾਨੇ ਗਏ 2020 ਦੇ ਓਨਟਾਰੀਓ ਦੇ ਬਜਟ ਦੇ ਹਿੱਸੇ ਵਜੋਂ ਫੋਰਡ ਸਰਕਾਰ ਵੱਲੋਂ ਮਿਊਂਸਪੈਲਿਟੀਜ਼ ਨੂੰ ਨਿੱਕੇ ਕਾਰੋਬਾਰਾਂ ਨੂੰ ਪ੍ਰੌਪਰਟੀ ਟੈਕਸ ਤੋਂ ਰਾਹਤ ਦੇਣ ਦੀ ਖੁੱਲ੍ਹ ਦਿੱਤੀ ਜਾ ਰਹੀ ਹੈ|
ਮੇਅਰ ਜੌਹਨ ਟੋਰੀ ਤੇ ਵਿੱਤ ਮੰਤਰੀ ਰੌਡ ਫਿਲਿਪਸ ਨਾਲ ਇਹ ਐਲਾਨ ਕਰਦਿਆਂ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਇਸ ਨਾਲ ਨਿੱਕੇ ਕਾਰੋਬਾਰਾਂ ਨੂੰ 385 ਮਿਲੀਅਨ ਡਾਲਰ ਮਿਊਂਸਪਲ ਤੇ ਪ੍ਰੋਵਿੰਸੀਅਲ ਪ੍ਰਾਪਾਰਟੀ ਟੈਕਸ ਦੀ ਰਾਹਤ ਮਿਲੇਗੀ| ਇੱਥੇ ਹੀ ਬੱਸ ਨਹੀਂ ਓਨਟਾਰੀਓ ਸਰਕਾਰ ਵੀ ਇਨ੍ਹਾਂ ਕਟੌਤੀਆਂ ਦੇ ਬਰਾਬਰ ਹਿੱਸਾ ਪਾਉਣ ਦੀ ਕੋਸ਼ਿਸ਼ ਕਰੇਗੀ| ਫੋਰਡ ਨੇ ਆਖਿਆ ਕਿ ਨਿੱਕੇ ਕਾਰੋਬਾਰ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਹਨ ਪਰ ਬਹੁਤਿਆਂ ਨੂੰ ਮਹਾਂਮਾਰੀ ਦੌਰਾਨ ਜੂਝਣਾ ਪੈ ਰਿਹਾ ਹੈ ਤੇ ਉਹ ਆਪਣੇ ਪੈਰਾਂ ਸਿਰ ਰਹਿਣ ਲਈ ਸੰਘਰਸ਼ ਕਰ ਰਹੇ ਹਨ|
ਉਨ੍ਹਾਂ ਅੱਗੇ ਆਖਿਆ ਕਿ ਸਾਡੇ ਮਿਊਂਸਪਲ ਭਾਈਵਾਲ ਨਿੱਕੇ ਕਾਰੋਬਾਰਾਂ ਨੂੰ ਪ੍ਰਾਪਰਟੀ ਟੈਕਸ ਤੋਂ ਰਾਹਤ ਦੇਣ ਦੀ ਮੰਗ ਲੈ ਕੇ ਆਏ ਸਨ ਤੇ ਆਪਣੇ ਬਜਟ ਵਿੱਚ ਅਸੀਂ ਇਹ ਵਾਅਦਾ ਪੂਰਾ ਕਰ ਦਿੱਤਾ| 2020 ਬਜਟ ਵਿੱਚ ਫੋਰਡ ਸਰਕਾਰ ਨੇ ਇਹ ਐਲਾਨ ਕੀਤਾ ਹੈ ਕਿ ਉਹ ਪਹਿਲੀ ਜਨਵਰੀ, 2021 ਤੋਂ ਸ਼ੁਰੂ ਕਰਕੇ 200,000 ਕਰਮਚਾਰੀਆਂ ਲਈ ਉੱਚ ਬਿਜ਼ਨਸ ਐਜੂਕੇਸ਼ਨ ਟੈਕਸ (ਬੀ ਈ ਟੀ) ਦਰਾਂ ਨੂੰ ਘੱਟ ਰੱਖੇਗੀ|
ਇਸ ਦੌਰਾਨ ਮੇਅਰ ਜੌਹਨ ਟੋਰੀ ਨੇ ਆਖਿਆ ਕਿ ਟੋਰਾਂਟੋ ਲਈ ਟੈਕਸਾਂ ਵਿੱਚ 130 ਮਿਲੀਅਨ ਡਾਲਰ ਦੀ ਬਚਤ ਹੋਵੇਗੀ ਤੇ ਇਸ ਫੈਸਲੇ ਨਾਲ ਲੋਕਲ ਬਿਜ਼ਨਸਿਜ਼ ਉੱਤੇ ਸਕਾਰਾਤਮਕ ਅਸਰ ਪਵੇਗਾ| ਉਨ੍ਹਾਂ ਆਖਿਆ ਕਿ ਮਹਾਂਮਾਰੀ ਕਾਰਨ ਸਾਨੂੰ ਇਸ ਦੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਲੋੜ ਹੈ| ਫੋਰਡ ਨੇ ਆਖਿਆ ਕਿ ਇਹ ਦਰਾਂ 0æ88 ਫੀ ਸਦੀ ਘਟਾਈਆਂ ਜਾਣਗੀਆਂ ਅਤੇ ਬਹੁਤੇ ਇੰਪਲੌਇਰਜ਼ ਲਈ ਇਹ 30 ਫੀ ਸਦੀ ਘੱਟ ਹਨ|