ਓਸ਼ਾਵਾ, 9 ਨਵੰਬਰ (ਪੋਸਟ ਬਿਊਰੋ) : ਯੂਨੀਫੌਰ ਦਾ ਕਹਿਣਾ ਹੈ ਕਿ ਜਨਰਲ ਮੋਟਰਜ਼ ਆਫ ਕੈਨੇਡਾ ਦੇ ਉਨ੍ਹਾਂ ਦੇ ਮੈਂਬਰਾਂ ਵਿੱਚੋਂ 85 ਫੀ ਸਦੀ ਵੱਲੋਂ ਨਵੇਂ ਤਿੰਨ ਸਾਲਾ ਸਮਝੌਤੇ ਦੇ ਹੱਕ ਵਿੱਚ ਵੋਟ ਪਾਈ ਗਈ ਹੈ| ਇਸ ਤੋਂ ਭਾਵ ਇਹ ਹੈ ਕਿ ਆਟੋਮੇਕਰ ਦੇ ਓਸ਼ਾਵਾ, ਓਨਟਾਰੀਓ ਸਥਿਤ ਅਸੈਂਬਲੀ ਪਲਾਂਟ ਵਿੱਚ ਉਤਪਾਦਨ ਦਾ ਕੰਮ ਜਲਦ ਸ਼ੁਰੂ ਹੋ ਜਾਵੇਗਾ|
ਇਸ ਡੀਲ ਤਹਿਤ ਸੇਂਟ ਕੈਥਰੀਨਜ਼, ਓਨਟਾਰੀਓ, ਓਸ਼ਾਵਾ ਤੇ ਵੁੱਡਸਟਾਕ, ਓਨਟਾਰੀਓ ਦੇ 1700 ਵਰਕਰਜ਼ ਕਵਰ ਹੋਣਗੇ| ਯੂਨੀਫੌਰ ਦੀ ਜੀਐਮ ਮਾਸਟਰ ਬਾਰਗੇਨਿੰਗ ਕਮੇਟੀ ਦੇ ਚੇਅਰਮੈਨ ਟਿੰਮ ਮੈਕਿਨਨ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਉਹ ਇਸ ਸਹਿਯੋਗ ਲਈ ਆਪਣੇ ਸਾਰੇ ਮੈਂਬਰਾਂ ਨੂੰ ਧੰਨਵਾਦ ਦੇਣਾ ਚਾਹੁਣਗੇ| ਉਨ੍ਹਾਂ ਆਖਿਆ ਕਿ ਇਸ ਤੋਂ ਸਿੱਧ ਹੁੰਦਾ ਹੈ ਕਿ ਜੇ ਅਸੀਂ ਸਾਰੇ ਇੱਕਜੁੱਟ ਹੋ ਕੇ ਰਹੀਏ ਤਾਂ ਅਸੀਂ ਤਾਕਤਵਰ ਫੋਰਸ ਹਾਂ ਤੇ ਅਸੀਂ ਆਪਣੇ ਸਾਰੇ ਮੈਂਬਰਾਂ ਲਈ ਜੌਬ ਸਕਿਊਰਿਟੀ ਤੇ ਹੋਰ ਮੁਨਾਫੇ ਹਾਸਲ ਕਰ ਸਕਦੇ ਹਾਂ|
ਆਟੋ ਇੰਡਸਟਰੀ ਦਾ ਭਵਿੱਖ ਯਕੀਨਨ ਹੈ ਤੇ ਇਹ ਭਵਿੱਖ ਮੇਡ ਇਨ ਕੈਨੇਡਾ ਹੈ| ਇਸ ਸਮਝੌਤੇ ਤਹਿਤ ਜੀਐਮ ਵੱਲੋਂ ਨਵੇਂ ਨਿਵੇਸ਼ ਦੀ ਯੋਜਨਾ ਵੀ ਬਣਾਈ ਗਈ ਹੈ| ਜਿਸ ਤਹਿਤ ਓਸ਼ਾਵਾ ਲਈ ਇੱਕ ਬਿਲੀਅਨ ਡਾਲਰ ਤੋਂ ਲੈ ਕੇ 1æ3 ਬਿਲੀਅਨ ਡਾਲਰ, ਸੇਂਟ ਕੈਥਰੀਨਜ਼ ਵਿੱਚ ਇੰਜਣ ਤੇ ਟਰਾਂਸਮਿਸ਼ਨ ਉਤਪਾਦਨ ਲਈ 109 ਮਿਲੀਅਨ ਡਾਲਰ ਤੇ ਵੁੱਡਸਟੌਕ ਪਾਰਟਸ ਡਿਸਟ੍ਰੀਬਿਊਸ਼ਨ ਸੈਂਟਰ ਲਈ 500,000 ਡਾਲਰ ਦਾ ਨਿਵੇਸ਼ ਕੀਤਾ ਜਾ ਸਕਦਾ ਹੈ|
ਜੀਐਮ ਕੈਨੇਡਾ ਦੇ ਪ੍ਰੈਜ਼ੀਡੈਂਟ ਸਕੌਟ ਬੈੱਲ ਨੇ ਆਖਿਆ ਕਿ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਇਹ ਨਿਵੇਸ਼ ਕੈਨੇਡਾ ਦੇ ਅਰਥਚਾਰੇ ਲਈ ਕਾਫੀ ਅਹਿਮ ਹੋਵੇਗਾ ਕਿਉਂਕਿ ਇਹ ਫੌਰੀ ਤੌਰ ਉੱਤੇ ਅਮਲ ਵਿੱਚ ਲਿਆਂਦਾ ਜਾਵੇਗਾ ਤੇ ਇਸ ਸਦਕਾ ਰੋਜ਼ਗਾਰ ਦੇ ਕਈ ਨਵੇਂ ਮੌਕੇ ਪੈਦਾ ਹੋਣਗੇ| ਬੈੱਲ ਨੇ ਅੱਗੇ ਆਖਿਆ ਕਿ ਉਤਪਾਦਨ ਦਾ ਕੰਮ ਮੁੜ ਓਸ਼ਾਵਾ ਲਿਆਉਣ ਦੇ ਕੁੱਝ ਹੋਰ ਅਹਿਮ ਕਾਰਨ ਵੀ ਹਨ| ਕੋਵਿਡ-19 ਦੌਰਾਨ ਪਿੱਕਅੱਪ ਟਰੱਕਸ ਦੀ ਮੰਗ ਕਾਫੀ ਜ਼ਿਆਦਾ ਰਹੀ ਤੇ ਸਗੋਂ ਇਸ ਮਹਾਂਮਾਂਰੀ ਦੇ ਦੌਰ ਵਿੱਚ ਇਸ ਵਿੱਚ ਵਾਧਾ ਹੀ ਹੋਇਆ| ਜੀਐਮ ਕੈਨੇਡਾ ਵੱਲੋਂ ਇਸ ਵਿੱਚ 40 ਫੀ ਸਦੀ ਵਾਧਾ ਦਰਜ ਕੀਤਾ ਗਿਆ|