Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ
 
ਨਜਰਰੀਆ

ਜਵਾਨੀ ਵੇਲੇ...

November 05, 2020 09:34 PM

-ਅਵਤਾਰ ਸਿੰਘ ਸੰਧੂ
ਪਿਤਾ ਜੀ ਮੱਧ ਪ੍ਰਦੇਸ਼ ਵਿੱਚ ਸ਼ਰਾਬ ਦੀ ਠੇਕੇਦਾਰੀ ਕਰਦੇ ਸਨ। 1968 ਵਿੱਚ ਮੈਟਿ੍ਰਕ ਦੇ ਪੇਪਰ ਦੇ ਕੇ ਵਿਹਲਾ ਹੋਇਆ ਤਾਂ ਪਿਤਾ ਜੀ ਦੀ ਚਿੱਠੀ ਆ ਗਈ, ‘‘ਅਵਤਾਰ ਨੂੰ ਮੇਰੇ ਕੋਲ ਭੇਜ ਦਿਓ, ਕੰਮ-ਕਾਰ ਵਧ ਗਿਆ ਹੈ।” ਬਾਬਾ ਜੀ ਨੇ ਬੜਾ ਮਨ੍ਹਾ ਕੀਤਾ, ਮੁੰਡੇ ਨੂੰ ਅਜੇ ਹੋਰ ਪੜ੍ਹਨ ਦੇ, ਪਰ ਪਿਤਾ ਜੀ ਦੀ ਜ਼ਿੱਦ ਅੱਗੇ ਸਾਰੇ ਬੇਵਸ ਸਨ। ਆਖਰ ਮੈਨੂੰ ਅਤੇ ਭੂਆ ਜੀ ਨੂੰ ਭੋਪਾਲ ਭੇਜ ਦਿੱਤਾ ਗਿਆ। ਨਵਾਂ ਇਲਾਕਾ, ਨਵੇਂ ਲੋਕ, ਨਵੀਂ ਭਾਸ਼ਾ, ਬੜਾ ਅਜੀਬ ਜਿਹਾ ਲੱਗਾ, ਪਰ ਇਸ ਗੱਲ ਦੀ ਖੁਸ਼ੀ ਸੀ ਕਿ ਮੈਂ ਆਪਣੇੇ ਮਾਂ-ਬਾਪ ਕੋਲ ਪਹੁੰਚ ਗਿਆ ਸੀ। ਪਿਤਾ ਜੀ ਨੇ ਆਪਣੇ ਨਾਲ ਮੈਨੂੰ ਠੇਕੇਦਾਰੀ ਵਿੱਚ ਪਾ ਲਿਆ। ਕੰਮ ਬੜਾ ਔਖਾ ਸੀ, ਪਰ ਹੌਲੀ-ਹੌਲੀ ਸਮਝ ਆ ਗਿਆ ਤੇ ਨਵੇਂ ਇਲਾਕੇ ਵਿੱਚ ਦਿਲ ਵੀ ਲੱਗ ਗਿਆ। ਦੋ ਸਾਲ ਪਿਤਾ ਜੀ ਨੇ ਇਸ ਕਾਰੋਬਾਰ ਬਾਰੇ ਸਾਰੀ ਜਾਣਕਾਰੀ ਮੈਨੂੰ ਦਿੱਤੀ। ਜਦੋਂ ਦੇਖਿਆ ਕਿ ਮੈਂ ਸਭ ਕੁਝ ਸਮਝ ਗਿਆ ਤਾਂ ਉਨ੍ਹਾਂ ਮੈਨੂੰ ਆਪਣੇ ਠੇਕੇ ਲੈ ਕੇ ਆਪ ਕੰਮ ਕਰਨ ਲਈ ਕਿਹਾ। 1970 ਤੋਂ ਲੈ ਕੇ 1975 ਤੱਕ ਮੈਂ ਸ਼ਰਾਬ ਦੀ ਠੇਕੇਦਾਰ ਕੀਤੀ। ਸਾਲ ਵਿੱਚ ਹੀ ਮੈਨੂੰ ਇਸ ਕਾਰੋਬਾਰ ਤੋਂ ਨਫਰਤ ਹੋਣ ਲੱਗ ਪਈ। ਜਦੋਂ ਦਿਨ ਭਰ ਮਿਹਨਤ ਕਰ ਕੇ ਮਜ਼ਦੂਰ ਆਪਣੀ ਸਾਰੀ ਕਮਾਈ ਸ਼ਰਾਬ ਦੇ ਲੇਖੇ ਲਾ ਦਿੰਦੇ ਤਾਂ ਬੜਾ ਦੁੱਖ ਹੁੰਦਾ। ਕਈ ਵਾਰ ਉਨ੍ਹਾਂ ਦੇ ਘਰ ਵਾਲੇ ਸ਼ਰਾਬੀਆਂ ਨੂੰ ਠੇਕੇ ਉਤੇ ਚੁੱਕਣ ਆਉਂਦੇ ਤਾਂ ਹੋਰ ਵੀ ਬੁਰਾ ਲੱਗਦਾ।
ਜੂਨ ਮਹੀਨੇ ਇੰਦੌਰ 'ਚ ਜ਼ਹਿਰੀਲੀ ਸ਼ਰਾਬ ਨਾਲ ਕਈ ਮੌਤਾਂ ਹੋ ਗਈਆਂ। ਇਹ ਖਬਰ ਜਦੋਂ ਅਖਬਾਰ 'ਚ ਪੜ੍ਹੀ ਤਾਂ ਰੂਹ ਕੰਬ ਗਈ। ਪੈਸੇ ਖਾਤਰ ਇਨਸਾਨਾਂ ਦਾ ਕਤਲ! ਮੈਂ ਆਪਣੇ ਆਪ ਨੂੰ ਲਾਹਨਤਾਂ ਪਾ ਰਿਹਾ ਸੀ। ਇਸ ਘਟਨਾ ਦਾ ਭਾਵੇਂ ਮੇਰੇ ਠੇਕੇ ਨਾਲ ਕੋਈ ਸੰਬੰਧ ਨਹੀਂ ਸੀ, ਫਿਰ ਵੀ ਬੜਾ ਦੁਖੀ ਸੀ। ਉਸੇ ਦਿਨ ਫੈਸਲਾ ਕਰ ਲਿਆ ਕਿ ਸ਼ਰਾਬ ਦੀ ਠੇਕੇਦਾਰੀ ਨਹੀਂ ਕਰਨੀ। ਇਸ ਫੈਸਲੇ ਨਾਲ ਘਰ 'ਚ ਭੁਚਾਲ ਆ ਗਿਆ, ਦੋ ਦਿਨ ਮਹਾਭਾਰਤ ਚਲਦਾ ਰਿਹਾ, ਪਰ ਮੈਂ ਆਪਣੇ ਫੈਸਲੇ ਤੇ ਅੜਿਆ ਰਿਹਾ। ਆਖਰ ਪਿਤਾ ਜੀ ਮੈਨੂੰ ਛੱਡਣ ਪੰਜਾਬ ਆ ਗਏ। ਮੇਰੇ ਰਿਸ਼ਤੇਦਾਰ ਮੈਨੂੰ ਸਮਝਾਉਂਦੇ ਰਹੇ, ਪਰ ਮੈਂ ਕਿਸੇ ਦੀ ਕੋਈ ਗੱਲ ਨਹੀਂ ਮੰਨੀ। ਆਖਰ ਪਿਤਾ ਜੀ ਮੈਨੂੰ ਛੱਡ ਕੇ ਵਾਪਸ ਭੂਚਾਲ ਚਲੇ ਗਏ। ਸਵਾਲ ਸੀ, ਇੱਥੇ ਮੈਂ ਕੀ ਕਰਦਾ? ਰਿਸ਼ਤੇਦਾਰ ਮਿਹਣੇ ਮਾਰਨ, ਟਿੱਚਰਾਂ ਕਰਨ, ‘‘ਮੁੰਡੇ ਦਾ ਤਾਂ ਦਿਮਾਗ ਖਰਾਬ ਹੋ ਗਿਆ, ਚੰਗਾ ਭਲਾ ਠੇਕੇਦਾਰੀ ਕਰਦਾ ਸੀ। ਠੋਕਰਾਂ ਖਾਊ ਸਾਰੀ ਉਮਰ।'' ਪਿਤਾ ਜੀ ਨੇ ਭੁਪਾਲ ਤੋਂ ਤੁਰਨ ਵੇਲੇ ਮੇਰੀ ਮਾਂ ਨੂੰ ਮਿਹਣਾ ਮਾਰਿਆ ਸੀ, ‘‘ਤੇਰੇ ਇਸ ਪੂਰਨ ਭਗਤ ਨੇ ਸਾਰੀ ਉਮਰ ਭੁੱਖਾ ਮਰਨਾ।”
ਵੰਡ ਤੋਂ ਬਾਅਦ ਸਰਕਾਰੀ ਡੀਪੂ ਸਾਡੇ ਕੋਲ ਸਨ। ਸਾਡੀ ਅੱਲ ਵੀ ‘ਡੀਪੂ ਵਾਲੇ’ ਪਾਈ ਹੋਈ ਸੀ। ਮੈਂ ਅਰਜ਼ੀ ਦਿੱਤੀ ਅਤੇ ਮੈਨੂੰ ਤੇਲ, ਖੰਡ ਤੇ ਆਟੇ ਦਾ ਡੀਪੂ ਮਿਲ ਗਿਆ। ਚਾਰ ਕੁ ਮਹੀਨੇ ਕੰਮ ਵਧੀਆ ਚਲਿਆ, ਫਿਰ ਉਪਰਲੇ ਅਫਸਰ ਮਹੀਨਾ ਮੰਗਣ ਲੱਗ ਪਏ। ਡੀਪੂ ਛੱਡ ਦਿੱਤਾ। ਉਨ੍ਹਾਂ ਦਿਨਾਂ ਵਿੱਚ ਮੇਰੀਆਂ ਕਹਾਣੀਆਂ ਅਖਬਾਰਾਂ ਵਿੱਚ ਛਪਦੀਆਂ ਸਨ। 1970 ਤੋਂ ਅਖਬਾਰਾਂ ਵਿੱਚ ਛਪਣ ਲੱਗ ਪਿਆ ਸੀ। ਮੇਰੇ ਇੱਕ ਦੋਸਤ ਨੇ ਸਲਾਹ ਦਿੱਤੀ, ਤੈਨੂੰ ਸਾਹਿਤ ਲਿਖਣ ਦਾ ਸ਼ੌਕ ਹੈ, ਤੂੰ ਗਿਆਨੀ ਕਰ। ਲੇਟ ਫੀਸ ਭਰੀ, ਗਿਆਨੀ ਦਾ ਦਾਖਲਾ ਭੇਜ ਦਿੱਤਾ, ਪਰ ਜੋ ਸੁਣਦਾ, ਉਹੀ ਟਿੱਚਰਾਂ ਕਰਦਾ। ‘‘ਇਹ ਤੇਰੇ ਵਸ ਦਾ ਕੰਮ ਨਹੀਂ, ਤੂੰ ਅੱਠ ਸਾਲ ਭੁਪਾਲ ਰਿਹਾ, ਤੈਨੂੰ ਚੰਗੀ ਤਰ੍ਹਾਂ ਪੰਜਾਬੀ ਵੀ ਨਹੀਂ ਆਉਂਦੀ।” ਕੋਈ ਆਖੇ, ਜੋਗਿੰਦਰ ਦੇ ਜਰਨੈਲ ਨੇ ਤਿੰਨ ਵਾਰ ਪੇਪਰ ਦਿੱਤੇ, ਉਹ ਪਾਸ ਨਹੀਂ ਹੋਇਆ।” ਬੱਸ, ਜਿੰਨੇ ਮੁੂੰਹ ਓਨੀਆਂ ਗੱਲਾਂ। ਇਧਰ ਬਾਬੇ ਜੀ ਨੇ ਗਿਆਨੀ ਵਾਲੇ ਪੇਪਰਾਂ ਨੂੰ ਆਪਣੀ ਮੁੱਛ ਦਾ ਸਵਾਲ ਬਣਾ ਲਿਆ, ‘‘ਪੁੱਤਰਾ! ਕੁਝ ਵੀ ਹੋਵੇ, ਹੁਣ ਤੂੰ ਗਿਆਨੀ ਤਾਂ ਜ਼ਰੂਰ ਪਾਸ ਕਰਨੀ।”
ਰਾਤ ਦਿਨ ਇੱਕ ਕਰ ਦਿੱਤਾ। ਸਾਰਾ ਸਾਰਾ ਦਿਨ ਪੜ੍ਹਨਾ, ਰੋਟੀ ਪਾਣੀ ਦਾ ਕੋਈ ਖਿਆਲ ਨਾ ਰਹਿਣਾ। ਆਖਰ ਚੰਗੇੇ ਨੰਬਰਾਂ ਨਾਲ ਗਿਆਨੀ ਪਾਸ ਕਰ ਲਈ। ਪਿੰਡ ਵਿੱਚ ਟੌਹਰ ਬਣ ਗਈ। ਫਿਰ ਮਾਹਿਲਪੁਰ ਓ ਟੀ ਵਿੱਚ ਦਾਖਲਾ ਮਿਲ ਗਿਆ। ਪ੍ਰੋਫੈਸਰ ਸੰਧੂ ਵਰਿਆਣਵੀ, ਕਹਾਣੀਕਾਰ ਬਲਦੇਵ ਸਿੰਘ ਢੀਂਡਸਾ, ਡਾਕਟਰ ਮਨਮੋਹਨ ਸਿੰਘ ਤੀਰ ਮੇਰੇ ਜਮਾਤੀ ਸਨ। ਅਜੇ ਇੱਕ ਮਹੀਨਾ ਹੋਇਆ ਸੀ ਕਿ ਨਵੀਂ ਮੁਸੀਬਤ ਆਣ ਖੜ੍ਹੀ ਹੋਈ। ਮੇਰੇ ਹੋਣ ਵਾਲੇ ਸਹੁਰੇ ਵਿਆਹ ਲਈ ਜ਼ੋਰ ਪਾਉਣ ਲੱਗ ਪਏ, ‘‘ਵਿਆਹ ਕਰੋ ਜਾਂ ਰਿਸ਼ਤਾ ਛੱਡੋ।” ਮੇਰੇ ਦਾਦੀ ਜੀ ਅੜ ਗਏ। ਅਸੀਂ ਮੰਗ ਨਹੀਂ ਛੱਡਣੀ। ਕੋਈ ਗੱਲ ਨਹੀਂ, ਤੁਸੀਂ ਦਿਨ ਦਿਓ। ਪੰਦਰਾਂ ਦਿਨ ਬਾਅਦ ਵਿਆਹ ਰੱਖ ਦਿੱਤਾ। ਜਿਸ ਦਿਨ ਮੈਨੂੰ ਮਾਈਆਂ ਲੱਗਣਾ ਸੀ, ਮੈਂ ਆਪਣੀ ਕਲਾਸ ਵਿੱਚ ਬੈਠਾ ਪੀਰੀਅਡ ਲਾ ਰਿਹਾ ਸੀ। ਕੁੜੀਆਂ ਨੇ ਮੈਨੂੰ ਜ਼ਬਰਦਸਤੀ ਘਰ ਭੇਜਿਆ। ਵੀਰਵਾਰ ਵਿਆਹ ਸੀ ਅਤੇ ਸ਼ਨੀਵਾਰ ਮੁੜ ਕਲਾਸ ਵਿੱਚ ਬੈਠਾ ਸੀ। ਮੇਰੇ ਪ੍ਰੋਫੈਸਰ ਪਾਖਰ ਸਿੰਘ ਬੋਲੇ, ‘‘ਕਾਕਾ ਤੇਰਾ ਵਿਆਹ ਹੋ ਗਿਆ ਜਾਂ ਕੁੜੀ ਵਾਲਿਆਂ ਜਵਾਬ ਦੇ ਦਿੱਤਾ।” ਖੈਰ, ਸ਼ਗਨ ਵਿੱਚ ਮਿਲੇ ਪੈਸਿਆਂ ਨਾਲ ਸਾਰੀ ਕਲਾਸ ਨੂੰ ਪਾਰਟੀ ਦਿੱਤੀ।
ਵਿਆਹ ਤੋਂ ਹਫਤਾ ਬਾਅਦ ਘਰ ਵਾਲੀ ਦਾ ਚੂੜਾ ਲੁਹਾ ਕੇ ਹੁਸ਼ਿਆਰਪੁਰ ਗਿਆਨੀ ਕਾਲਜ ਵਿੱਚ ਦਾਖਲ ਕਰਾ ਦਿੱਤਾ। ਅਸੀਂ ਦੋਵੇਂ ਪੜ੍ਹਨ ਜਾਂਦੇ। ਲੋਕ ਟਿੱਚਰਾਂ ਕਰਦੇ, ਮਿਹਣੇ ਮਾਰਦੇ, ‘‘ਮੁੰਡੇ ਦੀ ਅਕਲ ਦੇਖੋ, ਘੱਟੋ-ਘੱਟ ਸਵਾ ਮਹੀਨਾ ਤਾਂ ਬਹੂ ਦੇ ਚੂੜਾ ਪਾਇਆ ਰਹਿਣ ਦਿੰਦਾ। ਵੱਡੇ ਪੜ੍ਹਾਕੂ ਬਣੀ ਫਿਰਦੇ।” ਅਸੀਂ ਦੋਵਾਂ ਨੇ ਕਿਸੇ ਦੀ ਪ੍ਰਵਾਹ ਨਹੀਂ ਕੀਤੀ। ਮੇਰੀ ਪਤਨੀ ਨੇ ਮੇਰਾ ਪੂਰਾ ਸਾਥ ਦਿੱਤਾ। ਅਸੀਂ ਦੋਵੇਂ ਚੰਗੇ ਨੰਬਰਾਂ ਨਾਲ ਪਾਸ ਹੋ ਗਏ। ਇੱਕ ਮਹੀਨੇ ਬਾਅਦ ਹੀ ਮੈਨੂੰ ਸਰਕਾਰੀ ਨੌਕਰੀ ਮਿਲ ਗਈ। 32 ਸਾਲ ਬਾਅਦ ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋਇਆ ਹਾਂ ਤਾਂ ਸੋਚਦਾ ਹਾਂ, ਜੇ ਸ਼ਰਾਬ ਦੀ ਠੇਕੇਦਾਰੀ ਕਰਦਾ ਰਹਿੰਦਾ ਤਾਂ ਪਤਾ ਨਹੀਂ ਕਿੰਨੇ ਨਿਰਦੋਸ਼ਾਂ ਦੇ ਕਤਲ ਮੇਰੇ ਨਾਮ ਪੈਂਦੇ, ਕਿੰਨੀਆਂ ਸੁਹਾਗਣਾਂ ਦੇ ਸੰਦੂਰ ਉਜੜਦੇ, ਕਿੰਨੇ ਬੱਚੇੇ ਯਤੀਮ ਹੁੰਦੇ। ਹੋ ਸਕਦਾ, ਮੇਰੀ ਮਹਿਲਾਂ ਵਰਗੀ ਕੋਠੀ ਹੁੰਦੀ, ਬੈਂਕ ਵਿੱਚ ਕਾਫੀ ਧਨ ਹੁੰਦਾ। ਇਹ ਵੀ ਹੋ ਸਕਦਾ, ਕਿਸੇ ਜੇਲ੍ਹ ਵਿੱਚ ਨਰਕ ਭੋਗਦਾ ਹੁੰਦਾ। ਜਵਾਨੀ ਵੇਲੇ ਮੇਰੇ ਇੱਕੋ ਫੈਸਲੇ ਨੇ ਜ਼ਿੰਦਗੀ ਬਦਲ ਦਿੱਤੀ। ਜ਼ਿੰਦਗੀ ਵਿੱਚ ਇਹੀ ਇੱਕ ਸਬਕ ਸਿੱਖਿਆ, ਸਹੀ ਫੈਸਲਾ ਕਰੋ, ਖੂਬ ਮਿਹਨਤ ਕਰੋ, ਸਫਲਤਾ ਤੁਹਾਡੇ ਕਦਮ ਚੁੰਮੇਗੀ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ