Welcome to Canadian Punjabi Post
Follow us on

28

March 2024
 
ਨਜਰਰੀਆ

ਸਿੱਖ ਸਿਆਸਤ ਅਤੇ ਸਿੱਖ

November 26, 2018 08:26 AM

-ਭਾਈ ਅਸ਼ੋਕ ਸਿੰਘ ਬਾਗੜੀਆਂ
ਰੈਫਰੈਂਡਮ 2020 ਤੋਂ ਪੈਦਾ ਹੋਇਆ ਵਿਵਾਦ ਸਿੱਖਾਂ ਲਈ ਬਹੁਤ ਖਤਰਨਾਕ ਹੈ। ਇਸ ਨੂੰ ਹੱਲ ਕਰਨ ਦਾ ਜ਼ਿੰਮਾ ਸ਼੍ਰੋਮਣੀ ਅਕਾਲੀ ਦਲ ਦਾ ਬਣਦਾ ਹੈ, ਕਿਉਂਕਿ ਇਹ ਮੁੱਦਾ ਨਿਰੋਲ ਸਿਆਸੀ ਹੈ। ਆਗੂਆਂ ਦੀ ਯਾਦਾਸ਼ਤ ਨੂੰ ਤਾਜ਼ਾ ਕਰਨ ਹਿੱਤ ਲਿਖਦਾ ਹਾਂ ਕਿ ਜਿਸ ਵਕਤ 1947 ਤੋਂ ਪਹਿਲਾਂ ਕਾਂਗਰਸ ਅਤੇ ਮੁਸਲਿਮ ਲੀਗ ਵਿੱਚ ਸਿੱਖਾਂ ਦੇ ਵਿਚਾਰ ਵਟਾਂਦਰੇ ਚੱਲ ਰਹੇ ਸਨ ਤਾਂ ਮਹਾਤਮਾ ਗਾਂਧੀ ਅਤੇ ਪੰਡਤ ਜਵਾਹਰ ਲਾਲ ਨਹਿਰੂ ਨੇ ਸਿੱਖਾਂ ਨੂੰ ਗਾਰੰਟੀ ਨਾਲ ਵਚਨਬੱਧਤਾ ਦੀ ਕਸਮ ਖਾਧੀ ਅਤੇ ਇਸ ਤਸੱਲੀ ਦੇ ਆਧਾਰ 'ਤੇ ਸਾਡੇ ਤਤਕਾਲੀ ਆਗੂਆਂ ਨੇ ਕਾਂਗਰਸ ਨਾਲ ਜਾਣ ਦਾ ਫੈਸਲਾ ਕੀਤਾ ਸੀ। ਇਸ ਫੈਸਲੇ ਨੂੰ ਉਸ ਵਕਤ ਦੇ ਇਕ ਲੀਡਰ ਨੇ ਸਿੱਖਾਂ ਵਾਸਤੇ ਖਤਰਨਾਕ ਕਿਹਾ ਸੀ। ਵਚਨਬੱਧਤਾ ਇਹ ਸੀ ਕਿ ਉਤਰ ਵਿੱਚ ਐਸਾ ਖਿੱਤਾ ਹੋਵੇ, ਜਿਸ ਵਿੱਚ ਸਿੱਖ ਆਜ਼ਾਦੀ ਦਾ ਨਿੱਘ ਮਾਣ ਸਕਣ। ਵੰਡ ਵਿੱਚ ਸਭ ਤੋਂ ਵੱਧ ਜਾਨੀ ਤੇ ਮਾਲੀ ਨੁਕਸਾਨ ਸਿੱਖਾਂ ਦਾ ਹੋਇਆ ਸੀ। ਜਿਸ ਵਕਤ ਹਿੰਦੁਸਤਾਨ ਆਜ਼ਾਦੀ ਮਨਾ ਰਿਹਾ ਸੀ, ਸਾਡੇ ਘਰ ਸੜ ਰਹੇ ਸਨ।
ਅਜੇ ਆਜ਼ਾਦੀ ਮਿਲੀ ਨੂੰ ਦੋ ਸਾਲ ਨਹੀਂ ਸੀ ਹੋਏ ਕਿ 11 ਮਈ 1949 ਨੂੰ ‘ਹਾਲਾਤ ਬਦਲ ਗਏ' ਕਹਿ ਕੇ ਕਸਮ ਤੋੜ ਦਿੱਤੀ ਗਈ। ਸਾਰੇ ਦੇਸ਼ ਵਿੱਚ ਜ਼ੁਬਾਨ ਦੇ ਆਧਾਰ 'ਤੇ ਸੂਬੇ ਬਣਾਏ, ਪਰ ਪੰਜਾਬੀ ਵਾਸਤੇ ਸਿਰਫ ਸਿੱਖਾਂ ਨੂੰ ਅੰਦੋਲਨ ਕਰਨਾ ਪਿਆ। ਮੁੱਕਦੀ ਗੱਲ, ਬਹੁ ਗਿਣਤੀ ਨੇ ਆਪਣੀ ਮਾਂ ਬੋਲੀ ਭੁਲਾ ਦਿੱਤੀ ਤੇ ਪੰਜਾਬੀ ਸਿਰਫ ਸਿੱਖਾਂ ਦੀ ਜ਼ੁਬਾਨ ਬਣ ਕੇ ਰਹਿ ਗਈ। ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਜੋ ਕੁਝ ਝੱਲਣਾ ਪਿਆ, ਉਸ ਦੀ ਵਜ਼ਾਹਤ ਦੇਣ ਦੀ ਲੋੜ ਨਹੀਂ। ਅਜੇ ਤੱਕ ਪੰਜਾਬੀ ਨੂੰ ਬਣਦੀ ਜਗ੍ਹਾ ਨਹੀਂ ਮਿਲੀ। ਉਪਰੰਤ ਆਨੰਦਪੁਰ ਸਾਹਿਬ ਮਤਾ ਉਲੀਕਿਆ ਗਿਆ ਜੋ ਫੈਡਰਲ ਢਾਂਚੇ ਦਾ ਮੁਦਈ ਸੀ। ਇਨ੍ਹਾਂ ਦੋਵੇਂ ਹਾਲਾਤ ਤੋਂ ਪਤਾ ਲੱਗਦਾ ਹੈ ਕਿ ਕਿਸੇ ਵਕਤ ਵੱਖਵਾਦ ਦਾ ਕੋਈ ਵਿਚਾਰ ਨਹੀਂ ਸੀ ਲੇਕਿਨ ਪਤਾ ਨਹੀਂ ਕਿੱਥੋਂ ਤੇ ਕਿਵੇਂ ‘ਖਾਲਿਸਤਾਨ' ਦਾ ਲਫਜ਼ ਮੂੰਹ ਵਿੱਚ ਪਾਇਆ ਗਿਆ। ਇਸ ਦਾ ਘਾੜੂ ਕੌਣ ਹੈ? ਇਸ ਪਿੱਠਭੂੁਮੀ, ਜੋ ਨਿਰੋਲ ਸਿਆਸਤ ਹੈ, ਵਿੱਚ ਅਕਾਲੀ ਦਲ ਦਾ ਫਰਜ਼ ਹੈ ਕਿ ਸਿੱਖਾਂ ਦੇ ਸਿਆਸੀ ਅਤੇ ਆਰਥਿਕ ਹਾਲਾਤ ਸਾਹਮਣੇ ਰੱਖ ਕੇ ਆਪਣਾ ਸਟੈਂਡ, ਭਾਵ ਸਿੱਖਾਂ ਦਾ ਸਟੈਂਡ ਦੁਨੀਆ ਸਾਹਮਣੇ ਰੱਖੇ। ਸਿੱਖ ਅਤੇ ਸਿੱਖੀ ਦਾ ਜੋ ਪ੍ਰਭਾਵ ਹੈ, ਉਹ ਅਕਾਲੀ ਦਲ ਦੇ ਕਿਰਦਾਰ ਤੋਂ ਅਕਸ ਬਣਦਾ ਤੇ ਵਿਗੜਦਾ ਹੈ, ਕਿਉਂਕਿ ਇਹ ਸਿੱਖਾਂ ਦੀ ਨੁਮਾਇੰਦਾ ਜਮਾਤ ਹੈ। ਅਕਾਲੀ ਦਲ ਦੀ ਚੁੱਪ ਘਾਤਕ ਸਾਬਤ ਹੋ ਰਹੀ ਹੈ ਤੇ ਇਸ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਇਸ ਦੇ ਪ੍ਰਧਾਨ ਨੂੰ ਰਾਏ ਦੇਣ ਦਾ ਅਧਿਕਾਰ ਨਹੀਂ। ਅਕਾਲੀ ਦਲ ਨੂੰ ਮੈਂ ਆਗਾਹ ਕਰਨਾ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਸਿੱਖ ਮਸਲੇ ਸੁਲਝਾਉਣ ਤੋਂ ਪਿੱਛੇ ਹਟ ਗਏ ਹਨ ਤਾਂ ਇਹੀ ਮਸਲੇ ਆਰ ਐਸ ਐਸ ਭਾਵ ਰਾਸ਼ਟਰੀ ਸਿੱਖ ਸੰਗਤ ਉਠਾ ਰਹੀ ਹੈ ਤੇ ਉਠਾਏਗੀ ਅਤੇ ਉਨ੍ਹਾਂ ਦੀ ਸਰਕਾਰੇ ਦਰਬਾਰੇ ਸੁਣੀ ਜਾਵੇਗੀ, ਜਿਸ ਦਾ ਲਾਭ ਸਿੱਧਾ ਆਰ ਐਸ ਐਸ ਨੂੰ ਹੋਵੇਗਾ।
1970-80 ਦੇ ਦਹਾਕੇ ਵਿੱਚ ਅਕਾਲੀ ਦਲ ਦੀ ਲੀਡਰਸ਼ਿਪ ਵਿੱਚ ਆਪਸੀ ਖਿੱਚੋਤਾਣ ਕਾਰਨ ਜੋ ਖਲਾਅ ਪੈਦਾ ਹੋਇਆ, ਉਸ ਨੂੰ ਸੰਤਾਂ ਨੇ ਭਰਿਆ। ਇਹ ਖਲਾਅ ਦਿੱਲੀ ਸਰਕਾਰ ਨੂੰ ਸੂਤ ਬੈਠਦਾ ਸੀ। ਉਨ੍ਹਾਂ ਨੇ ਸਾਧਾਂ ਸੰਤਅੱਗੇ ਲਾ ਕੇ ਅਕਾਲੀ ਦਲ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ ਕੀਤੀ। ਜਿਸ ਦਾ ਨਤੀਜਾ ਅਪਰੇਸ਼ਨ ਬਲਿਊ ਸਟਾਰ ਵਿੱਚ ਨਿਕਲਿਆ।
ਇਸ ਦੁਖਦਾਈ ਘਟਨਾ ਤੋਂ ਬਾਅਦ ਪੰਜਾਬ ਵਿੱਚ ਕਈ ਵਾਰ ਅਕਾਲੀ ਦਲ ਦੀ ਸਰਕਾਰ ਬਣੀ ਤਾਂ ਉਨ੍ਹਾਂ ਨੇ ਕੇਂਦਰ ਵਿੱਚ ਆਪਣੀ ਭਾਈਵਾਲ ਪਾਰਟੀ ਨਾਲ ਮਿਲ ਕੇ ਸਿੱਖਾਂ ਦੇ ਇਸ ਗਹਿਰੇ ਜ਼ਖਮ 'ਤੇ ਕਦੇ ਮੱਲਮ ਲਾਉਣ ਦੀ ਕੋਸ਼ਿਸ ਨਹੀਂ ਕੀਤੀ ਤੇ ਜਦੋਂ ਪੰਜਾਬ ਵਿੱਚ ਕਾਂਗਰਸ ਦਾ ਸਰਕਾਰ ਆਈ, ਇਨ੍ਹਾਂ ਅਕਾਲੀਆਂ ਦਾ ਸਿੱਖ ਪ੍ਰੇਮ ਉਛਾਲੇ ਮਾਰਨ ਲੱਗ ਪਿਆ। ਜਿਸ ਸਮੇਂ ਅਕਾਲੀ ਲੀਡਰ ਕੁਰਸੀ ਤੋਂ ਵਾਂਝੇ ਸਨ ਤਾਂ ‘ਟਾਡਾ' ਵਰਗੇ ਕਾਲੇ ਕਾਨੂੰਨਾਂ ਦੀ ਕਿੰਨੀ ਨਿੰਦਾ ਤੇ ਵਿਰੋਧ ਕਰਦੇ ਸੀ, ਪਰ ਜਦ ਸਰਕਾਰ ਵਿੱਚ ਆਏ ਤਾਂ ‘ਟਾਡਾ' ਤੋਂ ਵੀ ਭੈੜੇ ਤੇ ਖਤਰਨਾਕ ਕਾਨੂੰਨ ‘ਪੋਟਾ' ਦੇ ਸਮਰਥਕ ਬਣ ਗਏ। ਜਿਨ੍ਹਾਂ ਨੌਜਵਾਨ ਸਿੱਖਾਂ ਨੂੰ ‘ਟਾਡਾ' ਖਿਲਾਫ ਭੜਕਾਇਆ ਤੇ ਵਰਤਿਆ ਸੀ, ਉਨ੍ਹਾਂ ਸਭ ਦੀ ਪੀੜ ਨੂੰ ਛਿੱਕੇ ਟੰਗ ਕੇ ਧੋਖਾ ਕਰਦੇ ਹੋਏ ਭਾਜਪਾ ਨਾਲ ਜਾ ਰਲੇ। ਇਥੇ ਇਹ ਸਾਫ ਕਰ ਦੇਣਾ ਚਾਹੀਦਾ ਹੈ ਕਿ ਅਗਰ ਅਕਾਲੀ ਦਲ ਸਿੱਖਾਂ ਦੇ ਹਿੱਤਾਂ ਦੀ ਗੱਲ ਜਾਂ ਰਾਖੀ ਨਹੀਂ ਕਰ ਸਕਦਾ ਤਾਂ ਇਸ ਨੂੰ ‘ਅਕਾਲੀ ਦਲ' ਨਾਂ ਦੀ ਵਰਤੋਂ ਵੀ ਨਹੀਂ ਕਰਨੀ ਚਾਹੀਦੀ।
ਅੱਜ ਜੋ ਸਾਧ ਸੰਤ ਸਿੱਖ ਸਿਆਸਤ ਵਿੱਚ ਲੀਡਰਸ਼ਿਪ ਦੀ ਕਮੀ ਦਾ ਖਲਾਅ ਭਰ ਰਹੇ ਹਨ, ਉਨ੍ਹਾਂ ਦਾ ਸਬੰਧ ਕੇਂਦਰ ਦੀ ਸਰਕਾਰ ਨਾਲ ਹੈ। ਉਹ ਪੰਜਾਬ ਦੇ ਮਸਲੇ ਲੈ ਕੇ ਪੰਜਾਬ ਦੀ ਸਿਆਸੀ ਲੀਡਰਸ਼ਿਪ ਨੂੰ ਬਾਈਪਾਸ ਕਰਕੇ ਸਿੱਧੇ ਕੇਂਦਰ ਕੋਲ ਪਹੁੰਚ ਰਹੇ ਹਨ। ਇਸ ਤਰ੍ਹਾਂ ਦੇ ਹਾਲਾਤ ਵਿੱਚ ਇਹ ਕੋਈ ਵੱਡੀ ਗੱਲ ਨਹੀਂ ਕਿ ਸਿੱਖ ਪੰਥ ਵਿੱਚ ਫਿਰ ਕੋਈ 1984 ਵਰਗੀ ਅਣਹੋਣੀ ਵਰਤਣ ਦੇ ਹਾਲਾਤ ਬਣ ਜਾਣ।
ਅੱਜ ਬਚੀ ਖੁਚੀ ਅਕਾਲੀ ਲੀਡਰਸ਼ਿਪ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਦਿੱਲੀ ਦਰਬਾਰ ਵਿੱਚ ਰਾਸ਼ਟਰੀ ਸਿੱਖ ਸੰਗਤ ਦੇ ਮੈਂਬਰ ਸਿੱਖਾਂ ਦੀ ਗੱਲ ਮੰਨੀ ਜਾਵੇਗੀ ਅਤੇ ਸਿੱਖ ਪੰਥ ਵਿੱਚ ਹਰ ਚੰਗੇ ਕੰਮ ਦਾ ਸਿਹਰਾ ਇਸੇ ਰਾਸ਼ਟਰੀ ਸਿੱਖ ਸੰਗਤ ਨੂੰ ਮਿਲਣਾ ਹੈ। ਇਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਦੀ ਅਗਲੀ ਚੋਣ ਵੀ ਇਨ੍ਹਾਂ ਦੇ ਕਹੇ 'ਤੇ ਹੋਵੇਗੀ। ਇਸ ਵੱਲ ਇਸ਼ਾਰਾ ਅਖਬਾਰਾਂ ਤੋਂ ਮਿਲ ਗਿਆ ਹੈ ਕਿ ਅਕਾਲ ਤਖਤ 'ਤੇ ਕਬਜ਼ਾ ਕਰ ਲਿਆ ਹੈ। ਕਾਂਗਰਸ ਨੇ ਤਾਂ ਆਕਾਰ ਢਾਹਿਆ ਸੀ, ਭਾਜਪਾ ਵਾਲਿਆਂ ਵੱਲੋਂ ਤਾਂ ਸਿਧਾਂਤ ਢਹਿ ਜਾਣ ਦਾ ਖਤਰਾ ਬਣ ਗਿਆ ਹੈ।
ਇਕ ਵਾਰ ਫਿਰ ਰੈਫਰੈਂਡਮ 2020 ਜਾਂ ਖਾਲਿਸਤਾਨ ਵਰਗੇ ਮਸਲਿਆਂ ਨੂੰ ਮੁਖੌਟਾ ਬਣਾ ਕੇ ਪੰਜਾਬ ਦੇ ਮਾਹੌਲ ਨੂੰ ਵਿਗਾਗੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਅਰਾਜਕਤਾ ਵਿੱਚ ਕਈ ਸਿੱਖ ਆਗੂ ਆਰ ਐਸ ਐਸ ਦੀ ਗਹਿਰੀ ਚਾਲ ਤੋਂ ਬੇਖਬਰ ਆਪਣੇ ਪੈਰਾਂ 'ਤੇ ਕੁਹਾੜਾ ਮਾਰਨ ਲਈ ਜਾਣੇ ਅਣਜਾਣੇ ਵਿੱਚ ਇਸ ਚੁੰਗਲ ਵਿੱਚ ਫਸ ਰਹੇ ਹਨ। ਇਹ ਸਮਾਂ ਹੈ ਜਦੋਂ ਅਕਾਲੀ ਦਲ ਨੂੰ ਖਾਲਿਸਤਾਨ ਬਾਰੇ ਸਟੈਂਡ ਸਾਫ ਕਰਕੇ ਸਿੱਖਾਂ ਦਾ ਭਰਮ ਦੂਰ ਕਰਨਾ ਚਾਹੀਦਾ ਹੈ। ਇਸ ਪਾਰਟੀ ਵੱਲੋਂ ਗੋਲਮੋਲ ਗੱਲ ਕਰਨ ਦੀ ਥਾਂ ਸਾਫ ਲਫਜ਼ਾਂ ਵਿੱਚ ਸਿੱਖਾਂ ਨੂੰ ਖਾਲਿਸਤਾਨ ਦੇ ਦੁਬਾਰਾ ਛਿੜੇ ਮੁੱਦੇ ਬਾਰੇ ਸਪਸ਼ਟ ਰਾਏ ਦੇਣੀ ਜ਼ਰੂਰੀ ਹੋ ਜਾਂਦੀ ਹੈ, ਨਹੀਂ ਤਾਂ ਭਾਜਪਾ ਅਤੇ ਆਰ ਐਸ ਐਸ ਸਿੱਖਾਂ ਵਿੱਚ ਮਿੱਠਾ ਜ਼ਹਿਰ ਵਰਤਾ ਕੇ ਜਿਹੋ ਜਿਹੇ ਹਾਲਤ ਪੈਦਾ ਕਰ ਰਹੀ ਹੈ, ਉਸ ਨਾਲ ਸਿੱਖ ਆਪੋ ਵਿੱਚ ਆਹਮੋ ਸਾਹਮਣੇ ਆ ਜਾਣਗੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ