Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਇਹੋ ਜਿਹੇ ਵੀ ਹੁੰਦੇ ਨੇ ਰਿਸ਼ਤੇ

November 26, 2018 08:25 AM

-ਪ੍ਰੀਤਮਾ ਦੋਮੇਲ
ਅੱਜ ਮੈਂ ਤੁਹਾਡੇ ਨਾਲ ਉਹ ਗੱਲਾਂ ਕਰਾਂਗੀ, ਜੋ ਕਹਾਣੀਆਂ ਵਰਗੀਆਂ ਹਨ, ਪਰ ਕਹਾਣੀਆਂ ਨਹੀਂ, ਸੱਚੀਆਂ ਹਨ। ਪਿਛਲੀ ਸਦੀ ਦੀ ਗੱਲ ਹੈ। ਅਸੀਂ ਛੇ ਭੈਣ ਭਰਾ, ਸਾਡੀ ਮਾਂ ਤੇ ਪਿਤਾ ਆਪਣੇ ਜੱਦੀ ਪਿੰਡ ਮੇਰੇ ਵੱਡੇ ਭਰਾ ਦੇ ਵਿਆਹ 'ਤੇ ਗਏ ਸਾਂ। ਅਸੀਂ ਸਭ ਪੜ੍ਹਨ ਵਾਲੇ ਬੱਚੇ ਸਾਂ। ਪਿਤਾ ਜੀ ਬਾਹਰ ਨੌਕਰੀ ਕਰਦੇ ਅਤੇ ਹਰ ਸਾਲ ਗਰਮੀਆਂ ਦੀਆਂ ਛੁੱਟੀਆਂ ਵਿੱਚ ਪਿੰਡ ਆਪਣੇ ਘਰ ਜਾਂਦੇ। ਘਰ ਵਿੱਚ ਦਾਦਾ-ਦਾਦੀ, ਚਾਚਾ-ਚਾਚੀ ਤੇ ਉਨ੍ਹਾਂ ਦੇ ਪੰਜ ਬੱਚੇ ਰਹਿੰਦੇ ਸਨ। ਆਪੋ ਆਪਣੇ ਸਹੁਰਿਆਂ ਤੋਂ ਪੇਕੇ ਆਉਂਦੀਆਂ ਜਾਂਦੀਆਂ ਮੇਰੀਆਂ ਚਾਰ ਭੂਆ ਤੇ ਉਨ੍ਹਾਂ ਦੇ ਬੱਚੇ ਘਰ ਵਿੱਚ ਰੌਣਕਾਂ ਲਾਈ ਰੱਖਦੇ। ਘਰ ਤੋਂ ਬਾਹਰ ਨਿਕਲਦੇ ਹੀ ਟੋਭੇ ਦੇ ਪਰਲੇ ਸਿਰੇ 'ਤੇ ਸਾਡਾ ਵਾੜਾ ਸੀ। ਨਾਲ ਲੱਗਦੇ ਸਾਡੇ ਖੇਤ ਸਨ। ਅੰਬਾਂ ਦਾ ਬਾਗ ਅਤੇ ਹੇਠਾਂ ਉਤਰਦੀ ਨਹਿਰ ਸਰਹਿੰਦ। ਇਹ ਬਹੁਤ ਪਿਆਰੀ ਤੇ ਅਦਭੁਤ ਸਥਿਤੀ ਹੈ ਸਾਡੇ ਪਿੰਡ ਦੀ। ਸਾਨੂੰ ਇਥੇ ਆਉਣਾ ਬਹੁਤ ਚੰਗਾ ਲੱਗਦਾ ਸੀ। ਘਰ ਵਾਲੇ ਵੀ ਸਾਨੂੰ ਮਿਲ ਕੇ ਬਹੁਤ ਖੁਸ਼ ਹੁੰਦੇ ਸਨ। ਘਰ ਵਿੱਚ ਮੇਲੇ ਵਰਗਾ ਮਾਹੌਲ ਬਣਿਆ ਰਹਿੰਦਾ ਸੀ। ਹੱਸਦੇ ਖੇਡਦੇ, ਖਾਂਦੇ ਪੀਂਦੇ ਪਤਾ ਹੀ ਨਾ ਲੱਗਦਾ ਕਿ ਕਦੋਂ ਛੁੱਟੀਆਂ ਮੁੱਕ ਜਾਂਦੀਆਂ ਅਤੇ ਅੱਖਾਂ ਵਿੱਚ ਅੱਥਰੂ ਭਰ ਕੇ ਅਗਲੇ ਸਾਲ ਦੀਆਂ ਛੁੱਟੀਆਂ ਦੀ ਆਸ ਵਿੱਚ ਅਸੀਂ ਵਿਦਾ ਹੋ ਜਾਂਦੇ।
ਇਸ ਵਾਰ ਇੱਦਾਂ ਨਾ ਹੋਇਆ। ਨਵੀਂ ਵਿਆਹੀ ਭਾਬੀ ਜੇ ਬੀ ਟੀ ਦੀ ਪੜ੍ਹਾਈ ਕਰ ਰਹੀ ਸੀ ਤੇ ਉਸ ਦੀ ਟਰੇਨਿੰਗ ਦੇ ਹਾਲਾਂ ਛੇ ਮਹੀਨੇ ਰਹਿੰਦੇ ਸਨ। ਉਸ ਦਾ ਸਕੂਲ ਸਾਡੇ ਪਿੰਡ ਦੇ ਨੇੜੇ ਸੀ। ਫੈਸਲਾ ਹੋਇਆ ਕਿ ਉਸ ਦੀ ਪੜ੍ਹਾਈ ਖਤਮ ਹੋਣ ਤੱਕ ਅਸੀਂ ਸਾਰੇ ਇਥੇ ਰਹਾਂਗੇ। ਇਕ ਵਜ੍ਹਾ ਹੋਰ ਸੀ। ਸਾਹਮਣੇ ਵਾਲੇ ਘਰ ਦੀ ਭੂਆ ਰਤਨੀ ਦਾ ਬੇਟਾ ਅਰਜੁਨ ਬਾਈ ਸਾਡੇ ਪਿਤਾ ਜੀ ਦਾ ਜਮਾਤੀ ਤੇ ਹਮ-ਉਮਰ ਸੀ। ਉਸ ਨੇ ਭੇਤ-ਭਰੇ ਲਹਿਜ਼ੇ ਵਿੱਚ ਪਿਤਾ ਜੀ ਨੂੰ ਕਿਹਾ, ‘ਦੇਖ, ਤੂੰ ਆਪਣੇ ਟੱਬਰ ਨੂੰ ਇਥੇ ਹੀ ਛੱਡ ਜਾ। ਬਹੂ ਦੀ ਪੜ੍ਹਾਈ ਦਾ ਬਹਾਨਾ ਹੈ। ਤੇਰੇ ਭਾਈ ਦੇ ਮਨ ਵਿੱਚ ਖੋਟ ਹੈ ਜਿਸ ਦਾ ਤੈਨੂੰ ਜਲਦੀ ਪਤਾ ਲੱਗ ਜੂ।' ਪਿਤਾ ਜੀ ਦੇ ਕੰਨਾਂ ਵਿੱਚ ਸੱਜਿਓਂ ਖੱਬਿਓਂ ਏਦਾਂ ਦੀਆਂ ਹੋਰ ਵੀ ਕਈ ਗੱਲਾਂ ਪਈਆਂ। ਇਸ ਲਈ ਅਸੀਂ ਸਾਰੇ ਪਿੰਡ ਵਿੱਚ ਰਹਿ ਗਏ ਤਾਂ ਘਰ ਵਾਲਿਆਂ ਦਾ ਰੰਗ ਢੰਗ ਹੀ ਬਦਲ ਗਿਆ। ਕਿੱਥੇ ਉਹ ਸਾਰੀ ਫਸਲ ਬੀਜਦੇ ਵੇਚਦੇ, ਵਰਤਦੇ ਸਨ ਤੇ ਬਾਪੂ ਜੀ ਵੱਲੋਂ ਭੇਜੇ ਹੋਏ ਰੁਪਏ ਨਾਲ ਹੋਰ ਵਿਆਹ ਕਾਰਜ ਤੇ ਧੀਆਂ ਭੈਣਾਂ ਦਾ ਦੇਣ ਲੈਣ ਚੱਲਦਾ ਸੀ ਤੇ ਕਿੱਥੇ ਉਨ੍ਹਾਂ ਨੂੰ ਸਾਡੇ ਪੂਰੇ ਟੱਬਰ ਨੂੰ ਖੁਆਉਣਾ-ਪਿਆਉਣਾ ਪੈ ਗਿਆ। ਚਾਚੇ ਨੇ ਕਿਹਾ, ‘ਮੈਨੂੰ ਵੱਖ ਕਰ ਦਿਓ, ਮੈਂ ਨਹੀਂ ਰਹਿਣਾ ਇਨ੍ਹਾਂ ਨਾਲ।' ਬਟਵਾਰਾ ਹੋ ਗਿਆ। ਅਜੀਬ ਵੰਡ ਸੀ। ਸਾਨੂੰ ਇਕ ਟੁੱਟਿਆ ਹੋਇਆ ਡੰਗਰਾਂ ਵਾਲਾ ਕੋਠਾ ਦੇ ਦਿੱਤਾ, ਜਿਸ ਵਿੱਚ ਨਾ ਕੋਈ ਮੰਜਾ ਸੀ, ਨਾ ਬਿਸਤਰਾ, ਨਾ ਖਾਣ ਪਕਾਉਣ ਲਈ ਭਾਂਡੇ। ਕਿੱਲਿਆ 'ਤੇ ਬੰਨ੍ਹੀਆਂ ਪੰਜ ਲਵੇਰੀਆਂ, ਦੋ ਵਲਾਇਤੀ ਗਊਆਂ ਅਤੇ 4-4 ਸਾਨ੍ਹਾਂ ਵਰਗੇ ਬੈਲਾਂ ਵਿੱਚੋਂ ਇਕ ਵੀ ਡੰਗਰ ਸਾਡੇ ਹਿੱਸੇ ਨਾ ਆਇਆ। ਜ਼ਮੀਨ ਵੱਲੋਂ ਕਹਿ ਦਿੱਤਾ ਗਿਆ ਕਿ ਬੀਜੀ ਹੋਈ ਫਸਲ ਵੱਢਣ ਤੋਂ ਬਾਅਦ ਅਗਲੀ ਫਸਲ ਵੇਲੇ ਜ਼ਮੀਨ ਵੰਡੀ ਜਾਵੇਗੀ।
ਬਾਪੂ ਜੀ ਸਾਨੂੰ ਘਰ ਛੱਡ ਕੇ ਨੌਕਰੀ 'ਤੇ ਜਾ ਚੁੱਕੇ ਸਨ ਤੇ ਰਹਿ ਗਈ ਮੇਰੀ ਮਾਂ। ਉਸ ਬੇਚਾਰੀ ਕੋਲ ਢੱਠਾ ਜਿਹਾ ਮਕਾਨ ਸੀ। ਉਸ ਨੂੰ ਆਪਣੇ ਛੇ ਬੱਚਿਆਂ ਸਮੇਤ ਉਥੇ ਰਹਿਣਾ ਪੈ ਰਿਹਾ ਸੀ। ਕੋਲ ਨਾ ਖਾਣ ਪਕਾਉਣ ਲਈ ਭਾਂਡੇ ਸਨ, ਨਾ ਸੌਣ ਲਈ ਮੰਜੇ ਬਿਸਤਰੇ ਤੇ ਨਾ ਖਾਣ ਪੀਣ ਦਾ ਸਾਮਾਨ। ਉਹ ਡੌਰ ਭੌਰ ਹੋਈ ਉਸ ਮਿੱਟੀ-ਮਿੱਟੀ ਹੋਣ ਘਰ ਦੇ ਬਰਾਂਡੇ ਵਿੱਚ ਬੈਠੀ ਆਪਣੇ ਭੁੱਖੇ ਬੱਚਿਆਂ ਦੇ ਮੂੰਹਾਂ ਵੱਲ ਬਿੱਟ-ਬਿੱਟ ਤੱਕੀ ਜਾ ਰਹੀ ਸੀ। ਮੇਰੀਆਂ ਛੋਟੀਆਂ ਭੈਣਾਂ ਭੁੱਖ ਕਾਰਨ ਰੋਣ ਲੱਗ ਪਈਆਂ ਸਨ। ਪਤਾ ਨਹੀਂ ਮੇਰੀ ਮਾਂ ਵਿੱਚ ਕਿੱਥੋਂ ਹਿੰਮਤ ਆ ਗਈ। ਉਸ ਨੇ ਰੋਂਦੀਆਂ ਹੋਈਆਂ ਆਪਣੀਆਂ ਧੀਆਂ ਦੇ ਸਿਰ 'ਤੇ ਹੱਥ ਰੱਖ ਕੇ ਕਿਹਾ, ‘ਨੀਂ ਚੰਦਰੀਓ! ਕਿਉਂ ਰੋਂਦੀਆਂ ਹੋ? ਜਿਊਂਦਾ ਰਹੇ ਤੁਹਾਡਾ ਕਮਾਊ ਬਾਪ ਤੇ ਤੁਹਾਡੇ ਭਰਾ। ਕੋਈ ਹੱਥ ਦੀ ਭਾਵੇਂ ਖੋਹ ਲਊ, ਮੱਥੇ ਦੀ ਖੋਹਣੋਂ ਤਾਂ ਰਿਹਾ।'
ਫਿਰ ਅਸੀਂ ਸਭ ਨੇ ਮਿਲ ਕੇ ਘਰ ਨੂੰ ਝਾੜਿਆ ਪੂੰਝਿਆ। ਕੱਚੇ ਫਰਸ਼ ਨੂੰ ਗੋਬਰ ਨਾਲ ਲਿੱਪਿਆ ਅਤੇ ਨਾਲ ਵਾਲੇ ਘਰ ਦੇ ਨਲਕੇ ਤੋਂ ਪਾਣੀ ਲਿਆ ਕੇ ਸਾਨੂੰ ਸਭ ਨੂੰ ਪਿਲਾਇਆ। ਕਿਸੇ ਪੁਰਾਣੇ ਬਕਸੇ ਵਿੱਚੋਂ 2-4 ਭਾਂਡੇ ਲੱਭ ਕੇ ਤੇ ਪਿੰਡ ਦੀ ਦੁਕਾਨ ਤੋਂ ਇਕ ਦੋ ਡੰਗ ਲਈ ਖਾਣ ਪੀਣ ਦਾ ਸਾਮਾਨ ਲਿਆ ਕੇ ਸਾਨੂੰ ਸਭ ਨੂੰ ਰੋਟੀ ਖੁਆਈ। ਮਾਂ ਨੇ ਹਾਲਾਤ ਨਾਲ ਸਮਝੌਤਾ ਕਰ ਲਿਆ। ਫਿਰ ਹੌਲੀ-ਹੌਲੀ ਜ਼ਿੰਦਗੀ ਲੀਹ 'ਤੇ ਪੈ ਗਈ। ਬਸ ਕਮੀ ਸੀ ਤਾਂ ਕਿਸੇ ਦੁੱਧ ਦੇਣ ਵਾਲੇ ਪਸ਼ੂ ਦੀ ਜਿਹੜੀ ਕਿ ਅਜੀਬ ਤਰੀਕੇ ਨਾਲ ਪੂਰੀ ਹੋ ਗਈ। ਇਕ ਦਿਨ ਸਵੇਰੇ-ਸਵੇਰੇ ਮਾਂ ਨੇ ਦੇਖਿਆ ਕਿ ਉਨ੍ਹਾਂ ਦੇ ਵਿਹੜੇ ਵਿੱਚ ਇਕ ਪੂਛ ਕੱਟੀ ਹੋਈ ਗਾਂ ਖੜੀ ਹੈ। ਉਦੋਂ ਵਿਹੜਿਆਂ ਨੂੰ ਕੰਧਾਂ ਹੁੰਦੀਆਂ ਨਹੀਂ ਸਨ। ਮਾਂ ਨੇ ਸੋਚਿਆ, ਰਾਤ ਰੱਸਾ ਤੁੜਾ ਕੇ ਕਿਸੇ ਦੀ ਗਾਂ ਖੁੱਲ੍ਹੇ ਲਾਂਘੇ 'ਚੋਂ ਅੰਦਰ ਲੰਘ ਆਈ ਹੈ। ਛੋਟਾ ਭਰਾ ਡੰਡਾ ਮਾਰ ਕੇ ਭਜਾ ਕੇ ਨਹਿਰ 'ਤੇ ਛੱਡ ਆਇਆ।
ਅਗਲੇ ਦਿਨ ਸਵੇਰੇ ਉਹੀ ਗਾਂ ਫਿਰ ਸਾਡੇ ਵਿਹੜੇ ਦੀ ਪਰਲੀ ਗੁੱਠ ਨਾਲ ਲੱਗ ਕੇ ਖਲੋਤੀ ਸੀ। ਕਈ ਦਿਨ ਇਸੇ ਤਰ੍ਹਾਂ ਹੁੰਦਾ ਰਿਹਾ। ਅਖੀਰ ਮੇਰੀ ਮਾਂ ਨੇ ਕਿਹਾ, ‘ਲੱਗਦਾ ਹੈ ਇਸ ਬੇਜ਼ੁਬਾਨ ਨੇ ਕੋਈ ਕਰਜ਼ਾ ਦੇਣਾ ਹੈ, ਜਿਸ ਨੂੰ ਲਾਹੁਣ ਲਈ ਇਹ ਸਾਡੇ ਘਰੋਂ ਨਹੀਂ ਜਾਂਦੀ। ਆਪਾਂ ਇਸ ਨੂੰ ਆਪਣੇ ਕੀਲੇ 'ਤੇ ਬੰਨ੍ਹ ਲਈਏ। ਉਸ ਨੇ 2-3 ਮਹੀਨਿਆਂ ਬਾਅਦ ਇਕ ਵੱਛੇ ਨੂੰ ਜਨਮ ਦਿੱਤਾ ਤੇ ਉਸ ਤੋਂ ਬਾਅਦ ਵੱਛੀ ਨੂੰ। ਇਸ ਤਰ੍ਹਾਂ ਆਉਂਦੇ ਸਾਲਾਂ ਵਿੱਚ ਸਾਡੇ ਘਰ ਦੁੱਧ ਹੋ ਗਿਆ ਤੇ ਹਲ ਜੋੜਨ ਲਈ ਬੈਲ ਵੀ। ਅੱਜ ਇੰਨੇ ਸਾਲਾਂ ਬਾਅਦ ਵੀ ਉਸ ਗਾਂ ਦੇ ਪੈਦਾ ਕੀਤੇ ਹੋਏ ਵੱਛੇ ਵੱਛੀਆਂ ਦੀਆਂ ਅਗਲੀਆਂ ਨਸਲਾਂ ਸਾਡੇ ਘਰ ਮੌਜੂਦ ਹਨ।
ਮੈਂ ਕਈ ਵਾਰ ਸੋਚਦੀ ਹਾਂ ਕਿ ਉਹ ਕੌਣ ਸੀ ਲੰਡੀ ਗਾਂ। ਰੱਬ ਵੱਲੋਂ ਭੇਜਿਆ ਕੋਈ ਵਰਦਾਨ ਜਾਂ ਸਾਡੇ ਅੱਲ੍ਹੇ ਜ਼ਖਮਾਂ 'ਤੇ ਫੈਹੇ ਰੱਖਣ ਵਾਲੀ ਕੋਈ ਮੱਲ੍ਹਮ। ਅੱਜ ਸਾਡੇ ਉਨ੍ਹਾਂ ਵਸਦੇ ਰਸਦੇ ਘਰਾਂ ਦੀਆਂ ਨੀਂਹਾਂ ਵਿੱਚ ਜੋ ਤਰੇੜਾਂ ਆਪਣਿਆਂ ਨੇ ਪਾਈਆਂ ਸਨ, ਕੀ ਉਹ ਕਦੇ ਭਰ ਸਕਣਗੀਆਂ? ਭਾਵੇਂ ਉਹ ਤਰੇੜਾਂ ਪਾਉਣ ਵਾਲੇ ਬੀਤੇ ਦੀਆਂ ਗੁਮਨਾਮ ਵਾਦੀਆਂ ਵਿੱਚ ਜਾ ਕੇ ਕਿਧਰੇ ਗੁਆਚ ਗਏ ਹਨ, ਪਰ ਉਨ੍ਹਾਂ ਦੇ ਵਤੀਰੇ ਕਾਰਨ ਹਾਲੇ ਵੀ ਦਿਲ ਵਿੱਚ ਚੀਸ ਜਿਹੀ ਉਠਦੀ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’