Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਕੈਨੇਡਾ ਦੀ ‘ਮਹਾਨ ਟਰੇਲ’ ਤੇ ਟੀ. ਪੀ. ਏ. ਆਰ. ਕਲੱਬ

October 30, 2020 09:12 AM

ਇੰਜ. ਈਸ਼ਰ ਸਿੰਘ
ਫ਼ੋਨ: 647-640-2014
ਪੀਲ ਰੀਜਨ ਦੇ ਉੱਤਰੀ ਸ਼ਹਿਰ ਕੈਲੇਡਨ ਵਿੱਚੋਂ ਦੀ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਇਕ ਬਹੁਤ ਹੀ ਪਿਆਰੀ ਸੈਰ-ਗਾਹ (ਟਰੇਲ) ਲੰਘਦੀ ਹੈ, ਜਿਹੜੀ ਕਿ ਕੈਨੇਡਾ ਦੀ ‘ਮਹਾਨ ਟਰੇਲ’ ('ਦ ਗਰੇਟ ਟਰੇਲ) ਦਾ ਇਕ ਹਿੱਸਾ ਹੈ। ਮਹਾਨ ਟਰੇਲ ਦਾ ਪਹਿਲਾ ਨਾਂ ‘ਟਰਾਂਸ ਕਨੇਡਾ ਟਰੇਲ’ (ਟੀ.ਸੀ.ਟੀ.) ਸੀ। ਇਸ ਦੀ ਲੰਬਾਈ 24,000 ਕਿਲੋਮੀਟਰ ਹੈ ਅਤੇ ਇਹ ਦੁਨੀਆਂ ਦੀ ਸੱਭ ਤੋਂ ਲੰਮੀ ਟਰੇਲ ਹੈ। ਇਹ ਕੈਨੇਡਾ ਦੇ ਹਰੇਕ ਪ੍ਰੋਵਿੰਸ ਅਤੇ ਇਸ ਦੀ ਹਰੇਕ ਟੈਰੀਟਰੀ ਵਿੱਚੋਂ ਲੰਘਦੀ ਹੈ। ਪਰਿਭਾਸ਼ਾ ਦੇ ਪੱਖੋਂ ਇਹ ਕੇਵਲ ਇਕ ‘ਟਰੇਲ’ ਨਾ ਹੋ ਕੇ ਕੈਨੇਡਾ ਦੇ ਪੂਰਬ ਤੋਂ ਲੈ ਕੇ ਉੱਤਰੀ ਅਤੇ ਪੱਛਮੀ ਭਾਗਾਂ ਦੇ ਵੱਖ-ਵੱਖ ਹਿੱਸਿਆਂ ਦੀਆਂ 400 ਦੇ ਲੱਗਭੱਗ ਛੋਟੀਆਂ-ਵੱਡੀਆਂ ਟਰੇਲਾਂ ਨੂੰ ਲੋੜ ਅਨੁਸਾਰ ਜੋੜ ਕੇ ਬਣਾਈ ਇਕ ਲੜੀ ਹੈ। ਇਹ ਕੈਨੇਡਾ ਦੇ ਧੁਰ ਪੂਰਬੀ ਸ਼ਹਿਰ ਸੇਂਟ ਜੌਹਨ ਤੋਂ ਸ਼ੁਰੂ ਹੋ ਕੇ ਪੱਛਮ ਵਿਚ ਵਿਕਟੋਰੀਆ ਸ਼ਹਿਰ ਅਤੇ ਫਿਰ ਉੱਤਰ ਵੱਲ ਟੁੰਡਰਾ ਤੱਕ ਹੈ। ਤਸਵੀਰ ਵਿਚ ਵਿਖਾਇਆ ਗਿਆ ਇਸਦਾ ਨਕਸ਼ਾ ਵੇਖ ਕੇਂ ਇਹ ਸਪੱਸ਼ਟ ਹੋ ਜਾਂਦਾ ਹੈ। ਨਕਸ਼ੇ ਵਿਚ ਲਾਲ ਅਤੇ ਹਰੀਆਂ ਲਾਈਨਾਂ ਦੀ ਸਹਾਇਤਾ ਨਾਲ ਦਰਸਾਈ ਗਈ ਇਸ ਟਰੇਲ ਦਾ ਸੱਭ ਤੋਂ ਲੰਮਾ ਹਿੱਸਾ 5,000 ਕਿਲੋਮੀਟਰ ਤੋਂ ਵਧੇਰੇ ਸਾਡੇ ਪ੍ਰੋਵਿੰਸ ਓਨਟਾਰੀਓ ਵਿੱਚੋਂ ਲੰਘਦਾ ਹੈ। ਲਾਲ ਰੰਗ ਦੀ ਲਾਈਨ ਟਰੇਲ ਜ਼ਮੀਨੀ ਰਸਤੇ ਨੂੰ ਦਰਸਾਉਂਦੀ ਹੈ, ਜਦ ਕਿ ਹਰੇ ਰੰਗ ਦੀ ਲਾਈਨ ਇਸ ਦੇ ਪਾਣੀ ਵਾਲੇ ਅਤੇ ਬਰਫ਼਼ਾਨੀ ਰਸਤੇ ਨੂੰ ਪਗ੍ਰਟਾਅ ਰਹੀ ਹੈ।
ਇਸ ਤਰ੍ਹਾਂ ਇਹ ਟਰੇਲ ਕੈਨੇਡਾ ਦੇ ਅਦੁੱਤੀ ਕੁਦਰਤੀ ਨਜ਼ਾਰਿਆਂ ਦੀ ਇਕ ਖ਼ੂਬਸੂਰਤ ਨੁਮਾਇਸ਼ ਹੈ ਅਤੇ ਆਪਣੀ ਮਿਸਾਲ ਆਪ ਹੈ। ਇਹ ਕੈਨੇਡਾ ਦੇ ਵੱਖ-ਵੱਖ ਸੂਬਿਆਂ ਅਤੇ ਟੈਰੀਟਰੀਆਂ ਵਿਚ ਪੱਧਰੀਆਂ ਅਤੇ ਉੱਚੀਆਂ-ਨੀਵੀਆਂ ਥਾਵਾਂ, ਸੰਘਣੇ ਜੰਗਲਾਂ, ਹਰਿਆਵਲੇ ਰਸਤਿਆਂ, ਵੱਡੇ-ਛੋਟੇ ਸ਼ਹਿਰਾਂ, ਕਨਜ਼ਰਵੇਸ਼ਨ-ਖਿੱਤਿਆਂ, ਕੱਚੀਆਂ-ਪੱਕੀਆਂ ਸੜਕਾਂ, ਨਦੀਆਂ-ਨਾਲਿ਼ਆਂ, ਝੀਲਾਂ, ਪਹਾੜਾਂ ਅਤੇ ਕਈ ਥਾਈਂ ਦਰਿਆਂਵਾਂ ਤੇ ਸਮੁੰਦਰ ਦੇ ਕੁਝ ਹਿੱਸਿਆਂ ਉੱਪਰੋਂ ਦੀ ਲੰਘਦੀ ਇਕ ਵੱਖਰੀ ਕਿਸਮ ਦਾ ਅਜੂਬਾ ਹੈ। ਇਹ ਇਕ ਬਹੁ-ਮੰਤਵੀ ਸੈਰ-ਗਾਹ ਹੈ ਜਿਸ ‘ਤ ਹੇਠ-ਲਿਖੀਆਂ ਖੇਡ-ਕਾਰਵਾਈਆਂ ਕੀਤੀਆਂ ਜਾਂਦੀਆਂ ਹਨ:
ਹਾਈਕਿੰਗ
ਟਰੈਕਿੰਗ
ਸਾਈਕਲਿੰਗ
ਘੋੜ-ਸਵਾਰੀ
ਸਕੀਇੰਗ
ਪੈਡਲਿੰਗ
ਸਨੋਅ-ਮੋਬਾਈਲਿੰਗ
ਸਨੋਅ-ਬੋਰਡਿੰਗ
ਇਸ ਤੋਂ ਇਲਾਵਾ ਇਸ ਟਰੇਲ ਦਾ ਕੈਨੇਡਾ ਦੀ ਆਰਥਿਕ ਤਰੱਕੀ ਵਿਚ ਵੀ ਭਰਵਾਂ ਯੋਗਦਾਨ ਹੈ। ਖੇਡਾਂ ਦੇ ਸਮਾਨ ਦੀ ਵਿਕਰੀ ਵਿਚ ਵਾਧਾ, ਹੋਟਲਾਂ-ਮੋਟਲਾਂ, ਰਹਿਣ-ਸਹਿਣ ਅਤੇ ਖਾਣ-ਪੀਣ ਦੀ ਸਮੱਗਰੀ ਨਾਲ ਜੁੜੇ ਹਰ ਤਰ੍ਹਾਂ ਦੇ ਕਾਰੋਬਾਰ ਵਿਚ ਵਾਧਾ, ਨਵੇਂ ਲਿੰਕ ਰਸਤੇ, ਵੱਡੇ-ਛੋਟੇ ਪੁਲ਼ ਅਤੇ ਸੁਰੱਖਿਆ ਨਾਲ ਜੁੜੇ ਯੰਤਰਾਂ ਦੀ ਨਵ-ਉਸਾਰੀ ਇਸ ਵਿਚ ਮੁੱਖ ਤੌਰ ‘ਤੇ ਸ਼ਾਮਲ ਹਨ। ਭਾਵੇਂ ਫ਼ੈੱਡਰਲ, ਪ੍ਰੋਵਿੰਸ਼ੀਅਲ ਅਤੇ ਸਥਾਨਕ ਸਰਕਾਰਾਂ ਵੀ ਇਸ ਦੀ ਬਣਤਰ ਅਤੇ ਸਾਂਭ-ਸੰਭਾਲ ਵਿਚ ਆਪਣਾ ਯੋਗਦਾਨ ਪਾ ਰਹੀਆਂ ਹਨ, ਪਰ ਇਸ ਟਰੇਲ ਦੇ ਬਹੁਤੇ ਕੰਮ ਦਾਨ ਅਤੇ ਵਾਲੰਟੀਅਰ ਸੇਵਾਵਾਂ ਰਾਹੀਂ ਕਰਵਾਏ ਜਾ ਰਹੇ ਹਨ। ਇਸ ਦੇ ਨਾਲ ਹੀ ਇਹ ਟਰੇਲ ਕੈਨੇਡਾ ਦੇ ‘ਬਹੁ-ਸੱਭਿਆਚਾਰੀ ਤਾਣੇ-ਬਾਣੇ’ ਵਿਚ ਵਡਮੁੱਲਾ ਹਿੱਸਾ ਪਾਉਂਦੀ ਹੈ ਅਤੇ ਇਸ ਦੀ ਬਹੁ-ਸੱਭਿਆਚਾਰਕ ਦਿੱਖ (ਮਲਟੀਕਲਚਰਿਜ਼਼ਮ) ਅਤੇ ਆਪਸੀ-ਸਾਂਝ ਦੀ ਵੀ ਪ੍ਰਤੀਕ ਹੈ। ਇਸ ‘ਤੇ ਸੈਰ ਕਰਦਿਆਂ ਸਾਨੂੰ ਹਰ ਵਰਗ, ਖਿੱਤੇ, ਨਸਲ ਅਤੇ ਕੌਮ ਨਾਲ ਸਬੰਧਿਤ ਕੈਨੇਡੀਅਨ ਸ਼ਹਿਰੀ ਆਪਸ ਵਿਚ ‘ਹੈਲੋ-ਹਾਏ’ ਅਤੇ ‘ਸਾਹਬ-ਸਲਾਮ’ ਕਰਦਿਆਂ ਮਿਲ ਜਾਣਗੇ।
ਪਹਿਲਾਂ ਵਰਨਣ ਕਾਰਵਾਈਆਂ ਅਤੇ ਇਨ੍ਹਾਂ ਨਾਲ ਜੁੜੀਆਂ ਗੱਲਾਂ ਭਾਵੇਂ ਸਾਡੇ ਪੰਜਾਬੀ ਜੀਵਨ ਅਤੇ ਸੱਭਿਆਚਾਰ ਹਿੱਸਾ ਨਹੀਂ, ਫਿਰ ਵੀ ਅਸੀਂ ਇਨ੍ਹਾਂ ਨੂੰ ਅਪਨਾਉਣ ਵਿਚ ਕੁਝ ਹੱਦ ਤੀਕ ਸਫ਼਼ਲ ਹੋਏ ਹਾਂ। ਇਹ ਵੱਖਰੀ ਗੱਲ ਹੈ ਕਿ ਓਨੇ ਨਹੀ,ਂ ਜਿੰਨੀ ਇਸ ਦੀ ਜ਼ਰੂਰਤ ਹੈ। ਪੰਜਾਬੀਆਂ ਨੇ ਇਨ੍ਹਾਂ ਟਰੇਲਾਂ 'ਤੇ ਸੈਰ ਕਰਨੀ ਸ਼ੁਰੂ ਤਾਂ ਕਰ ਦਿੱਤੀ ਹੈ ਅਤੇ ਕੁਝ ਇਨ੍ਹਾਂ ਉੱਪਰ ਜੌਗਿੰਗ ਅਤੇ ਸਾਈਕਲਿੰਗ ਕਰਦੇ ਵੀ ਨਜ਼ਰ ਆਉਂਦੇ ਹਨ ਪਰ ਉਨ੍ਹਾਂ ਦੀ ਗਿਣਤੀ ਦੂਸਰੀਆਂ ਕਮਿਊਨਿਟੀਆਂ ਦੇ ਮੁਕਾਬਲੇ ਅਜੇ ਬਹੁਤ ਘੱਟ ਹੈ। ਸਾਡੇ ਪੰਜਾਬੀਆਂ ਲਈ ਘੋੜ-ਸਵਾਰੀ, ਸਕੀਇੰਗ, ਪੈਡਲਿੰਗ, ਸਨੋਅ ਬੋਰਡਿੰਗ ਅਤੇ ਸਨੋਅ-ਮੋਬਾਈਲਿੰਗ ਅਜੇ ਦੂਰ ਦੀਆਂ ਗੱਲਾਂ ਹਨ। ਏਸੇ ਕਰਕੇ ਅਸੀਂ ਅਜੇ ਕੈਨੇਡਾ ਦੀਆਂ ਇਨ੍ਹਾਂ ਟਰੇਲਾਂ ਤੋਂ ਪੂਰਾ ਲਾਭ ਨਹੀਂ ਉਠਾ ਰਹੇ। ਪਰ ਇਸ ਦੇ ਨਾਲ ਹੀ ਵਧੀਆ ਗੱਲ ਇਹ ਵੀ ਹੈ ਕਿ ਸਾਡੀ ਆਉਣ ਵਾਲੀ ਪੀੜ੍ਹੀ ਇਸ ਪੱਖ ਤੋਂ ਸਾਡੇ ਨਾਲੋਂ ਵਧੇਰੇ ਚੇਤੰਨ ਹੈ ਅਤੇ ਉਨ੍ਹਾਂ ਨੇ ਬਰਫ ‘ਤੇ ਖੇਡੀਆਂ ਜਾਣ ਵਾਲੀਆਂ ਖੇਡਾਂ ਆਈਸ-ਹਾਕੀ, ਸਕੀਇੰਗ, ਸਕੇਟਿੰਗ, ਸਨੋਅ-ਬੋਰਡਿੰਗ, ਆਦਿ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਹੈ।
ਪ੍ਰਮਾਤਮਾ ਦੀ ਕਿਰਪਾ ਨਾਲ ਸਾਨੂੰ ਕੈਨੇਡਾ ਦੀ ਧਰਤੀ 'ਤੇ ਆਉਣ ਦਾ ਮੌਕਾ ਮਿਲਿਆ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਵੀ ਇੱਥੇ ਮਿਲਣ ਵਾਲੀਆਂ ਇਨ੍ਹਾਂ ਕੁਦਰਤੀ ਬਖ਼ਸਿ਼ਸ਼ਾਂ ਦਾ ਭਰਪੂਰ ਫ਼਼ਾਇਦਾ ਉਠਾਈਏ। ਖ਼ਾਸ ਕਰਕੇ ਅੱਜ ਦੇ ਚੱਲ ਰਹੇ ਕਰੋਨਾ ਮਹਾਂਮਾਰੀ ਦੌਰ ਵਿਚ ਤਾਂ ਇਹ ਹੋਰ ਵੀ ਜ਼ਰੂਰੀ ਹੋ ਗਿਆ ਹੈ ਜਦੋਂ ਕਿ ਕਰੋਨਾ ਦੇ ਭੈਅ ਨੇ ਸਾਨੂੰ ਅੰਦਰ ਬੈਠਣ ਲਈ ਮਜਬੂਰ ਕਰ ਦਿੱਤਾ ਹੈ। ਇਸ ਮਹਾਂਮਾਰੀ ਨੇ ਸਾਡੇ ਨਿਤਾ-ਪ੍ਰਤੀ ਜੀਵਨ ਦੇ ਕਈ ਬਹੁਤ ਜ਼ਰੂਰੀ ਪਰ ਸਾਡੇ ਵੱਲੋਂ ਅਣਗੌਲੇ ਪੱਖ ਸਾਡੇ ਸਾਹਮਣੇ ਉਜਾਗਰ ਕੀਤੇ ਹਨ। ਸਾਨੂੰ ਸੁਹਿਰਦਤਾ ਨਾਲ ਵਿਚਾਰ ਕਰਕੇ ਤੁਰੰਤ ਦੋ ਕਾਰਵਾਈਆਂ ਕਰਨਂ ਦੀ ਲੋੜ ਹੈ।
ਕੁਦਰਤ ਦਾ ਬਣਦਾ ਸਤਿਕਾਰ ਕਰਨਾ ਅਤੇ ਉਸ ਦੇ ਰਾਹੀਂ ਬਖ਼ਸ਼ੀਆਂ ਹੋਈਆਂ ਪ੍ਰਮਾਤਮਾ ਦੀਆਂ ਦਾਤਾਂ ਦਾ ਪੂਰੇ ਸੰਜਮ ਵਿਚ ਰਹਿ ਕੇ ਸਰਬ-ਸਾਂਝੇ ਭਲੇ ਲਈ ਸਦ-ਉਪਯੋਗ ਕਰਨਾ।
ਆਪੋ-ਆਪਣੀ ਸਿਹਤ ਦੀ ਸੰਭਾਲ ਅਤੇ ਇਸ ਵਿਚ ਸੁਧਾਰ ਕਰਨ ਲਈ ਪੂਰੀ ਤਰ੍ਹਾਂ ਸੁਚੇਤ ਰਹਿ ਕੇ ਭਰਪੂਰ ਯਤਨ ਕਰਨਾ।
ਇਨ੍ਹਾਂ ਦੋਹਾਂ ਗੱਲਾਂ ਦੀ ਆਪਸ ਵਿਚ ਇਕਸੁਰਤਾ ਦੇ ਨਾਲ਼-ਨਾਲ਼ ਇਹ ਦੋਵੇਂ ਸਾਨੂੰ ਘਰਾਂ, ਆਪਣੇ ਕੰਮਾਂ-ਕਾਰਾਂ ਅਤੇ ਰਿਹਾਇਸ਼ੀ ਬਿਲਡਿੰਗਾਂ ਵਿੱਚੋਂ ਬਾਹਰ ਨਿਕਲ ਕੇ ਕੁਦਰਤ ਨਾਲ ਇਕ-ਮਿਕ ਹੋਣ ਦੀਆਂ ਸਿੱਖਿਆਵਾਂ ਵੀ ਦਿੰਦੀਆਂ ਹਨ। ਇਨ੍ਹਾਂ ਉੱਪਰ ਸਹੀ ਤਰ੍ਹਾਂ ਅਮਲ ਕਰਨ ਵਾਸਤੇ ਟਰੇਲਾਂ ‘ਤੇ ਜਾ ਕੇ ਉੱਪਰ ਦੱਸੀਆਂ ਗਈਆਂ ਕਾਰਵਾਈਆਂ ਸਾਡੇ ਲਈ ਬਹੁਤ ਮਦਦਗਾਰ ਸਾਬਤ ਹੋ ਸਕਦੀਆਂ ਹਨ।
‘ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ’ ਜਿੱਥੇ ਆਪਣੇ ਮੈਂਬਰਾਂ ਨੂੰ ਇਨ੍ਹਾਂ ਸਿੱਖਿਆਵਾਂ ‘ਤੇ ਤੋਰਨ ਲਈ ਪੂਰੀ ਤਰ੍ਹਾਂ ਵਚਨ-ਬੱਧ ਹੈ, ਉੱਥੇ ਇਸ ਨੇ ਆਪਣੀ ਪੂਰੀ ਪੰਜਾਬੀ ਕਮਿਊਨਿਟੀ ਨੂੰ ਇਨ੍ਹਾਂ ਦੇ ਬਾਰੇ ਜਾਗਰੂਕ ਕਰਨ ਦਾ ਵੀ ਬੀੜਾ ਚੁੱਕਿਆ ਹੋਇਆ ਹੈ। ਇਸ ਲਈ ਇਹ ਕਲੱਬ ਆਪਣੇ ਮੈਂਬਰਾਂ ਦੀਆਂ ਪ੍ਰਾਪਤੀਆਂ ਬਾਰੇ ਦੱਸਣ ਦੇ ਨਾਲ਼ ਨਾਲ਼ ਅਖ਼ਬਾਰਾਂ ਵਿਚ ਵੱਖ-ਵੱਖ ਆਰਟੀਕਲ ਲਿਖਣ, ਪੰਜਾਬੀ ਰੇਡੀਓ ਤੇ ਟੀ.ਵੀ.ਚੈਨਲਾਂ ਉੱਪਰ ਸਿਹਤ ਸਬੰਧੀ ਵੱਖ-ਵੱਖ ਵਿਸਿ਼ਆਂ ‘ਤੇ ਗੱਲਬਾਤ ਕਰਨ ਅਤੇ ਲੋਕਾਂ ਨੂੰ ਇੱਥੇ ਉਪਲੱਭਧ ਸਹੂਲਤਾਂ ਬਾਰੇ ਜਾਣਕਾਰੀ ਦੇਣ ਦੇ ਭਰਪੂਰ ਯਤਨ ਕਰਦਾ ਰਹਿੰਦਾ ਹੈ। ਟੀ.ਪੀ.ਏ.ਆਰ. ਕਲੱਬ ਇੱਥੇ ਆਪਣੇ ਵੀਰਾਂ-ਭੈਣਾਂ ਅੱਗੇ ਇਸ ਤਰ੍ਹਾਂ ਦੀ ਅਪੀਲ ਕਰਨਾ ਆਪਣਾ ਫ਼ਰਜ਼ ਵੀ ਸਮਝਦਾ ਹੈ ਅਤੇ ਆਪਣਾ ਹੱਕ ਵੀ। ਹੱਕ ਇਸ ਕਰਕੇ ਕਿ ਇਹ ਖ਼ੁਦ ਆਪਣੇ ਮੈਂਬਰਾਂ ਨੂੰ ਪੂਰੇ ਅਨੁਸਾਸ਼ਨ ਅਤੇ ਨੇਮ-ਬੱਧ ਢੰਗ ਨਾਲ ਸਿਹਤ ਸੰਭਾਲ ਅਤੇ ਸੁਧਾਰ ਦੀਆਂ ਗਤੀਵਿਧੀਆਂ ਵਿਚ ਲਗਾਤਾਰ ਲਾ ਕੇ ਰੱਖਦਾ ਹੈ। ਜਦੋਂ ਦਾ ਇਹ ਕਲੱਬ ਬਣਿਆਂ ਹੈ, ਉਦੋਂ ਤੋਂ ਹੀ ਇਸ ਦੇ ਮੈਂਬਰ ਐਸੀਆਂ ਦੌੜਾਂ, ਸੀ.ਐੱਨ. ਟਾਵਰ ਦੀਆਂ ਪੌੜੀਆਂ ਚੜ੍ਹਨ ਅਤੇ ਹੋਰ ਅਜਿਹੀਆਂ ਕਈ ਈਵੈਂਟਾਂ ਵਿਚ ਭਾਗ ਲੈਂਦੇ ਆ ਰਹੇ ਹਨ ਜਿਹੜੀਆਂ ਕਿ ਸਿਰਫ਼ ਤੇ ਸਿਰਫ਼ ਚੈਰੀਟੇਬਲ ਮੰਤਵਾਂ ਲਈ ਕਰਵਾਈਆਂ ਜਾਂਦੀਆਂ ਹਨ। ਇਨ੍ਹਾਂ ਵਿੱਚੋਂ ਵਿਸ਼ਵ ਪ੍ਰਸਿੱਧ ‘ਸਕੋਸ਼ੀਆਬੈਂਕ ਵਾਟਰਫ਼ਰੰਟ ਮੈਰਾਥਨ’ ਦਾ ਨਾਂ ਖ਼ਾਸ ਤੌਰ ‘ਤੇ ਵਰਨਣਯੋਗ ਹੈ। ਕਰੋਨਾ ਮਹਾਂਮਾਰੀ ਦੇ ਚੱਲ ਰਹੇ ਦੌਰ ਕਾਰਨ ਇਸ ਵਾਰ ਇਹ ਦੌੜ ‘ਵਰਚੂਅਲ-ਢੰਗ’ ਨਾਲ ਕਰਵਾਈ ਜਾ ਰਹੀ ਹੈ। ਟੀ.ਪੀ.ਏ.ਆਰ. ਕਲੱਬ ਵੱਲੋਂ ਇਹ ਦੌੜ ਇਸ ‘ਮਹਾਨ ਟਰੇਲ’ ਦੇ ਕੈਲਾਡਨ ਵਾਲੇ ਭਾਗ ਵਿਚ ਅਕਤੂਬਰ ਦੇ ਅਖ਼ੀਰ ਵਿਚ ਕਰਵਾਈ ਜਾ ਰਹੀ ਹੈ। ਕਲੱਬ ਦੇ ਸਾਰੇ ਮੈਂਬਰ ਇਸ ਦੇ ਲਈ ਅੱਜਕੱਲ੍ਹ ਪੂਰੇ ਜ਼ੋਰ-ਸ਼ੋਰ ਨਾਲ ਤਿਆਰੀਆਂ ਕਰ ਰਹੇ ਹਨ। ਲੰਘੇ ਐਤਵਾਰ ਉਨ੍ਹਾਂ ਵਾਅਨ ਵਿਚ ਦੀ ਲੰਘਦੀ ਹੰਬਰ ਟਰੇਲ ਉੱਪਰ 21 ਕਿਲੋ ਮੀਟਰ ਦੌੜ ਕੇ ਸਕੋਸ਼ੀਆਬੈਂਕ ਵਾਟਰਫ਼ਰੰਟ ਵਰਚੂਅਲ ਮੈਰਾਥਨ ਦਾ ਪਹਿਲਾ ਪੜਾਅ ਪੂਰਾ ਕੀਤਾ ਅਤੇ ਇਸ 10 ਅਕਤੂਬਰ ਐਤਵਾਰ ਨੂੰ ਉਨ੍ਹਾਂ ਔਰੈਂਜਵਿਲ ਦੀ ਮੌਨੋਕਲਿਫ਼ ਟਰੇਲ ‘ਤੇ ਪਹੁੰਚ ਕੇ ਇਸ ਦਾ ਦੂਰਾ ਪੜਾਅ ਵੀ ਫ਼ਤਿਹ ਕਰ ਲਿਆ ਹੈ। ਜਿ਼ਕਰਯੋਗ ਹੈ ਕਿ ਇਸ ਸਮੇਂ 250 ਦੇ ਲੱਗਭੱਗ ਅਥਲੀਟ ਇਸ ਕਲੱਬ ਨਾਲ ਜੁੜੇ ਹੋਏ ਹਨ ਜਿਨ੍ਹਾਂ ਵਿੱਚੋਂ 60-70 ਦੌੜ ਦੇ ਲੱਗਭੱਗ ਹਰੇਕ ਈਵੈਂਟ ਵਿਚ ਹਿੱਸਾ ਲੈਂਦੇ ਹਨ।
ਕਲੱਬ ਆਪਣੇ ਤਜਰਬੇ ਦੇ ਆਧਾਰ ‘ਤੇਂ ਸਮਝਦਾ ਹੈ ਕਿ ਕੈਨੇਡਾ ਦੀ ‘ਮਹਾਨ ਟਰੇਲ’ ਬਾਰੇ ਇਹ ਮੁੱਢਲੀ ਜਾਣਕਾਰੀ ਸਾਡੀ ਕਮਿਊਨਿਟੀ ਦੇ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਅਤੇ ਕੁਦਰਤ ਵਿਚ ਵਿਚਰਨ ਲਈ ਉਤਸ਼਼ਾਂਹਿਤ ਕਰ ਸਕੇਗੀ, ਖ਼਼ਾਸ ਕਰਕੇ ਸਾਡੇ ਬੱਚਿਆਂ ਨੂੰ ਜਿਹੜੇ ਕਿ ਆਪਣੇ ਭਵਿੱਖ ਨੂੰ ਸ਼ਾਨਮਈ ਅਤੇ ਸਫ਼ਲ ਢੰਗ ਨਾਲ ਜਿਊਣ ਦੇ ਸੁਪਨੇ ਦੇਖ ਰਹੇ ਹਨ। ਇੱਥੇ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਅਸੀਂ ਆਪਣੇ-ਆਪ ਨੂੰ ਇਨ੍ਹਾਂ ਟਰੇਲਾਂ ਦੀ ਕਿਤਾਬੀ ਜਾਂ ਮਹਿਜ਼ ਨਕਸ਼ਾ-ਮਈ ਜਾਣਕਾਰੀ ਤੱਕ ਹੀ ਸੀਮਤ ਨਹੀਂ ਰੱਖਣਾ, ਸਗੋਂ ਇਸ ਤੋਂ ਅੱਗੇ ਜਾ ਕੇ ਪੂਰੀ ਤਰ੍ਹਾਂ ਡਰੈੱਸ-ਅੱਪ ਹੋ ਕੇ ਸੁਹਿਰਦਤਾ ਨਾਲ ਇਕ-ਇਕ ਕਦਮ ਨਾਲ ਇਨ੍ਹਾਂ ਟਰੇਲਾਂ ਨੂੰ ਵਾਰ-ਵਾਰ ਨਿੱਤ ਨਵੇਂ ਉਤਸ਼ਾਹ ਨਾਲ ਮਿਲਣਾ ਹੈ। ਅਸੀਂ ਉਨ੍ਹਾਂ ਹਿੰਮਤੀ ਸੱਜਣਾਂ ਤੋਂ ਉਤਸ਼ਾਹ ਪ੍ਰਾਪਤ ਕਰਨਾ ਹੈ ਜਿਹੜੇ ਸੈਂਕੜੇ ਮੀਲ ਇਨ੍ਹਾਂ ਉੱਪਰ ਤੁਰਦੇ ਹਨ ਜਾਂ ਹਜ਼ਾਰਾਂ ਕਿਲੋ ਮੀਟਰ ਇਨ੍ਹਾਂ ਉੱਪਰ ਸਾਈਕਲਿ਼ੰਗ ਕਰਦੇ ਹਨ। ਅਸੀਂ ‘ਸੈਰਾਹ ਜੈਕਸਨ’ ਨਾਂ ਦੀ 25 ਸਾਲਾ ਆਪਣੀ ਭੈਣ ਤੋਂ ਉਤਸ਼ਾਹ ਲੈਣਾ ਹੈ ਜਿਸ ਨੇ ਇਸ ਪੂਰੀ ਟਰੇਲ ਨੂੰ ਦੋ ਸਾਲਾਂ ਵਿਚ ਤੁਰ ਕੇ ਪੂਰਾ ਕੀਤਾ ਹੈ। ਅਸੀਂ ਪ੍ਰੇਰਨਾ ਲੈਣੀ ਹੈ ‘ਡੇਨਾ ਮਾਇਜ਼ੀ਼’ ਨਾਂ ਦੇ ਸੱਜਣ ਤੋਂ, ਜਿਸ ਨੇ ਨਵੰਬਰ 2018 ਵਿਚ ਇਹੀ ਕੰਮ ਪੂਰਾ ਕੀਤਾ। ਦਿਲਚਸਪ ਗੱਲ ਇਹ ਹੈ ਕਿ ਉਸ ਨੇ ਇਹ ਸਫਰ ਘਰੇਲੂ ਮੁਸ਼ਕਲਾਂ ਅਤੇ ਸਰੀਰਕ ਸੱਟਾਂ-ਫ਼ੇਟਾਂ ਦੇ ਬਾਵਜੂਦ ਦਸਾਂ ਸਾਲਾਂ ਵਿਚ ਪੂਰਾ ਕੀਤਾ। ਉਸ ਦੇ ਸਿਰੜ ਅਤੇ ਉਸ ਦੀ ਦਿੜ੍ਹਤਾ ਨੂੰ ਸਲਾਮ ਹੈ ਅਤੇ ਇਹ ਸਾਡੇ ਸਾਰਿਆਂ ਲਈ ਲਈ ਨਿਰੰਤਰ ਪ੍ਰੇਰਨਾ ਦਾ ਸਰੋਤ ਹੈ।
ਏਸੇ ਤਰਾ ਦੀ ਇਕ ਹੋਰ ਦਲੇਰਾਨਾ ਮੁਹਿੰਮ ਬਾਰੇ ਦੱਸਣਾ ਇੱਥੇ ਹੋਰ ਵੀ ਦਿਲਚਸਪ ਅਤੇ ਉਤਸ਼ਾਹ ਜਨਕ ਹੋਵੇਗਾ ਕਿ ਅੱਜ ਵੀ ਸੀਨ ਮਾਰਟਿਨ ਤੇ ਉਸ ਦੀ ਪਤਨੀ ਸੋਨੀਆ ਰਿਚਮੰਡ ਦੀ ਜੋੜੀ ਕੈਨੇਡਾ ਦੀ ਇਸ ਮਹਾਨ ਟਰੇਲ ਨੂੰ ਸਰ ਕਰਨ ਲਈ ਨਿਕਲੀ ਹੋਈ ਹੈ। ਉਨ੍ਹਾਂ ਨੇ ਇਹ ਕਾਰਜ 1 ਜੂਨ, 2019 ਨੂੰ ਆਰੰਭਿਆ ਸੀ ਅਤੇ ਉਹ ਅਕਤੂਬਰ 2022 ਤੱਕ ਇਸ ਨੂੰ ਪੂਰਾ ਕਰਨ ਦਾ ਉਪਰਾਲਾ ਕਰਨ ਪ੍ਰਤੀ ਦ੍ਰਿੜ੍ਹ ਹਨ। ਸਾਨੂੰ ਚਾਹੀਦਾ ਹੈ ਕਿ ਅਸੀਂ ਵੀ ਉਨ੍ਹਾਂ ਵਾਂਗ ਮੈਦਾਨ ਵਿਚ ਉੱਤਰੀਏ। ਕੁਦਰਤ ਵੱਲੋਂ ਮਿਲੀ ਮਨੁੱਖਾ ਜਨਮ ਦੀ ਵਡਮੁੱਲੀ ਦਾਤ ਦੀ ਸਰੀਰਕ ਪੱਖ ਤੋਂ ਪੂਰੀ ਤਰ੍ਹਾਂ ਸੰਭਾਲ ਕਰੀਏ ਤਾਂ ਕਿ ਅਸੀ ਇਸ ਦੇ ਪਰਮਾਰਥੀ ਮੰਤਵ ਦੀ ਪ੍ਰਾਪਤੀ ਕਰਨ ਦੇ ਸਮਰੱਥ ਹੋ ਸਕੀਏ।
(ਸਹਿਯੋਗੀ: ਡਾ. ਸੁਖਦੇਵ ਸਿੰਘ ਝੰਡ, ਫ਼ੋਨ: 647-567-9128)

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”