Welcome to Canadian Punjabi Post
Follow us on

29

March 2024
 
ਨਜਰਰੀਆ

ਐਨਾ ਸੱਚ ਨਾ ਬੋਲੋ ਸ਼ਰੀਫ ਸਾਹਿਬ

October 30, 2020 08:48 AM

-ਦੀਪਕ ਜਲੰਧਰ
ਇੱਕ ਦਾਰਸ਼ਨਿਕ ਨੇ ਕਿਹਾ ਹੈ ਕਿ ਜਦੋਂ ਕੋਈ ਸੱਚ ਅਤੇ ਸਿਰਫ ਸੱਚ ਬੋਲਦਾ ਹੈ ਤਾਂ ਉਹ ਇਕੱਲਾ ਰਹਿ ਜਾਂਦਾ ਹੈ। ਪਾਕਿਸਤਾਨ ਦੀ ਹਾਲਤ ਕਿਸੇ ਤੋਂ ਛੁਪੀ ਨਹੀਂ। ਖਾਣ-ਪੀਣ ਦੀਆਂ ਵਸਤਾਂ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਗਈਆਂ ਹਨ ਅਤੇ ਭਿ੍ਰਸ਼ਟਾਚਾਰ ਸਿਖਰ ਉੱਤੇ ਹੈ। ਪਾਕਿਸਤਾਨੀ ਫੌਜ ਸਰਕਾਰ ਦੇ ਹਰ ਵਿਭਾਗ ਵਿੱਚ ਦਖਲ ਦੇ ਰਹੀ ਹੈ। ਨਵਾਜ਼ ਸ਼ਰੀਫ ਆਪਣਾ ਇਲਾਜ ਕਰਾਉਣ ਲਈ ਜੇਲ੍ਹ ਤੋਂ ਪੈਰੋਲ 'ਤੇ ਰਿਹਾਅ ਹੋਏ, ਪਰ ਪਾਕਿਸਤਾਨ ਦੇ ਹੁਕਮਰਾਨ ਮਨਮਾਨੀ 'ਤੇ ਉਤਰ ਆਏ ਅਤੇ ਨਵਾਜ਼ ਸ਼ਰੀਫ ਨੂੰ ਭਗੌੜਾ, ਮਫਰੂਰ, ਗੱਦਾਰ ਅਤੇ ਨਾ ਜਾਣੇ ਕਿੰਨੇ ਨਾਵਾਂ ਨਾਲ ਪੁਕਾਰਨ ਲੱਗੇ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਖੁਦ ਇਹ ਨਾਅਰਾ ਲਾਉਣ ਲੱਗ ਪਏ, ‘ਜੋ ਮੋਦੀ ਦਾ ਯਾਰ ਹੈ, ਉਹ ਦੇਸ਼ ਦਾ ਗੱਦਾਰ ਹੈ।’ ਇਹ ਬਦਕਿਸਮਤੀ ਦੀ ਗੱਲ ਹੈ ਕਿ ਭਾਰਤ ਦੇ ਕੁਝ ਲੀਡਰ ਜਿਨ੍ਹਾਂ ਵਿੱਚ ਮਣੀਸ਼ੰਕਰ ਅਈਅਰ, ਸ਼ਸ਼ੀ ਥਰੂਰ ਤੇ ਨਵਜੋਤ ਸਿੰਘ ਸਿੱਧੂ ਵੀ ਸ਼ਾਮਲ ਹਨ, ਪਾਕਿਸਤਾਨੀ ਲੀਡਰਾਂ ਨੂੰ ਜਾਣੇ-ਅਣਜਾਣੇ ਸ਼ਹਿ ਦਿੰਦੇ ਰਹਿੰਦੇ ਹਨ।
ਨਵਾਜ਼ ਸ਼ਰੀਫ ਨੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਨਕਾਰਾ, ਨਿਕੰਮੇ ਤੇ ਨਾ-ਅਹਿਲ ਲੋਕਾਂ ਨੂੰ ਜਨਰਲ ਕਮਰ ਜਾਵੇਦ ਬਾਜਵਾ ਨੇ ਜਮਹੂਰੀਅਤ ਦਾ ਮਜ਼ਾਕ ਉਡਾਉਂਦੇ ਹੋਏ ਗੱਦੀ 'ਤੇ ਬਿਠਾ ਦਿੱਤਾ ਹੈ। ਫਿਰ ਬਈ ਇਸ ਨੂੰ ਕੀ ਕਹੋਗੇ ਕਿ ਪਾਕਿਸਤਾਨ ਕੰਗਾਲੀ ਦੇ ਹਨੇਰੇ ਵਿੱਚ ਗੁੰਮ ਹੋਣ ਲੱਗਾ ਤਾਂ ਉਸ ਨੇ ਚੀਨ ਹੱਥੋਂ ਵਿਕਣ ਵਿੱਚ ਰੱਤੀ ਸ਼ਰਮ ਮਹਿਸੂਸ ਨਹੀਂ ਕੀਤੀ। ਨਵਾਜ਼ ਸ਼ਰੀਫ ਨੇ ਜਨਰਲ ਮੁਸ਼ੱਰਫ ਉੱਤੇ ਵੀ ਦੋਸ਼ ਲਾਉਂਦੇ ਹੋਏ ਕਿਹਾ ਕਿ ਉਸ ਨੇ ਲੋਕਤੰਤਰ ਦੀ ਹੱਤਿਆ ਕਰ ਕੇ ਚੁਣੀ ਹੋਈ ਸਰਕਾਰ ਨੂੰ ਤੋੜ ਕੇ ਪਾਕਿਸਤਾਨ ਵਿੱਚ ਜਿਹੜੇ ਆਰਥਿਕ ਸੁਧਾਰ ਹੋ ਰਹੇ ਸਨ, ਉਨ੍ਹਾਂ ਨੂੰ ਤਬਾਹ ਕਰ ਦਿੱਤਾ ਸੀ, ਜਦ ਕਿ ਇਮਰਾਨ ਖਾਨ ਨੇ ਪਿੱਛੇ ਜਿਹੇ ਇੱਕ ਜਲਸੇ ਨੂੰ ਬੋਲਦੇ ਹੋਏ ਨਵਾਜ਼ ਸ਼ਰੀਫ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਉਹ ਜ਼ਿਆ-ਉਲ-ਹੱਕ ਦੀਆਂ ਜੁੱਤੀਆਂ ਸਾਫ ਕਰਦੇ ਹੁੰਦੇ ਸਨ। ਕੀ ਇਹ ਟਿੱਪਣੀ ਇੱਕ ਐਸੇ ਰਾਜਨੇਤਾ 'ਤੇ ਕਰਨੀ ਵਾਜਿਬ ਹੈ ਜਿਹੜਾ ਤਿੰਨ ਵਾਰ ਪਾਕਿਸਤਾਨ ਦਾ ਵਜ਼ੀਰੇ-ਆਜ਼ਮ ਬਣਿਆ ਹੋਵੇ? ਸ਼ਿਮਲਾ ਸਮਝੌਤਾ ਉਦੋਂ ਹੋਇਆ, ਜਦੋਂ ਜਨਰਲ ਯਹੀਆ ਖਾਨ ਪਾਕਿਸਤਾਨ 'ਤੇ ਕਾਬਜ਼ ਸੀ। ਜੇ ਓਦੋਂ ਕੋਈ ਜਮਹੂਰੀਅਤ ਦਾ ਨੁਮਾਇੰਦਾ ਹੁੰਦਾ ਤਾਂ ਸ਼ਾਇਦ ਇਹ ਸਮਝੌਤਾ ਨਾ ਹੁੰਦਾ। ਇਹ ਵੀ ਹਕੀਕਤ ਹੈ ਕਿ ਪਾਕਿਸਤਾਨ ਨੇ ਹਿੰਦੁਸਤਾਨ ਨਾਲ ਜਦੋਂ ਵੀ ਜੰਗ ਛੇੜੀ ਉਦੋਂ ਪਾਕਿਸਤਾਨ 'ਤੇ ਫੌਜੀ ਹੁਕਮਰਾਨ ਕਾਬਜ਼ ਸਨ ਤੇ ਹਰ ਵਾਰ ਉਹ ਹਿੰਦੁਸਤਾਨੀ ਫੌਜ ਹੱਥੋਂ ਬੁਰੀ ਤਰ੍ਹਾਂ ਹਾਰਦੇ ਰਹੇ। ਕਿਸੇ ਦੇਸ਼ ਦੇ 93000 ਫੌਜੀ ਹਥਿਆਰ ਸੁੱਟ ਦੇਣ, ਇਹ ਡੁੱਬ ਮਰਨ ਵਾਲੀ ਗੱਲ ਹੁੰਦੀ ਹੈ।
ਜਦੋਂ ਅਟਲ ਬਿਹਾਰੀ ਵਾਜਪਾਈ ਭਾਰਤ ਦੇ ਪ੍ਰਧਾਨ ਮੰਤਰੀ ਸਨ ਤਾਂ ਉਨ੍ਹਾਂ ਨੇ ਪਾਕਿਸਤਾਨ ਨਾਲ ਦੋਸਤੀ ਕਰਨ ਦਾ ਯਤਨ ਕੀਤਾ। ਨਵਾਜ਼ ਸ਼ਰੀਫ ਦੇ ਦੌਰ ਵਿੱਚ ਉਹ ਬਸ ਸਰਵਿਸ ਵੀ ਸ਼ੁਰੂ ਕਰਨ ਹਿੱਤ ਲਾਹੌਰ ਗਏ ਸਨ ਜਿਸ ਨੂੰ ਲਾਹੌਰ ਐਗਰੀਮੈਂਟ ਕਿਹਾ ਜਾਂਦਾ ਹੈ। ਪਾਕਿਸਤਾਨ ਦੀ ਬਦਕਿਸਮਤੀ ਸੀ ਕਿ ਪਰਵੇਜ਼ ਮੁਸ਼ੱਰਫ ਨੇ ਆਉਂਦੇ ਸਾਰ ਉਹ ਸਾਰੇ ਰਾਹ ਬੰਦ ਕਰ ਦਿੱਤੇ ਜਿਨ੍ਹਾਂ ਸਦਕਾ ਭਾਰਤ ਨਾਲ ਗੱਲਬਾਤ ਜਾਰੀ ਰਹਿ ਸਕਦੀ ਸੀ। ਆਗਰੇ ਵਿੱਚ ਪਰਵੇਜ਼ ਮੁਸ਼ੱਰਫ ਨੇ ਉਹ ਤਮਾਸ਼ਾ ਕੀਤਾ ਜਿਸ ਨਾਲ ਸਾਰਾ ਗੁੜ ਗੋਬਰ ਹੋ ਗਿਆ। ਇਸ ਤੋਂ ਪਹਿਲਾਂ ਜਨਰਲ ਮੁਸ਼ੱਰਫ ਨੇ ਨਵਾਜ਼ ਸ਼ਰੀਫ ਦੀ ਇੱਜ਼ਤ ਤਾਰ-ਤਾਰ ਕਰਨ ਲਈ ਕਾਰਗਿਲ ਯੁੱਧ ਛੇੜ ਦਿੱਤਾ। ਸੰਨ 1999 ਵਿੱਚ ਪਾਕਿਸਤਾਨੀ ਫੌਜ ਵੱਲੋਂ ਖੇਡੀ ਗਈ ਇਸ ਖੂਨੀ ਖੇਡ ਦਾ ਮੁੱਖ ਖਿਡਾਰੀ ਜਨਰਲ ਮੁਸ਼ੱਰਫ ਸੀ। ਇਹ ਕਹਿਣਾ ਹੈ ਉਥੋਂ ਦੇ ਰਿਟਾਇਰਡ ਜਨਰਲ ਸ਼ਾਹਿਦ ਅਜ਼ੀਜ਼ ਦਾ।
ਲਾਹੌਰ ਯਾਤਰਾ ਨੂੰ ਬੜੀ ਮੁਸ਼ਕਲ ਨਾਲ ਤਿੰਨ ਮਹੀਨੇ ਹੋਏ ਸਨ ਕਿ ਕਾਰਗਿਲ ਵਿੱਚ ਕਬਾਇਲੀਆਂ ਵੱਲੋਂ ਘੁਸਪੈਠ ਦੀ ਸੂਚਨਾ ਇੱਕ ਗਸ਼ਤੀ ਦਲ ਨੂੰ ਇੱਕ ਚਰਵਾਹੇ ਨੇ ਦਿੱਤੀ। ਗਸ਼ਤੀ ਦਲ ਨੇ ਇਹ ਸੂਚਨਾ ਆਪਣੇ ਸੈਨਿਕ ਅਧਿਕਾਰੀਆਂ ਨੂੰ ਦਿੱਤੀ। ਸ਼ਾਹਿਦ ਅਜ਼ੀਜ਼ ਕਹਿੰਦੇ ਹਨ ਕਿ ਇਹ ਕਬਾਇਲੀ ਘੁਸਪੈਠੀਆਂ ਨਹੀਂ, ਪਾਕਿਸਤਾਨੀ ਫੌਜ ਦੇ ਨਿਯਮਤ ਫੌਜੀ ਸਨ ਜਿਨ੍ਹਾਂ ਨੂੰ ਭੇਸ ਵਟਾ ਕੇ ਕਾਰਗਿਲ ਵਿੱਚ ਭੇਜਿਆ ਗਿਆ ਸੀ। ਇਸ ਪਿੱਛੇ ਮਕਸਦ ਸੀ ਕਿ ਸ਼ਾਂਤੀ ਤੇ ਸਦਭਾਵਨਾ ਦੀ ਜਿਹੜੀ ਲਹਿਰ ਦੋਵਾਂ ਦੇਸ਼ਾਂ ਵਿੱਚ ਚੱਲਣ ਵਾਲੀ ਸੀ, ਉਸ ਨੂੰ ਢਾਹ ਲਾਈ ਜਾਵੇ। ਸਾਡੇ ਦੇਸ਼ ਦੇ ਨੇਤਾਵਾਂ ਨੂੰ ਜਦੋਂ ਪਰਵੇਜ਼ ਮੁਸ਼ੱਰਫ ਦੀ ਇਹ ਹਰਕਤ ਪਤਾ ਲੱਗੀ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨਾਲ ਫੋਨ 'ਤੇ ਇਸ ਦੀ ਗੰਭੀਰਤਾ ਦਾ ਜ਼ਿਕਰ ਕੀਤਾ। ਹੈਰਾਨੀ ਓਦੋਂ ਹੋਈ ਜਦੋਂ ਨਵਾਜ਼ ਸ਼ਰੀਫ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਨਹੀਂ ਹੈ। ਮੇਜਰ ਜਨਰਲ ਸ਼ਾਹਿਦ ਅਜ਼ੀਜ਼ ਨੇ ਦੱਸਿਆ ਕਿ ਜਨਰਲ ਮੁਸ਼ੱਰਫ ਨੇ ਪਾਕਿਸਤਾਨੀ ਫੌਜਾਂ ਨੂੰ ਗੁੰਮਰਾਹ ਕਰ ਕੇ ਉਥੇ ਮਰਨ ਲਈ ਭਿਜਵਾਇਆ ਸੀ। ਉਸ 'ਤੇ ਅਫਸੋਸ ਦੀ ਗੱਲ ਕਿ ਤਿੰਨ ਸੌ ਤੋਂ ਵੱਧ ਸੈਨਿਕ ਜੋ ਭਾਰਤੀ ਫੌਜ ਹੱਥੋਂ ਮਾਰੇ ਗਏ, ਉਨ੍ਹਾਂ ਦੀਆਂ ਲਾਸ਼ਾਂ ਲੈਣ ਤੋਂ ਵੀ ਇਨਕਾਰ ਕਰ ਦਿੱਤਾ। ਪੂਰੇ ਸਨਮਾਨ ਅਤੇ ਮਜ਼੍ਹਬੀ ਰਸਮਾਂ ਨਾਲ ਉਨ੍ਹਾਂ ਦੇ ਸਸਕਾਰ ਦਾ ਕੰਮ ਭਾਰਤੀ ਸੈਨਾ ਨੇ ਕੀਤਾ ਸੀ। ਅੱਜਕੱਲ੍ਹ ਲੰਡਨ ਵਿੱਚ ਆਪਣੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਨਵਾਜ਼ ਸ਼ਰੀਫ ਕਹਿ ਰਹੇ ਹਨ ਕਿ ਇਸ ਨਾਲਾਇਕ ਹਕੂਮਤ ਨੇ ਗਰੀਬ ਦੀ ਰੋਜ਼ੀ-ਰੋਟੀ ਖੋਹ ਲਈ ਹੈ। ‘ਕੋਰੋਨਾ’ ਦੇ ਇਸ ਭਿਆਨਕ ਦੌਰ ਵਿੱਚ ਹਸਪਤਾਲਾਂ ਵਿੱਚ ਦਵਾਈਆਂ ਨਹੀਂ, ਇਲਾਜ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਇਮਰਾਨ ਖਾਨ ਵਿਰੋਧੀ ਧਿਰ 'ਤੇ ਊਟ-ਪਟਾਂਗ ਦੋਸ਼ਾਂ ਦੀ ਝੜੀ ਲਾ ਰਹੇ ਹਨ।
ਅਸੀਂ ਕਿਸੇ ਵੀ ਦੇਸ਼ ਦੇ ਅੰਦਰੂਨੀ ਮਸਲਿਆਂ ਵਿੱਚ ਦਖਲ ਦੇਣ ਦੇ ਹੱਕ ਵਿੱਚ ਨਹੀਂ, ਪਰ ਪਾਕਿਸਤਾਨ ਦੇ ਆਮ ਲੋਕ ਜੋ ਕਦੇ ਹਿੰਦੁਸਤਾਨ ਦੇ ਹੀ ਹੋਇਆ ਕਰਦੇ ਸਨ, ਉਨ੍ਹਾਂ ਦੀ ਇਹ ਹਾਲਤ ਦੇਖ ਕੇ ਮਨੁੱਖਤਾ ਦੇ ਨਾਤੇ ਭਾਰਤੀ ਸਮਾਜ ਵਿੱਚ ਚਿੰਤਾ ਤਾਂ ਹੈ ਹੀ। ਅੱਜ ਤੋਂ ਕੁਝ ਮਹੀਨੇ ਪਹਿਲਾਂ ਜਦੋਂ ਨਵਾਜ਼ ਸ਼ਰੀਫ ਦੀ ਬੇਗਮ ਕੁਲਸਮ ਦਾ ਇੰਤਕਾਲ ਹੋਇਆ ਤਾਂ ਭਾਰਤ ਦੇ ਬਹੁਤ ਸਾਰੇ ਨੇਤਾਵਾਂ ਨੇ ਨਵਾਜ਼ ਸ਼ਰੀਫ ਨਾਲ ਦੁੱਖ ਪ੍ਰਗਟ ਕੀਤਾ ਸੀ। ਉਦੋਂ ਅਜਿਹਾ ਜਾਪਦਾ ਸੀ ਕਿ ਨਵਾਜ਼ ਸ਼ਰੀਫ ਨੂੰ ਪਾਕਿਸਤਾਨ ਦੇ ਹੁਕਮਰਾਨ ਕਿਸੇ ਜੁਰਮ ਵਿੱਚ ਫਾਂਸੀ 'ਤੇ ਲਟਕਾ ਦੇਣਗੇ। ਜਿੱਦਾਂ ਜ਼ੁਲਫਕਾਰ ਅਲੀ ਭੁੱਟੋ ਨਾਲ ਹੋਇਆ ਸੀ। ਅੱਜਕੱਲ੍ਹ ਨਵਾਜ਼ ਸ਼ਰੀਫ ਦੀ ਬੇਟੀ ਮਰੀਅਮ ਨਵਾਜ਼ ਮੁਸਲਿਮ ਲੀਗ (ਨਵਾਜ਼) ਦੀ ਮੁਖੀ ਹੈ ਤੇ ਇਮਰਾਨ ਸਰਕਾਰ ਵਿਰੁੱਧ ਸੰਘਰਸ਼ ਵਿੱਚ ਉਤਰੀ ਹੋਈ ਹੈ, ਜਦ ਕਿ ਉਸ ਦੇ ਚਾਚਾ ਸ਼ਾਹਬਾਜ਼ ਸ਼ਰੀਫ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਨਵਾਜ਼ ਸ਼ਰੀਫ ਅਜਿਹੇ ਸਮੇਂ ਸੱਚ ਬੋਲਣ ਲੱਗੇ ਹਨ, ਜਦੋਂ ਗਿਆਰਾਂ ਵਿਰੋਧੀ ਦਲ ਇਕੱਠੇ ਗੁਜਰਾਂਵਾਲਾ ਤੋਂ ਇਮਰਾਨ ਸਰਕਾਰ ਵਿਰੁੱਧ ਤਹਿਰੀਕ ਸ਼ੁਰੂ ਕਰ ਰਹੇ ਹਨ। ਮਰੀਅਮ ਨਵਾਜ਼ ਨੂੰ ਯਾਦ ਹੋਵੇਗਾ ਕਿ ਬੇਨਜ਼ੀਰ ਭੁੱਟੋ ਨੂੰ ਫੌਜੀ ਜਨਰਲ ਮੁਸ਼ੱਰਫ ਨੇ ਮਰਵਾ ਦਿੱਤਾ ਸੀ ਤੇ ਉਸੇ ਜੁਰਮ ਵਿੱਚ ਉਹ ਅੱਜਕੱਲ੍ਹ ਮਫਰੂਰ ਹਨ। ਨਵਾਜ਼ ਸ਼ਰੀਫ ਸਾਹਿਬ ਨੇ ਸੱਚ ਬੋਲਣ ਤੋਂ ਪਹਿਲਾਂ ਖੂਬ ਚਿੰਤਨ ਕੀਤਾ ਹੋਵੇਗਾ ਅਤੇ ਉਨ੍ਹਾਂ ਨੇ ਹਰ ਤਰ੍ਹਾਂ ਦੇ ਦੋਸ਼ ਝੱਲਣ ਦੇ ਬਾਵਜੂਦ ਇਹ ਸੋਚਿਆ ਹੋਵੇਗਾ :
‘ਹੱਕ ਕੀ ਬਾਤ ਕਹੇਂਗੇ, ਸਰੇਦਾਰ ਕਹੇਂਗੇ,
ਏਕ ਬਾਰ ਨਹੀਂ, ਸੌ ਬਾਰ ਕਹੇਂਗੇ॥’
ਇਸ ਦਾ ਭਾਵ ਹੈ ਕਿ ਸੱਚ ਬੋਲਾਂਗੇ, ਭਾਵੇਂ ਫਾਂਸੀ ਲਟਕਣਾ ਪਵੇ ਅਤੇ ਸੱਚ ਇੱਕ ਵਾਰ ਨਹੀਂ, ਵਾਰ-ਵਾਰ ਬੋਲਾਂਗੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ