Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਨਜਰਰੀਆ

ਮੇਰੀ ਮਾਂ, ਮੇਰੀ ਛਾਂ

October 29, 2020 09:00 AM

-ਬਲਜੀਤ ਪਰਮਾਰ
ਮੈਨੂੰ ਯਾਦ ਨਹੀਂ, ਮੈਂ ਆਖ਼ਰੀ ਵਾਰ ਕਦੋਂ ਰੋਇਆ ਸੀ। ਮੇਰੀ ਮਾਂ ਨੇ ਮੈਥੋਂ ਕਰਾਰ ਲਿਆ ਸੀ ਕਿ ਭਾਵੇਂ ਕੁਝ ਵੀ ਹੋ ਜਾਵੇ, ਮੈਂ ਰੋਵਾਂਗਾ ਨਹੀਂ। ਰੋਣਾ ਕਮਜ਼ੋਰਾਂ ਦੀ ਨਿਸ਼ਾਨੀ ਹੈ। ਮੈਂ ਮਾਣ ਕਰਦਾ ਹਾਂ ਕਿ ਮੈਂ ਕਦੇ ਆਪਣੀ ਮਾਂ ਨੂੰ ਇਸ ਪੱਖੋਂ ਨਿਰਾਸ਼ ਨਹੀਂ ਕੀਤਾ। ਜਦੋਂ ਪਿੱਛੇ ਨਜ਼ਰ ਮਾਰਦਾ ਹਾਂ ਤਾਂ ਇਹ ਸਮਝ ਆਉਂਦਾ ਹੈ ਕਿ ਉਸ ਦੇ ਖ਼ਿਆਲ ਇੰਨੇ ਸਖ਼ਤ ਕਿਉਂ ਸਨ, ਜੋ ਮਨੁੱਖੀ ਸੁਭਾਅ ਦੇ ਉਲਟ ਸਨ। ਮੇਰੀ ਮਾਂ ਆਈ-ਚਲਾਈ ਕਰਨ ਵਾਲੇ ਥੋੜ੍ਹੇ ਵਸੀਲਿਆਂ ਵਾਲੇ ਘਰ `ਚ ਜੰਮੀ ਤੇ ਉਸੇ ਤਰ੍ਹਾਂ ਦੇ ਘਰ `ਚ ਵਿਆਹੀ ਗਈ। ਉਸ ਦਾ ਜੁਆਨ ਭਰਾ ਪੂਰਾ ਹੋ ਗਿਆ। ਉਸ ਕੋਲ ਅੜਦੇ-ਥੁੜ੍ਹਦੇ ਸਹਾਰਾ ਬਣਨ ਵਾਲਾ ਕੋਈ ਨਹੀਂ ਸੀ। ਉਸ ਦਾ ਵਿਆਹ ਇਹੋ ਜਿਹੇ ਬੰਦੇ ਨਾਲ ਹੋ ਗਿਆ ਜਿਸ ਨੂੰ ਆਪਣੇ-ਆਪ ਉੱਤੇ ਅੰਤਾਂ ਦਾ ਯਕੀਨ ਸੀ। ਉਹ ਆਪਣੇ-ਆਪ ਨੂੰ ਰੱਬ ਸਮਝਦਾ ਸੀ। ਉਸ ਨੂੰ ਲਗਦਾ ਸੀ ਕਿ ਉਸ ਵਰਗਾ ਤਾਂ ਕੋਈ ਜੰਮਿਆ ਹੀ ਨਹੀਂ।
ਅਸੀਂ ਚਾਰ ਭਰਾ ਸੀ। ਕੋਈ ਭੈਣ ਨਹੀਂ ਸੀ। ਮੈਂ ਜੇਠਾ ਸਾਂ। ਮੇਰੀ ਮਾਂ ਨੂੰ ਪੇਕਿਆਂ ਦੀ ਹਮਾਇਤ ਨਾ ਹੋਣ ਦਾ ਝੋਰਾ ਰਹਿੰਦਾ ਸੀ। ਉਹ ਆਪਣੇ ਭਾਈ ਨੂੰ ਬਹੁਤ ਚੇਤੇ ਕਰਦੀ ਸੀ। ਉਹ ਪੂਰੇ ਚਾਅ-ਮਲਾਰ ਨਾਲ ਮੇਰੇ ਗੁੱਟ ਉੱਤੇ ਰੱਖੜੀ ਬੰਨ੍ਹਦੀ। ਉਹ ਪਿਆਰ ਅਤੇ ਸਚਿਆਰ ਦੀ ਰੀਤ ਪਾਲ਼ਦੀ ਹੋਈ ਆਪਣੇ ਵੀਰ ਲਈ ਝੂਰਦੀ ਸੀ। ਉਸ ਨੇ ਕਦੇ ਮੈਨੂੰ ਪੁੱਤ ਜਾਂ ਪੁੱਤਰ ਕਹਿ ਕੇ ਨਹੀਂ ਸੱਦਿਆ। ਉਹ ਸਦਾ ਮੈਨੂੰ ਵੀਰਾ ਕਹਿ ਕੇ ਬੁਲਾਉਂਦੀ।
ਸ਼ਰਾਰਤੀ ਹੋਣ ਕਾਰਨ ਮੈਂ ਆਪਣੇ ਘਰ ਦੇ ਮਾਲਕ ਦਾ ਗੁੱਸਾ ਸਹੇੜ ਲੈਂਦਾ ਸਾਂ, ਜਿਸ ਦਾ ਨਤੀਜਾ ਨਾਜ਼ੀ ਤਸ਼ੱਦਦ ਵਾਂਗ ਨਾਜ਼ਿਲ ਹੁੰਦਾ ਸੀ। ਮੇਰੇ ਪਿੰਡੇ ਦੀ ਘਰ ਦੀਆਂ ਉਨ੍ਹਾਂ ਸਾਰੀਆਂ ਚੀਜ਼ਾਂ ਨਾਲ ਅਜੀਬ ਨੇੜਤਾ ਸੀ, ਜਿਨ੍ਹਾਂ ਨੂੰ ਵਗਾਹ ਕੇ ਮਾਰਨ ਜਾਂ ਕੁੱਟਣ ਲਈ ਵਰਤਿਆ ਜਾ ਸਕਦਾ ਸੀ, ਪਰ ਮੈਂ ਕਦੇ ਨਹੀਂ ਰੋਇਆ, ਮੈਂ ਕਦੇ ਮਾਂ ਨਾਲ ਦਗਾ ਨਾ ਕੀਤਾ।
ਮੈਂ ਚੰਡੀਗੜ੍ਹ ਦੇ ਡੀ ਏ ਵੀ ਸਕੂਲ ਦਾ ਹੁਸ਼ਿਆਰ ਵਿਦਿਆਰਥੀ ਸਾਂ। ਅੱਠਵੀਂ ਜਮਾਤ ਤੋਂ ਬਾਅਦ ਮੈਂ ਸਰਕਾਰੀ ਸਕੂਲ ਵਿਚ ਆ ਗਿਆ। ਇਸ ਤਬਦੀਲੀ ਦੇ ਕਾਰਨ ਮੇਰੇ ਵੱਸੋਂ ਬਾਹਰ ਸਨ। ਮੈਨੂੰ ਨਵਾਂ ਮਾਹੌਲ ਨਾਪਸੰਦ ਸੀ। ਮੇਰੀ ਪੜ੍ਹਾਈ ਵਿਚ ਦਿਲਚਸਪੀ ਘਟ ਗਈ ਅਤੇ ਦੂਜੀਆਂ ਸਰਗਰਮੀਆਂ ਵਿਚ ਵਧ ਗਈ। ਮੈਂ ਭੰਗੜੇ ਦੀ ਟੀਮ ਵਿਚ ਸਾਂ, ਐੱਨ ਸੀ ਸੀ ਵਿਚ ਸਾਂ ਅਤੇ ਅਥਲੈਟਿਕਸ ਕਰਦਾ ਸਾਂ। ਨਤੀਜਾ ਮਾੜਾ ਆਇਆ ਅਤੇ ਮੈਂ ਪੱਕੇ ਪੇਪਰਾਂ ਵਿਚ ਫੇਲ੍ਹ ਹੋ ਗਿਆ।
ਮੈਂ ਘਰ ਜਾ ਕੇ ਆਪਣੀ ਜ਼ਿੰਦਗੀ ਦੀ ਪਹਿਲੀ ਵੱਡੀ ਨਾਕਾਮਯਾਬੀ ਦੀ ਇਤਲਾਹ ਮਾਂ ਨੂੰ ਦਿੱਤੀ। ਉਸ ਨੂੰ ਝਟਕਾ ਲੱਗਾ। ਉਸ ਦਾ ਖ਼ਦਸ਼ਾ ਹੋਰ ਵੱਡਾ ਸੀ। ਉਸ ਦਾ ਡਰ ਸੀ ਕਿ ਮੇਰਾ ਤਨ-ਮਨ ਖ਼ਤਰੇ ਵਿਚ ਸੀ। ਉਹ ਕਮਰੇ ਵਿਚ ਗਈ ਤੇ ਛੋਟੇ ਜਿਹੇ ਬੈਗ ਵਿਚ ਕੁਝ ਕੱਪੜੇ ਪਾ ਕੇ ਵਾਪਸ ਆਈ। ਉਸ ਨੇ ਮੈਨੂੰ ਕੁਝ ਪੈਸੇ ਦਿੱਤੇ ਅਤੇ ਕਿਤੇ ਅਜਿਹੀ ਥਾਂ ਜਾਣ ਦੀ ਸਲਾਹ ਦਿੱਤੀ, ਜਿੱਥੇ ਘਰ ਦਾ ਮਾਲਕ ਲੱਭ ਨਾ ਸਕੇ। ਉਹ ਕਦੇ ਨਹੀਂ ਚਾਹੁੰਦੀ ਸੀ ਕਿ ਕੋਈ ਮੈਨੂੰ ਕੁੱਟ ਕੁੱਟ ਕੇ ਨੀਲ ਪਾ ਦੇਵੇ। ਉਹ ਆਪਣੇ ਵੀਰੇ ਉੱਤੇ ਹੁੰਦਾ ਤਸ਼ੱਦਦ ਬਰਦਾਸ਼ਤ ਨਹੀਂ ਕਰ ਸਕਦੀ ਸੀ। ਮੈਨੂੰ ਉਸ ਦੀ ਫ਼ਿਕਰ ਸਮਝ ਆ ਗਈ ਤਾਂ ਮੈਂ ਕੋਈ ਸਮਾਂ ਬਰਬਾਦ ਨਹੀਂ ਕੀਤਾ ਅਤੇ ਪੰਦਰਾਂ ਸਾਲ ਦੀ ਉਮਰ ਵਿਚ ਅਣਦਿਸਦੀ ਮੰਜ਼ਿਲ ਵੱਲ ਚਾਲੇ ਪਾ ਦਿੱਤੇ।
ਮੈਂ ਬਿਹਾਰ ਵਿਚ ਧਨਬਾਦ ਵਿਖੇ ਆਪਣੀ ਭੂਆ ਦਾ ਜਾ ਬੂਹਾ ਖੜਕਾਇਆ, ਜਿਸ ਨੇ ਮੈਨੂੰ ਖ਼ੂਬ ਲਾਡ ਲਡਾਇਆ। ਕੁਝ ਮਹੀਨਿਆਂ ਬਾਅਦ ਮੈਂ ਦੂਜੀ ਭੂਆ ਕੋਲ ਜਮੂਈ (ਬਿਹਾਰ) ਚਲਾ ਗਿਆ ਅਤੇ ਉਸ ਦਾ ਅਤੁੱਟ ਪਿਆਰ ਮੇਰੇ ਹਿੱਸੇ ਆਇਆ। ਕਈ ਮਹੀਨਿਆਂ ਬਾਅਦ ਮੈਂ ਇਸ ਵਾਅਦੇ ਨਾਲ ਵਾਪਸ ਮੁੜਿਆ ਕਿ ਛਿਤਰੌਲ਼ ਮੇਰਾ ਸੁਆਗਤ ਨਹੀਂ ਕਰੇਗੀ। ਮੈਨੂੰ ਦੇਖ ਕੇ ਮਾਂ ਦੀਆਂ ਬਾਛਾਂ ਖਿੜ ਗਈਆਂ। ਉਹ ਮੇਰੀ ਮੱਸ ਫੁੱਟਦੀ ਦੇਖ ਕੇ ਬਹੁਤ ਖ਼ੁਸ਼ ਸੀ। ਮੈਂ ਜਾਣਦਾ ਸੀ ਕਿ ਉਹ ਮੈਨੂੰ ਜੱਫ਼ੀ ਵਿਚ ਲੈਣ ਅਤੇ ਚੁੰਮਣਾਂ ਨਾਲ ਨੁਹਾ ਦੇਣ ਲਈ ਕਾਹਲੀ ਸੀ ਪਰ ਸ਼ਹਿਨਸ਼ਾਹਿ-ਆਲਮ ਦੀ ਹਾਜ਼ਰੀ ਵਿਚ ਇਹ ਨਾਮੁਮਕਿਨ ਸੀ। ਸਾਡੀ ਸਰਕਾਰੀ ਰਿਹਾਇਸ਼ ਦੀਆਂ ਪਲਸਤਰ ਵਾਲੀਆਂ ਕੰਧਾਂ ਦੇ ਅੰਦਰ ਅਹਿਸਾਸ ਦਾ ਵਸੇਬਾ ਮਨ੍ਹਾ ਸੀ।
ਕੁਝ ਭਾਲ-ਟੋਲ ਕਰਦਿਆਂ ਆਪਣੀਆਂ ਕਿਤਾਬਾਂ `ਚ ਮੈਨੂੰ ਮਾਂ ਦੀ ਫੋਟੋ ਮਿਲ ਗਈ ਤਾਂ ਇਹ ਯਾਦਾਂ ਲਿਖਣ ਦਾ ਫ਼ੈਸਲਾ ਕੀਤਾ। ਇਸ ਤਸਵੀਰ `ਚ ਉਹ ਮੇਰੇ ਪੁੱਤ ਨਾਲ ਬੈਠੀ ਹੈ ਤੇ ਉਸ ਦਾ ਕੰਨ ਮਰੋੜ ਰਹੀ ਹੈ। ਸ਼ਾਇਦ ਉਹ ਅੰਦਾਜ਼ਾ ਲਗਾਉਣਾ ਚਾਹੁੰਦੀ ਹੈ ਕਿ ਇਸ ਦੇ ਚੂੰਢੀ ਵੱਢੀ ਜਾਂਦੀ ਹੈ ਜਾਂ ਨਹੀਂ!
ਇੱਕ ਵਾਰ ਮੈਂ ਆਪਣੇ ਪੁੱਤ ਦੀ ਥਾਂ ਆਪਣੇ ਹੋਣ ਦਾ ਕਿਆਸ ਕੀਤਾ ਅਤੇ ਰੋਣਹਾਕਾ ਹੋ ਗਿਆ-ਮੈਂ ਰੋਵਾਂਗਾ ਨਹੀਂ ਬੀ ਜੀ! ਇਹ ਸਿਮਰਤੀ ਲੇਖ ਲਿਖਦਿਆਂ ਕਈ ਵਾਰ ਮੇਰੀਆਂ ਅੱਖਾਂ ਨੇ ਮੇਰੇ ਕਰਾਰ ਦੀ ਪਰਵਾਹ ਨਹੀਂ ਕੀਤੀ ਤੇ ਅੱਥਰੂ ਮੇਰੀਆਂ ਗੱਲ੍ਹਾਂ `ਤੇ ਲੀਕਾਂ ਪਾ ਗਏ। ਮੈਂ ਇਨ੍ਹਾਂ ਅੱਥਰੂਆਂ ਦਾ ਕਦਰਦਾਨ ਹਾਂ। ਜਾਪਦਾ ਹੈ, ਮਾਂ ਨੇ ਉਨ੍ਹਾਂ ਚੁੰਮਣਾਂ ਦੀ ਮੇਰੇ ਉੱਤੇ ਬਰਖਾ ਕੀਤੀ ਹੈ ਜਿਸ ਨੂੰ ਉਸ ਨੇ ਮੇਰੇ ਆਪ ਸਹੇੜੇ ਬਨਵਾਸ ਦੇ ਖ਼ਾਤਮੇ ਵਾਲੇ ਦਿਨ ਕਿਸੇ ਜ਼ਾਬਤੇ ਵਿਚ ਬੰਨ੍ਹ ਲਿਆ ਸੀ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ