ਕੋਲਕਾਤਾ, 21 ਅਕਤੂਬਰ (ਪੋਸਟ ਬਿਊਰੋ)- ਬੀਤੇ ਦਿਨੀਂ ਹਾਵੜਾ `ਚ ਭਾਜਪਾ ਵੱਲੋਂ ਰਾਜ ਸਕੱਤਰੇਤ ਦੇ ਘਿਰਾਓ ਲਈ ਚਲਾਈ ਗਈ ਮੁਹਿੰਮ ਦੌਰਾਨ ਪਿਸਤੌਲ ਸਮੇਤ ਗ਼੍ਰਿਫ਼ਤਾਰ ਬਲਵਿੰਦਰ ਸਿੰਘ ਨੂੰ ਹਾਵੜਾ ਅਦਾਲਤ ਨੇ 2500 ਰੁਪਏ ਦੇ ਨਿੱਜੀ ਬਾਂਡ `ਤੇ ਰਿਹਾਅ ਕਰ ਦਿੱਤਾ ਹੈ। ਗ਼੍ਰਿਫ਼ਤਾਰੀ ਸਮੇਂ ਦਸਤਾਰ ਬੇਅਦਬੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੱਛਮੀ ਬੰਗਾਲ ਦੀ ਸੰਗਤ ਤੋਂ ਲੈ ਕੇ ਦੇਸ਼-ਵਿਦੇਸ਼ `ਚ ਇਸ ਦਾ ਵਿਰੋਧ ਕੀਤਾ ਗਿਆ ਸੀ।
ਇਸ ਮਾਮਲੇ ਦੀ ਜਾਂਚ ਕਰਨ ਵਾਲੇ ਪੁਲਸ ਅਧਿਕਾਰੀ ਨੇ ਅਦਾਲਤ ਨੂੰ ਦੱਸਿਆ ਕਿ ਗ਼੍ਰਿਫ਼ਤਾਰੀ ਸਮੇਂ ਬਰਾਮਦ ਹੋਏ ਪਿਸਤੌਲ ਦਾ ਆਲ ਇੰਡੀਆ ਲਾਇਸੈਂਸ ਸੀ ਤੇ ਉਹ ਗ਼ੈਰ-ਕਾਨੂੰਨੀ ਨਹੀਂ ਸੀ। ਰਿਹਾਅ ਹੋਣ ਤੋਂ ਬਾਅਦ ਬਲਵਿੰਦਰ ਸਿੰਘ ਨੇ ਗੁਰਦੁਆਰਾ ਸਾਹਿਬ ਹਾਜ਼ਰੀ ਭਰ ਕੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਸਿੱਖਾਂ ਵੱਲੋਂ ਮਦਦ ਲਈ ਕਾਨੂੰਨ ਮੰਤਰੀ ਨੂੰ ਮਾਣ ਪੱਤਰ ਦਿੱਤਾ ਗਿਆ। ਬਲਵਿੰਦਰ ਦੇ ਵਕੀਲ ਅਜੀਤ ਮਿਸ਼ਰਾ ਨੇ ਦੱਸਿਆ ਕਿ ਅਦਾਲਤ `ਚ ਪੁਲਸ ਨੇ ਹਿਰਾਸਤ ਦੀ ਮੰਗ ਨਹੀਂ ਕੀਤੀ ਅਤੇ ਜ਼ਮਾਨਤ ਦਾ ਵਿਰੋਧ ਵੀ ਨਹੀਂ ਕੀਤਾ। ਇਸ ਕਾਰਨ ਅਦਾਲਤ ਨੂੰ ਜ਼ਮਾਨਤ `ਤੇ ਰਿਹਾਅ ਕਰਨ `ਚ ਦੇਰੀ ਨਹੀਂ ਲੱਗੀ। ਆਸਨਸੋਲ ਵਿਖੇ ਸੈਂਟਰਲ ਗੁਰਦੁਆਰਾ ਕਮੇਟੀ ਅਤੇ ਜ਼ਿਲ੍ਹੇ ਦੇ ਸਿੱਖ ਆਗੂਆਂ ਨੇ ਕਾਨੂੰਨ ਮੰਤਰੀ ਮਲਯ ਘਟਕ ਦੇ ਦਫ਼ਤਰ ਜਾ ਕੇ ਉਨ੍ਹਾਂ ਦੀ ਰਿਹਾਈ ਵਿੱਚ ਯੋਗਦਾਨ ਲਈ ਧੰਨਵਾਦ ਕਰਦਿਆਂ ਮਾਣ ਪੱਤਰ ਭੇਟ ਕੀਤਾ।