Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਨਜਰਰੀਆ

ਮੇਰੇ ਹਿੱਸੇ ਦੀਆਂ ਸਿੱਖ ਵਿਦਿਅਕ ਸੰਸਥਾਵਾਂ

October 14, 2020 09:57 AM

-ਗੁਲਜ਼ਾਰ ਸਿੰਘ ਸੰਧੂ
ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਮਾਹਿਲਪੁਰ ਦਾ ਗਰੈਜੂਏਟ ਹਾਂ। ਇਸ ਨੂੰ ਸਿੱਖ ਐਜੂਕੇਸ਼ਨਲ ਕੌਂਸਲ ਚਲਾਉਂਦੀ ਹੈ। ਪਿਛਲੇ ਤਿੰਨ ਦਹਾਕੇ ਤੋਂ ਮੈਂ ਚੰਡੀਗੜ੍ਹ ਰਹਿ ਰਿਹਾ ਹਾਂ ਜਿੱਥੇ ਸਿੱਖ ਐਜੂਕੇਸ਼ਨਲ ਸੁਸਾਇਟੀ ਦਾ ਦਫਤਰ ਹੈ। ਵੱਡਾ ਤੇ ਪ੍ਰਭਾਵੀ। ਮੈਂ ਇਨ੍ਹਾਂ ਵਿਦਿਅਕ ਸੰਸਥਾਵਾਂ ਦੀ ਚੜ੍ਹਤ ਨੂੰ ਵੇਖਿਆ ਹੈ। ਮਾਹਿਲਪੁਰ ਦੀ ਸੰਸਥਾ ਥੱਲੇ ਇੱਕ ਡਿਗਰੀ ਕਾਲਜ, ਇੱਕ ਬੀ ਐਡ ਕਾਲਜ ਤੇ ਇੱਕ ਮਾਡਲ ਸਕੂਲ ਹੀ ਹਨ, ਪਰ ਚੰਡੀਗੜ੍ਹ ਵਾਲੀ ਵਿਦਿਅਕ ਸੰਸਥਾ ਅੱਧੀ ਦਰਜਨ ਕਾਲਜਾਂ ਦੇ ਨਾਲ ਨਾਲ ਏਨੇ ਹੀ ਪਬਲਿਕ ਸਕੂਲ ਚਲਾ ਰਹੀ ਹੈ। ਗੁਰਦਾਸਪੁਰ ਜ਼ਿਲੇ ਦੇ ਕਾਦੀਆਂ ਸ਼ਹਿਰ ਤੱਕ।
ਹਿੰਦੋਸਤਾਨ ਵਿੱਚ ਵਿਦਿਅਕ ਸੰਸਥਾਵਾਂ ਦੀ ਨੀਂਹ ਵੀਹਵੀਂ ਸਦੀ ਦੇ ਮੁੱਢ ਵਿੱਚ ਰੱਖੀ ਗਈ ਸੀ, ਜਦੋਂ ਸਮੁੱਚੇ ਹਿੰਦੋਸਤਾਨੀ ਲੋਕ ਬਰਤਾਨਵੀ ਹਾਕਮਾਂ ਤੋਂ ਮੁਕਤੀ ਲਈ ਹੰਭਲਾ ਮਾਰ ਰਹੇ ਸਨ। ਅਜੋਕੇ ਭਾਰਤ, ਪਾਕਿਸਤਾਨ ਤੇ ਬੰਗਲਾ ਦੇਸ਼ ਦੇ ਹਿੰਦੂ, ਮੁਸਲਮਾਨ ਤੇ ਸਿੱਖ। ਸਾਰੇ ਦੇ ਸਾਰੇ। ਆਪਾਂ ਪੰਜਾਬ ਦੀ ਗੱਲ ਕਰੀਏ।
ਬਰਤਾਨਵੀ ਹਾਕਮਾਂ ਨੇ 1849 ਵਿੱਚ ਪੰਜਾਬ ਉੱਤੇ ਕਬਜ਼ਾ ਕਰ ਕੇ ਇਸ ਨੂੰ ਪਹਿਲਾਂ ਨਾਲੋਂ ਵੱਡਾ ਤਾਂ ਕੀਤਾ, ਪਰ ਇਸ ਉੱਤੇ ਆਪਣੀ ਧਾਰਨਾ ਥੋਪਣ ਲਈ ਇਸਾਈ ਮਿਸ਼ਨਰੀਆਂ ਵੱਲੋਂ ਹਸਪਤਾਲ ਤੇ ਵਿਦਿਅਕ ਅਦਾਰੇ ਵੀ ਬਣਾਉਣੇ ਸ਼ੁਰੂ ਕਰ ਦਿੱਤੇ। ਪਹਿਲਾਂ-ਪਹਿਲਾਂ ਹਿੰਦੋਸਤਾਨੀ ਚੁੱਪ ਰਹੇ, ਪਰ ਛੇਤੀ ਹੀ ਉਹ ਵੀ ਇਸਾਈ ਮਿਸ਼ਨਰੀਆਂ ਦਾ ਟਾਕਰਾ ਕਰਨ ਲਈ ਨਿਕਲ ਤੁਰੇ। 1863 ਵਿੱਚ ਬ੍ਰਹਮੋ ਸਮਾਜ ਹੋਂਦ ਵਿੱਚ ਆ ਗਿਆ। ਇਸ ਪਿੱਛੋਂ ਮੁਸਲਮਾਨ, ਹਿੰਦੂਆਂ ਅਤੇ ਸਿੱਖਾਂ ਨੇ ਆਪੋ-ਆਪਣੇ ਧਰਮ ਅਤੇ ਬੋਲੀ ਦੇ ਪ੍ਰਚਾਰ ਲਈ ਕ੍ਰਮਵਾਰ ਅਹਿਮਦੀਆ ਤਨਜ਼ੀਮ (1864), ਆਰੀਆ ਸਮਾਜ (1871) ਤੇ ਸਿੰਘ ਸਭਾ ਲਹਿਰ (1873) ਤਿੰਨ ਜਥੇਬੰਦੀਆਂ ਸਥਾਪਤ ਕਰ ਲਈਆਂ। ਰਾਮਾਇਣ, ਮਹਾਭਾਰਤ, ਭਗਵਤ ਗੀਤਾ ਤੇ ਗ੍ਰੰਥ ਸਾਹਬਿ ਦੇ ਇੱਕ ਤੋਂ ਵੱਧ ਭਾਸ਼ਾਵਾਂ ਵਿੱਚ ਉਲੱਥੇ ਛਪ ਕੇ ਆ ਗਏ।
ਸਿੱਖ ਮਿਸ਼ਨਰੀਆਂ ਨੇ 1892 ਵਿੱਚ ਖਾਲਸਾ ਕਾਲਜ, ਅੰਮ੍ਰਿਤਸਰ ਦੀ ਸਥਾਪਨਾ ਕਰ ਲਈ। ਇਸ ਦੇ ਨਾਲ ਦੂਰ-ਦੁਰਾਡੇ ਖੇਤਰਾਂ ਦੀ ਯਾਤਰਾ ਵੀ ਆਰੰਭ ਦਿੱਤੀ। ਜਦੋਂ ਸੁੰਦਰ ਸਿੰਘ ਮਜੀਠੀਆ ਦੀ ਅਗਵਾਈ ਵਾਲਾ ਗਰੁੱਪ 1907 ਵਿੱਚ ਸਿੰਧ ਗਿਆ ਤਾਂ ਉਨ੍ਹਾਂ ਨੂੰ ਮੁਹੰਮਦਨ ਐਜੂਕੇਸ਼ਨਲ ਕਾਨਫਰੰਸ ਵੱਲੋਂ ਕਰਾਚੀ ਵਿਖੇ ਕਰਵਾਏ ਜਾ ਰਹੇ ਸਮਾਗਮ ਦਾ ਪਤਾ ਲੱਗਾ। ਇਹ ਟੋਲਾ ਉੱਥੇ ਪਹੁੰਚ ਗਿਆ। ਸਾਰੇ ਮੈਂਬਰ ਮੁਹੰਮਦਨ ਕਾਨਫਰੰਸ ਦੀਆਂ ਗਤੀਵਿਧੀਆਂ ਤੇ ਪਾਸ ਹੋਏ ਮਤਿਆਂ ਤੋਂ ਏਨਾ ਪ੍ਰਭਾਵਤ ਹੋਏ ਕਿ ਉਨ੍ਹਾਂ ਨੇ ਸਿੱਖ ਭਾਈਚਾਰੇ ਵੱਲੋਂ ਇਹੋ ਜਿਹੀ ਕਾਨਫਰੰਸ ਸਥਾਪਤ ਕਰਨ ਦਾ ਮਨ ਬਣਾ ਲਿਆ। ਨਤੀਜੇ ਵਜੋਂ ਸੁੰਦਰ ਸਿੰਘ ਮਜੀਠੀਆ ਦੇ ਘਰ ਮੀਟਿੰਗ ਹੋਈ, ਜਿਸ ਵਿੱਚ ਅਖੰਡ ਪੰਜਾਬ ਦੇ ਵੱਡੇ ਬੁੱਧੀਜੀਵੀਆਂ ਨੇ ਭਾਗ ਲਿਆ। ਸਿੱਖ ਕਾਨਫਰੰਸ ਸਥਾਪਤ ਕਰਨ ਦਾ ਫੈਸਲਾ ਹੋਇਆ ਜਿਸ ਦਾ ਦਫਤਰ ਲਾਹੌਰ ਮਿਥਿਆ ਗਿਆ। ਕਾਨਫਰੰਸ ਦੇ ਪਹਿਲੇ ਸਮਾਗਮ ਵਿੱਚ ਸਿੱਖ ਵਿਦਿਅਕ ਪ੍ਰਣਾਲੀ ਨੂੰ ਪੱਛਮੀ ਲੀਹਾਂ ਉਤੇ ਤੋਰਨ ਦਾ ਨਿਰਣਾ ਲਿਆ ਗਿਆ ਜਿਹੜੀ ਉਦੋਂ ਤੱਕ ਮੰਦਰਾਂ ਤੇ ਗੁਰਦੁਆਰਿਆਂ ਤੱਕ ਸੀਮਿਤ ਸੀ। ਪੱਛਮੀ ਲੀਹਾਂ ਅਪਣਾਉਣ ਦਾ ਵੱਡਾ ਕਾਰਨ ਇਸਾਈ ਮਿਸ਼ਨਰੀਆਂ ਦੇ ਪ੍ਰਚਾਰ-ਪਸਾਰ ਨੂੰ ਠੱਲ੍ਹ ਪਾਉਣਾ ਸੀ। ਛੇਤੀ ਹੀ ਸਿੱਖ ਐਜੂਕੇਸ਼ਨਲ ਸੁਸਾਇਟੀ ਵੀ ਸਥਾਪਤ ਹੋ ਗਈ, ਜਿਸ ਨੇ ਲਾਹੌਰ ਵਿਖੇ ਸਿੱਖ ਨੈਸ਼ਨਲ ਕਾਲਜ ਖੋਲ੍ਹਣ ਦਾ ਨਿਰਣਾ ਲੈ ਲਿਆ।
ਮੇਰੀ ਉਪਰੋਕਤ ਜਾਣਕਾਰੀ ਦਾ ਮੁੱਢਲਾ ਸੋਮਾ ਜਗਜੀਤ ਸਿੰਘ ਸੀ, ਜਿਹੜਾ ‘ਗਦਰ ਪਾਰਟੀ ਲਹਿਰ’ ਦੇ ਲੇਖਕ ਵਜੋਂ ਜਾਣਿਆ ਜਾਂਦਾ ਹੈ। ਉਹ ਮੇਰੀ ਪਤਨੀ ਦੀ ਸਹੇਲੀ ਡਾਕਟਰ ਪ੍ਰਕਾਸ਼ ਕੌਰ ਦਾ ਪਿਤਾ ਸੀ ਤੇ ਸਿੱਖ ਨੈਸ਼ਨਲ ਕਾਲਜ, ਲਾਹੌਰ ਵਿੱਚ ਇੱਕ ਦਹਾਕਾ ਕੈਮਿਸਟਰੀ ਪੜ੍ਹਾਉਂਦਾ ਰਿਹਾ ਸੀ। ਇਹ ਵੀ ਪਤਾ ਲੱਗਿਆ ਸੀ ਕਿ ਲਾਹੌਰ ਵਾਲੇ ਕਾਲਜ ਦੀ ਸਥਾਪਨਾ ਵਿੱਚ ਨਿਰੰਜਣ ਸਿੰਘ ਦਾ ਯੋਗਦਾਨ ਸਭ ਤੋਂ ਵੱਧ ਸੀ। ਓਹੀਓ ਇਸ ਕਾਲਜ ਦਾ ਪਹਿਲਾ ਪ੍ਰਿੰਸੀਪਲ ਬਣਿਆ। ਉਹ ਨਿੱਘੇ ਸਿੱਖ ਨੇਤਾ ਮਾਸਟਰ ਤਾਰਾ ਸਿੰਘ ਦਾ ਛੋਟਾ ਭਰਾ ਸੀ, ਪਰ ਉਹ ਰਾਜਨੀਤੀ ਨਾਲੋਂ ਵਿਦਿਆ ਨੂੰ ਪ੍ਰਨਾਇਆ ਹੋਇਆ ਸੀ। ਉਹ ਏਨੇ ਪੱਕੇ ਇਰਾਦੇ ਵਾਲੀ ਹਸਤੀ ਸੀ ਕਿ ਇਸ ਤੋਂ ਪਹਿਲਾਂ ਖਾਲਸਾ ਕਾਲਜ, ਅੰਮ੍ਰਿਤਸਰ ਵਿੱਚ ਪੜ੍ਹਾਉਂਦੇ ਸਮੇਂ ਉਸ ਨੇ ਹਮਖਿਆਲ ਅਧਿਆਪਕਾਂ ਨੂੰ ਨਾਲ ਲੈ ਕੇ ਗੋਰੀ ਸਰਕਾਰ ਦਾ ਦਮ ਭਰਨ ਵਾਲੇ ਸੁੰਦਰ ਸਿੰਘ ਮਜੀਠੀਆ ਦਾ ਵਿਰੋਧ ਕੀਤਾ ਤਾਂ ਫਲਸਰੂਪ ਉਸ ਨੂੰ ਤੇ ਉਸ ਦੇ ਸਾਥੀਆਂ ਨੂੰ ਕਾਲਜ ਤੋਂ ਕੱਢ ਦਿੱਤਾ ਗਿਆ ਸੀ।
ਲਾਹੌਰ ਵਾਲੇ ਸਿੱਖ ਨੈਸ਼ਨਲ ਕਾਲਜ ਦੀ ਕਮਾਂਡ ਨਿਰੰਜਣ ਸਿੰਘ ਨੂੰ ਸੌਂਪਣ ਦਾ ਮੂਲ ਕਾਰਨ ਵੀ ਇਹ ਸੀ ਕਿ ਉਹ ਇਸ ਨੂੰ ਖਾਲਸਾ ਕਾਲਜ ਅੰਮ੍ਰਿਤਸਰ ਦੇ ਹਾਣ ਦੀ ਸੰਸਥਾ ਬਣਾ ਸਕਦਾ ਸੀ। ਉਸ ਨੇ ਇਸ ਕਾਲਜ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਵੀ ਨਹੀਂ ਜਾਣ ਦਿੱਤਾ, ਭਾਵੇਂ ਉਸ ਸਮੇਂ ਕਮੇਟੀ ਵਿੱਚ ਪ੍ਰਤਾਪ ਸਿੰਘ ਕੈਰੋਂ ਤੇ ਗਿਆਨੀ ਕਰਤਾਰ ਸਿੰਘ ਵਰਗੇ ਉਘੇ ਸਿਆਸੀ ਨੇਤਾਵਾਂ ਦਾ ਬੋਲਬਾਲਾ ਸੀ। ਫੇਰ ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਪਿਤਾ ਮਹਾਰਾਜਾ ਯਾਦਵਿੰਦਰ ਸਿੰਘ ਨੇ ਸਥਾਪਤ ਹੋ ਰਹੇ ਕਾਲਜ ਲਈ ਦੋ ਲੱਖ ਰੁਪਏ ਭੇਜੇ ਤਾਂ ਪੰਜਾਬ ਦੇ ਗਵਰਨਰ ਐਚ ਡੀ ਕਰੈਕ ਨੇ ਵਾਇਸਰਾਏ ਲਿਨਲਿਥਗੋ ਨੂੰ ਇੱਕ ਨਿੱਜੀ ਪੱਤਰ ਲਿਖ ਕੇ ਇਸ ਦਾ ਇਤਰਾਜ਼ ਕੀਤਾ ਸੀ। ਕਾਰਨ ਇਹ ਕਿ ਲਾਹੌਰ ਵਿੱਚ ਬਣ ਰਹੀ ਨਵੀਂ ਸੰਸਥਾ ਗੋਰੀ ਸਰਕਾਰ ਦੀ ਸਰਪ੍ਰਸਤੀ ਵਾਲੇ ਖਾਲਸਾ ਕਾਲਜ, ਅੰਮ੍ਰਿਤਸਰ ਦੀ ਸਾਖ ਨੂੰ ਆਂਚ ਪਹੁੰਚਾ ਸਕਦੀ ਸੀ। ਨਿਰੰਜਣ ਸਿੰਘ ਨੇ ਗਵਰਨਰ ਦੇ ਰੋਸੇ ਦੀ ਕੋਈ ਪ੍ਰਵਾਹ ਨਹੀਂ ਕੀਤੀ। ਇਥੋਂ ਤੱਕ ਕਿ ਉਸ ਨੇ ਆਪਣੇ ਬਲਬੂਤੇ ਉੱਤੇ 1938 ਤੋਂ 1947 ਤੱਕ ਇਸ ਕਾਲਜ ਦੀ ਇਮਾਰਤ ਉੱਤੇ ਤਿਰੰਗਾ ਝੰਡਾ ਵੀ ਲਹਿਰਾਈ ਰੱਖਿਆ।
ਸਿੱਖ ਐਜੂਕੇਸ਼ਨਲ ਸੁਸਾਇਟੀ ਇਸ ਵੇਲੇ ਅੱਧੀ ਦਰਜਨ ਸਿੱਖ ਵਿਦਿਅਕ ਸੰਸਥਾਵਾਂ ਚਲਾ ਰਹੀ ਹੈ, ਚੰਡੀਗੜ੍ਹ ਵਾਲੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਮੇਤ। ਹੋਇਆ ਇਹ ਕਿ ਸੰਤਾਲੀ ਦੀ ਦੇਸ਼ ਵੰਡ ਸਮੇਂ ਲਾਹੌਰ ਦੇ ਪਾਕਿਸਤਾਨ ਦਾ ਹਿੱਸਾ ਬਣ ਜਾਣ ਪਿੱਛੋਂ ਸੁਸਾਇਟੀ ਦੇ ਲਾਹੌਰ ਵਾਲੇ ਪ੍ਰਬੰਧਕਾਂ ਨੂੰ ਪਤਾ ਲੱਗਿਆ ਕਿ ਕਾਦੀਆਂ (ਗੁਰਦਾਸਪੁਰ) ਵਾਲੇ ਇਸਲਾਮੀਆ ਕਾਲਜ ਦੀ ਇਮਾਰਤ ਖਾਲੀ ਹੋ ਚੁੱਕੀ ਹੈ। ਫੇਰ ਕੀ ਸੀ, ਨਿਰੰਜਣ ਸਿੰਘ ਨੇ ਆਪਣੇ ਹਮਸਫਰਾਂ ਨਾਲ ਮਿਲ ਕੇ ਫੈਸਲਾ ਕੀਤਾ ਕਿ ਏਥੇ ਨਵੇਂ ਸਿਰੇ ਸਿੱਖ ਨੈਸ਼ਨਲ ਕਾਲਜ ਦੀ ਸਥਾਪਨਾ ਹੋ ਸਕਦੀ ਹੈ। ਉਹ ਲਾਹੌਰ ਵਾਲੇ ਅਧਿਆਪਕਾਂ ਦੇ ਸੰਪਰਕ ਵਿੱਚ ਸੀ। ਸਾਰੇ ਦਾ ਸਾਰਾ ਅਮਲਾ ਏਥੇ ਹਾਜ਼ਰ ਹੋ ਗਿਆ ਅਤੇ ਸਿੱਖ ਨੈਸ਼ਨਲ ਕਾਲਜ ਕਾਦੀਆਂ ਹੋਂਦ ਵਿੱਚ ਆਇਆ। ਬਾਵਾ ਹਰਿਕਿਸ਼ਨ ਸਿੰਘ ਵੀ ਏਥੇ ਆ ਗਿਆ, ਜਿਹੜਾ ਨਿਰੰਜਣ ਸਿੰਘ ਦੇ ਦਿੱਲੀ ਚਲੇ ਜਾਣ 'ਤੇ ਇਸ ਕਾਲਜ ਦਾ ਪ੍ਰਿੰਸੀਪਲ ਬਣਿਆ। ਏਥੇ ਵਿਦਿਆ ਦਾ ਮਿਆਰ ਏਨਾ ਚੰਗਾ ਸੀ ਕਿ ਉਭਰਦਾ ਕਵੀ ਸ਼ਿਵ ਕੁਮਾਰ ਬਟਾਲਵੀ ਬਟਾਲੇ ਵਾਲਾ ਕ੍ਰਿਸ਼ਚੀਅਨ ਕਾਲਜ ਛੱਡ ਕੇ ਏਥੇ ਦਾਖਲ ਹੋਇਆ। ਇਸ ਕਾਲਜ ਦਾ ਧਰਮ-ਨਿਰਪੱਖ ਧਾਰਨਾ ਨੂੰ ਅਪਣਾਏ ਹੋਣਾ ਵੀ ਇੱਕ ਕਾਰਨ ਸੀ। 1963 ਵਿੱਚ ਸ਼ਹੀਦ ਭਗਤ ਸਿੰਘ ਨਗਰ ਦੇ ਕਸਬਾ ਬੰਗਾ ਵਿੱਚ ਸਿੱਖ ਨੈਸ਼ਨਲ ਕਾਲਜ ਬਣਨ ਉਪਰੰਤ ਵੀ ਪੂਰੀ ਦੀ ਪੂਰੀ ਪਹੁੰਚ ਪਹਿਲਾਂ ਵਾਲੀ ਰਹੀ। ਮਾਇਆ ਦੀ ਘਾਟ ਨਹੀਂ ਰਹੀ। ਹਰ ਸਾਲ ਬੈਂਕਾਕ, ਵੈਨਕੂਵਰ, ਸਰੀ ਅਤੇ ਸਾਊਥਾਲ ਦੇ ਵਸਨੀਕ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਅਤੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮਾਇਆ ਇਕੱਠੀ ਕਰ ਕੇ ਸੁਸਾਈਟੀ ਨੂੰ ਭੇਜਦੇ ਰਹਿੰਦੇ ਹਨ। ਸਮੇਂ ਨਾਲ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਲਈ ਚੰਡੀਗੜ੍ਹ ਨਾਂਅ ਦਾ ਨਵਾਂ ਸ਼ਹਿਰ ਵਸਾਏ ਜਾਣ ਤੋਂ ਪਿੱਛੋਂ ਏਥੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ ਉੱਤੇ 1966 ਵਿੱਚ ਡਿਗਰੀ ਕਾਲਜ, 1973 ਵਿੱਚ ਮਹਿਲਾ ਕਾਲਜ ਅਤੇ 1982 ਵਿੱਚ ਫਾਰਮੇਸੀ ਕਲਾਜ ਸਥਾਪਤ ਹੋਇਆ। 1992 ਤੋਂ ਸੁਸਾਇਟੀ ਵੱਲੋਂ ਏਥੇ ਇੱਕ ਪਬਲਿਕ ਸਕੂਲ ਵੀ ਚਲਾਇਆ ਜਾ ਰਿਹਾ ਹੈ। ਏਸ ਸੁਸਾਈਟੀ ਨੂੰ ਚੰਗੀਆਂ ਤੇ ਪ੍ਰਵਾਨਤ ਲੀਹਾਂ 'ਤੇ ਤੋਰੀ ਰੱਖਣ ਲਈ ਸੁਸਾਇਟੀ ਦੇ ਪ੍ਰਧਾਨ ਸੇਵਾਮੁਕਤ ਆਈ ਏ ਐੱਸ ਗੁਰਦੇਵ ਸਿੰਘ ਦਾ ਪ੍ਰਸ਼ਾਸਨਕ ਅਨੁਭਵ ਤੇ ਸੇਵਾਮੁਕਤ ਕਰਨਲ ਜਸਮੇਰ ਸਿੰਘ ਬਾਲਾ ਦਾ ਸੈਨਿਕ ਬਲਬੂਤਾ ਪ੍ਰਾਪਤ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੀ ਸਥਾਪਨਾ ਵਿੱਚ ਵੀ ਸਿੱਖ ਐਜੂਕੇਸ਼ਨਲ ਕਾਨਫਰੰਸ ਲਾਹੌਰ ਦਾ ਹੱਥ ਹੈ। ਉਨ੍ਹਾਂ ਦਿਨਾਂ ਵਿੱਚ ਮਾਹਿਲਪੁਰ ਵਾਲਾ ਹਰਭਜਨ ਸਿੰਘ ਅੰਬਾਲਾ ਦੇ ਕਿਸੇ ਸਕੂਲ ਦਾ ਹੈਡਮਾਸਟਰ ਸੀ। ਉਸ ਨੂੰ ਲਾਹੌਰ ਵਾਲੀ ਜਾਗ੍ਰਤੀ ਨੇ ਅੰਬਾਲਾ ਛੱਡ ਕੇ ਆਪਣੇ ਜੱਦੀ ਖੇਤਰ ਮਾਹਿਲਪੁਰ ਆਉਣ ਲਈ ਪ੍ਰੇਰਿਆ ਅਤੇ ਉਸ ਨੇ ਏਥੋਂ ਵਾਲੇ ਖਾਲਸਾ ਹਾਈ ਸਕੂਲ ਦੀ ਕਮਾਂਡ ਸਾਂਭ ਲਈ। (ਇਸ ਸਕੂਲ ਨੂੰ ਅੱਜਕੱਲ੍ਹ ਸਰਕਾਰ ਨੇ ਸਾਂਭ ਲਿਆ ਹੈ।) ਉਸ ਨੇ ਵਿਦਿਆ ਦੇ ਏਸ ਮੰਦਰ ਨੂੰ ਏਨੇ ਪ੍ਰਭਾਵੀ ਢੰਗ ਨਾਲ ਚਲਾਇਆ ਕਿ ਇਲਾਕੇ ਦੇ ਵਸਨੀਕ ਅਸ਼-ਅਸ਼ ਕਰ ਉਠੇ। ਏਸ ਮਹਿਮਾ ਨੇ ਹਰਭਜਨ ਸਿੰਘ ਦੇ ਮਨ ਵਿੱਚ ਮਾਹਿਲਪੁਰ ਵਿਖੇ ਕਾਲਜ ਪੱਧਰ ਦਾ ਵਿਦਿਆਲਾ ਬਣਾਉਣ ਦਾ ਬੀਜ ਬੀਜਿਆ।
ਸਰਦਾਰ ਬਲਦੇਵ ਸਿੰਘ, ਜੋ ਅੱਗੇ ਜਾ ਕੇ ਸੁਤੰਤਰ ਭਾਰਤ ਦਾ ਪਹਿਲਾ ਰੱਖਿਆ ਮੰਤਰੀ ਬਣਿਆ, ਅੰਬਾਲਾ ਪੜ੍ਹਦੇ ਸਮੇਂ ਹਰਭਜਨ ਸਿੰਘ ਦਾ ਵਿਦਿਆਰਥੀ ਰਹਿ ਚੁੱਕਿਆ ਸੀ। ਉਹਦੇ ਵੱਲੋਂ ਸਹਾਇਤਾ ਮਿਲਣੀ ਕੁਦਰਤੀ ਸੀ। 1946 ਵਿੱਚ ਮਾਹਿਲਪੁਰ ਵਿਖੇ ਕਾਲਜ ਸਥਾਪਤ ਹੋ ਗਿਆ ਤੇ ਹਰਭਜਨ ਸਿੰਘ ਨੂੰ ਉਸ ਦਾ ਪ੍ਰਿੰਸੀਪਲ ਥਾਪਿਆ ਗਿਆ। ਏਸ ਕਾਲਜ ਨੇ ਖੇਡ ਜਗਤ ਦੇ ਵੱਡੇ ਸਿਤਾਰੇ ਪੈਦਾ ਕੀਤੇ ਅਤੇ ਵਿਦਿਆ ਦੇ ਖੇਤਰ ਵਿੱਚ ਸਮਕਾਲੀ ਸੰਸਥਾਵਾਂ ਨੂੰ ਮਾਤ ਪਾਈ। ਪ੍ਰਿੰਸੀਪਲ ਹਰਭਜਨ ਸਿੰਘ ਦੀ ਦੂਰਅੰਦੇਸ਼ੀ ਸਦਕਾ ਜਦੋਂ ਮਾਹਿਲਪੁਰ ਵਿਖੇ ਸਿੱਖ ਐਜੂਕੇਸ਼ਨਲ ਕੌਂਸਲ ਸਥਾਪਤ ਹੋਈ ਤਾਂ ਇਲਾਕੇ ਦੀ ਸਨਮਾਨਤ ਹਸਤੀ ਸੰਤ ਹਰੀ ਸਿੰਘ ਕੁਹਾਰਪੁਰ ਨੂੰ ਇਸ ਦਾ ਪ੍ਰਧਾਨ ਥਾਪਿਆ ਗਿਆ। ਇਸ ਨਾਲ ਪ੍ਰਿੰਸੀਪਲ ਨੂੰ ਬਲ ਮਿਲਿਾ। ਸੰਤ ਹਰੀ ਸਿੰਘ ਨੇ ਕਾਲਜ ਦੇ ਕੰਮਾਂ ਵਿੱਚ ਕੋਈ ਦਖਲ ਨਹੀਂ ਦਿੱਤਾ।
ਆਪਣੇ ਪੱਧਰ ਉੱਤੇ ਸਿੱਖ ਐਜੂਕੇਸ਼ਨਲ ਕੌਂਸਲ ਮਾਹਿਲਪੁਰ ਵੀ ਆਪਣੇ ਕਾਲਜ ਨੂੰ ਬਿਨਾਂ ਕਿਸੇ ਦਖਲ ਦੇ ਚਲਾਉਂਦੀ ਰਹੀ ਹੈ। ਇਸ ਨੇ ਪੰਜਾਬ ਨੂੰ ਅਰਜੁਨਾ ਐਵਾਰਡੀ ਫੁੱਟਬਾਲ ਖਿਡਾਰੀ ਜਰਨੈਲ ਸਿੰਘ ਤੇ ਗੁਰਦੇਵ ਸਿੰਘ ਗਿੱਲ ਹੀ ਨਹੀਂ ਦਿੱਤੇ, ਪਰਮਵੀਰ ਚੱਕਰ ਜੇਤੂ ਤੇ ਪੰਜਾਬ ਰਤਨ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਤੇ ਵੀਰ ਚੱਕਰ ਜੇਤੂ ਸਵਿੰਦਰ ਸਿੰਘ ਬੈਂਸ ਵੀ ਦਿੱਤੇ ਹਨ। ਸ਼ੇਕਸਪੀਅਰ ਦੇ ਅਧਿਐਨ ਤੇ ਅਧਿਆਪਨ ਵਿੱਚ ਅੰਤਰਰਾਸ਼ਟਰੀ ਮਾਹਿਰ ਵਜੋਂ ਜਾਣਿਆ ਜਾਂਦਾ ਯਸ਼ਦੀਪ ਸਿੰਘ ਬੈਂਸ ਵੀ ਏਸੇ ਕਾਲਜ ਦੀ ਉਪਜ ਹੈ। ਭਲੇ ਦਿਨਾਂ ਵਿੱਚ ਏਥੋਂ ਵਾਲੀ ਵਿਦਿਅਕ ਕੌਂਸਲ ਦੇ ਯਤਨਾਂ ਨਾਲ ਏਥੇ ਬੀ ਐਡ ਕਾਲਜ ਤੇ ਇੱਕ ਮਾਡਲ ਸਕੂਲ ਵੀ ਸਥਾਪਤ ਹੋ ਚੁੱਕਿਆ ਹੈ।
ਪੰਜਾਬ ਦੇ ਕਾਲਜਾਂ ਦੀ ਸਮੁੱਚੀ ਦੇਣ ਨੂੰ ਪਰਖਣ ਵਾਲੀ ‘ਨੈਕ’ ਨੇ ਪਿੱਛੇ ਜਿਹੇ ਇਸ ਕਾਲਜ ਨੂੰ ਪ੍ਰਥਮ ਦਰਜਾ ਪ੍ਰਦਾਨ ਕੀਤਾ ਹੈ। ਖੂਬੀ ਇਹ ਕਿ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨਾਲੋਜੀ, ਨਵੀਂ ਦਿੱਲੀ ਦੇ ਬਾਇਓਟੈਕਨਾਲੋਜੀ ਵਿਭਾਗ ਵੱਲੋਂ ਏਸ ਕਾਲਜ ਨੂੰ ਸਟਾਰ ਕਾਲਜ ਸਕੀਮ ਦਿੱਤੀ ਜਾ ਚੁੱਕੀ ਹੈ। ਕੱਲ੍ਹ ਤੱਕ ਏਕ ਕਾਲਜ ਦਾ ਪ੍ਰਿੰਸੀਪਲ ਪੰਜਾਬ ਯੂਨੀਵਰਸਿਟੀ ਪ੍ਰਿੰਸੀਪਲ ਐਸੋਸੀਏਸ਼ਨ ਦਾ ਚੁਣਿਆ ਹੋਇਆ ਜਨਰਲ ਸਕੱਤਰ ਵੀ ਰਹਿ ਚੁੱਕਿਆ ਹੈ।
ਮੰਦੇ ਭਾਗਾਂ ਨੂੰ ਇਹ ਉੱਚ ਦੁਮਾਲੜੀ ਸੰਸਥਾ ਅੱਜ ਚੰਗੀ ਕਾਰਗੁਜ਼ਾਰੀ ਵਾਲੇ ਕਾਰਿੰਦਿਆਂ ਨੂੰ ਦਰਕਿਨਾਰ ਕਰ ਰਹੀ ਹੈ। ਕਿਸੇ ਹੱਦ ਤੱਕ ਏਸ ਰੁਝਾਨ ਦੀ ਨੀਂਹ ਰੱਖਣ ਵਾਲਾ ਇੱਕ ਅਜਿਹਾ ਪ੍ਰਿੰਸੀਪਲ ਸੀ, ਜਿਸ ਦੇ ਕੀਤੇ ਨੂੰ ਠੀਕ ਮਾਰਗ ਉੱਤੇ ਤੋਰਨ ਲਈ ਉਸ ਦੇ ਬਾਅਦ ਵਾਲੇ ਨੂੰ ਦਿ੍ਰੜ੍ਹਤਾ ਨਾਲ ਕੰਮ ਕਰਨਾ ਪਿਆ ਸੀ। ਅੱਜ ਇਸ ਸਿੱਖ ਸੰਸਥਾ ਵਿੱਚ ਅਜਿਹੇ ਬੰਦਿਆਂ ਦਾ ਦਖਲ ਵਧ ਗਿਆ ਹੈ, ਜਿਹੜੇ ਲੀਹੋਂ ਲੱਥੇ ਸਿੱਖ ਅਤੇ ਪਟੜੀਓਂ ਉਤਰੇ ਸਿਆਸਤਦਾਨ ਹਨ। ਹਾਲ ਹੀ ਵਿੱਚ ਕਾਲਜ ਅਧੀਨ ਚੱਲ ਰਹੇ ਖੇਤੀਬਾੜੀ ਡਿਗਰੀ ਕੋਰਸ ਦਾ ਖੁੱਸਣਾ ਅਜੋਕੇ ਪਤਨ ਵੱਲ ਇਸ਼ਾਰਾ ਮਾਤਰ ਹੈ।
ਜਾਂਦੇ ਜਾਂਦੇ ਇਹ ਵੀ ਦੱਸ ਦਿਆਂ ਕਿ ਜਦੋਂ ਦੇਸ਼ ਵੰਡ ਪਿੱਛੋਂ ਪਾਕਿਸਤਾਨ ਤੋਂ ਉਜੜ ਕੇ ਆਏ ਲੱਖਾਂ ਸ਼ਰਨਾਰਥੀ ਦਿੱਲੀ ਜਾ ਵਸੇ ਤਾਂ ਉਨ੍ਹਾਂ ਲਈ ਉਥੇ ਪੜ੍ਹਾਈ ਦਾ ਯੋਗ ਪ੍ਰਬੰਧ ਨਹੀਂ ਸੀ। ਲਾਹੌਰ ਤੋਂ ਕਾਦੀਆਂ ਵਾਲਾ ਪ੍ਰਿੰਸੀਪਲ ਨਿਰੰਜਣ ਸਿੰਘ ਹੀ ਸੀ, ਜਿਸ ਨੇ ਬਿਰਲਾ ਮੰਦਰ ਦੇ ਨੇੜੇ ਸਥਾਪਤ ਹਾਈ ਕੋਰਟ ਬਟਲਰ ਦੇ ਸਕੂਲ ਦੇ ਪ੍ਰਬੰਧਕਾਂ ਨਾਲ ਰਾਬਤਾ ਕਰ ਕੇ ਸਕੂਲ ਦੀਆਂ ਸ਼ਾਮ ਵੇਲੇ ਖਾਲੀ ਇਮਾਰਤਾਂ ਵਿੱਚ ਕਾਲਜ ਚਾਲੂ ਕਰਵਾ ਲਿਆ। ਇਹ ਪੰਜਾਬ ਯੂਨੀਵਰਸਿਟੀ ਵੱਲੋਂ ਸੀ ਤੇ ਇਸ ਦਾ ਨਾਮ ਪੰਜਾਬੀ ਯੂਨੀਵਰਸਿਟੀ ਕੈਂਪ ਕਾਲਜ ਰੱਖਿਆ ਗਿਆ। ਏਥੇ ਦਿਨ ਵੇਲੇ ਨੌਕਰੀ ਕਰਨ ਵਾਲੇ ਸ਼ਰਨਾਰਥੀ ਹੀ ਨਹੀਂ, ਮੇਰੇ ਵਰਗੇ ਹੋਰ ਵੀ ਦਾਖਲਾ ਲੈ ਸਕਦੇ ਸਨ। ਮੈਂ ਉਸੇ ਕਾਲਜ ਤੋਂ ਅੰਗਰੇਜ਼ੀ ਦੀ ਐੱਮ ਏ ਕੀਤੀ ਹੈ।
ਮੈਂ ਨਿੱਜੀ ਤੌਰ 'ਤੇ ਸਿੱਖ ਵਿਦਿਅਕ ਸੰਸਥਾਵਾਂ ਨਾਲ ਜੁੜੇ ਦੋਵੇਂ ਮਹਾਰਥੀਆਂ ਦਾ ਰਿਣੀ ਹੈ। ਜੇ ਪ੍ਰਿੰਸੀਪਲ ਹਰਭਜਨ ਸਿੰਘ ਮਾਹਿਲਪੁਰ ਵਿੱਚ ਖਾਲਸਾ ਕਾਲਜ ਨਾ ਸਥਾਪਤ ਕਰਵਾਉਂਦਾ ਤਾਂ ਮੈਂ ਆਪਣੇ ਜੱਦੀ ਪਿੰਡ ਹਲਵਾਹਕ ਹੋ ਕੇ ਰਹਿ ਜਾਣਾ ਸੀ ਤੇ ਜੇ ਪ੍ਰਿੰਸੀਪਲ ਨਿਰੰਜਣ ਸਿੰਘ ਦਿੱਲੀ ਵਿੱਚ ਕੈਂਪ ਕਾਲਜ ਦੀ ਨੀਂਹ ਨਾ ਰੱਖਦੇ ਤਾਂ ਮੈਂ ਆਪਣੇ ਜੀਵਨ ਵਿੱਚ ਉਹ ਕੁਝ ਨਹੀਂ ਸੀ ਪ੍ਰਾਪਤ ਕਰਨਾ, ਜੋ ਕੀਤਾ ਹੈ। ਮੇਰੀ ਆਸ਼ਾਵਾਦੀ ਭਾਵਨਾ ਮੈਨੂੰ ਇਹ ਵੀ ਕਹਿ ਰਹੀ ਹੈ ਕਿ ਮਾਹਿਲਪੁਰੀਏ ਏਨੇ ਗਏ ਗੁਜ਼ਰੇ ਨਹੀਂ ਕਿ ਸਿੱਖ ਐਜੂਕੇਸ਼ਨਲ ਕੌਂਸਲ ਮਾਹਿਲਪੁਰ ਨੂੰ ਮੁੜ ਲੀਹੇ ਨਾ ਪਾ ਸਕਣ। ਉਥੇ ਵੀ ਸੇਵਾਮੁਕਤ ਪ੍ਰਸ਼ਾਸਕਾਂ ਤੇ ਸੈਨਿਕ ਅਫਸਰਾਂ ਦੀ ਘਾਟ ਨਹੀਂ। ਦੇਰ ਹੋ ਸਕਦੀ ਹੈ, ਹਨੇਰ ਨਹੀਂ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ