Welcome to Canadian Punjabi Post
Follow us on

29

March 2024
 
ਨਜਰਰੀਆ

ਮੁਕੰਮਲ ਮਿਲਾਵਟ ਦਾ ਇਹ ਜ਼ਮਾਨਾ

October 14, 2020 09:55 AM

-ਨੂਰ ਸੰਤੋਖਪੁਰੀ
ਹੋਰ ਦੇਸ਼ਾਂ ਦੀਆਂ ਗੱਲਾਂ ਹੋਰ ਹਨ। ਸਾਡੇ ‘ਮਹਾਨ’ ਦੇਸ਼ ਅੰਦਰ ਜਿਹੜਾ ਜ਼ਮਾਨਾ ਹੈ, ਬਿਲਕੁਲ ਸੌ ਫੀਸਦੀ ਸੱਚ ਸਿੱਧ ਹੋ ਗਿਆ ਹੈ ਕਿ ਇਹ ਟੋਟਲ, ਮੁਕੰਮਲ ਮਿਲਾਵਟ ਦਾ ਜ਼ਮਾਨਾ ਹੈ। ਉਹ ਕਿਹੜੀ ਸ਼ੈਅ ਹੈ, ਜਿਹੜੀ ਮਿਲਾਵਟਖੋਰਾਂ ਦੀ ਨਜ਼ਰ ਤੋਂ ਬਚੀ ਹੋਵੇ ਅਤੇ ਆਪਣੇ ਅਸਲੀ ਤੇ ਸ਼ੁੱਧ ਰੂਪ ਵਿੱਚ ਕਾਇਮ ਰਹਿ ਸਕੀ ਹੋਵੇ? ਹਰ ਸਾਲ ਸਾਡੇ ‘ਪਿਆਰੇ’ ਦੇਸ਼ ਅੰਦਰ ਓਨੇ ਲੋਕ ਰੋਗਾਂ ਤੋਂ ਗ੍ਰਸਤ ਹੋ ਕੇ, ਸੜਕ ਹਾਦਸਿਆਂ ਦਾ ਸ਼ਿਕਾਰ ਹੋ ਕੇ, ਕੁਦਰਤੀ ਕਰੋਪੀਆਂ ਦੀ ਮਾਰ ਕਾਰਨ ‘ਧਰਮਰਾਜ ਦੀ ਕਚਹਿਰੀ’ ਵਿੱਚ ਜਾ ਕੇ ਹਾਜ਼ਰ ਨਹੀਂ ਹੁੰਦੇ ਹੋਣੇ, ਜਿੰਨੇ ਮਿਲਾਵਟੀ ਚੀਜ਼ਾਂ ਖਾ-ਪੀ ਕੇ, ਮੁਸ਼ਕਲ ਨਾਲ ਹਜ਼ਮ ਕਰ ਕੇ ‘ਉਸ ਦੀ ਕਚਹਿਰੀ’ ਵਿੱਚ ਜਾ ਪਹੁੰਚਦੇ ਹਨ। ਸਾਡੇ ‘ਮਹਾਨ’ ਮੁਲਕ ਦੀ ਇੱਕ ਆਮ ਤੇ ਪ੍ਰਸਿੱਧ ਧਾਰਨਾ (ਮਾਨਤਾ) ਹੈ ਕਿ ਸਭ ਨੂੰ ਜਹਾਨ ਤੋਂ ਕੂਚ ਕਰਨ ਪਿੱਛੋਂ ‘ਉਸ ਦੀ ਕਚਹਿਰੀ’ ਵਿੱਚ ਆਪਣੇ ਕਰਮਾਂ ਦਾ, ਕਾਰਸਤਾਨੀਆਂ, ਕਰਤੂਤਾਂ, ਕੁਕਰਮਾਂ ਦਾ ਲੇਖਾ-ਜੋਖਾ ਦੇਣਾ ਪੈਂਦਾ ਹੈ। ਆਪਣੇ ਦੇਸ਼ ਦੇ ਕੁੱਲ ਮਿਲਾਵਟਖੋਰ ਇਹੋ ਜਿਹੀ ਕਿਸੇ ਮਾਨਤਾ ਜਾਂ ਧਾਰਨਾ 'ਤੇ ‘ਧਾਰ’ ਨਹੀਂ ਮਾਰਦੇ। ਉਹ ਬੱਸ, ਆਪਣੇ ਲਾਭ ਅਤੇ ਮੁਨਾਫੇ ਦਾ ‘ਲੇਖਾ ਜੋਖਾ’, ‘ਹਿਸਾਬ-ਕਿਤਾਬ’ ਸਿੱਧਾ ਰੱਖਦੇ ਹਨ। ਮੁੱਖ ਰੱਖਦੇ ਹਨ। ਉਨ੍ਹਾਂ ਨੇ ਲੋਕਾਂ ਦੀ ਸਿਹਤ ਤੇ ਤੰਦਰੁਸਤੀ ਤੋਂ ਕੀ ਲੈਣਾ-ਦੇਣਾ? ਉਨ੍ਹਾਂ ਦਾ ਭਾਵ ਮਿਲਾਵਟ ਕਰਨ ਵਾਲਿਆਂ ਦਾ ਆਪਣਾ ਸ਼ੁੱਧ ਤੇ ਸਿੱਧਾ ਫਲਸਫਾ ਕੁਝ ਇਸ ਤਰ੍ਹਾਂ ਦਾ ਹੁੰਦਾ ਹੈ :
ਇਥੇ ਲੱਗਿਆ ਰਹਿੰਦਾ ਹੈ ਆਉਣਾ-ਜਾਣਾ।
ਇਹ ਸੰਸਾਰ ਰੈਣ-ਬਸੇਰਾ ਜਾਂ ਮੁਸਾਫਰਖਾਨਾ।
ਅਸਾਂ ਲੋਕਾਂ ਦੀਆਂ ਜ਼ਿੰਦਗੀਆਂ ਤੋਂ ਕੀ ਲੈਣਾ-ਦੇਣਾ?
ਅਸਾਂ ਵੱਧ ਤੋਂ ਵੱਧ ਲਾਭ ਤੇ ਮੁਨਾਫਾ ਕਮਾਣਾ।
ਸੈਂਪਲ ਭਰਨ ਵਾਲਿਆਂ ਨਾਲ ਸਾਡਾ ਪੀਣਾ-ਖਾਣਾ।
ਅਸੀਂ ਕਿਸੇ ਸਖਤ ਕਾਨੂੰਨ ਤੋਂ ਕਿਉਂ ਘਬਰਾਣਾ?”
ਲੋਕ ਕਹਿੰਦੇ ਹਨ ਕਿ ਖਾਣ-ਪੀਣ ਵਾਲੀਆਂ ਤੇ ਹੋਰ ਜਿਨ੍ਹਾਂ ਵਸਤਾਂ ਦੇ ਸੈਂਪਲ ਭਰੇ ਜਾਂਦੇ ਨੇ, ਸਿੰਪਲ ਜਿਹੀ ਗੱਲ ਹੈ ਕਿ ਭਿ੍ਰਸ਼ਟ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਦੀ ‘ਮਿਹਰ ਭਰੀ’ ਕਾਰਵਾਈ ਹੇਠ ਉਨ੍ਹਾਂ ਵਸਤਾਂ ਦੇ ਸੈਂਪਲ ਪਰਖ ਕਰਨ ਵਾਲੀਆਂ ਲੈਬਰਾਟਰੀਜ਼ ਤੱਕ ਪਹੁੰਚਦੇ ਹੀ ਨਹੀਂ। ਜੇ ਕੁਝ ਨਮੂਨੇ ਪਰਖ ਵੀ ਲਏ ਜਾਣ ਤਾਂ ਉਨ੍ਹਾਂ 'ਚੋਂ ਜ਼ਿਆਦਾਤਰ ਦੀ ਰਿਪੋਰਟ ਓ ਕੇ ਐਲਾਨ ਦਿੱਤੀ ਜਾਂਦੀ ਹੈ। ਬਹੁਤ ਘੱਟ ਨਮੂਨੇ ਫੇਲ੍ਹ ਕਰਾਰ ਦਿੱਤੇ ਜਾਂਦੇ ਹਨ।
ਮਿਲਾਵਟ ਕਰਨ ਵਾਲਿਆਂ, ਉਨ੍ਹਾਂ ਨੂੰ ਸਰਪ੍ਰਸਤੀ ਦੇਣ ਵਾਲੇ ਸਿਆਸੀ ਲੀਡਰਾਂ ਅਤੇ ਭਿ੍ਰਸ਼ਟ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਦਿਲਾਂ ਨੂੰ ਵਾਹਵਾ ਕਰਾਰ ਮਿਲਦਾ ਹੈ। ਕਾਨੂੰਨ ਰੜੇ-ਮੈਦਾਨ ਖੜ੍ਹਾ ਸ਼ਰਮਿੰਦਾ ਹੁੰਦਾ ਹੈ। ਨੇਕ ਇਮਾਨਦਾਰ ਹਰ ਸਰਕਾਰੀ ਅਫਸਰ ਤੇ ਮੁਲਾਜ਼ਮ ਲਾਚਾਰ ਦਿਖਾਈ ਦਿੰਦਾ ਹੈ। ਇਸ ‘ਮਹਾਨ’ ਮੁਲਕ ਦਾ ਅਵਾਮ ਅਵਾਜ਼ਾਰ ਦਿਖਾਈ ਦਿੰਦਾ ਹੈ। ਇਹ ਸੌ ਪ੍ਰਤੀਸ਼ਤ ਸਿੱਧ ਹੋ ਗਿਆ ਹੈ ਕਿ ਭਾਰਤ 'ਚ ਕੋਈ ਅਜਿਹੀ ਜੇਲ੍ਹ ਨਹੀਂ ਬਣੀ, ਜਿੱਥੇ ਭਿ੍ਰਸ਼ਟਾਚਾਰੀਆਂ, ਘੋਟਾਲੇਬਾਜ਼ਾਂ, ਮੁਨਾਫਾਖੋਰਾਂ, ਮਿਲਾਵਟ ਕਰਨ ਵਾਲਿਆਂ ਆਦਿ ਨੂੰ ‘ਦਾਲ ਰੋਟੀ’ ਖਾਣੀ ਪਵੇ? ਮਿਲਾਵਟ ਕਰਨ ਵਾਲੇ ਦੇਸ਼ ਦੀ ਵਧਦੀ ਆਬਾਦੀ 'ਤੇ ਆਪਣੇ ਫਾਰਮੂਲੇ ਮੁਤਾਬਕ ‘ਕਾਬੂ’ ਪਾਉਣ ਵਿੱਚ ਮਦਦ ਕਰਦੇ ਹਨ, ਸ਼ਾਇਦ ਇਸੇ ਲਈ ਉਨ੍ਹਾਂ 'ਚੋਂ ਬਹੁਤ ਘੱਟ ‘ਮਾਣਯੋਗ’ ਮਿਲਾਵਟਖੋਰਾਂ ਨੂੰ ਸਜ਼ਾ ਹੁੰਦੀ ਹੈ।
ਕਦੇ ਵਹਿੰਦੀਆਂ ਹੋਣਗੀਆਂ ਭਾਰਤ 'ਚ ਖਾਲਸ ਤੇ ਅਸਲੀ ਦੁੱਧ ਦੀਆਂ ਨਦੀਆਂ, ਪਿਛਲੇ ਕਈ ਸਾਲਾਂ ਤੋਂ ਨਾਖਾਲਸ (ਅਸ਼ੁੱਧ) ਅਤੇ ਨਕਲੀ ਦੁੱਧ ਦੇ ਦਰਿਆ ਵਹਿੰਦੇ ਹਨ। ਨਾਲ ਤਰ੍ਹਾਂ-ਤਰ੍ਹਾਂ ਦੇ ਮਾਰੂ ਨਸ਼ਿਆਂ ਦੇ ਸਾਗਰ ਵਹਿੰਦੇ ਹਨ, ਜਿਨ੍ਹਾਂ 'ਚ ਕਈ ਕਹਿੰਦੇ-ਕਹਾਉਂਦੇ ‘ਤਾਰੂ’ ਡੁੱਬ ਕੇ ਮਰ ਗਏ ਤੇ ਮਰ ਰਹੇ ਹਨ। ਨਕਲੀ ਤੇ ਮਿਲਾਵਟੀ ਚੀਜ਼ਾਂ ਖਾ-ਖਾ ਕੇ, ਪੀ-ਪੀ ਕੇ ਲੋਕਾਂ ਦੀ ਸਿਹਤ ਖਰਾਬ ਹੁੰਦੀ ਹੈ, ਨਾਲ ਕਈਆਂ ਦੀ ਬੁੱਧ ਵੀ ਸ਼ੁੱਧ ਨਹੀਂ ਰਹਿੰਦੀ। ਉਹ ਫਿਰ ਕੋਈ ਸ਼ੁੱਧ, ਸੱਚਾ, ਨੇਕ, ਇਮਾਨਦਾਰਾਨਾ ਕੰਮ ਕਿਵੇਂ ਕਰ ਸਕਦੇ ਹਨ? ਅਖੇ ‘ਜਿਹੋ ਜਿਹਾ ਮੇਰਾ ਦੇਸ਼, ਤੇਰਾ ਅੰਨ-ਪਾਣੀ, ਉਹੋ ਜਿਹਾ ਮੇਰੇ ਦੇਸ਼, ਮੇਰੇ ਕੰਮ ਜਾਣੀਂ।” ਕਈ ਨਸ਼ੇ-ਪੱਤੇ ਵੀ ਅਸਲੀ ਨਹੀਂ ਹੁੰਦੇ। ਨਕਲੀ ਤੇ ਮਿਲਾਵਟੀ ਹੁੰਦੇ ਨੇ। ਦੁੱਧ-ਚੁੰਘਾਉਂਦੀਆਂ ਮਾਵਾਂ ਦਾ ਦੁੱਧ ਵੀ ਸ਼ੁੱਧ ਨਹੀਂ ਰਿਹਾ। ਇਸ ਵਿੱਚ ਰਸਾਇਣਕ ਖਾਦਾਂ ਤੇ ਕੀਟਨਾਸ਼ਕਾਂ ਦੇ ਅੰਸ਼ ਪਾਏ ਜਾਂਦੇ ਹਨ। ਗੈਰ-ਕੁਦਰਤੀ ਢੰਗ ਨਾਲ ਉਗਾਈਆਂ ਫਸਲਾਂ, ਸਬਜ਼ੀਆਂ, ਦਾਲਾਂ ਤੇ ਚੰਗੇ ‘ਫਲ’ ਤੇ ਅਸਰ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ? ਪਹਿਲਾਂ ਦੁਧਾਰੂ ਪਸ਼ੂਆਂ ਦਾ ਦੁੱਧ ਅਤੇ ਮਾਵਾਂ ਜਾਏ ਪੁੱਤ ਵੇਚਣ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਸੀ। ਅੱਜ ਨਕਲੀ ਤੇ ਅਸ਼ੁੱਧ ਦੁੱਧ, ਇਸ ਦੁੱਧ ਤੋਂ ਬਣੀਆਂ ਚੀਜ਼ਾਂ ਸ਼ਰੇਆਮ ਵਿਕਦੀਆਂ ਹਨ। ਦਾਜ ਦੀ ਮੰਡੀ ਵਿੱਚ ਪੁੱਤ ਵਿਕਦੇ ਹਨ। ਧੀਆਂ ਦੇ ਗਰੀਬ ਮਾਪੇ ਆਪਣੀਆਂ ਧੀਆਂ ਦੇ ਵਿਆਹ ਵੇਲੇ ਵਿਲਕਦੇ ਹਨ। ਧੰਨ ਹਨ ਉਹ ਲੋਕ, ਜਿਹੜੇ ਬਿਨਾਂ ਦਾਜ ਲਏ ਆਪਣੇ ਪੁੱਤਾਂ ਦੇ ਵਿਆਹ ਕਰਦੇ ਹਨ। ਹੋਰਨਾਂ ਦੀਆਂ ਧੀਆਂ-ਭੈਣਾਂ ਦਾ ਅਦਬ ਸਤਿਕਾਰ ਕਰਦੇ ਹਨ। ਆਪਣੇ ਪੁੱਤ ਨਹੀਂ ਵੇਚਦੇ।
ਮਿਲਾਵਟ ਕਰਨ ਵਾਲਿਆਂ ਤੇ ਵਾਲੀਆਂ ਨੇ ਆਪਣੀ ਮਿਲਾਵਟ ਦੀ ਕਲਾ ਨਾਲ ਫਿਲਮਾਂ, ਗੀਤ-ਸੰਗੀਤ, ਨਾਟਕ, ਕਵਿਤਾ, ਕਹਾਣੀ, ਨਾਵਲ, ਚਿੱਤਰਕਲਾ, ਪੱਤਰਕਾਰੀ ਆਦਿ ਖੇਤਰਾਂ ਵਿੱਚ ਵੀ ਖੂਬ ਝੰਡੇ ਗੱਡੇ ਹਨ। ਆਪਣੇ ਨਾਵਾਂ ਦੇ ਡੰਕੇ ਵਜਵਾਏ ਹਨ। ਅਸਲੀ, ਵਧੀਆ ਅਦੀਬ, ਫਨਕਾਰ, ਸੰਗੀਤਕਾਰ, ਨਾਟਕਕਾਰ, ਗਾਇਕ, ਚਿੱਤਰਕਾਰ, ਪੱਤਰਕਾਰ ਆਦਿ ਖੂੰਜੇ ਲੱਗੇ ਪਏ ਹਨ। ਭੁੰਝੇ ਲੱਥੇ ਪਏ ਹਨ। ਜੁਗਾੜ ਪੰਥੀ ਤੇ ਨਕਲੀ, ਹਰ ਤਰ੍ਹਾਂ ਦੇ ਚਾਤਰ ਤੇ ਚਲਾਕ ਲੋਕ ‘ਸਫਲਤਾ’ ਦੇ ਸਿਖਰ 'ਤੇ ਪਹੁੰਚ ਪਏ ਹਨ। ਸਭਿਅਤਾ, ਸਭਿਆਚਾਰ ਅਤੇ ਤਹਿਜ਼ੀਬ ਖੇਤਰਾਂ 'ਚ ਵੀ ਨਕਲੀਅਤ ਤੇ ਮਿਲਾਵਟ ਦੇ ਧੂੰਏਂ ਦਾ ਗੁਬਾਰ ਛਾਇਆ ਪਿਆ ਹੈ। ਅਸਲੀਅਤ ਤੇ ਸੱਚਾਈ, ਈਮਾਨਦਾਰੀ ਤੇ ਸੱਚੀ ਮਿਹਨਤ ਦੀ ਕੋਈ ਕੀਮਤ, ਕੋਈ ਕਦਰ ਨਹੀਂ ਰਹਿ ਗਈ। ਸੱਚੇ ਭੁੱਖੇ ਮਰਦੇ ਨੇ। ਤਰ੍ਹਾਂ-ਤਰ੍ਹਾਂ ਦਾ ਨਕਲੀ ਸਾਮਾਨ ਬਣਾਉਣ ਵਾਲੇ, ਚੀਜ਼ਾਂ ਤੇ ਕਲਾਵਾਂ 'ਚ ਮਿਲਾਵਟ ਕਰਨ ਵਾਲੇ ਆਪਣੇ ਵਿੱਤ ਤੇ ਪਾਵਰ ਮੁਤਾਬਕ ‘ਮਿਹਨਤ’ ਕਰੀ ਜਾਂਦੇ ਹਨ। ਬੇਕਸੂਰ ਤੇ ਅਣਭੋਲ ਲੋਕ ਆਪਣੀ ਸਿਹਤ ਤੇ ਸਰਮਾਏ ਦਾ ਨੁਕਸਾਨ ਉਠਾ ਰਹੇ ਹਨ। ਕਲਮਕਾਰ ਦੁਹਾਈ ਪਾ ਰਹੇ ਹਨ। ਕਈ ਨਕਲੀ ਦਵਾਈਆਂ ਤੇ ਮਠਿਆਈਆਂ ਖਾ-ਖਾ ਕੇ ‘ਉਸ’ ਦੀ ਕਚਹਿਰੀ 'ਚ ਜਾਈ ਜਾ ਰਹੇ ਹਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ