Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤਸਿੰਗਾਪੁਰ ਵਿੱਚ ਆਪਣੀ ਪ੍ਰੇਮਿਕਾ ਦਾ ਕਤਲ ਦੇ ਮਾਮਲੇ `ਚ ਭਾਰਤੀ ਮੂਲ ਦੇ ਵਿਅਕਤੀ ਨੂੰ 20 ਸਾਲ ਦੀ ਸਜ਼ਾਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀ
 
ਨਜਰਰੀਆ

ਬਾਪੂ ਦੀ ਕਣਕ

November 22, 2018 07:10 AM

-ਸ਼ਵਿੰਦਰ ਕੌਰ
ਅੱਜ ਕੱਲ੍ਹ ਜਿਣਸ ਖੇਤਾਂ ਵਿੱਚੋਂ ਸਿੱਧੀ ਮੰਡੀ ਵਿੱਚ ਜਾਂਦੀ ਹੈ, ਘਰ ਵਿੱਚ ਲੋੜ ਮੁਤਾਬਕ ਆਉਂਦੀ ਹੈ। ਜਦੋਂ ਖੇਤੀ ਦੇ ਸਾਰੇ ਕੰਮ ਹੱਥੀਂ ਕੀਤੇ ਜਾਂਦੇ ਸਨ ਤਾਂ ਇਨ੍ਹਾਂ ਲਈ ਬਹੁਤੇ ਹੱਥਾਂ ਦੀ ਲੋੜ ਹੁੰਦੀ ਸੀ। ਇਹ ਲੋੜ ਸਾਂਝਾਂ ਨੂੰ ਜਨਮ ਦਿੰਦੀ ਸੀ। ਰਲਮਿਲ ਕੰਮ ਕਰਦਿਆਂ ਮੋਹ ਮੁਹੱਬਤਾਂ ਪੈਦਾ ਹੁੰਦੀਆਂ ਸਨ। ਇਹ ਮੋਹ ਮਨੁੱਖ ਦਾ ਮਨੁੱਖ ਨਾਲ ਹੀ ਨਹੀਂ ਹੁੰਦਾ ਸੀ, ਸਗੋਂ ਕੰਮ 'ਚ ਮਦਦ ਕਰਨ ਵਾਲੇ ਪਸ਼ੂਆਂ ਅਤੇ ਫਸਲ ਨਾਲ ਵੀ ਭਾਵੁਕ ਸਾਂਝਾਂ ਬਣਦੀਆਂ ਸਨ। ਪਿੜਾਂ 'ਚ ਕਣਕ ਕੱਢਣ ਸਮੇਂ ਦੀਆਂ ਗੱਲਾਂ ਯਾਦ ਕਰਕੇ ਅੱਜ ਵੀ ਰੂਹ ਨੂੰ ਸਕੂਨ ਮਿਲਦਾ ਹੈ। ਅੱਜ ਵੀ ਜਦੋਂ ਉਸ ਸਮੇਂ ਦੀ ਇਕ ਯਾਦ ਅਤੀਤ ਦੇ ਝਰੋਖੇ 'ਚੋਂ ਨਿਕਲ ਕੇ ਖਿਆਲਾਂ 'ਤੇ ਹਾਵੀ ਹੋ ਜਾਂਦੀ ਹੈ ਤਾਂ ਮੁਰਝਾਇਆ ਮਨ ਵੀ ਫੁੱਲ ਵਾਂਗ ਖਿੜ ਜਾਂਦਾ ਹੈ।
ਪੰਜ ਕੁ ਦਹਾਕੇ ਪਹਿਲਾਂ ਹਾੜ੍ਹੀ ਦੀ ਫਸਲ ਕਣਕ ਦੀ ਵਾਢੀ ਤੋਂ ਉਹਨੂੰ ਦਾਣਿਆਂ ਤੱਕ ਬਦਲਣ ਦਾ ਸਫਰ ਦੋ ਢਾਈ ਮਹੀਨੇ ਲੰਬਾ ਹੁੰਦਾ ਸੀ। ਇਸ ਨੂੰ ਤੈਅ ਕਰਨਾ 'ਕੱਲੇ ਕਾਰੇ ਬੰਦੇ ਦੇ ਵਸ ਦੀ ਗੱਲ ਨਹੀਂ ਸੀ। ਰਲਮਿਲ ਕੇ ਚਾਰਾਜੋਈ ਕੀਤੀ ਜਾਂਦੀ ਸੀ। ਬੱਚਿਆਂ, ਔਰਤਾਂ ਅਤੇ ਮਰਦਾਂ ਸਭ ਭਾਗੀਦਾਰ ਬਣਦੇ ਸਨ। ਪਹਿਲਾਂ ਹੱਥੀਂ ਦਾਤੀਆਂ ਨਾਲ ਕਣਕ ਵੱਢੀ ਜਾਂਦੀ। ਫਿਰ ਉਸ ਦੀਆਂ ਭਰੀਆਂ ਬੰਨ੍ਹੀਆਂ ਜਾਂਦੀਆਂ ਜਾਂ ਫਿਰ ਮੰਡਲੀਆਂ ਲਾਈਆਂ ਜਾਂਦੀਆਂ। ਪਿੜ ਤਿਆਰ ਕਰਕੇ ਕਣਕ ਦਾ ਲਾਂਗਾ ਗੱਡਿਆਂ ਰਾਹੀਂ ਪਿੜ ਤੱਕ ਢੋਇਆ ਜਾਂਦਾ। ਫਲ੍ਹੇ ਅੱਗੇ ਬਲਦ ਜਾਂ ਊਠ ਜੋੜ ਕੇ ਉਸ ਨੂੰ ਗਾਹਿਆ ਜਾਂਦਾ। ਉਸ ਮਿਸ਼ਰਨ ਦੀ ਗੜ ਲਾਈ ਜਾਂਦੀ। ਸ਼ਾਮ ਨੂੰ ਪੱਛੋ ਚੱਲਣ 'ਤੇ ਕਣਕ ਅਤੇ ਤੂੜੀ ਵੱਖ-ਵੱਖ ਕੀਤੇ ਜਾਂਦੇ। ਰਾਤ ਨੂੰ ਦੋੜਿਆਂ ਦੀਆਂ ਪੰਡਾਂ ਬੰਨ੍ਹ ਕੇ ਤੂੜੀ ਸਿਰਾਂ 'ਤੇ ਘਰ ਤੱਕ ਢੋਈ ਜਾਂਦੀ। ਕਣਕ ਨੂੰ ਉਡਾ ਸੰਵਾਰ ਕੇ ਬੋਹਲ ਲਗਾ ਲਿਆ ਜਾਂਦਾ। ਪਿੰਡ ਦਾ ਮਹਾਜਨ ਤੱਕੜੀ ਵੱਟੇ ਲੈ ਕੇ ਪਿੜ ਵਿੱਚ ਪਹੁੰਚ ਜਾਂਦਾ ਅਤੇ ਕਣਕ ਤੋਲ-ਤੋਲ ਕੇ ਪੱਲੀਆਂ ਵਿੱਚ ਪਾਈ ਜਾਂਦਾ। ਪੱਲੀਆਂ ਦੀਆਂ ਪੰਡਾਂ ਸਿਰ ਉਪਰ ਰੱਖ ਕੇ ਕਣਕ ਘਰਾਂ ਵਿੱਚ ਢੋਈ ਜਾਂਦੀ। ਇਸ ਸਾਰੇ ਵਰਤਾਰੇ 'ਤੇ ਬੜਾ ਸਮਾਂ ਲੱਗਦਾ।
ਅੱਜ ਵਾਂਗ ਉਸ ਸਮੇਂ ਰੇਹ, ਸਪਰੇਅ ਦਾ ਕੋਈ ਨਾਮ ਨਹੀਂ ਸੀ ਜਾਣਦਾ ਹੁੰਦਾ। ਖੇਤਾਂ ਵਿੱਚ ਸਿਰਫ ਰੂੜੀ ਦੀ ਖਾਦ ਪਾਈ ਜਾਂਦੀ ਸੀ। ਕਣਕ ਦਾ ਝਾੜ ਹੁਣ ਵਾਂਗ ਨਹੀਂ ਨਿਕਲਦਾ ਸੀ। ਵੀਹ, ਪੱਚੀ ਮਣ ਕਿੱਲੇ ਦੀ ਕਣਕ ਹੋ ਜਾਣੀ ਤਾਂ ਬੱਲੇ-ਬੱਲੇ ਹੋ ਜਾਂਦੀ ਸੀ। ਕਣਕ ਬੀਜਣ ਸਮੇਂ ਕਿਸਾਨ ਨੇ ਕਣਕ ਦੀ ਪਹਿਲੀ ਮੁੱਠੀ ਕੇਰਨ ਤੋਂ ਪਹਿਲਾਂ ਕਹਿਣਾ, ‘ਚਿੜੀ ਜਨੌਰ ਦੇ ਭਾਗੀਂ, ਰਾਹੀਂ ਪਾਂਧੀ ਦੇ ਭਾਗੀਂ, ਗਰੀਬ ਗੁਰਬੇ ਦੇ ਭਾਗੀਂ।' ਇਉਂ ਸਭ ਦੇ ਭਾਗ ਧਿਆ ਕੇ ਬਿਜਾਈ ਸ਼ੁਰੂ ਕਰਨੀ।
ਕਣਕ ਦਾ ਬੋਹਲ ਲਾ ਕੇ ਵੀ ਸਾਰਾ ਬੋਹਲ ਘਰ ਨਹੀਂ ਢੋਹਿਆ ਜਾਂਦਾ ਸੀ। ਸੇਪੀ ਵਾਲਾ ਕਾਰੀਗਰ, ਘੜੇ ਦੇ ਕੇ ਜਾਣ ਵਾਲਾ ਘੁਮਿਆਰ ਤੇ ਘਰਾਂ ਦੇ ਖੇਤੀ ਦੇ ਧੰਦੇ ਵਿੱਚ ਹਿੱਸਾ ਪਾਉਣ ਵਾਲੇ ਸਬਰ ਸੰਤੋਖ ਨਾਲ ਆਪਣਾ-ਆਪਣਾ ਹਿੱਸਾ ਲੈ ਕੇ ਜਾਂਦੇ ਸਨ। ਮਿਹਨਤ ਦਾ ਮੁੱਲ ਨਗਦੀ ਦੀ ਥਾਂ ਜਿਣਸ ਦੇ ਕੇ ਤਾਰਿਆ ਜਾਂਦਾ। ਬੱਚੇ ਗਰਮੀ ਵਿੱਚ ਕਦੇ ਪਿੜ ਵਿੱਚ ਪਾਣੀ ਦੇਣ ਜਾਂਦੇ ਸਨ। ਥੋੜ੍ਹਾ ਵੱਡੇ ਫਲ੍ਹੇ ਹੱਕਣ ਵਿੱਚ ਵੇਲੇ ਕੁਵੇਲੇ ਮਦਦ ਕਰਦੇ ਸਨ। ਉਨ੍ਹਾਂ ਦਾ ਵੀ ਖਿਆਲ ਰੱਖਿਆ ਜਾਂਦਾ ਸੀ। ਬੋਹਲ ਚੁੱਕਣ ਸਮੇਂ ਉਨ੍ਹਾਂ ਦੇ ਝੱਗੇ ਦੀ ਝੋਲੀ ਵਿੱਚ ਵੀ ਦੋ-ਦੋ ਬੁੱਕ ਕਣਕ ਪਾ ਦਿੱਤੀ ਜਾਂਦੀ ਸੀ।
ਸਾਡੇ ਗੁਆਂਢ ਵਿੱਚ ਅਲੀ ਮੁਹੰਮਦ ਦਾ ਪਰਵਾਰ ਰਹਿੰਦਾ ਸੀ। ਸਾਲ ਕੁ ਪਹਿਲਾਂ ਸਾਡੇ ਗੁਆਂਢੀ, ਜੋ ਵਿਦੇਸ਼ ਵਿੱਚ ਰਹਿੰਦੇ ਸਨ, ਆਪਣੇ ਖਾਲੀ ਘਰ ਵਿੱਚ ਉਨ੍ਹਾਂ ਨੂੰ ਬਿਠਾ ਗਏ ਸਨ। ਉਨ੍ਹਾਂ ਨੇ ਘਰ ਵਿੱਚ ਕੋਹਲੂ ਲਾਇਆ ਸੀ, ਜਿਸ ਨਾਲ ਉਹ ਪਿੰਡ ਵਾਲਿਆਂ ਨੂੰ ਸਰ੍ਹੋਂ ਦਾ ਤੇਲ ਕੱਢ ਕੇ ਦਿੰਦੇ ਸਨ। ਉਨ੍ਹਾਂ ਦੇ ਘਰ ਇਕ ਪੇਂਜਾ ਸੀ, ਜਿਸ ਨਾਲ ਸਾਰੇ ਉਨ੍ਹਾਂ ਤੋਂ ਰਜਾਈਆਂ ਭਰਾਉਂਦੇ ਸਨ। ਇਉਂ ਉਨ੍ਹਾਂ ਰੋਟੀ ਰੋਜ਼ੀ ਦਾ ਸੁਹਣਾ ਜੁਗਾੜ ਬਣਾਇਆ ਹੋਇਆ ਸੀ। ਉਨ੍ਹਾਂ ਦੀ ਬੇਟੀ ਸ਼ਮੀਮ ਮੇਰੀ ਹਾਣੀ ਸੀ। ਉਹ ਵੀ ਸਾਡੀ ਰੀਸ ਨਾਲ ਬਾਪੂ ਜੀ ਨੂੰ ਬਾਪੂ ਅਤੇ ਬੇਬੇ ਨੂੰ ਬੇਬੇ ਕਹਿੰਦੀ ਸੀ।
ਇਕ ਦਿਨ ਜਦੋਂ ਚਾਚੇ ਹੋਰੀਂ ਕਣਕ ਢੋਅ ਰਹੇ ਸਨ, ਅਸੀਂ ਪਿੜ ਵੱਲ ਛਾਲਾਂ ਚੁੱਕ ਦਿੱਤੀਆਂ। ਸਾਨੂੰ ਭੱਜੇ ਜਾਂਦੇ ਦੇਖ ਕੇ ਸ਼ਮੀਮ ਪੁੱਛਣ ਲੱਗੀ, ‘ਤੁਸੀਂ ਕਿੱਥੇ ਚੱਲੇ ਐਂ?' ਅਸੀਂ ਭੱਜੇ ਜਾਂਦਿਆਂ ਨੇ ਦੱਸ ਦਿੱਤਾ ਕਿ ਅਸੀਂ ਪਿੜ ਵਿੱਚੋਂ ਰੀੜ੍ਹੀ ਲੈਣ ਚੱਲੇ ਹਾਂ। ਉਹ ਭੱਜੀ-ਭੱਜੀ ਆਪਣੀ ਮਾਂ ਕੋਲ ਗਈ ਤੇ ਸਾਡੇ ਰੀੜ੍ਹੀ ਲੈਣ ਜਾਣ ਬਾਰੇ ਦੱਸਿਆ। ਉਸ ਦੀ ਮਾਂ ਸੈਦੋ ਕਹਿੰਦੀ, ‘ਜਾ ਤੂੰ ਵੀ ਮਗਰੇ ਭੱਜ ਜਾ, ਬਾਈ ਤੋਂ ਰੀੜ੍ਹੀ ਲੈ ਆ।' ਸੈਦੋ ਦੇ ਪੇਕੇ ਸਾਡੇ ਪਿੰਡ ਦੇ ਲਾਗੇ ਹੋਣ ਕਰਕੇ ਉਹ ਮੇਰੇ ਬਾਪੂ ਜੀ ਨੂੰ ਬਾਈ ਕਹਿੰਦੀ ਸੀ। ਸ਼ਮੀਮ ਵੀ ਸਾਡੇ ਮਗਰੇ ਭੱਜ ਤੁਰੀ, ਪਰ ਅਸੀਂ ਕਿੱਥੇ ਡਾਹ ਦੇਣ ਵਾਲੇ ਸਾਂ। ਸ਼ਮੀਮ ਦੇ ਪਹੁੰਚਣ ਤੋਂ ਪਹਿਲਾਂ ਅਸੀਂ ਆਪਣੇ ਹਿੱਸੇ ਦੀ ਕਣਕ ਝੱਗੇ ਦੀਆਂ ਝੋਲੀਆਂ ਵਿੱਚ ਪਵਾ ਕੇ ਚਾਚੇ ਸੋਹਣ ਦੀ ਹੱਟੀ ਵੱਲ ਵਹੀਰਾਂ ਘੱਤ ਦਿੱਤੀਆਂ ਸਨ। ਸ਼ਮੀਮ ਪਹੁੰਚੀ ਤਾਂ ਸਾਡੇ ਬਾਪੂ ਨੇ ਦੋ ਬੁੱਕ ਕਣਕ ਉਸ ਦੀ ਝੋਲੀ ਵਿੱਚ ਵੀ ਪਾ ਦਿੱਤੀ।
ਸ਼ਮੀਮ ਉਚੀ-ਉਚੀ ਰੋਂਦੀ ਘਰ ਪਹੁੰਚੀ। ਉਸ ਨੂੰ ਰੋਂਦ ਸੁਣ ਕੇ ਬੇਬੇ ਹੋਰੀਂ ਵੀ ਬਾਹਰ ਆ ਗਈਆਂ। ‘ਤੈਨੂੰ ਕੀ ਹੋਇਆ?' ਉਸ ਦੀ ਮਾਂ ਨੇ ਪੁੱਛਿਆ। ਉਹਨੇ ਹੌਕੇ ਭਰਦਿਆਂ ਗੱਲ ਦੱਸੀ, ‘ਬੀਬੀ, ਬਾਪੂ ਨੇ ਮੈਨੂੰ ਰੀੜ੍ਹੀ ਤਾਂ ਦਿੱਤੀ ਨਹੀਂ, ਕਣਕ ਦੇ'ਤੀ।' ਉਸ ਦੀ ਗੱਲ ਸੁਣ ਕੇ ਸਾਰੇ ਹੱਸ-ਹੱਸ ਲੋਟ ਪੋਟ ਹੋ ਗਏ। ਅੱਜ ਕੱਲ੍ਹ ਸਾਡੇ ਬੱਚੇ ਸ਼ਮੀਮ ਤੋਂ ਵੀ ਵਧ ਕੇ ਹਨ। ਨਾ ਉਨ੍ਹਾਂ ਨੂੰ ਬੋਹਲ ਦਾ ਪਤਾ ਹੈ, ਨਾ ਰੀੜ੍ਹੀ ਦਾ। ਤਰੱਕੀ ਦੀ ਵਾਹੋ ਦਾਹੀ ਦੀ ਦੌੜ ਵਿੱਚ ਧੂੜ ਵਿੱਚ ਸਾਂਝਾਂ ਦੇ ਰਾਹ ਗੁਆਚ ਗਏ ਹਨ। ਮਨੁੱਖ ਮਸ਼ੀਨਾਂ ਨਾਲ ਮਸ਼ੀਨ ਹੀ ਤਾਂ ਹੋ ਗਿਆ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ